ਸੱਪਾਂ ਵਾਲ਼ਾ ਪਹਾੜ ਅਤੇ ਦੁਸ਼ਮਣੀ ਦੀ ਬੂਅ

ਜਸਬੀਰ ਭੁੱਲਰ

ਇਹ ਕੋਈ ਕਹਾਣੀ ਨਹੀਂ, ਮੇਰੇ ਫ਼ੌਜੀ ਕਿੱਤੇ ਦੇ ਸ਼ੁਰੂ ਵਾਲੇ ਸਮੇਂ ਵਾਪਰੀ ਇੱਕ ਘਟਨਾ ਦਾ ਚਿੱਠਾ ਹੈ। ਫਿਰ ਇੱਕ ਹੋਰ ਘਟਨਾ ਵਾਪਰੀ ਤੇ ਇੱਕ ਕਹਾਣੀ ਨੇ ਜਨਮ ਲਿਆ। ਮੈਂ ਉਦੋਂ ਜੰਮੂ-ਕਸ਼ਮੀਰ ਪ੍ਰਾਂਤ ਦੇ ਮੁਹਾਜ਼ ਉੱਤੇ ਤਾਇਨਾਤ ਸਾਂ। ਮੇਰੀ ਕੰਪਨੀ ਇੱਕ ਬੇਢੱਬੇ ਜਿਹੇ ਪਹਾੜ ਉੱਤੇ ਤਾਇਨਾਤ ਸੀ। ਉੱਥੇ ਅਫ਼ਸਰਾਂ ਦੇ ਰਹਿਣ ਲਈ ਕੱਚੇ ਬੰਕਰ ਸਨ। ਉਹ ਬੰਕਰ ਜ਼ਮੀਨ ਦੇ ਧਰਾਤਲ ਤੋਂ ਢਾਈ-ਤਿੰਨ ਫੁੱਟ ਨੀਵੇਂ ਸਨ।
ਪਹਿਲਾਂ ਉੱਥੇ ਤੋਪਖਾਨੇ ਵਾਲੇ ਹੁੰਦੇ ਸਨ। ਉਹ ਟੋਏ ਪਹਿਲੋਂ ਉਨ੍ਹਾਂ ਦੀਆਂ ਤੋਪਾਂ ਦੇ ਮੋਰਚੇ ਸਨ। ਉਨ੍ਹਾਂ ਟੋਇਆਂ ਨੂੰ ਮੇਰੀ ਕੰਪਨੀ ਵਾਲਿਆਂ ਨੇ ਬੰਕਰਾਂ ਦਾ ਰੂਪ ਦੇ ਦਿੱਤਾ ਸੀ। ਉਸ ਪਹਾੜ ਦੇ ਪੈਰਾਂ ਕੋਲ ਪਹਾੜੀ ਨਦੀ ਵਗਦੀ ਸੀ। ਰਾਤ ਵੇਲੇ ਪਾਣੀ ਦਾ ਪੱਥਰਾਂ ਨਾਲ ਖਹਿਣ ਦਾ ਰੌਲਾ ਬਹੁਤ ਉੱਚਾ ਸੁਣਦਾ ਸੀ ਜਿਵੇਂ ਬੰਕਰਾਂ ਨੂੰ ਆਪਣੀ ਗਲਵਕੜੀ ਵਿੱਚ ਲੈਣ ਲਈ ਨਦੀ ਪਹਾੜ ਚੜ੍ਹ ਆਈ ਹੋਵੇ।
ਉਸ ਪਹਾੜ ਉੱਤੇ ਸੱਪ ਬਹੁਤ ਸਨ। ਕਈ ਵਾਰ ਤਾਂ ਇਸ ਤਰ੍ਹਾਂ ਲੱਗਣ ਲੱਗ ਪੈਂਦਾ ਸੀ ਜਿਵੇਂ ਉੱਥੇ ਸੱਪਾਂ ਦਾ ਸ਼ਹਿਰ ਵਸਿਆ ਹੋਇਆ ਸੀ। ਗਰਮੀ ਕੁਝ ਵਧੇਰੇ ਹੋ ਜਾਂਦੀ ਤਾਂ ਸੱਪ ਵਰਮੀਆਂ ਵਿੱਚੋਂ ਬਾਹਰ ਆ ਜਾਂਦੇ ਸਨ। ਕਈ ਵਾਰ ਸੱਪ ਡੂੰਘੇ ਬੰਕਰਾਂ ਵਿੱਚ ਉੱਤਰ ਆਉਂਦੇ ਸਨ ਤੇ ਉਨ੍ਹਾਂ ਕੋਲੋਂ ਮੁੜ ਬਾਹਰ ਹੀ ਨਹੀਂ ਸੀ ਨਿੱਕਲਿਆ ਜਾਂਦਾ। ਕਦੇ ਕੋਈ ਸੱਪ ਕਿਤਾਬਾਂ ਉੱਤੇ ਕੁੰਡਲੀ ਮਾਰੀ ਬੈਠਾ ਦਿਸ ਪੈਂਦਾ ਸੀ। ਕਈ ਵਾਰ ਪੈਰਾਂ ਹੇਠ ਮਿੱਧੇ ਜਾਣ ਤੋਂ ਮਸਾਂ ਬਚਦਾ ਸੀ। ਇੱਕ ਵਾਰ ਤਾਂ ਸੱਪ ਮੇਰੇ ਬਿਸਤਰੇ ਉੱਤੇ ਇਸ ਤਰ੍ਹਾਂ ਬੈਠਾ ਹੋਇਆ ਸੀ ਜਿਵੇਂ ਬਿਸਤਰਾ ਉਹਦੇ ਲਈ ਹੀ ਵਿਛਾਇਆ ਹੋਵੇ। ਉੱਥੇ ਬਿਜਲੀ ਨਹੀਂ ਸੀ। ਰਾਤ ਵੇਲੇ ਕਿਧਰੋਂ ਪਰਤੋ ਤਾਂ ਟੋਹ-ਟੋਹ ਕੇ ਬੰਕਰ ਵਿੱਚ ਦਾਖ਼ਲ ਹੋਣਾ ਪੈਂਦਾ ਸੀ। ਇਹ ਤੌਖ਼ਲਾ ਵੀ ਬਣਿਆ ਰਹਿੰਦਾ ਸੀ ਕਿ ਤੀਲ੍ਹਾਂ ਵਾਲੀ ਡੱਬੀ ਲਈ ਹੱਥ ਮਾਰਦਿਆਂ ਕਿਧਰੇ ਸੱਪ ਨੂੰ ਹੀ ਹੱਥ ਨਾ ਪੈ ਜਾਵੇ।
ਸੱਪਾਂ ਵਾਲੇ ਪਹਾੜ ਉੱਤੇ ਧੁੱਪ ਦਾ ਜਲੌ ਸੀ। ਤਿਰਪਾਲਾਂ ਵਿਛਾ ਕੇ ਅਸੀਂ ਹਥਿਆਰਾਂ ਨੂੰ ਧੁੱਪੇ ਲੰਮਾ ਪਾਇਆ ਹੋਇਆ ਸੀ। ਹਥਿਆਰ ਧੁੱਪ ਵੀ ਸੇਕ ਰਹੇ ਸਨ ਅਤੇ ਉਨ੍ਹਾਂ ਦੀ ਸਫ਼ਾਈ ਵੀ ਹੋ ਰਹੀ ਸੀ। ਮੈਂ ਧੁੱਪ ਵਿੱਚ ਖਲੋਤਾ ਹੋਇਆ ਸੀ। ਮੈਂ ਉੱਥੋਂ ਦੀਆਂ ਸੱਪਾਂ ਵਾਲੀਆਂ ਰਾਤਾਂ ਤੋਂ ਅੱਕਿਆ ਹੋਇਆ ਸਾਂ। ਮੈਂ ਧੁੱਪ ਨੂੰ ਆਪਣੇ ਅੰਦਰ ਸਮੋ ਲੈਣਾ ਚਾਹੁੰਦਾ ਸਾਂ। ਉਸ ਵੇਲੇ ਮੇਰੇ ਕਮਾਨ ਅਫ਼ਸਰ ਦਾ ਬੁਲਾਵਾ ਆ ਗਿਆ। ਮੈਂ ਧੁੱਪ ਤੋਂ ਛਾਂ ਵੱਲ ਤੁਰ ਪਿਆ। ਮੇਰੇ ਕਮਾਨ ਅਫ਼ਸਰ ਨੇ ਦੱਸਿਆ, ‘‘ਮਰਾਠਾ ਵਾਲਿਆਂ ਦੀ ਇੱਕ ਟੋਲੀ ਲੰਮੀ ਗਸ਼ਤ ਉੱਤੇ ਜਾ ਰਹੀ ਹੈ। ਅਸੀਂ ਆਪਣਾ ਇੱਕ ਅਫ਼ਸਰ ਵੀ ਭੇਜਣਾ ਏ। ਤੂੰ ਆਪਣੀ ਤਿਆਰੀ ਕਰ ਲੈ।’’ ਸੱਪਾਂ ਕੋਲੋਂ ਮੈਂ ਜਿੰਨੇ ਕੁ ਦਿਨ ਪਰ੍ਹਾਂ ਰਹਿ ਆਵਾਂ ਉੰਨਾ ਹੀ ਚੰਗਾ ਸੀ। ਮੈਂ ਆਖਿਆ, ‘‘ਸਰ! ਮੈਂ ਤਿਆਰ ਹਾਂ।’’
ਮਿਥੇ ਹੋਏ ਦਿਨ ਇੱਕ ਫ਼ੌਜੀ ਟਰੱਕ ਗਸ਼ਤ ਪਾਰਟੀ ਨੂੰ ਲੈ ਕੇ ਨਾਗਵਲ ਖਾਂਦੀ ਇੱਕ ਸੜਕ ਦੇ ਰਾਹ ਤੁਰ ਪਿਆ। ਇੱਕ ਪਸਿੱਤੇ ਜਿਹੇ ਪਿੰਡ ਤੋਂ ਟਰੱਕ ਨੇ ਕੱਚਾ ਰਾਹ ਲੜ ਲਿਆ। ਡਿੱਕ-ਡੋਲੇ ਖਾਂਦੇ ਅਸੀਂ ਉੱਥੇ ਤਕ ਪਹੁੰਚ ਗਏ, ਜਿੱਥੇ ਜਾ ਕੇ ਸੜਕ ਮੁੱਕ ਗਈ ਸੀ। ਟਰੱਕ ਤੋਂ ਉੱਤਰ ਕੇ ਅਸੀਂ ਆਪਣੇ ਹਥਿਆਰ ਚੈੱਕ ਕੀਤੇ, ਮੈਗਜ਼ੀਨਾਂ ਵਿੱਚ ਗੋਲੀਆਂ ਭਰੀਆਂ, ਹਥਿਆਰ ਲੋਡ ਕੀਤੇ ਅਤੇ ਸੇਫਟੀ ਕੈਚ ਲਾ ਕੇ ਅਗਲੇ ਸਫ਼ਰ ਲਈ ਤੁਰ ਪਏ।
ਅਸੀਂ ਤੇਰਾਂ ਜਣੇ ਸਾਂ। ਲੈਫਟੀਨੈਂਟ ਈਮਾਨ ਦਾ ਅਤੇ ਮੇਰਾ ਰੈਂਕ ਇੱਕੋ ਸੀ। ਰੈਂਕ ਵਿਚਲੀ ਵਿੱਥ ਨਾ ਹੋਣ ਕਰਕੇ ਸਾਡੀ ਖ਼ੂਬ ਨਿਭਣੀ ਸੀ। ਹਰ ਇੱਕ ਸੈਨਿਕ ਕੋਲ ਆਪੋ-ਆਪਣਾ ਬੋਝ ਸੀ। ਵੱਡਾ ਪਿੱਠੂ, ਨਿੱਕਾ ਪਿੱਠੂ, ਪਾਣੀ ਦੀ ਬੋਤਲ ਤੇ ਨਿੱਜੀ ਹਥਿਆਰ ਆਦਿ ਦਾ ਭਾਰ ਕੁੱਲ ਮਿਲਾ ਕੇ ਵੀਹ ਕੁ ਕਿਲੋ ਹੋ ਜਾਂਦਾ ਸੀ। ਸਾਡੇ ਕੋਲ ਸੱਤ ਦਿਨਾਂ ਦੀ ਰਸਦ ਵੀ ਸੀ। ਜਵਾਨਾਂ ਨੇ ਰਸਦ ਦਾ ਬੋਝ ਵੀ ਆਪਸ ਵਿੱਚ ਵੰਡ ਕੇ ਹਿੱਸੇ ਆਉਂਦਾ ਚੁੱਕ ਲਿਆ ਸੀ। ਉਹ ਪੈਂਡਾ ਸੰਘਣੇ ਜੰਗਲਾਂ ਅਤੇ ਪਹਾੜਾਂ ਦਾ ਸੀ। ਤਿੰਨ ਦਿਨਾਂ ਦੇ ਸਫ਼ਰ ਤੋਂ ਪਿੱਛੋਂ ਸਾਨੂੰ ਮਨੁੱਖੀ ਆਬਾਦੀ ਦੇ ਪਹਿਲੇ ਚਿੰਨ੍ਹ ਦਿੱਸੇ। ਸਾਡੇ ਨਕਸ਼ਿਆਂ ਅਨੁਸਾਰ ਉਹ ਹਿੰਦੁਸਤਾਨ ਦਾ ਆਖ਼ਰੀ ਪਿੰਡ ਸੀ।
ਅਚਨਚੇਤੀ ਮੀਂਹ ਪੈਣ ਲੱਗ ਪਿਆ। ਅਸੀਂ ਛੋਹਲੇ ਕਦਮੀਂ ਇੱਕ ਪਹਾੜੀ ਮਕਾਨ ਤਕ ਪਹੁੰਚ ਗਏ। ਵਾੜੇ ਦੀ ਛੱਤ ਉੱਤੇ ਬਣਿਆ ਇੱਕੋ ਹੀ ਕਮਰਾ ਪੂਰਾ ਘਰ ਸੀ। ਸੂਬੇਦਾਰ ਮੰਗਤ ਰਾਮ ਨੇ ਅਗਾਂਹ ਹੋ ਕੇ ਬੂਹਾ ਠਕੋਰਿਆ ਤੇ ਫਿਰ ਧੱਕ ਕੇ ਖੋਲ੍ਹ ਦਿੱਤਾ। ਘਰ ਖਾਲੀ ਸੀ। ਅਸੀਂ ਪਿੱਠੂ ਉਤਾਰ ਕੇ ਰੱਖ ਦਿੱਤੇ ਅਤੇ ਹਥਿਆਰ ਆਪੋ-ਆਪਣੇ ਪਿੱਠੂਆਂ ਦੇ ਆਸਰੇ ਖੜ੍ਹੇ ਕਰ ਦਿੱਤੇ। ਉਸ ਘਰ ਦੇ ਜੀਅ ਭੇਡਾਂ ਚਰਾ ਕੇ ਭਿੱਜੇ ਹੋਏ ਵਾਪਸ ਮੁੜੇ। ਭੇਡਾਂ ਨੂੰ ਵਾੜੇ ਵਿੱਚ ਡੱਕ ਕੇ ਉਹ ਉੱਪਰ ਆ ਗਏ। ਘਰ ਵਿੱਚ ਫ਼ੌਜੀਆਂ ਨੂੰ ਵੇਖ ਕੇ ਉਹ ਸਹਿਮ ਗਏ। ਮਰਦ ਨੇ ਡਰੇ ਜਿਹੇ ਨੇ ਪੁੱਛਿਆ, ‘‘ਅਸੀਂ ਕੁਝ ਭਾਂਡੇ ਲੈ ਲਈਏ?’’ ਅਸੀਂ ਆਪਹੁਦਰਿਆਂ ਵਾਂਗੂੰ ਉਨ੍ਹਾਂ ਦਾ ਘਰ ਮੱਲ ਲਿਆ ਸੀ। ਉਨ੍ਹਾਂ ਪਹਾੜੀਆਂ ਦੇ ਮੱਥੇ ਉੱਤੇ ਤਿਊੜੀ ਨਹੀਂ ਸੀ ਆਈ। ‘‘ਅਸੀਂ ਥੱਲੇ ਵਾੜੇ ਵਿੱਚ ਖਾਣਾ ਪਕਾ ਲਵਾਂਗੇ।’’ ਮਰਦ ਨੇ ਫਿਰ ਤਰਲਾ ਲਿਆ। ਲੈਫਟੀਨੈਂਟ ਈਮਾਨ ਮੁਸਕਰਾਇਆ, ‘‘ਅੱਜ ਅਸੀਂ ਤੁਹਾਨੂੰ ਖਾਣਾ ਖਵਾਵਾਂਗੇ।’’ ਅੌਰਤ, ਮਰਦ ਅਤੇ ਉਨ੍ਹਾਂ ਦੇ ਦੋ ਬੱਚੇ ਅੰਦਰ ਲੰਘ ਕੇ ਭੁੰਜੇ ਬੈਠ ਗਏ।
ਕਮਰੇ ਦੀ ਇੱਕ ਨੁੱਕਰੇ ਚੌਂਕਾ ਸੀ। ਦੋ ਜਵਾਨ ਉੱਠ ਕੇ ਚੌਂਕੇ ਵਿੱਚ ਚਲੇ ਗਏ। ਉਹ ਰਾਤ ਦੇ ਭੋਜਨ ਲਈ ਟੀਨ ਦੇ ਬੰਦ ਡੱਬੇ ਖੋਲ੍ਹਣ ਲੱਗ ਪਏ। ਟੀਨ ਦੇ ਡੱਬਿਆਂ ਵਿੱਚੋਂ ਬਣਿਆ ਬਣਾਇਆ ਭੋਜਨ ਨਿੱਕਲ ਰਿਹਾ ਸੀ। ਇਹ ਕ੍ਰਿਸ਼ਮਾ ਉਸ ਪਹਾੜੀ ਪੀਰ ਬਖਸ਼ ਅਤੇ ਉਹਦੇ ਟੱਬਰ ਨੂੰ ਹੈਰਾਨ ਕਰ ਰਿਹਾ ਸੀ।
ਸਾਡੀ ਰਸਦ ਵਿੱਚ ਟੌਫੀਆਂ ਵੀ ਸਨ। ਇੱਕ ਜਵਾਨ ਨੇ ਉੱਠ ਕੇ ਸਾਰਿਆਂ ਨੂੰ ਦੋ-ਦੋ ਟੌਫੀਆਂ ਫੜਾ ਦਿੱਤੀਆਂ। ਟੌਫੀਆਂ ਚਿੱਥਦਿਆਂ ਉਨ੍ਹਾਂ ਪਹਾੜੀਆਂ ਦਾ ਤਣਾਅ ਕੁਝ ਘਟਿਆ। ਅਸੀਂ ਪੀਰ ਬਖਸ਼ ਨਾਲ ਇੱਧਰ ਉੱਧਰ ਦੀਆਂ ਗੱਲਾਂ ਛੇੜ ਲਈਆਂ ਤੇ ਫਿਰ ਮੁੱਦੇ ਦੀ ਗੱਲ ਪੁੱਛ ਲਈ, ‘‘ਬਣੀ ਪਿੰਡ ਤਾਂ ਸਰਹੱਦ ਦੇ ਐਨ ਉੱਤੇ ਐ।’’
‘‘ਸਰਹੱਦ! … ਸਰਹੱਦ ਕੀ?’’ ਪੀਰ ਬਖਸ਼ ਨੂੰ ਸਮਝ ਨਹੀਂ ਸੀ ਪਈ।
‘‘ਸਾਬ੍ਹ ਦਾ ਮਤਲਬ ਹੈ ਕਿ ਦੁਸ਼ਮਣ ਤੁਹਾਨੂੰ ਤੰਗ ਤਾਂ ਨਈਂ ਕਰਦੇ?’’ ਸੂਬੇਦਾਰ ਮੰਗਤ ਰਾਮ ਨੇ ਗੱਲ ਨੂੰ ਕੁਝ ਸਪਸ਼ਟ ਕਰਨ ਦਾ ਯਤਨ ਕੀਤਾ।
‘‘ਦੁਸ਼ਮਣ? …ਕੌਣ ਦੁਸ਼ਮਣ?’’
