ਰਜਾ ਦਾ ਸਫਰ

 

Harkirat Chahal
ਹਰਕੀਰਤ ਚਾਹਲ , ਪੰਜਾਬੀ ਦੀ ਉਹ ਲੇਖਿਕਾ ਹੈ ਜਿਸ ਕੋਲ ਸ਼ਬਦ ਵੀ ਹਨ, ਸੂਖਮਤਾ ਵੀ ਹੈ ਅਤੇ ਸੰਵਾਦ ਕਰਨ ਦਾ ਠੇਠ ਮਲੱਵਈ ਢੰਗ ਵੀ ਹੈ

ਹਰਕੀਰਤ ਚਹਿਲ

“ਰਵੀਨਾ ਰੈਸਟ ਇੰਨ ਪੀਸ” …..ਵੱਟਸਐਪ ਤੇ ਆਇਆ ਟੈਕਸਟ ਇੱਕ ਬੁਰੀ ਖ਼ਬਰ ਹੀ ਨਹੀ ਸੀ, ਜਾਣੋ ਮੇਰੀ ਕਿਸੇ ਨੇ ਪੈਰਾਂ ਥੱਲਿਉ ਜ਼ਮੀਨ ਖਿਸਕਾ ਲਈ ਹੋਵੇ, ਮੇਰੇ ਹਿੱਸੇ ਦੀ ਸਾਰੀ ਹਵਾ ਸੜਾਕ ਲਈ ਹੋਵੇ, ਤੇ ਮੇਰੀ ਜ਼ੁਬਾਨ ਤੋਂ ਬੋਲ ਸੂਤ ਲਏ ਹੋਣ…..ਸੁਰਤ ਸਿਰ ਹੋ ਕੇ ਵਾਪਰੇ ਭਾਣੇ ਦੀ ਪੁਸ਼ਟੀ ਕਰਦਿਆਂ ਹੀ ਛੇਤੀ ਤੋਂ ਛੇਤੀ ਐਡਮਿੰਟਨ ਜਾਣ ਲਈ ਤਿਆਰੀ ਕੀਤੀ। ਸੋਚਾਂ ਵਿੱਚ ਡੁੱਬੀ ਮੈ ਸੋਚ ਰਹੀ ਸੀ ਕਿ,
ਹਾਏ,  ਰਵੀਨਾ ਤਾਂ ਮੇਰੀ ਸਹੇਲੀ ਪਰਮਜੀਤ ਦੀ ਰੂਹੇ ਰਵਾਂ ਸੀ, ਪਿਆਰੀ ਜਿਹੀ ਮਲਕਾ ਧੀ, ਉਸਦੀ ਰਾਜ਼ਦਾਰ, ਦੁੱਖਦੇ ਸੁੱਖਦੇ ਸਮਿਆਂ ਦੀ ਲਾਠੀ ਸੀ। ਕਿੰਨੇ ਫ਼ਖ਼ਰ ਨਾਲ ਉਹ ਡਾਕਟਰ ਧੀ ਦੀ ਸਿਫ਼ਤ ਕਰਦੀ ਨਾਂ ਥੱਕਦੀ…
ਕਰਦੀ ਵੀ ਕਿਵੇਂ ਨਾਂ? ਉਸ ਦੇ ਤਾਂ ਆਂਦਰਾਂ ਦਾ ਟੁੱਕੜਾ ਸੀ। ਰਵੀਨਾ ਦਾ ਹੁਸਨ ਤੇ ਸਾਦਗੀ ਤਾਂ ਰਾਹ ਜਾਂਦਿਆਂ ਨੂੰ ਖਿੱਚ ਲਿਆਉਂਦੀ। ਸੋਨ ਸੁਨਹਿਰੀ ਰਿਸ਼ਮਾਂ ਜਦ ਉਹਦੀਆਂ ਕਾਲੀਆਂ ਸ਼ਾਹ ਜੁਲਫਾਂ ਨਾਲ ਟਕਰਾੳੁਂਦੀਅਾਂ ਤਾਂ ਅਾਪਦਾ ਹੁਸਨ ਖੋ ਬਹਿੰਦੀਅਾਂ। ਮਹਿਕਾਂ ਦਾ ਲੁਤਫ ਮਾਣਦੀਅਾਂ ਫਿਜਾ ਵਿੱਚ ਘੁਲ ਮਿਲਕੇ ਚਾਰ ਚੁਫੇਰੇ ਖੇੜੇ ਵੰਡਦੀਅਾਂ। ਟਿਮ-ਟਿਮ ਕਰਦੇ ਮਿਰਗੲੀ ਨੈਣ, ਬੰਸਰੀ ਦੀ ਹੂਕ ਵਰਗੇ ਮਿੱਠੇ ਬੋਲ, ਅਤੇ ਗੁਲਾਬ ਦੀਅਾਂ ਪੱਤੀਅਾਂ ਵਰਗਾ ਗੁਲਾਬੀ ਚਿਹਰਾ ਹਰ ਿੲੱਕ ਦੀ ਰੂਹ ਵਿੱਚ ੳੁੱਤਰ ਜਾਂਦਾ। ਕਿੰਨੀ ਚੁਲਬਲੀ ਸੀ …!!!
ਹਾੲੇ ….ਬੱਸ ਪੌੜੀਅਾਂ ਤੋ ਡਿੱਗ ਕੇ ਮੌਤ? ਸ਼ਾਿੲਦ ਦਿਲ ਦਾ ਦੌਰਾ ਸੀ.. ਮੈਂ ਅਾਪਦੀਅਾਂ ਕਿਅਾਸਰਾੲੀਅਾਂ ਲਾੳੁਂਦੀ ਸੋਚ ਰਹੀ ਸੀ।ਪਰ ੳੁਹ ਆਹ ਕਿਹੜੇ ਜਨਮ ਦਾ ਡੰਨ ਲਾਤਾ ਉਏ ਰੱਬਾ? ਉਹ ਤਾਂ ਦੋਨੋ ਜੀਅ ਹਰ ਘਰ ਦਰ ਦੀ ਖ਼ੈਰ ਮੰਗਣ ਵਾਲੇ ਸਨ।
ਖ਼ਬਰ ਮਿਲਣ ਤੋਂ ਅਗਲੇ ਦਿਨ ਹੀ ਫਿਊਨਰਲ ਦੀ ਰਸਮ ਸੀ। ਸੋ ਮੈ ਉਸੇ ਸਮੇਂ ਛੇਤੀ ਤੋਂ ਛੇਤੀ ਪਹੁਚਾਉਣ ਵਾਲੀ ਫਲਾਈਟ ਦੀ ਟਿਕਟ ਲੈ ਕੇ ਐਬਟਸਫੋਰਡ ਤੋਂ ਕੈਲਗਰੀ ਜਾਂਦੇ ਜਹਾਜ਼ ਵਿੱਚ ਬੈਠ ਗਈ। ਬੇਇੰਤਹਾ ਪੀੜ ਨਾਲ ਪਰੁੰਨਿਆਂ ਜਿਸਮ ਮੈਂ ਮਸਾਂ ਚੱਕੀ ਫਿਰ ਰਹੀ ਸੀ। ਕਿਵੇਂ ਧਰਤੀ ਤੇ ਪਟਕਾ ਮਾਰੇ ਉਏ ਰੱਬਾ…. ਇੱਕ ਅੱਧੇ ਭੈਣ ਭਾਈ ਤੋਂ ਬਿਨਾ ਪ੍ਰਦੇਸ਼ਾਂ ਵਿੱਚ ਕੌਣ ਦਰਦ ਵੰਡਾਉਦਾ ਹੋਊ? ਅੱਜ ਦੀ ਕਾਲੀ ਰਾਤ ਮਾਪੇ ਕਿਵੇਂ ਕੱਟਣਗੇ? ਉਸ ਦੇ ਤਿੰਨ ਸਾਲ ਦੇ ਛੱਡ ਕੇ ਗਈ ਮਾਸੂਮ ਬੱਚੇ ਦਾ ਕੀ ਹਾਲ ਹੋਊ…? ਸੋਚਾਂ ਦੀ ਦਲਦਲ ਵਿੱਚ ਡੁੱਬੀ ਕਦੇ ਮੈਂ ਹੰਝੂ ਵਹਾਉਂਦੀ ਤੇ ਕਦੇ ਇੱਕ ਡੂੰਘੇ ਹਉਕੇ ਨਾਲ ਦਿਲ ਨੂੰ ਧਰਵਾਸ ਦਿੰਦੀ।
ਜਹਾਜ਼ ਕੈਲਗਰੀ ਪਹੁੰਚਿਆ। ਸਿਰਫ ਘੰਟੇ ਦੀ ਸਟੇਅ ਤੋਂ ਬਾਅਦ ਅਗਲੀ ਫਲਾਈਟ ਲੈਣੀ ਸੀ, ਸੋ ਮੈਂ ਭੱਜ ਭੱਜ ਕੇ 18  ਨੰਬਰ ਬੋਰਡਿੰਗ ਗੇਟ ਤੇ ਪਹੁੰਚੀ। ਕੈਬਿਨ ਕਰਿਊ ਵੀ ਤਿਆਰ ਖੜ੍ਹਾ ਸੀ, ਪਰ ਬੋਰਡਿੰਗ ਸਟੇਸ਼ਨ ਤੋਂ ਅਨਾਊਂਸਮੈਂਟ ਹੋਈ ਕਿ ਮੌਸਮ ਖਰਾਬ ਹੋਣ ਕਾਰਨ ਫਲਾਈਟ ਇੱਕ ਘੰਟੇ ਦੇ ਸਮੇਂ ਜਾਣੀ ਕਿ ਨੌਂ ਵਜੇ ਦੀ ਥਾਂ ਦਸ ਵਜੇ ਤੱਕ ਲੇਟ ਕਰ ਦਿੱਤੀ ਗਈ ਹੈ। ਬਾਹਰ ਹਵਾ ਸਨੋ ਦੇ ਬੁੱਕ-ਭਰ ਭਰ ਉਡਾ ਰਹੀ ਸੀ। ਜਾਣੋਂ ਸਾਰੀ ਸਿ੍ਸ਼ਟੀ ਦੇ ਅੱਲ੍ਹੇ ਜ਼ਖ਼ਮਾਂ ਤੇ ਲ਼ੂਣ ਭੁੱਕ ਰਹੀ ਹੋਵੇ। ਦਿਉ ਵਾਂਗ ਚੜ੍ਹ ਚੜ੍ਹ ਆਉਦੇ ਬੁੱਲਿਆਂ ਨੇ ਹਨ੍ਹੇਰ ਪਾਇਆ ਪਿਆ ਸੀ। ਬਰਫ਼ ਨਾਲ ਚਿੱਟੀ ਹੋਈ ਧਰਤੀ ਮੈਨੂੰ ਰਵੀਨਾ ਦੇ ਮਾਤਮ ਵਿੱਚ ਵਿਛਾਏ ਸੱਥਰ ਵਰਗੀ ਲੱਗ ਰਹੀ ਸੀ। ਬਰਫ਼ੀਲੇ ਅੰਬਰ ਗਾਹੁੰਦੀ ਉਸ ਦੀ ਰੂਹ ਅਨੰਤ ਸਫਰ ਤੇ ਤੁਰੀ ਹੋਈ ਜਾਪਦੀ ਸੀ।
