ਕਹਾਣੀ- ਕੱਚੀ ਯਾਰੀ ਲੱਡੂਆਂ

ਅਮਰਜੀਤ ਢਿੱਲੋਂ
ਮੈਂ ਇਹ ਕਦੇ ਸੋਚਿਆ ਹੀ ਨਹੀਂ ਸੀ ਕਿ ਇਸ ਤਰਾਂ ਅਛੋਪਲੇ ਜਿਹੇ ਰੰਗਾਂ ਦੀ ਬਹਾਰ ਮੇਰੀ ਬੁਕਲ ’ਚ ਆ ਜਾਵੇਗੀ। 15 ਨਵੰਬਰ ਨੂੰ ਮੈਂ ਮੋਗੇ ਦੇ ਉਸੇ ਹੋਟਲ ਦੇ ਕਮਰਾ ਨੰ: 13 ’ਚ ਕੁਝ ਘੰਟੇ ਲਈ ਠਹਰਿਆ ,ਜਿਥੇ ਮੇਰੀ ਰੰਗਲੀ ਬਹਾਰ 8 ਮਹੀਨੇ ਪਹਿਲਾਂ ਮੇਰੀ ਬੁਕਲ ’ਚ ਸਰਗੋਸ਼ੀਆਂ ਕਰ ਰਹੀ ਸੀ। ਉਹ ਸਾਰੀ ਪਿਕਚਰ ਮੇਰੇ ਮਨ ਦੇ ਚਿਤਰ ਪੱਟ ਤੇ ਘੁੰਮਣ ਲਗੀ। ਕਮਰੇ ’ਚ ਆਉਣ ਤੋਂ ਪਹਿਲਾਂ ਹੋਟਲ ਮਾਲਕ ਮੇਰੇ ਵੱਲ ਕੁਨੱਖਾ ਜਿਹਾ ਝਾਕਿਆ ਸੀ, ਜਿਵੇਂ ਸੋਚਦਾ ਹੋਵੇ,ਕਿ ਇਥੇ ਤਾਂ ਹਮੇਸ਼ਾ ਜੋੜੇ ਆਉਂਦੇ ਹਨ ਇਹ ਇਕੱਲਾ ਆਦਮੀ ਕਿਵੇਂ?15 ਮਾਰਚ ਵਾਲੇ ਦਿਨ ਕਮਰੇ ’ਚ ਵੜਣ ਸਾਰ ਹੀ ਮੈਂ ਬੇਕਾਬੂ ਹੋ ਗਿਆ ਸੀ। ਮੈਂ ਆਪਣੀ ਬਹਾਰ ਦੀ ਸਾਰੀ ਦੀ ਮਹਿਕ ਡੀਕ ਜਾਣਾ ਚਾਹੁੰਦਾ ਸੀ, ਮੈਨੂੰ ਨਹੀਂ ਪਤਾ ਕੋਈ ਸੁਰਗ ਹੈ ਕਿ ਨਹੀਂ ,ਪਰ ਉਸ ਦਿਨ ਮੈਨੂੰ ਯਕੀਨ ਹੋ ਗਿਆ ਸੀ ਕਿ ਮੈਂ ਸੁਰਗ ਦਾ ਅਨੰਦ ਮਾਣ ਲਿਆ ਹੈ। ਇਕ ਸੁਲਫੇ ਦੀ ਲਾਟ ਮੇਰਾ ਜਿਸਮ ਲੂਹ ਰਹੀ ਸੀ। ਉਸਨੇ ਵੀ ਕਿਸੇ ਅਕਿਹ ਅਨੰਦ ਵਿਚ ਅੱਖਾਂ ਮੀਟ ਲਈਆਂ ਸਨ ।