‘‘ਪਹਾੜ ਦੇ ਦੂਜੇ ਪਾਸੇ ਦੇ ਲੋਕ।’’
‘‘ਉਹ ਦੁਸ਼ਮਣ ਥੋੜ੍ਹੇ ਈ ਨੇ। ਉੱਥੇ ਤਾਂ ਮੇਰੀ ਧੀ ਦੇ ਸਹੁਰੇ ਨੇ।’’ ਪੀਰ ਬਖਸ਼ ਦੀ ਤੀਵੀਂ ਨੇ ਪਹਾੜ ਪਾਰ ਵਾਲਿਆਂ ਨਾਲ ਰਿਸ਼ਤੇ ਦਾ ਖੁਲਾਸਾ ਕੀਤਾ। ‘‘ਉਹ ਤਾਂ ਜੀ ਸਾਡੇ ਆਪਣੇ ਲੋਕ ਨੇ। ਅਸੀਂ ਤਾਂ ਕਈ ਪਾਰ ਪਹਾੜੋਂ ਪਾਰ ਭੇਡਾਂ ਚਰਾਉਣ ਵੀ ਜਾਂਦੇ ਹਾਂ, ਨਾਲੇ ਧੀ ਨੂੰ ਮਿਲ ਆਈਦਾ ਹੈ।’’
‘‘ਕੀ ਤੁਹਾਨੂੰ ਨਈਂ ਪਤਾ ਕਿ ਉੱਧਰ ਦੂਜਾ ਮੁਲਕ ਹੈ?’’ ਲੈਫਟੀਨੈਂਟ ਈਮਾਨ ਨੇ ਕੁਝ ਹੈਰਾਨ ਹੋ ਕੇ ਪੁੱਛਿਆ।
‘‘ਦੂਜਾ ਮੁਲਕ … ਨਈਂ ਜੀ, ਦੂਜਾ ਪਿੰਡ।’’ ਪੀਰ ਬਖਸ਼ ਨੇ ਲੈਫਟੀਨੈਂਟ ਈਮਾਨ ਦੀ ਗਲਤੀ ਸੋਧੀ, ‘‘ਇੱਕੋ ਰਾਜੇ ਦੇ ਦੋ ਮੁਲਕ ਕਿਵੇਂ ਹੋ ਸਕਦੇ ਨੇ ਭਲਾ। ਇੱਥੇ ਵੀ ਮਿੱਟੀ ਉਹੋ ਤੇ ਉੱਥੇ ਵੀ ਉਹੋ।’’
‘‘ਇਹ ਰਾਜਾ ਕੌਣ ਸੀ ਜਿਹੜਾ ਦੋਵਾਂ ਪਾਸਿਆਂ ਦਾ ਸੀ?’’ ਮੈਂ ਮੱਥਾ ਖੁਰਕਣ ਲੱਗ ਪਿਆ ਸਾਂ।
ਉਸ ਰਾਤ ਦੀ ਠਾਹਰ ਲਈ ਅਸੀਂ ਨੇੜਲੇ ਸਕੂਲ ਵਿੱਚ ਜਾਣ ਬਾਰੇ ਸੋਚਿਆ। ਭੋਜਨ ਤੋਂ ਵਿਹਲੇ ਹੋਏ ਤਾਂ ਪੀਰ ਬਖਸ਼ ਸਾਨੂੰ ਸਕੂਲ ਤਕ ਛੱਡਣ ਤੁਰ ਪਿਆ। ਉਹ ਸਕੂਲ ਬੂਹੇ-ਬਾਰੀਆਂ ਦੀਆਂ ਚੌਗਾਠਾਂ ਅਤੇ ਪੱਲਿਆਂ ਤੋਂ ਵਿਰਵਾ ਸੀ। ਬਸ ਤੁਰਸ਼ ਹਵਾਵਾਂ ਵਿੱਚ ਖੜ੍ਹਾ ਇੱਕ ਕਮਰੇ ਦਾ ਢਾਂਚਾ ਸੀ।
ਮੈਂ ਪੀਰ ਬਖਸ਼ ਨੂੰ ਪੁੱਛਿਆ, ‘‘ਮਾਸਟਰ ਕਿੱਥੇ ਰਹਿੰਦੈ?’’
‘‘ਉਹ ਤਾਂ ਜੀ ਕਿਤਿਓਂ ਬਾਹਰੋਂ ਆਉਂਦੈ।”
‘‘ਭਲਕੇ ਮਿਲ ਜਾਊ?’’
‘‘ਨਈਂ ਜੀ, ਉਹ ਤਾਂ ਸਾਲ ਵਿੱਚ ਦੋ-ਤਿੰਨ ਵਾਰ ਹੀ ਆਉਂਦੈ। ਪਿਛਲੇ ਮਹੀਨੇ ਆਇਆ ਸੀ। ਹੁਣ ਪਤਾ ਨਈਂ ਕਦੋਂ ਆਵੇ।’’
‘‘ਫਿਰ ਨਿਆਣਿਆਂ ਦੀ ਪੜ੍ਹਾਈ ਕਿਸ ਤਰ੍ਹਾਂ ਹੁੰਦੀ ਐ?’’
‘‘ਹੋ ਜਾਂਦੀ ਐ ਜੀ। ਉਹ ਜਦੋਂ ਆਵੇ, ਨਿਆਣਿਆਂ ਨੂੰ ਇਕੱਠੇ ਕਰ ਕੇ ਪੜ੍ਹਾ ਦਿੰਦਾ ਏ।’’
ਸ਼ਾਮ ਦੇ ਪਰਛਾਵੇਂ ਹੌਲੀ-ਹੌਲੀ ਲੋਪ ਹੋ ਰਹੇ ਸਨ। ਫੈਲ ਰਹੇ ਹਨੇਰੇ ਵਿੱਚ ਮੇਰੀ ਮੁਸਕਰਾਹਟ ਗੁਆਚ ਗਈ ਸੀ।
+++
ਬਣੀ ਪਿੰਡ ਦੇ ਕੁੱਲ ਘਰ ਉਂਗਲਾਂ ਉੱਤੇ ਗਿਣੇ ਜਾਣ ਜੋਗੇ ਸਨ। ਇੱਕ ਘਰ ਤੋਂ ਦੂਜੇ ਘਰ ਦੀ ਵਿੱਥ ਕਈ ਵਾਰ ਮੀਲਾਂ ਲੰਮੀ ਵੀ ਹੋ ਜਾਂਦੀ ਸੀ। ਉਸ ਪਿੰਡ ਦੇ ਕੁਝ ਲੋਕ ਖੇਤੀ ਕਰਦੇ ਸਨ। ਜਿਹੜੇ ਖੇਤੀ ਨਹੀਂ ਸਨ ਕਰਦੇ, ਉਹ ਭੇਡਾਂ ਪਾਲਦੇ ਸਨ। ਨਵੀਆਂ ਚਰਾਂਦਾ ਦੀ ਭਾਲ ਵਿੱਚ ਉਹ ਕਈ ਵਾਰ ਦੂਰ-ਦੁਰਾਡੇ ਨਿੱਕਲ ਜਾਂਦੇ ਸਨ ਤੇ ਫਿਰ ਕਈ-ਕਈ ਦਿਨਾਂ ਪਿੱਛੋਂ ਵਾਪਸ ਮੁੜਦੇ ਸਨ।
ਉੱਥੇ ਲੋਕ ਘਰਾਂ ਨੂੰ ਜਿੰਦਰੇ ਨਹੀਂ ਸਨ ਲਾਉਂਦੇ। ਚੋਰੀਆਂ ਚਕਾਰੀਆਂ ਦਾ ਵੀ ਕੋਈ ਡਰ ਨਹੀਂ ਸੀ। ਕਈ ਦਿਨਾਂ ਪਿੱਛੋਂ ਵਾਪਸ ਆਉਣ ਉੱਤੇ ਵੀ ਆਜੜੀਆਂ ਨੂੰ ਹਰ ਸ਼ੈਅ ਟਿਕਾਣੇ ਉੱਤੇ ਹੀ ਪਈ ਮਿਲਦੀ ਸੀ।
ਖਾਲੀ ਘਰਾਂ ਨੂੰ ਫਰੋਲਦਿਆਂ ਸਾਡੇ ਗਸ਼ਤੀ ਦਲ ਨੂੰ ਨਾ ਤਾਂ ਦੁਸ਼ਮਣ ਦਾ ਕੋਈ ਸੁਰਾਗ਼ ਮਿਲਿਆ ਅਤੇ ਨਾ ਦੁਸ਼ਮਣੀ ਦੀ ਹੀ ਕੋਈ ਭਿਣਕ ਪਈ। ਦਰਅਸਲ ਉਸ ਇਲਾਕੇ ਦੇ ਵਾਸੀ ਪੰਛੀਆਂ ਵਰਗੇ ਸਨ। ਬੋਟਾਂ ਨੂੰ ਵੀ ਨਾਲ ਲੈ ਕੇ ਉੱਡਦੇ ਸਨ। ਉਨ੍ਹਾਂ ਦੇ ਸੱਖਣੇ ਆਲ੍ਹਣਿਆਂ ਵਿੱਚੋਂ ਫ਼ੌਜੀਆਂ ਨੂੰ ਭਲਾ ਕੀ ਮਿਲਣਾ ਸੀ।
ਪਿਛਲੇ ਦੋ ਦਿਨਾਂ ਤੋਂ ਕੁਝ ਵੀ ਸਾਡੇ ਪਿੜ ਪੱਲੇ ਨਹੀਂ ਸੀ ਪੈ ਰਿਹਾ। ਉਸ ਤੋਂ ਅਗਲੇ ਦਿਨ ਦੀ ਸ਼ਾਮ ਵੀ ਢਲ ਗਈ। ਬੱਦਲ ਨਿੱਤਰੇ ਹੋਏ ਸਨ। ਮੀਂਹ ਦੀ ਸੰਭਾਵਨਾ ਨਹੀਂ ਸੀ। ਰਾਤ ਕੱਟਣ ਲਈ ਅਸੀਂ ਇੱਕ ਖੁੱਲ੍ਹੇ ਖੇਤ ਵਿੱਚ ਡੇਰਾ ਲਾ ਲਿਆ। ਉਸ ਖੇਤ ਤੋਂ ਉੱਪਰ ਪਹਾੜ ਦੇ ਸਿਖਰ ਵੱਲ ਇੱਕ ਮਕਾਨ ਦਿਸ ਰਿਹਾ ਸੀ। ਅਸੀਂ ਉਸ ਘਰ ਦੀ ਪੜਤਾਲ ਕਰਨ ਬਾਰੇ ਸੋਚ ਲਿਆ।
ਸੈਨਿਕਾਂ ਨੂੰ ਉੱਥੇ ਛੱਡ ਕੇ ਮੈਂ ਤੇ ਲੈਫਟੀਨੈਂਟ ਈਮਾਨ ਉੱਥੋਂ ਤੁਰ ਪਏ। ਸੂਬੇਦਾਰ ਮੰਗਤ ਰਾਮ ਵੀ ਕਾਹਲੇ ਕਦਮੀਂ ਸਾਡੇ ਨਾਲ ਆ ਰਲਿਆ। ਉਹ ਪੁਰਾਣਾ ਸੈਨਿਕ ਸੀ। ਉਹਦਾ ਤਜਰਬਾ ਸਾਡੇ ਲਈ ਲਾਹੇਵੰਦ ਸੀ।
ਸਾਨੂੰ ਇੱਕ ਬੁੱਢਾ ਮਕਾਨ ਦੇ ਬਾਹਰ ਹੀ ਮਿਲ ਪਿਆ। ਉਸ ਦੱਸਿਆ, ‘‘ਕੱਲ੍ਹ ਪੀਰ ਬਖਸ਼ ਇੱਜੜ ਲਈ ਜਾਂਦਾ ਮਿਲਿਆ ਸੀ। ਤੁਹਾਡੇ ਬਾਰੇ ਦੱਸਿਆ ਸੀ। ਤੁਸੀਂ ਹਿੰਦੁਸਤਾਨ ਤੋਂ ਆਏ ਹੋ ਨਾ?’’