ਮੁਸਾਫ਼ਰ ਮੁੜ ਮੁੜ ਸ਼ੀਸ਼ਿਆਂ ਵਿੱਚੋਂ ਬਾਹਰ ਤੱਕ ਕੇ ਹਾਲਾਤ ਦਾ ਜਾਇਜਾ ਲੈ ਰਹੇ ਸਨ। ਤੂਫਾਨ ਅਜੇ ਜਾਰੀ ਸੀ। ਗੋਰੀ ਪਤਲੀ ਲੰਮ-ਸਲੰਮੀ ਫਲਾਈਟ ਅਟੈਂਡੈਂਟ ਨੇ ਗੁਸਤਾਖ਼ੀ ਮੁਆਫ ਦੇ ਨਾਲ ਕੂਲੇ ਕੂਲੇ ਸ਼ਬਦਾਂ ਵਿੱਚ ਇੱਕ ਘੰਟਾ ਹੋਰ ਉਡੀਕਣ ਲਈ ਕਿਹਾ। ਮੈਂ ਵੀ ਅੱਗਿਉ ਏਅਰਪੋਰਟ ਤੋਂ ਲੈਕੇ ਜਾਣ ਵਾਲੀ ਆਪਦੀ ਦੋਸਤ ਸੁਰਿੰਦਰ ਨੂੰ ਆਪਦੀ ਬੇਬਸੀ ਦੱਸੀ, ਪਰ ਉਸ ਦੇ ਸਹਿਜ ਤੇ ਠੰਡੇ ਸੀਲੇ ਬੋਲ ਸਨ ,” ਕਿ ਤੂੰ ਫਿਕਰ ਨਾਂ ਕਰ। ਲੈ ਕੇ ਹੀ ਜਾਵਾਂਗੇ ਭਾਂਵੇ ਸਾਰੀ ਰਾਤ ਕਾਰ ਵਿੱਚ ਬੈਠ ਕੇ ਹੀ ਕਿਉ ਨਾਂ ਉਡੀਕਣਾ ਪਵੇ।
ਸੁਣ ਕੇ ਮੈਂ ਰਤਾ ਕੁ ਬੇਫਿਕਰ ਹੋਈ ਤੇ ਅਤੇ ਗਿਆਰਾਂ ਵਜੇ ਦੀ ਉਡੀਕ ਕਰਨ ਲੱਗੀ।
ਪੌਣੇ ਗਿਆਰਾਂ ਵਜੇ ਹੀ ਬਾਰਾਂ ਵਜੇ ਤੱਕ ਡੀਲੇਅ ਲਈ ਕਹਿ ਦਿੱਤਾ ਗਿਆ। ਹੁਣ ਤਾਂ ਚਾਰੇ ਪਾਸੇ ਕੁਰਬਲ-ਕੁਰਬਲ ਹੋਣ ਲੱਗੀ ਕਿ ਸ਼ਾਇਦ ਫਲਾਈਟ ਕੱਲ ਹੀ ਜਾਵੇ। ਸੁਣ ਕੇ ਮੇਰੇ ਵੀ ਖਾਨਿਉ ਹੋਸ਼ ਉੱਡਣ ਲੱਗੇ। ਕੱਲ ਤਾਂ ਫਿਊਨਰਲ ਹੈ, ਜੇ ਮੈਂ ਨਾਂ ਪਹੁੰਚ ਸਕੀ? ਹਾਏ ਰੱਬਾ ਇਉ ਨਾਂ ਕਰ….
ਮੇਰੇ ਨਾਲ ਦੀ ਸੀਟ ਤੇ ਇੱਕ ਸੱਤਰ ਕੁ ਸਾਲ ਦਾ ਬਜ਼ੁਰਗ ਅੰਗਰੇਜ਼ੀ ਦਾ ਨਾਵਲ ਪੜ੍ਹ ਰਿਹਾ ਸੀ। ਹਰ ਵਾਰ ਅਨਾਊਸਮੈਂਟ ਹੁੰਦੀ ਤਾਂ ਉੱਚੀ ਦੇਣੇ ਹੱਸ ਕੇ ਕਹਿੰਦਾ,” ਓ ਲੌਰਡ… ।” ਅਤੇ ਫਿਰ ਪੜ੍ਹਨ ਵਿੱਚ ਰੁੱਝ ਜਾਂਦਾ।
ਜਦੋਂ ਬਾਰਾਂ ਵਜੇ ਦੀ ਥਾਂ ਇੱਕ ਵਜੇ ਲਈ ਬੋਰਡਿੰਗ ਲੇਟ ਦੀ ਖ਼ਬਰ ਦਿੱਤੀ ਤਾਂ ਇੱਕ ਅਧਖੜ੍ਹ ਉਮਰ ਦੀ ਔਰਤ ਨੇ ਬੋਰਡਿੰਗ ਡੈਸਕ ਤੇ ਜਾ ਕੇ ਚਿਲਾਉਣਾ ਸ਼ੁਰੂ ਕਰ ਦਿੱਤਾ ਤੇ ਬੋਲੀ,” ਮੇਰੀ ਸਵੇਰੇ ਸਰਜਰੀ ਹੋਣੀ ਹੈ। ਮੈਂ ਬਿਮਾਰ ਹਾਂ, ਤੁਸੀ ਕੋਈ ਇੰਤਜਾਮ ਕਰੋ, ਤੇ ਮੈਨੂੰ ਐਮਰਜੈਂਸੀ ਉੱਥੇ ਪਹੁੰਚਾਉ।”
ਬਥੇਰਾ ਸਮਝਾਉਣ ਤੇ ਉਹ ਸ਼ਾਂਤ ਹੋਣ ਦੀ ਥਾਂ ਉੱਚੀ-੨ ਰੋਣ ਲੱਗੀ।
” ਲੋਕ ਬਿਨਾਂ ਵਜ੍ਹਾ ਹੀ ਭਾਵੁਕ ਹੋ ਜਾਂਦੇ ਨੇ। ਹਾਲਾਤ ਵੱਸ ਤੋਂ ਬਾਹਰ ਨੇ, ਟਿਕਾਅ ਰੱਖਣਾ ਚਾਹੀਦਾ। ਇਹੋ ਜਿਹੇ ਮੌਸਮ ਵਿੱਚ ਕੋਈ ਵੀ ਹਾਦਸਾ ਹੋ ਸਕਦਾ। ਇਹ ਸਟਾਫ਼ ਵਾਲੇ ਸੱਭ ਜਾਣਦੇ ਨੇ ਅਤੇ ਮੁਸਾਫ਼ਰਾਂ ਦੀ ਸੁਰੱਖਿਆ ਇੰਨ੍ਹਾਂ ਲਈ ਅਹਿਮੀਅਤ ਰੱਖਦੀ ਹੈ।”ਮੇਰੇ ਕੋਲ ਬੈਠਾ ਬਜ਼ੁਰਗ ਬੋਲਿਆ।
ਪਰ ਆਪਾਂ ਸੱਭ ਦੇ ਹਾਲਾਤ ਅਲੱਗ ਹਨ, ਹੋ ਸਕਦਾ ਉਹ ਕਿਸੇ ਸਰੀਰਕ ਪੀੜ ਵਿੱਚੋਂ ਗੁਜ਼ਰ ਰਹੀ ਹੋਵੇ, ਜਿਵੇਂ ਕਿ ਮੈ ਮਾਨਸਿਕ ਪੀੜ ਨਾਲ ਦੁਖੀ ਅਤੇ ਚਿੰਤਤ ਹਾਂ।” ਮੈਂ ਕਿਹਾ।