ਮੈਂ ਬਿਸਲਰੀ ਦੀ ਬੋਤਲ ’ਚੋਂ ਪਾਣੀ ਪੀਤਾ ਅਤੇ ਫਿਰ ਆਪਣੇ ਅਤੀਤ ਵਿਚ ਗਵਾਚ ਗਿਆ। ਫੇਸ ਬੁੱਕ ਇੰਟਰਨੈਟ ਦੀ ਅਦਭੁੱਤ ਕਾਢ ਹੈ। ਪੰਜਾਬੀ ਇਹਨੂੰ ਚਿਹਰਾ ਪੁਸਤਕ ਜਾਂ ਬੂਥੜ ਕਿਤਾਬ ਵੀ ਕਹਿ ਦਿੰਦੇ ਹਨ। ਇਹ ਸਭ ਇਸੇ ਦੀ ਮਿਹਰਬਾਨੀ ਸਦਕਾ ਸੰਭਵ ਹੋਇਆ ਸੀ। ਮੈਂ ਚਾਰ ਕੁ ਸਾਲ ਪਹਿਲਾਂ ਹੀ ਆਪਣੀ ਫੇਸ ਬੁਕ ਬਣਾ ਕੇ ਇਸ ਉਪਰ ਆਪਣੀਆਂ ਕਵਿਤਾਵਾਂ, ਕਹਾਣੀਆਂ , ਸ਼ੇਅਰ ਆਦਿ ਪਾਉਣ ਲੱਗਾ। ਇਕ ਚਰਨਜੀਤ ਨਾਮ ਦੀ ਵਿਆਹੀ ਔਰਤ, ਫੋਟੋ ਵਿਚ ਜਿਸਦੇ ਮੋਢੇ ਉਸਦੀ ਬੱਚੀ ਲਾਈ ਹੋਈ ਸੀ ,ਮੇਰੀਆਂ ਰਚਨਾਵਾਂ ਨੂੰ ਸਭ ਤੋਂ ਵੱਧ ਪਸੰਦ ( ਲਾਈਕ ) ਕਰਦੀ । ਭੋਲਾ ਭਾਲਾ ਸ਼ਰੀਫ ਜਿਹਾ ਚਿਹਰਾ ਦੇਖ ਕੇ ਕਦੇ ਮੇਰੀ ਉਸ ਨਾਲ ਚੈਟ ਕਰਨ ਦੀ ਜੁਰੱਰਤ ਹੀ ਨਹੀਂ ਪਈ ਸੀ। ਫਿਰ ਉਹ ਵੀ ਆਪਣੀਆਂ ਕਵਿਤਾਵਾਂ ਫੇਸ ਬੁਕ ਤੇ ਪਾਉਣ ਲੱਗੀ ਤਾਂ ਮੈਂ ਲਾਈਕ ਕਰਨ ਲੱਗਾ। ਉਹ ਮੈਨੂੰ ਤਰਕਸ਼ੀਲਤਾ ਬਾਰੇ ਸਵਾਲ, ‘ਸਰ ’ ਕਹਿਕੇ ਪੁੱਛਦੀ ਤਾਂ ਮੈਂ ਵਿਸਥਾਰ ਸਹਿਤ ਜਵਾਬ ਦੇ ਦਿੰਦਾ । ਉਹ ਖੁਦ ਪਰਾਈਵੇਟ ਟੀਚਰ ਸੀ ਅਤੇ ਉਸਦੇ ਖਿਆਲ ਬੜੇ ਅਗਾਂਹ ਵਧੂ ਸਨ। ਇਕ ਦਿਨ ਮੈਂ ਡਰਦਿਆਂ ਡਰਦਿਆਂ ਉਸਦੀ ਫੇਸ ਬੁਕ ਤੋਂ ਨੰਬਰ ਲੈਕੇ ਫੋਨ ਕਰ ਦਿਤਾ । ਤਾਂ ਉਸਨੇ ਬੜੇ ਸੁਲਝੇ ਤਰੀਕੇ ਨਾਲ ਜਵਾਬ ਦਿਤਾ। ਫਿਰ ਮੈਂ ਕਈ ਦਿਨ ਜਿਵੇਂ ਭੁੱਲ ਹੀ ਗਿਆ । ਉਸਦਾ ਫੋਨ ਆਉਂਦਾ ਤਾਂ ਮੈਂ ਬਿਜੀ ਹੋਣ ਦਾ ਬਹਾਨਾ ਕਰਕੇ ਟਾਲ ਦਿੰਦਾ।