ਬੁੱਢੇ ਦੇ ਸੁਆਲ ਨੇ ਮੈਨੂੰ ਹੈਰਾਨ ਕੀਤਾ ਸੀ। ਮੈਂ ਸੋਚੀਂ ਪੈ ਗਿਆ ਸਾਂ। ਕਿਤੇ ਅਸੀਂ ਭੁਲੇਖੇ ਨਾਲ ਦੁਸ਼ਮਣ ਮੁਲਕ ਦੇ ਪਿੰਡ ਵਿੱਚ ਹੀ ਤਾਂ ਨਹੀਂ ਸਾਂ ਪਹੁੰਚ ਗਏ। ਕੀ ਪਤਾ, ਅਸੀਂ ਨਕਸ਼ਾ ਗ਼ਲਤ ਪੜ੍ਹ ਲਿਆ ਹੋਵੇ। ਬੁੱਢੇ ਦਾ ਪ੍ਰਤੀਕਰਮ ਜਾਣਨ ਲਈ ਮੈਂ ‘ਹਾਂ’ ਵਿੱਚ ਹੁੰਗਾਰਾ ਭਰਿਆ, ਪਰ ਬੁੱਢੇ ਨੂੰ ਜਿਵੇਂ ਸਾਡੇ ਹਿੰਦੁਸਤਾਨੀ ਹੋਣ ਨਾਲ ਕੋਈ ਫ਼ਰਕ ਨਹੀਂ ਸੀ ਪੈਂਦਾ। ਉਸ ਪੁੱਛਿਆ, ‘‘ਰਾਤ ਖੇਤ ਵਿੱਚ ਸੌਂਵੋਂਗੇ?’’
‘‘ਹਾਂ।’’
‘‘ਮੇਰੇ ਕੋਲ ਹੀ ਰਹਿ ਪਵੋ ਭਾਵੇਂ।’’
ਬੁੱਢੇ ਕੋਲ ਰਹਿਣ ਨਾਲ ਕਈ ਗੱਲਾਂ ਦੀ ਸੂਹ ਮਿਲ ਸਕਦੀ ਸੀ। ਮੈਂ ਤੇ ਲੈਫਟੀਨੈਂਟ ਈਮਾਨ ਉੱਥੇ ਰਹਿਣ ਲਈ ਤਿਆਰ ਹੋ ਗਏ।
‘‘ਤੁਸੀਂ ਸਾਰੇ ਹੀ ਇੱਥੇ ਰਹਿ ਲਵੋ ਭਾਵੇਂ।’’ ਬੁੱਢੇ ਨੇ ਜ਼ੋਰ ਦੇ ਕੇ ਆਖਿਆ।
‘‘ਨਈਂ! ਅਸੀਂ ਉੱਥੇ ਹੀ ਰਹਿ ਲਵਾਂਗੇ। ਜੇ ਮੀਂਹ ਪੈਣ ਦੇ ਆਸਾਰ ਹੋਏ ਤਾਂ ਉੱਠ ਕੇ ਇੱਥੇ ਆ ਜਾਵਾਂਗੇ।’’ ਸੂਬੇਦਾਰ ਮੰਗਤ ਰਾਮ ਨੇ ਕਿਹਾ। ਉਹਨੇ ਵਾਪਸ ਜਾਣ ਦੀ ਇਜਾਜ਼ਤ ਲਈ ਤੇ ਸਲਿਊਟ ਦੇ ਕੇ ਤੁਰ ਪਿਆ।
ਅਸੀਂ ਉੱਠ ਕੇ ਸਬ੍ਹਾਤ ਵਿੱਚ ਆ ਗਏ। ਬੁੱਢੇ ਦੀ ਪਤਨੀ ਅਤੇ ਨੂੰਹ ਰੋਟੀ-ਟੁੱਕ ਦੇ ਆਹਰ ਵਿੱਚ ਸਨ। ਬੁੱਢੇ ਨੇ ਮੰਜੇ ਡਾਹ ਕੇ ਉੱਪਰ ਮੈਲੀਆਂ ਦਰੀਆਂ ਵਿਛਾ ਦਿੱਤੀਆਂ। ਉਹਨੂੰ ਦੁਨੀਆਂ ਭਰ ਦੀਆਂ ਖ਼ਬਰਾਂ ਜਾਣਨ ਦੀ ਕਾਹਲੀ ਸੀ। ਅਸੀਂ ਸੌਖੇ ਹੋ ਕੇ ਮੰਜਿਆਂ ਉੱਪਰ ਬੈਠ ਗਏ ਤੇ ਉਸ ਪੁੱਛਿਆ, ‘‘ਅੱਜਕੱਲ੍ਹ ਹਿੰਦੁਸਤਾਨ ਦਾ ਰਾਜਾ ਕੌਣ ਹੈ?’’
ਬੁੱਢੇ ਦਾ ਇਹ ਸਵਾਲ ਵੀ ਪਹਿਲਾਂ ਕੀਤੇ ਸੁਆਲ ਵਰਗਾ ਹੀ ਸੀ। ਜੁਆਬ ਦੇਣ ਲੱਗਾ ਮੈਂ ਭੰਬਲਭੂਸੇ ਵਿੱਚ ਪੈ ਗਿਆ। ਫਿਰ ਕੁਝ ਛਿਣ ਸੋਚ ਕੇ ਮੈਂ ਉਸ ਵੇਲੇ ਦੇ ਰਾਸ਼ਟਰਪਤੀ ਵੀ.ਵੀ. ਗਿਰੀ ਦਾ ਨਾਂ ਲੈ ਦਿੱਤਾ।
“ਇਹ ਨਾਂ ਤਾਂ ਮੈਂ ਪਹਿਲੀ ਵਾਰੀ ਸੁਣਿਆ ਹੈ।’’ ਬੁੱਢੇ ਦੇ ਬੋਲਾਂ ਵਿੱਚ ਬੇਯਕੀਨੀ ਸੀ।
‘‘ਨਈਂ ਬਾਬਾ! ਇਹੀ ਰਾਜਾ ਏ।’’ ਲੈਫਟੀਨੈਂਟ ਈਮਾਨ ਨੇ ਵੀ ਤਾਈਦ ਕੀਤੀ।
‘‘ਫਿਰ ਨਹਿਰੂ ਕੌਣ ਐ?’’
‘‘ਨਹਿਰੂ ਤਾਂ ਵੱਡਾ ਵਜ਼ੀਰ ਸੀ। ਉਹਨੂੰ ਤਾਂ ਮਰੇ ਨੂੰ ਵੀ ਕਈ ਸਾਲ ਹੋ ਗਏ ਨੇ।’’
ਬੁੱਢੇ ਨੂੰ ਸਾਡੇ ਜੁਆਬ ਝੂਠ ਵਰਗੇ ਲੱਗੇ ਸਨ।
ਰਾਤ ਹੋਈ ਤਾਂ ਚੌਂਕੇ ਵਿੱਚ ਦੀਵੇ ਦੀ ਲੋਅ ਡੋਲਣ ਲੱਗ ਪਈ। ਬੁੱਢੇ ਦੀ ਪਤਨੀ ਭੋਜਨ ਪਰੋਸ ਕੇ ਸਾਨੂੰ ਥਾਲੀਆਂ ਫੜਾ ਗਈ। ਅਗਲੇ ਗੇੜੇ ਉਹਨੇ ਚੌਂਕੇ ਵਿੱਚੋਂ ਦੀਵਾ ਚੁੱਕ ਕੇ ਸਬਾਤ ਵਿੱਚ ਰੱਖ ਦਿੱਤਾ। ਉਹ ਸਬਾਤ ਪੂਰਾ ਘਰ ਸੀ। ਵਿਹਲੇ ਹੋ ਕੇ ਦੋਵਾਂ ਤੀਵੀਆਂ ਨੇ ਵੀ ਸਾਡੇ ਨੇੜੇ ਮੰਜੇ ਡਾਹ ਲਏ ਤੇ ਲੰਮੀਆਂ ਪੈ ਗਈਆਂ। ਬੁੱਢੇ ਨੇ ਉੱਠ ਕੇ ਦੀਵਾ ਬੁਝਾ ਦਿੱਤਾ। ਵਾਪਸ ਆ ਕੇ ਮੰਜੇ ਉੱਤੇ ਲੰਮਾ ਪੈਂਦਿਆਂ ਉਸ ਪੁੱਛਿਆ, ‘‘ਅੱਜਕੱਲ੍ਹ ਮਹਾਰਾਜ ਕਿੱਥੇ ਨੇ?’’
‘‘ਮਹਾਰਾਜ?’’ ਇਹ ਇੱਕ ਹੋਰ ਅੱਲੋਕਾਰ ਸਵਾਲ ਸੀ। ਫਿਰ ਖ਼ਿਆਲ ਆਇਆ ਕਿ ਬੁੱਢਾ ਤਾਂ ਰਿਆਸਤਾਂ ਵਾਲੇ ਜ਼ਮਾਨੇ ਵਿੱਚ ਬੈਠਾ ਹੋਇਆ ਸੀ। ਰਿਆਸਤਾਂ ਤਾਂ ਕਦੋਂ ਦੀਆਂ ਮੁੱਕ ਗਈਆਂ ਸਨ। ਜਿਸ ਨੇ ਗੱਦੀ-ਨਸ਼ੀਨ ਹੋਣਾ ਸੀ, ਉਹ ਕਾਂਗਰਸ ਪਾਰਟੀ ਵਿੱਚ ਰਲ ਗਿਆ ਸੀ। ਮੈਂ ਜਵਾਬ ਦਿੱਤਾ, ‘‘ਮਹਾਰਾਜ ਤਾਂ ਸ਼ਾਇਦ ਦਿੱਲੀ ਹੋਣਗੇ।’’
‘‘ਮਹਾਰਾਜ ਦਾ ਦਰਬਾਰ ਤਾਂ ਫਿਰ ਉਜਾੜ ਪਿਆ ਹੋਊ!’’
‘‘ਹਾਂ।’’
‘‘ਖ਼ਜ਼ਾਨੇ ਵੀ ਬੰਦ ਹੋਣਗੇ?’’
‘‘ਹਾਂ।’’
ਅਸੀਂ ਬੁੱਢੇ ਨੂੰ ਅੱਜ ਦੇ ਹਾਲਾਤ ਸਮਝਾਉਣ ਵੱਲ ਨਹੀਂ ਸਾਂ ਪੈਣਾ ਚਾਹੁੰਦੇ। ਸੰਖੇਪ ਜੁਆਬ ਵਿੱਚ ਹੀ ਸਾਡਾ ਭਲਾ ਸੀ।
‘‘ਪਤੈ, ਸਾਰੇ ਬਣੀ ਵਿੱਚ ਮੇਰੇ ਜਿੰਨਾ ਕੋਈ ਨਹੀਂ ਘੁੰਮਿਆ। ਮੈਂ ਤਾਂ ਰਾਜਧਾਨੀ ਵੀ ਗਿਆ ਹੋਇਆ ਵਾਂ।’’ ਬੁੱਢੇ ਨੇ ਹੁੱਬ ਕੇ ਦੱਸਿਆ।
‘‘ਰਾਜਧਾਨੀ ਵੀ?’’
‘‘ਹਾਂ, ਰਾਜਧਾਨੀ ਵੀ।’’
ਸਬਾਤ ਤੋਂ ਬਾਹਰ ਅਸਮਾਨ ਉੱਤੇ ਤਾਰੇ ਵਿਖਾਈ ਦੇ ਰਹੇ ਸਨ। ਤਾਰਿਆਂ ਵੱਲ ਵੇਖਦਾ ਉਹ ਪੁਰਾਣੇ ਦਿਨਾਂ ਵੱਲ ਤੁਰ ਗਿਆ, ‘‘ਅੱਬੂ ਨੇ ਉਦੋਂ ਮਹਾਰਾਜ ਲਈ ਸਾਲਾਨਾ ਭੇਟ ਲੈ ਕੇ ਜਾਣਾ ਸੀ। ਮੈਂ ਨਿੱਕਾ ਸਾਂ। ਅੱਬੂ ਨੇ ਮੈਨੂੰ ਮੋਢੇ ਉੱਤੇ ਬਿਠਾ ਲਿਆ ਸੀ। ਸਾਨੂੰ ਉੱਥੇ ਪਹੁੰਚਦਿਆਂ ਕਈ ਦਿਨ ਤੇ ਕਈ ਰਾਤਾਂ ਲੱਗ ਗਈਆਂ ਸਨ। ਉਦੋਂ ਮੈਂ ਪਹਿਲੀ ਵਾਰ ਮਹਾਰਾਜ ਦੇ ਦਰਸ਼ਨ ਕੀਤੇ ਸਨ।’’
‘‘ਇਹ ਤਾਂ ਬਹੁਤ ਪੁਰਾਣੀ ਗੱਲ ਹੋਊ?’’
‘‘ਹਾਂ, ਵੀਹ-ਪੰਝੀ ਸਾਲ ਤਾਂ ਹੋ ਹੀ ਗਏ ਹੋਣਗੇ।’’
ਬੁੱਢੇ ਦੀ ਉਮਰ ਉਸ ਵੇਲੇ ਪਝੰਤਰ ਕੁ ਦੇ ਨੇੜੇ ਸੀ। ਰਿਆਸਤਾਂ ਤਾਂ ਬਹੁਤ ਪਹਿਲਾਂ ਹੀ ਮੁੱਕ ਗਈਆਂ ਸਨ। ਉਸ ਦੇ ਹਿਸਾਬ ਵਿੱਚ ਬੜਾ ਵੱਡਾ ਘਪਲਾ ਸੀ। ਮੈਂ ਪੁੱਛਿਆ, ‘‘ਬਾਬਾ! ਹੁਣ ਕਿੰਨੀ ਉਮਰ ਐ ਤੇਰੀ?’’
‘‘ਵੀਹ-ਪੰਝੀ ਸਾਲ ਦੀ ਹੋਊ।’’
‘‘ਤੇਰੀ ਪਤਨੀ ਦੀ ਉਮਰ ਕਿੰਨੀ ਐ?’
‘‘ਵੀਹ-ਪੰਝੀ ਸਾਲ ਉਹਦੀ ਹੋਊ।’’
‘‘… ਤੇ ਨੂੰਹ ਦੀ?’’
‘‘ਇਹੋ ਵੀਹ-ਪੰਝੀ …।’’
‘‘ਨਈਂ ਬਾਬਾ! ਨੂੰਹ ਦੀ ਉਮਰ ਤਾਂ ਕੁਝ ਘੱਟ ਹੋਊ।’’ ਲੈਫਟੀਨੈਂਟ ਈਮਾਨ ਮੁਸਕੜੀਆਂ ਵਿੱਚ ਹੱਸਿਆ।
‘‘ਹਾਂ, ਕੀ ਪਤੈ! ਮੈਂ ਵੀ ਪੁੱਛਿਆ ਨਈਂ ਕਦੀ।’’ ਬੁੱਢੇ ਨੂੰ ਵੀਹ-ਪੰਝੀ ਤੋਂ ਵੱਧ ਗਿਣਤੀ ਦਾ ਕੁਝ ਪਤਾ ਨਹੀਂ ਸੀ। ਉਹਨੇ ਬਹੁਤਾ ਗਿਣ ਕੇ ਲੈਣਾ ਵੀ ਕੀ ਸੀ। ਦੋਵੇਂ ਤੀਵੀਆਂ ਸੁੱਤੇ ਹੋਣ ਦਾ ਵਿਖਾਵਾ ਕਰ ਰਹੀਆਂ ਸਨ। ਬੁੱਢੇ ਦੇ ਹੁੰਦਿਆਂ ਗੱਲਬਾਤ ਵਿੱਚ ਦਖ਼ਲ ਦੇਣ ਦਾ ਉਨ੍ਹਾਂ ਵਿੱਚ ਹੌਂਸਲਾ ਨਹੀਂ ਸੀ। ਬਣੀ ਵਿੱਚ ਵਕਤ ਖਲੋਤਾ ਹੋਇਆ ਸੀ। ਬਾਹਰੀ ਦੁਨੀਆਂ ਨਾਲੋਂ ਟੁੱਟ ਕੇ ਉਹ ਲੋਕ ਜਿਊਂਦੇ ਕਿਸ ਤਰ੍ਹਾਂ ਸਨ। ਲੈਫਟੀਨੈਂਟ ਈਮਾਨ ਨੇ ਉਹਨੂੰ ਘੋਖਣਾ ਸ਼ੁਰੂ ਕੀਤਾ। ‘‘ਬਾਬਾ! ਤੁਹਾਡੀਆਂ ਲੋੜਾਂ ਕਿਸ ਤਰ੍ਹਾਂ ਪੂਰੀਆਂ ਹੁੰਦੀਆਂ ਨੇ?’’
‘‘ਲੋੜਾਂ!’’ ਬੁੱਢਾ ਹੱਸਿਆ, ‘‘ਪੁੱਤਰ! ਬਣੀ ਵਿੱਚ ਕਾਹਦਾ ਘਾਟਾ ਏ। ਸਭ ਕੁਝ ਤਾਂ ਹੈਗਾ ਏ ਇੱਥੇ। ਲੋੜ ਪਈ ’ਤੇ ਇੱਕ ਦੂਜੇ ਨਾਲ ਚੀਜ਼ਾਂ ਵਟਾ ਲਈਦੀਆਂ ਨੇ।’’
‘‘… ਤੇ ਲੂਣ?
‘‘ਇੱਕ ਬੰਦਾ ਸਾਲ ਵਿੱਚ ਦੋ ਕੁ ਵਾਰ ਬਾਹਰੋਂ ਕਿਤਿਓਂ ਲੂਣ ਲੈ ਕੇ ਵੀ ਆਉਂਦਾ ਏ। ਲੂਣ ਦੇ ਕੇ ਉਹ ਸਾਥੋਂ ਸਾਡੀਆਂ ਚੀਜ਼ਾਂ ਲੈ ਲੈਂਦਾ ਏ।’’
‘‘ਕੌਣ ਏ ਉਹ ਬੰਦਾ?’’
‘‘ਬੰਦੇ ਤਾਂ ਰੱਬ ਦੇ ਈ ਹੁੰਦੇ ਨੇ। ਹੋਰ ਕੌਣ ਹੋਊ ਉਹ?’’
ਲੈਫਟੀਨੈਂਟ ਈਮਾਨ ਦਾ ਵੀ ਗੱਲਾਂ ਦਾ ਉਤਸ਼ਾਹ ਮੱਠਾ ਪੈ ਗਿਆ। ਉਹ ਪਾਸਾ ਵੱਟ ਕੇ ਪੈ ਗਿਆ। ਬਾਬੇ ਦੇ ਬੋਲਾਂ ਨੇ ਮੁੜ ਹਲੂਣਿਆ, ‘‘ਪੁੱਤਰ! ਭਲਾ ਅੰਗਰੇਜ਼ ਹਿੰਦੁਸਤਾਨ ਵਿੱਚੋਂ ਚਲੇ ਗਏ ਨੇ?’’
ਈਮਾਨ ਨੇ ਚੁੱਪ ਰਹਿਣ ਦਾ ਸੋਚ ਲਿਆ ਸੀ। ਜਵਾਬ ਮੈਂ ਦਿੱਤਾ, ‘‘ਹਾਂ ਬਾਬਾ, ਇਹ ਤਾਂ ਕਈ ਸਾਲ ਪੁਰਾਣੀ ਗੱਲ ਹੈ। ਉਦੋਂ ਹੀ ਤਾਂ ਨਹਿਰੂ ਪ੍ਰਧਾਨ ਮੰਤਰੀ ਬਣਿਆ ਸੀ।’’
‘‘ਨਹਿਰੂ ਤਾਂ ਫਿਰ ਅੰਗਰੇਜ਼ ਨਈਂ ਹੋਣਾ।’’ ਬੁੱਢੇ ਨੇ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ, ‘‘ਪਰ ਕੀ ਪਤੈ, ਨਹਿਰੂ ਅੰਗਰੇਜ਼ ਹੀ ਹੋਵੇ।’’
ਬੁੱਢੇ ਨਾਲ ਗੱਲਾਂ ਕਰਨ ਪਿੱਛੋਂ ਸਾਨੂੰ ਕਿਧਰੋਂ ਵੀ ਕੋਈ ਹੋਰ ਗੱਲ ਪੁੱਛਣ ਦੀ ਲੋੜ ਨਹੀਂ ਸੀ ਰਹੀ।
+++
ਸਾਡਾ ਵਾਪਸੀ ਦਾ ਰਾਹ ਕੁਝ ਸੁਖਾਲਾ ਵੀ ਸੀ ਤੇ ਨਿੱਕਾ ਵੀ। ਉਸ ਰਾਹ ਉੱਤੇ ਟਾਵੇਂ-ਟੱਲੇ ਮਕਾਨ ਵੀ ਦਿਸਦੇ ਰਹੇ। ਗਸ਼ਤ ਦੇ ਆਖ਼ਰੀ ਦਿਨ ਸਾਰੇ ਸੈਨਿਕ ਉਤਸ਼ਾਹ ਨਾਲ ਭਰੇ ਹੋਏ ਸਨ। ਰਸਦ ਚੁੱਕਣ ਲਈ ਉਨ੍ਹਾਂ ਨੂੰ ਜਿਹੜੇ ਮਜ਼ਦੂਰ ਕਰਨੇ ਪੈਣੇ ਸਨ, ਉਹ ਭਾਰ ਆਪਸ ਵਿੱਚ ਵੰਡ ਕੇ ਉਨ੍ਹਾਂ ਨੇ ਮਜ਼ਦੂਰੀ ਬਚਾ ਲਈ ਸੀ।
ਸੂਬੇਦਾਰ ਮੰਗਤ ਰਾਮ ਨੇ ਆਖਿਆ, ‘‘ਸਰ, ਜਵਾਨਾਂ ਲਈ ਤਾਂ ਬੜਾ ਖਾਣਾ ਹੋਣਾ ਚਾਹੀਦੈ।’’ ਲੈਫਟੀਨੈਂਟ ਈਮਾਨ ਉਮਾਹ ਨਾਲ ਬੋਲਿਆ, ‘‘ਸਾਬ੍ਹ! ਪਲਟਨ ਵਿੱਚ ਜਾ ਕੇ ਬੜਾ ਖਾਣਾ ਵੀ ਜ਼ਰੂਰ ਹੋਊ, ਪਰ ਜੇ ਰਾਹ ਵਿੱਚ ਕਿਧਰੇ ਕੁੱਕੜ ਮਿਲਣ ਤਾਂ ਬੇਸ਼ੱਕ ਖ਼ਰੀਦ ਲਿਓ। ਬੰਦ ਡੱਬਿਆਂ ਦੀ ਦਾਲ, ਭਾਜੀ ਖਾਂਦਿਆਂ ਮੂੰਹ ਦਾ ਜ਼ਾਇਕਾ ਵੀ ਕੁਝ ਹੋਰੂੰ ਹੋਇਆ ਪਿਆ ਏ।’’
ਰਾਹ ਵਿੱਚ ਖੱਚਰ-ਡੰਡੀ ਦੇ ਨਾਲ ਲੱਗਦੇ ਇੱਕ ਮਕਾਨ ਸਾਹਮਣੇ ਕੁਝ ਕੁੱਕੜ ਕੁੱਕੜੀਆਂ ਚੋਗਾ ਚੁਗ ਰਹੇ ਸਨ। ਇੱਕ ਅਧਖੜ ਜਿਹਾ ਬੰਦਾ ਪੱਥਰ ਉੱਤੇ ਬੈਠਾ ਹੁੱਕਾ ਪੀ ਰਿਹਾ ਸੀ। ਸੂਬੇਦਾਰ ਮੰਗਤ ਰਾਮ ਨੇ ਅਗਾਂਹ ਹੋ ਕੇ ਪੁੱਛਿਆ, ‘‘ਬੜੇ ਮੀਆਂ, ਕੁੱਕੜ ਵੇਚਣੇ ਨੇ?’’
‘‘ਹਾਂ, … ਕਿੰਨੇ ਪੈਸੇ ਦਿਓਗੇ?’’
‘‘ਤੂੰ ਦੱਸ?’’
‘‘ਦੋ ਰੁਪਏ।’’ ਉਹਨੇ ਆਪਣੇ ਵੱਲੋਂ ਮੁੱਲ ਕੁਝ ਵਧਾ ਕੇ ਦੱਸਿਆ। ਅਸੀਂ ਲੋੜ ਅਨੁਸਾਰ ਕੁੱਕੜ ਖ਼ਰੀਦ ਲਏ। ਅਸੀਂ ਉਦੋਂ ਦਸ-ਬਾਰਾਂ ਕਿਲੋਮੀਟਰ ਦਾ ਪੈਂਡਾ ਤੈਅ ਕਰ ਚੁੱਕੇ ਸਾਂ ਕਿ ਇੱਕ ਜਵਾਨ ਨੇ ਸੁਭਾਇਕੀ ਭਉਂ ਕੇ ਵੇਖਿਆ। ਪਿਛਲੇ ਮੋੜ ਉੱਤੇ ਕੋਈ ਹੱਥ ਹਿਲਾ ਹਿਲਾ ਕੇ ਸਾਨੂੰ ਰੁਕਣ ਦਾ ਇਸ਼ਾਰਾ ਕਰ ਰਿਹਾ ਸੀ। ਇਹ ਉਹੀ ਆਦਮੀ ਸੀ ਜੀਹਨੇ ਸਾਨੂੰ ਕੁੱਕੜ ਵੇਚੇ ਸਨ। ਉਹ ਹੱਫਿਆ ਹੋਇਆ ਸੀ। ਉਹਦੇ ਸਾਹ ਧੌਂਕਣੀ ਵਾਂਗੂੰ ਚੱਲ ਰਹੇ ਸਨ।
ਅਸੀਂ ਰੁਕ ਗਏ। ਕੋਲ ਪਹੁੰਚ ਕੇ ਉਹਨੇ ਸਾਹ ਕਾਬੂ ਵਿੱਚ ਕੀਤੇ ਤੇ ਗੁੱਸੇ ਵਾਲੇ ਰੌਂਅ ਵਿੱਚ ਬੋਲਿਆ, ‘‘ਤੁਸੀਂ ਮੇਰੇ ਨਾਲ ਧੋਖਾ ਕੀਤਾ ਏ। ਤੁਸੀਂ ਮੈਨੂੰ ਕੁੱਕੜਾਂ ਦੇ ਬੱਸ ਥੋੜ੍ਹੇ ਜਿਹੇ ਪੈਸੇ ਹੀ ਦਿੱਤੇ ਨੇ।’’
‘‘ਨਈਂ, ਥੋੜ੍ਹੇ ਤਾਂ ਨਈਂ ਦਿੱਤੇ। ਤੂੰ ਜਿੰਨੇ ਮੰਗੇ ਸੀ ਗਿਣ ਕੇ ਉੰਨੇ ਹੀ ਦਿੱਤੇ ਨੇ।’’ ਸੂਬੇਦਾਰ ਮੰਗਤ ਰਾਮ ਨੇ ਸਪਸ਼ਟ ਕੀਤਾ।
‘‘ਮੇਰਾ ਪੁੱਤਰ ਸਕੂਲ ਪੜ੍ਹਦਾ ਏ। ਉਹਨੂੰ ਸਭ ਪਤਾ ਏ,’’ ਉਹਨੇ ਪੂਰੇ ਦਾਅਵੇ ਨਾਲ ਕਿਹਾ, ‘‘ਉਹ ਆਖਦਾ ਏ ਇੱਕ ਕੁੱਕੜ ਦੇ ਦੋ ਰੁਪਏ ਬਹੁਤ ਥੋੜ੍ਹੇ ਹੁੰਦੇ ਨੇ।’’ ਮੈਂ ਉਸ ਪਹਾੜੀਏ ਦੀ ਸਾਦਗੀ ਉੱਤੇ ਮੁਸਕਰਾਇਆ। ਦਸ ਰੁਪਏ ਦਾ ਨੋਟ ਉਹਦੇ ਵੱਲ ਕਰਦਿਆਂ ਕਿਹਾ, ‘‘ਮੀਆਂ, ਹੁਣ ਤਾਂ ਰੁਪਏ ਥੋੜ੍ਹੇ ਨਈਂ ਨਾ?’’