ਮੈਂ ਸੋਚਦਾ ਕਿ ਮੈਂ ਬਠਿੰਡੇ ਹਾਂ ,ਉਹ ਚੰਡੀਗੜ । ਸਾਡਾ ਫਾਸਲਾ ਬਹੁਤ ਹੈ , ਬਾਕੀ ਉਹ ਵਿਆਹੀ ਹੋਈ ਬੱਚੇ ਦੀ ਮਾਂ ਹੈ। ਫਿਰ ਮੈਂ ਇਕ ਦੋ ਸ਼ੇਅਰ ੳਸਨੂੰ ਫੋਨ ਤੇ ਮੈਸਿਜ ਕਰ ਦਿਤੇ ਫਿਰ ਕਈ ਦਿਨ ਚੁੱਪ ਰਿਹਾ ,ਉਸਦਾ ਫੋਨ ਵੀ ਨਾ ਸੁਣਿਆ। ਉਸਦਾ ਮੈਸਿਜ ਆਇਆ ਕਿ ਜਿਹੜੇ ਸਾਰੀ ਉਮਰ ਸਾਥ ਦੇਣ ਦੀ  ਗੱਲ ਕਰਦੇ ਸੀ ਹੁਣ ਫੋਨ ਵੀ ਨਹੀਂ ਚੁਕਦੇ। ਮੈਂ ਫਿਰ ਫੋਨ ਕਰਕੇ ਪੁੱਛਿਆ ਕਿ ਕੀ ਅਸੀਂ ਮਿਲ ਸਕਦੇ ਹਾਂ? ਉਸਦੇ ਨਹੀਂ ਕਹਿਣ ਤੇ ਮੈਂ ਫਿਰ ਉਸਨੂੰ ਨਜ਼ਰਅੰਦਾਜ ਕਰਨਾ ਸ਼ੁਰੂ ਕਰ ਦਿਤਾ। ਇਸ ਵਾਰ ਉਹ ਬਹੁਤ ਹੀ ਭਾਵਕ ਹੋ ਕੇ ਰੋ ਪਈ। ਪਿਛਲੀ ਜ਼ਿੰਦਗੀ ਦੀ ਦਰਦਨਾਕ ਦਾਸਤਾਂ ਸੁਣਾਈ ਤਾਂ ਮੈਂ ਵੀ ਪਿਘਲ ਗਿਆ। ਉਸਨੇ ਮਿਲਣ ਦਾ ਵਾਅਦਾ ਕੀਤਾ। ਫਿਰ ਅਸੀਂ ਫੇਸ ਬੁਕ ਅਤੇ ਫੋਨ ’ਤੇ ਬਹੁਤ ਜਿਆਦਾ ਖੁੱਲ• ਗਏ। ਲੱਗਿਆ ਜਿਵੇਂ ਸਾਡੀ ਉਮਰਾਂ ਦੀ ਸਾਂਝ ਹੈ। ਉਸਦਾ ਪਤੀ ਕੋਈ ਛੋਟਾ ਮੋਟਾ ਵਪਾਰ ਕਰਦਾ ਸੀ, ਤੇ ਉਸਤੋਂ ਬਹੁਤ ਘਟ ਪੜਿ•ਆ ਸੀ। ਕਈ ਕਈ ਦਿਨ ਘਰ ਨਹੀਂ ਸੀ ਆਉਂਦਾ। ਫਿਰ 15 ਮਾਰਚ ਦਾ ਉਹ ਸੁਭਾਗਾ ਦਿਨ ਆ ਗਿਆ ਜਦ ਦੋ ਰੂਹਾਂ ਇਕ ਮਿਕ ਹੋ ਗਈਆਂ। ਇਸੇ ਸਮੇਂ ਉਸਨੇ ਯੂਨੀਵਰਸਿਟੀ ਦੀ ਵੱਡੀ ਡਿਗਰੀ ਵੀ ਪਾਸ ਕਰ ਲਈ । ਮੇਰੇ ਕਹਿਣ ਤੇ ਉਹ ਆਪਣੀ ਕਵਿਤਾ ਦੀ ਕਿਤਾਬ ਤਿਆਰ ਕਰਨ ਲੱਗ ਪਈ।