ਦਸ ਰੁਪਏ ਲੈ ਕੇ ਪਹਾੜੀਆ ਚਾਈਂ-ਚਾਈਂ ਉੱਥੋਂ ਤੁਰ ਪਿਆ। ਝਾਗੇ ਪੈਂਡੇ ਦਾ ਉਹਦੇ ਚਿਹਰੇ ਉੱਤੇ ਰੱਤੀ ਭਰ ਵੀ ਹਰਖ ਨਹੀਂ ਸੀ।
ਦੁਪਹਿਰ ਵੇਲੇ ਅਸੀਂ ਉੱਥੇ ਪਹੁੰਚ ਗਏ, ਜਿੱਥੋਂ ਇੱਕ ਹਫ਼ਤਾ ਪਹਿਲਾਂ ਤੁਰੇ ਸਾਂ। ਫ਼ੌਜੀ ਟਰੱਕ ਨੇ ਸਾਨੂੰ ਦੁਪਹਿਰ ਢਲੇ ਲੈਣ ਆਉਣਾ ਸੀ। ਜਵਾਨਾਂ ਨੇ ਪਿੱਠੂ ਉਤਾਰ ਕੇ ਇੱਕ ਕਤਾਰ ਵਿੱਚ ਰੱਖ ਦਿੱਤੇ ਤੇ ਹਥਿਆਰ ਸਾਫ਼ ਕਰਨ ਲੱਗ ਪਏ। ਜਿਨ੍ਹਾਂ ਜਵਾਨਾਂ ਦੀ ਖਾਣਾ ਬਣਾਉਣ ਦੀ ਵਾਰੀ ਸੀ, ਉਨ੍ਹਾਂ ਲੱਕੜਾਂ ਇਕੱਠੀਆਂ ਕਰ ਕੇ ਅੱਗ ਬਾਲ ਲਈ।
ਮੈਂ ਤੇ ਲੈਫਟੀਨੈਂਟ ਈਮਾਨ ਨੇ ਵਾਪਸ ਪਹੁੰਚ ਕੇ ਲੰਮੀ ਗਸ਼ਤ ਬਾਰੇ ਆਪੋ ਆਪਣੀ ਰਿਪੋਰਟ ਪੇਸ਼ ਕਰਨੀ ਸੀ। ਬਣੀ ਦੇ ਇਲਾਕੇ ਵਿੱਚ ਮੀਲਾਂ ਲੰਮੀ ਸਰਹੱਦ ਖੁੱਲ੍ਹੀ ਪਈ ਸੀ। ਕਿਧਰੇ ਵੀ ਕੋਈ ਰੋਕ-ਟੋਕ ਨਹੀਂ ਸੀ। ਕੋਈ ਭਾਵੇਂ ਕਿਧਰੋਂ ਵੀ, ਕਦੋਂ ਵੀ ਭਾਰਤ ਅੰਦਰ ਦਾਖ਼ਲ ਹੋ ਜਾਵੇ। ਜੇ ਉੱਥੇ ਰਾਖੀ ਲਈ ਫ਼ੌਜ ਬਿਠਾ ਦਿੱਤੀ ਜਾਵੇ ਤਾਂ ਕਿਹੋ ਜਿਹੇ ਪ੍ਰਬੰਧਕੀ ਮਸਲੇ ਦਰਪੇਸ਼ ਆਉਣਗੇ। ਮੈਂ ਆਪਣੀ ਰਿਪੋਰਟ ਵਿੱਚ ਬੱਸ ਇਹੋ ਧਿਆਨ ਰੱਖਣਾ ਸੀ।
ਲੈਫਟੀਨੈਂਟ ਈਮਾਨ ਦੀ ਰਿਪੋਰਟ ਸੁਰੱਖਿਆ ਦੇ ਮਸਲੇ ਨਾਲ ਜੁੜੀ ਹੋਈ ਸੀ। ਉਸ ਰਿਪੋਰਟ ਵਿੱਚ ਉਹਨੇ ਬਣੀ ਦੇ ਲੋਕਾਂ ਦਾ ਹੀਜ਼ ਪਿਆਜ਼ ਵੀ ਖੋਲ੍ਹਣਾ ਸੀ, ਪਰ ਉਹ ਕੀ ਲਿਖੇਗਾ ਉਨ੍ਹਾਂ ਬਾਰੇ?
ਬਣੀ ਦੇ ਵਾਸੀਆਂ ਕੋਲ ਨਾ ਤਾਂ ਕੋਈ ਦੇਸ਼ ਸੀ ਅਤੇ ਨਾ ਹੀ ਉਹ ਕਿਸੇ ਸਰਹੱਦ ਨੂੰ ਜਾਣਦੇ ਸਨ। ਉਹ ਤਾਂ ਬੇਝਿਜਕ ਲੀਕੋਂ ਪਾਰ ਹੋ ਕੇ ਆਉਂਦੇ ਸਨ। ਉੱਥੇ ਉਨ੍ਹਾਂ ਦੀਆਂ ਰਿਸ਼ਤੇਦਾਰੀਆਂ ਵੀ ਸਨ। ਅਸੀਂ ਜਿਨ੍ਹਾਂ ਵਿੱਚੋਂ ਦੁਸ਼ਮਣੀ ਦੀ ਬੂਅ ਸੁੰਘਣ ਗਏ ਸਾਂ, ਉਹ ਪੰਛੀਆਂ ਵਰਗੇ ਸਨ, ਮਾਸੂਮ ਤੇ ਨਿਰਛਲ। ਉਹ ਭਾਵੇਂ ਉੱਡ ਕੇ ਕਿਤੇ ਵੀ ਚਲੇ ਜਾਣ। ਉਨ੍ਹਾਂ ਦੀ ਨਜ਼ਰ ਕਿਸੇ ਲੀਕ ਨੂੰ ਨਹੀਂ ਸੀ ਵੇਖਦੀ।
ਲੈਫਟੀਨੈਂਟ ਈਮਾਨ ਬਾਕੀਆਂ ਤੋਂ ਕੁਝ ਪਰ੍ਹਾਂ ਇੱਕ ਪੱਥਰ ਨਾਲ ਢੋਅ ਲਾ ਕੇ ਬੈਠ ਗਿਆ ਸੀ ਤੇ ਰਿਪੋਰਟ ਲਿਖਣ ਲਈ ਉਹਨੇ ਆਪਣੇ ਪਾਊਚ ਵਿੱਚੋਂ ਕਾਪੀ ਕੱਢ ਲਈ ਸੀ। ਮੈਂ ਉਹਦੇ ਕੋਲ ਜਾ ਕੇ ਹੱਸਿਆ, ‘‘ਕਮ ਔਨ ਈਮਾਨ! … ਰੀਲੈਕਸ। … ਉਨ੍ਹਾਂ ਨੂੰ ਕੋਰਾ ਕਾਗਜ਼ ਫੜਾ ਦੇਵੀਂ। ਆਖੀਂ, ਇਹੋ ਹੈ ਮੇਰੀ ਰਿਪੋਰਟ।’’ ਮੇਰੀ ਗੱਲ ਦੇ ਜਵਾਬ ਵਿੱਚ ਉਹ ਹੱਸਿਆ ਨਹੀਂ ਸੀ, ਚੁੱਪ ਰਿਹਾ ਸੀ। ਉਦੋਂ ਮੈਥੋਂ ਉਹਦੀ ਚੁੱਪ ਦੇ ਆਰ-ਪਾਰ ਨਹੀਂ ਸੀ ਵੇਖਿਆ ਗਿਆ।
+++
ਸੱਪਾਂ ਵਾਲੇ ਉਸ ਪਹਾੜ ਉੱਤੇ ਕਈ ਕਹਾਣੀਆਂ ਖਿਲਰੀਆਂ ਪਈਆਂ ਸਨ। ਉਨ੍ਹਾਂ ਵਿੱਚੋਂ ਕੁਝ ਕਹਾਣੀਆਂ ਮੈਂ ਲਿਖ ਵੀ ਲਈਆਂ ਸਨ, ਪਰ ਲੰਮੀ ਗਸ਼ਤ ਬਾਰੇ ਮੈਂ ਕੋਈ ਕਹਾਣੀ ਨਹੀਂ ਸੀ ਲਿਖੀ। ਉਦੋਂ ਮੇਰੀ ਕੁਝ ਬੇਯਕੀਨੀ ਵੀ ਸੀ ਕਿ ਜ਼ਿੰਦਗੀ ਵਿੱਚੋਂ ਇੰਨੀ ਪੂਰੀ ਕਹਾਣੀ ਕਿਸ ਤਰ੍ਹਾਂ ਲੱਭ ਸਕਦੀ ਹੈ ਭਲਾ। ਲੰਮੀ ਗਸ਼ਤ ਵਾਲੀ ਬਾਤ ਵਿੱਚ ਤਾਂ ਕਲਪਨਾ ਦੀ ਗੁੰਜਾਇਸ਼ ਵੀ ਨਹੀਂ ਸੀ ਜਾਪਦੀ।
ਲੈਫਟੀਨੈਂਟ ਈਮਾਨ ਦੀ ਰਿਪੋਰਟ ਵਿੱਚੋਂ ਅਧਿਕਾਰੀਆਂ ਨੂੰ ਹਮਕ ਵੀ ਆਈ ਸੀ। ਉਨ੍ਹਾਂ ਨੂੰ ਇਹ ਵੀ ਜਾਪਿਆ ਸੀ ਕਿ ਈਮਾਨ ਨੇ ਆਪਣੇ ਧਰਮ ਵਾਲਿਆਂ ਦਾ ਪੱਖ ਪੂਰਿਆ ਸੀ। ਲੰਮੀ ਗਸ਼ਤ ਦੀ ਰਿਪੋਰਟ ਲਿਖਣ ਵੇਲੇ ਲੈਫਟੀਨੈਂਟ ਈਮਾਨ ਦੀ ਚਿੰਤਾ ਖ਼ੁਦ ਦੇ ਮੁਸਲਮਾਨ ਹੋਣ ਦੀ ਸੀ।
ਇਹ ਚਿੰਤਾ ਅਸੀਂ ਹਰ ਕਿਸੇ ਲਈ ਪੈਦਾ ਕਰ ਰਹੇ ਸਾਂ, ਕਿਸੇ ਦੇ ਮੁਸਲਮਾਨ ਹੋਣ ਦੀ ਤੇ ਕਿਸੇ ਦੇ ਸਿੱਖ ਹੋਣ ਦੀ। ਕਿਸੇ ਦੇ ਹਿੰਦੂ ਹੋਣ ਦੀ ਤੇ ਕਿਸੇ ਦੇ ਈਸਾਈ ਹੋਣ ਦੀ।
ਉਦੋਂ ਮੇਰੀ ਛਾਤੀ ਵਿੱਚੋਂ ਪੀੜ ਨਹੀਂ ਸੀ ਉੱਠੀ। ਉਦੋਂ ਮੈਂ ਲੈਫਟੀਨੈਂਟ ਈਮਾਨ ਦੇ ਦਰਦ ਨੂੰ ਆਪਣੇ ਅੰਦਰ ਮਹਿਸੂਸ ਨਹੀਂ ਸਾਂ ਕਰ ਸਕਿਆ। 1969 ਦੀ ਉਸ ਘਟਨਾ ਨੂੰ ਚੇਤੇ ਵਿੱਚ ਸਹੇਜ ਕੇ ਮੈਂ 1986 ਦੇ ਵਿਹੜੇ ਤੱਕ ਪਹੁੰਚ ਗਿਆ ਸਾਂ। ਪੰਜਾਬ ਵਿੱਚ ਅਤਿਵਾਦ ਦਾ ਦੌਰ ਦੌਰਾ ਸੀ। ਉਦੋਂ ਫ਼ੌਜੀ ਅਫ਼ਸਰਾਂ ਦੀਆਂ ਸਾਲਾਨਾ ਗੁਪਤ ਰਿਪੋਰਟਾਂ ਉੱਤੇ ਵੀ ਅਤਿਵਾਦ ਦਾ ਪਰਛਾਵਾਂ ਪੈਣਾ ਸ਼ੁਰੂ ਹੋ ਗਿਆ ਸੀ। ਮੈਂ ਪੁਣੇ ਤੋਂ ਨਵਾਂ ਨਵਾਂ ਪੋਸਟਿੰਗ ਆਇਆ ਸਾਂ। ਅਸੀਂ ਕੁਝ ਜਣੇ ਦੁਪਹਿਰ ਦਾ ਖਾਣਾ ਖਾ ਰਹੇ ਸਾਂ। ਪੰਜਾਬ ਦੇ ਉਸ ਵੇਲੇ ਦੇ ਹਾਲਾਤ ਬਾਰੇ ਗੱਲਾਂ ਛਿੜੀਆਂ ਹੋਈਆਂ ਸਨ। ਇੱਕ ਮੇਜਰ ਬੀਅਰ ਦੇ ਸਰੂਰ ਵਿੱਚ ਸੀ, ਅਚਨਚੇਤੀ ਬੋਲਿਆ, ‘‘ਇਨ੍ਹਾਂ ਸਿੱਖਾਂ ਨੂੰ ਤਾਂ ਇੱਕ-ਇੱਕ ਕਰ ਕੇ ਵੱਢ ਸੁੱਟਣਾ ਚਾਹੀਦੈ।’’
ਸੰਨਾਟਾ ਉਸੇ ਪਲ ਪਸਰ ਗਿਆ।
ਮੈਂ ਮਨੁੱਖ ਬਣਨ ਦੇ ਰਾਹ ਤੁਰਿਆ ਹੋਇਆ ਸਾਂ। ਮੈਂ ਸੋਚਦਾ ਸਾਂ, ਪਿਆਰ ਮੇਰਾ ਮਜ਼ਹਬ ਹੋਵੇ, ਪਰ ਮੇਰੇ ਮਜ਼ਹਬ ਦੇ ਸਿਰ ਉੱਤੇ ਪੱਗ ਬੱਝੀ ਹੋਈ ਸੀ।
ਉਸ ਪਲ ਲੈਫਟੀਨੈਂਟ ਈਮਾਨ ਦਾ ਉਹ ਦਰਦ ਮੇਰੀ ਛਾਤੀ ਵਿੱਚ ਉੱਠਿਆ ਸੀ, ਲੰਮੀ ਗਸ਼ਤ ਦੀ ਰਿਪੋਰਟ ਵਾਲੀ ਘਟਨਾ ਤੋਂ ਉੱਨੀ ਵਰ੍ਹੇ ਪਿੱਛੋਂ।
ਲੈਫਟੀਨੈਂਟ ਈਮਾਨ ਵਾਲਾ ਜ਼ਬਤ ਮੇਰੇ ਕੋਲ ਨਹੀਂ ਸੀ। ਮੈਂ ਗੁੱਸੇ ਵਿੱਚ ਸਾਹਮਣੇ ਪਿਆ ਦਾਲ ਵਾਲਾ ਡੌਂਗਾ ਉਸ ਮੇਜਰ ਵੱਲ ਵਗਾਹ ਮਾਰਿਆ। ਦਾਲ ਖਾਣੇ ਦੇ ਮੇਜ਼ ਉੱਤੇ ਡੁੱਲ੍ਹ ਗਈ। ਡੌਂਗਾ ਭੁੰਜੇ ਡਿੱਗ ਕੇ ਟੁੱਟ ਗਿਆ। ਮੈਂ ਉੱਠ ਕੇ ਖਲੋ ਗਿਆ, ‘‘ਜੇ ਬੰਦੇ ਦਾ ਪੁੱਤ ਐਂ ਤਾਂ ਹੁਣ ਬੋਲ, ਮੈਂ ਵੀ ਵੇਖਾਂ …।’’
ਉਸ ਮੇਜਰ ਦਾ ਸਰੂਰ ਝੱਗ ਵਾਂਗੂੰ ਸੁਰ ਸੁਰ ਕਰ ਕੇ ਮੁੱਕ ਗਿਆ। ਉਹਨੇ ਭਮੰਤਰੇ ਹੋਏ ਨੇ ਮੇਰੇ ਵੱਲ ਵੇਖਿਆ। ਉਹ, ਜੋ ਉੱਥੇ ਬੈਠੇ ਹੋਏ ਸਨ, ਉਨ੍ਹਾਂ ਨੂੰ ਕੋਰਟ ਆਫ ਇਨਕੁਆਰੀ ਅਤੇ ਕੋਰਟ ਮਾਰਸ਼ਲ ਦੇ ਆਸਾਰ ਸਾਫ਼ ਦਿਸ ਪਏ ਸਨ। ਉਨ੍ਹਾਂ ਨੂੰ ਇਹ ਵੀ ਦਿਸ ਪਿਆ ਸੀ ਕਿ ਸਭਿਅਕ ਹੋਣ ਦੇ ਝੰਡਾਬਰਦਾਰਾਂ ਨੇ ਅਤਿਵਾਦ ਤੇ ਸੰਪਰਦਾਇਕਤਾ ਦੇ ਬੀਜ ਤਿਆਰ ਕਰਨ ਅਤੇ ਬੀਜਣ ਦੀ ਜਾਚ ਸਿੱਖ ਲਈ ਸੀ। ਉਹ ਫ਼ਿਕਰਮੰਦ ਹੋਏ ਸਨ। ਉਨ੍ਹਾਂ ਰਲ ਕੇ ਸਥਿਤੀ ਨੂੰ ਸੰਭਾਲ ਲਿਆ ਸੀ।
ਇਸ ਘਟਨਾ ਪਿੱਛੋਂ ਮੈਂ ਲੰਮੀ ਗਸ਼ਤ ਦੀ ਉਸ ਕਹਾਣੀ ਨੂੰ ਭੁੱਲ ਨਹੀਂ ਸੀ ਸਕਿਆ। ਬਣੀ ਪਿੰਡ ਦੇ ਲੋਕਾਂ ਵਿੱਚੋਂ ਅਸੀਂ ਦੁਸ਼ਮਣੀ ਦੀ ਬੂਅ ਲੱਭਣ ਗਏ ਸਾਂ। ਦਰਅਸਲ ਉਹੀ ਅਸਲੀ ਮਨੁੱਖ ਸਨ। ਉਨ੍ਹਾਂ ਨੂੰ ਸਾਡੇ ਸਭਿਅਕ ਹੋਣ ਨੇ ਪਲੀਤ ਨਹੀਂ ਸੀ ਕੀਤਾ। ਉਨ੍ਹਾਂ ਲਈ ਹਰ ਕੋਈ ਰੱਬ ਦਾ ਜੀਅ ਸੀ। ਚੰਡੀਮੰਦਰ ਦੇ ਅਫ਼ਸਰ ਮੈੱਸ ਵਿੱਚ ਵਾਪਰੀ ਘਟਨਾ ਮੇਰੀ ਕਹਾਣੀ ‘ਪੰਛੀਆਂ ਦੀ ਤਫ਼ਤੀਸ਼’ ਦੀਆਂ ਜੰਮਣ ਪੀੜਾਂ ਦਾ ਹੀ ਹਿੱਸਾ ਸੀ।

Total Views: 355 ,
Real Estate