ਕੁਝ ਚਿਰ ਬਾਦ ਉਸਨੇ ਨੌਕਰੀ ਛੱਡ ਦਿਤੀ। ਉਦੋਂ ਅਸੀਂ ਦੋ ਵਾਰ ਮਿਲ ਚੁਕੇ ਸਾਂ। ਉਸਦੀ ਸ਼ਪੈਸ਼ਲ ਸ਼ਿਫਾਰਸ਼ ਤੇ ਮੈਂ ਉਸ ਲਈ ਇਕ ਵਾਰ ਛੋਲੀਏ( ਹਰੇ ਛੋਲੇ) ਦੀ ਚਟਣੀ ਲੈ ਕੇ ਗਿਆ। ਉਹ ਮੇਰੇ ਵਾਸਤੇ ਘਰੋਂ ਚੂਰੀ ਕੁੱਟ ਕੇ ਲਿਆਈ। ਇੰਜ ਲੱਗਣ ਲੱਗਾ ਜਿਵੇਂ ਅਸੀਂ ਹੀਰ ਰਾਂਝਾ ਹੋਈਏ। ਉਸਦੀ ਕਿਤਾਬ ਛੱਪਣ ਲਈ ਪਰੈਸ ’ਚ ਚਲੀ ਗਈ। ਕੁਝ ਕਵਿਤਾਵਾਂ ਚੰਨੀ ( ਚਰਨਜੀਤ) ਬਣ ਕੇ ਉਸ ਲਈ ਮੈਂ ਵੀ ਲਿਖੀਆਂ। ਜੋ ਉਸਨੇ ਪਸੰਦ ਕੀਤੀਆਂ ਅਤੇ ਕਿਤਾਬ ’ਚ ਪਾ ਵੀ ਲਈਆਂ ਪਰ ਬਾਦ ’ਚ ਕਿਸੇ ਸ਼ੰਕਾ ਵਸ ਕੱਢ ਦਿਤੀਆਂ। ਇਕ ਦਿਨ ਮੈਂ ਪੁੱਛਿਆ,  ਚੰਨੀ ਕਿਥੇ ਐਂ ? ਕਹਿੰਦੀ ਕਿਸੇ ਵੱਡੇ ਸ਼ਹਿਰ ’ਚੋਂ ਆ ਰਹੀ ਹਾਂ , ਇਕ ਔਨ ਲਾਈਨ ਅਖਬਾਰ ਦੇ ਦਫ਼ਤਰ ਗਈ ਸੀ। ਮੈਂ ਕਿਹਾ ਕੀ ਲੈਣ ਗਈ ਸੀ, ਕਹਿੰਦੀ ਟਿੰਡੀਆਂ ਲੈਣ ਗਈ। ਮੈਂ ਕਿਹਾ ਮਿਲ ਗਈਆਂ , ਕਹਿੰਦੀ ਝੋਲਾ ਭਰ ਕੇ ਲਿਆਈ ਹਾਂ। ਅਸਲ ਚ ਆਪਣੇ ਜਨੂੰਨ ਚ ਮੈਂ ਫੇਸ ਬੁੱਕ ਤੇ ਉਸਦੀਆਂ ਕਵਿਤਾਵਾਂ ਕੁਝ ਜਿਆਦਾ ਹੀ ਸ਼ੇਅਰ ਕਰਨ ਲੱਗ ਪਿਆ ਸਾਂ ਅਤੇ ਉਸਨੇ ਇਕ ਦਿਨ ਮੈਨੂੰ ਫੇਸ ਬੁੱਕ ਤੋਂ ਬਲੌਕ ਕਰ ਦਿਤਾ। ਮੇਰੇ ਗੁੱਸੇ ਹੋਣ ਤੇ ਕਹਿੰਦੀ ਨਵੀਂ ਫੇਸ ਬੁੱਕ ਬਣਾ ਲਓ। ਇਸ ਤਰਾਂ ਮੈਨੂੰ ਤਿੰਨ ਵਾਰ ਨਵੀਂ ਫੇਸ ਬੁਕ ਬਣਾਉਣੀ । ਹੁਣ ਉਹ ਮੈਥੋਂ ਬਹੁਤ ਗੱਲਾਂ ਦਾ ਪਰਦਾ ਰੱਖਣ ਲੱਗ ਪਈ ਸੀ। ਫਿਰ ਪਤਾ ਚਲਿਆ ਕਿ ਉਹ ਕਿਸੇ ਔਨ ਲਾਈਨ ਅਖਬਾਰ ਦੀ ਐਡੀਟਰ ਇਨ ਚੀਫ ਬਣ ਗਈ ਹੈ। ਕਿਤਾਬ ਛੱਪ ਗਈ ਸੀ। ਵੱਡੇ ਲੇਖਕਾਂ ਨਾਲ ਉਸਦਾ ਮੇਲ ਜੋਲ ਸ਼ੁਰੂ ਹੋ ਗਿਆ ਸੀ। ਮੈਂ ਹੁਣ ਉਸਦੇ ਲਈ ਇਕ ਅਦਨਾ ਜਿਹਾ ਲੇਖਕ ਸਾਂ। ਹੁਣ ਉਸਨੇ ਉਹ ਐਨਕਾਂ ਲਾ ਲਈਆਂ ਸਨ ਜਿਸ ’ਚੋਂ ਮੈਂ ਬੌਣਾ ਨਜ਼ਰ ਆਉਂਦਾ ਸਾਂ। ਜੇ ਮੈਂ ਮਿਲਣ ਦੀ ਗੱਲ ਕਰਦਾ ਤਾਂ ਉਹ ਕਹਿੰਦੀ ਬਸ ਇਹ ਗੱਲ ਭੁੱਲ ਜਾਓ ਤੇ ਫੋਨ ਕੱਟ ਦਿੰਦੀ। ਬਹੁਤ ਵਾਰ ਬਿਜੀ ਹੋਣ ਦਾ ਬਹਾਨਾ ਕਰਕੇ ਫੋਨ ਨਾ ਚੁਕਦੀ।
15 ਮਾਰਚ ਤੋਂ ਇਕ ਦਿਨ ਪਹਿਲਾਂ ਉਸਨੇ ਫੇਸ ਬੁਕ ਤੇ ਕਵਿਤਾ ਪਾਈ ਸੀ , ਗੁੰਦ ਦੇ ਨੀ ਮਾਏ ਮੇਰੀਆਂ ਮੀਡੀਆਂ ਅੱਜ ਮੈਂ ਸੱਜਣਾ ਦਿਲ ਪਰਚਾਣਾ। ਮੋਗੇ ਤੋਂ ਵਾਪਸ ਪਿੰਡ ਤਕ ਆਉਂਦਿਆਂ ਮੈਂ ਗ਼ਜ਼ਲ ਮੁਕੰਮਲ ਕਰਕੇ ਉਸਨੂੰ ਫੋਨ ਤੇ ਸੁਣਾਈ। ਮੁਹਬਤ,ਨਫ਼ਰਤ ,ਹਿਜਰ ਚ ਪਿਆਰ ਫਿਰ ਤੋਂ ਸ਼ਾਮਿਲ ਹੋ ਗਿਆ , ਉਹ ਵੀ ਸੰਪੂਰਣ ਹੋ ਗਏ ,ਮੈਂ ਵੀ ਮੁਕੰਮਲ ਹੋ ਗਿਆ। ਪਹਿਲਾਂ ਮੈਨੂੰ ਔਨ ਲਾਈਨ ਅਖਬਾਰਾਂ ਬਾਰੇ ਬਹੁਤੀ ਜਾਣਕਾਰੀ ਨਹੀਂ ਸੀ ,ਪਰ ਚੰਨੀ ਦੇ ਇਸ ਲਾਈਨ ’ਚ ਆ ਜਾਣ ਕਾਰਨ ਮੈਂ ਵੀ ਔਨਲਾਈਨ ਅਖਬਾਰ ਵਾਚਣੇ ਸ਼ੁਰੂ ਕਰ ਦਿਤੇ ਅਤੇ ਰਚਨਾਵਾਂ ਵੀ ਭੇਜਣੀਆਂ ਸ਼ੁਰੂ ਕਰ ਦਿਤੀਆਂ । ਉਸਦੇ ਅਖਬਾਰ ਮਾਲਕ ਇਕ ਖਾਸ ਕਿਸਮ ਦੀ ਧਾਰਮਿਕ ਵਿਚਾਰਧਾਰਾ ਨਾਲ ਜੁੜੇ ਹੋਏ ਹਨ। ਮੇਰੀ ਵਿਚਾਰਧਾਰਾ ਵੱਖਰੀ ਨਾਸਤਿਕ ਅਤੇ ਵਿਗਿਆਨਕ ਹੈ। ਹੁਣ ਉਹ ਮੇਰਾ ਫੋਨ ਸੁਨਣਾ ਵੀ ਪਸੰਦ ਨਹੀਂ ਕਰਦੀ। ਮੈਂ ਲਿਖਿਆ ‘ ਲਿਖਿਆ ਨਵੇਂ ਸਹਾਰੇ ਮਿਲਦਿਆਂ ਪਿਛਲੇ ਸਹਾਰੇ ਭੁੱਲ ਗਏ। ਇਸ ਤਰਾਂ ਹੀ ਪਿਆਰਿਆਂ ਨੂੰ ਸਭ ਪਿਆਰੇ ਭੁੱਲ ਗਏ। ’15 ਮਾਰਚ ਤੋਂ 20 ਕੁ ਦਿਨ ਬਾਦ ਉਸਨੇ ਫੋਨ ’ਤੇ  ਕਿਹਾ ਸੀ ‘ਅਜੇ ਤਾਂ ਜੀ ਮੈਨੂੰ ਮੋਗੇ ਦੇ ਮਿਲਾਪ ਵਾਲਾ ਨਸ਼ਾ ਹੀ ਨਹੀਂ ਉਤਰਿਆ।’ ਦੂਜੇ ਮਿਲਾਪ ਸਮੇਂ ਇਕਠਿਆਂ ਨਹਾਉਣ ਦਾ ਅਨੰਦ ਯਾਦ ਕਰਕੇ ਮੈਂ ਹੋਰ ਵੀ ਉਦਾਸ ਹੋ ਗਿਆ। ਹੁਣ ਮੇਰਾ ਇਸ ਕਮਰੇ ਹੋਰ ਬੈਠਣਾ ਮੁਸ਼ਕਿਲ ਹੋ ਗਿਆ। ਕਮਰੇ ਤੋਂ ਬਾਹਰ ਆਕੇ ਸੜਕ ਤੇ ਮੈਂ ਉਸ ਰੇਹੜੀ ਵਲ ਤਕਦਾ ਰਿਹਾ ਜਿਥੇ ਅਸੀਂ ਇਕੱਠਿਆਂ ਜੂਸ ਪੀਤਾ ਸੀ। ਫਿਰ ਉਸ ਦੁਕਾਨ ਵਲ ਜਿਥੇ ਮੈਨੂੰ ਜਾਣ ਲਈ ਕਹਿ ਕੇ ਉਹ ਕੋਈ ਕਪੜਾ ਖਰੀਦਣ ਚਲੀ ਗਈ ਸੀ। ਫਿਰ ਕਿਸੇ ਗੀਤ ਦੀ ਧੁਨ ਨੇ ਮੇਰਾ ਧਿਆਨ ਆਪਣੇ ਵਲ ਖਿਚ ਲਿਆ ‘ ਲੱਡੂ ਮੁੱਕ ਗਏ , ਯਾਰਾਨੇ ਟੁੱਟ ਗਏ , ਕੱਚੀ ਯਾਰੀ ਲੱਡੂਆਂ ਦੀ। ’ ਦੋ ਖਾਮੋਸ਼ ਹੰਝੂ ਆਪ ਮੁਹਾਰੇ ਮੇਰੀਆਂ ਅੱਖੀਆਂ ’ਚੋਂ ਨਿਕਲ ਕੇ ਮੇਰੇ ਚਿਹਰੇ ਤੋਂ ਹੋਟਾਂ ਤਕ ਆ ਗਏ।  ਕਿੰਨਾ ਚਿਰ ਮੈਂ ਇਹਨਾਂ ਹੰਝੂਆਂ ਦਾ ਲੂਣਾ ਸਵਾਦ ਆਪਣੀ ਜੀਭ ਤੇ ਮਹਿਸੂਸ ਕਰਦਾ ਰਿਹਾ।
ਤੇ ਅਕਸਰ ਮੈਂ ਇਹ ਗੁਣਗੁਣਾ ਲੈਂਦਾ ਹਾਂ। ‘ ਮੁਹੱਬਤ ਦੇ ਹੰਝੂਆਂ ਨੂੰ ਯਾਰਾ ਇੰਜ ਨਹੀਂ ਕਦੇ ਬਹਾਈਦਾ। ਬੜੇ ਕੀਮਤੀ ਨੇ ਇਹਨਾਂ ਨੂੰ ਅੰਦਰੇ ਅੰਦਰ ਪੀ ਜਾਈਦਾ।

Total Views: 158 ,
Real Estate