” ਕੀ ਹੋਇਆ?” ਉਸ ਨੇ ਪੁੱਛਿਆ।
ਮੇਰੀ ਸਹੇਲੀ ਨੂੰ ਅੱਜ ਮੇਰੀ ਲੋੜ ਹੈ, ਉਸ ਦੀ ਜੁਆਨ ਧੀ ਦੁਨੀਆਂ ਤੋਂ ਤੁਰ ਗਈ ਹੈ। ਅੱਜ ਪਹਾੜ ਜਿੱਡੀ ਰਾਤ ਕਟਾਉਣ ਲਈ ਮੈਂ ਉਸ ਕੋਲ ਪਹੁੰਚਣਾ ਸੀ ਅਤੇ ਸਵੇਰੇ ਫਿਊਨਰਲ ਵੀ ਅਟੈਂਡ ਕਰਨਾ ਸੀ  ਪਰ…….ਕਹਿੰਦਿਆਂ ਮੈਂ ਹਉਕਾ ਭਰਿਆ।
ਪਰ ਕੀ? ਕੀ ਤੂੰ ਆਪਦਾ ਫਿਊਨਰਲ ਵੀ ਅਟੈਂਡ ਕਰਨਾ ਚਾਹੁੰਦੀ ਹੈਂ? ਉਸ ਨੇ ਜਦ ਹੀ ਕਿਹਾ ਤਾਂ ਮੈ ਹੈਰਾਨੀ ਨਾਲ ਉਸ ਦੇ ਚਿਹਰੇ ਵੱਲ ਤੱਕਦਿਆਂ ਫੱਟ ਕਿਹਾ,” ਨੋ ਨੋ…”
ਫੇਰ ਤੁਹਾਡੀ ਦੋਸਤ ਤੁਹਾਡੀ ਮਜਬੂਰੀ ਸਮਝੇਗੀ।ਸਾਂਤ ਰਹੋ,
ਉਸ ਦਾ ਹੁਕਮ ਮੰਨੋ, ਰਜਾ ਵਿੱਚ ਰਹਿਣਾ ਸਿੱਖੋ।” ਉਹ ਉਂਗਲੀ ਅਕਾਸ਼ ਵੱਲ ਕਰਦਾ ਬੋਲਿਆ।
ਉਸ ਦੇ ਬੋਲਾਂ ਵਿੱਚ ਰਹਿਬਰੀ ਧੁੰਨ ਸੀ, ਉਬਲਦੇ ਸਮੁੰਦਰਾਂ ਨੂੰ ਠੱਲ੍ਹ ਪਾਉਣ ਦੀ ਤਾਕਤ ਸੀ, ਅੱਖਾਂ ਤੇ ਹਉਕਿਆਂ ਚੋ ਝਰਦੀ ਪੀੜ ਨੂੰ ਸਮੇਟਣ ਦੀ ਸਮਰੱਥਾ ਸੀ।
ਉਸ ਦੀ ਅਵਾਜ਼ ਦੇ ਜਾਦੂ ਨੇ ਮੈਨੂੰ ਅਥਾਹ ਧਰਵਾਸ ਦਿੱਤਾ। ਚਿਹਰਾ ਗਹੁ ਨਾਲ ਤੱਕਿਆ ਤਾਂ ਮੈਨੂੰ ਉਸ ਦਾ ਮੁਹਾਂਦਰਾ ਸੰਤ ਈਸ਼ਰ ਸਿੰਘ ਜੀ ਰਾੜੇ ਵਾਲਿਆਂ ਵਰਗਾ ਲੱਗਿਆਂ। ਉਨ੍ਹਾਂ ਨੂੰ ਵੀ ਮੈਂ ਸਿਰਫ ਤਸਵੀਰਾਂ ਵਿੱਚ ਹੀ ਦੇਖਿਆ ਕਿਉਕਿ ਮੇਰੀ ਸੁਰਤ ਸੰਭਲਣ ਤੋਂ ਪਹਿਲਾਂ ਹੀ ਉਹ ਸਵਰਗ ਸਿਧਾਰ ਗਏ ਸਨ।
ਕੁਝ ਚਿਰ ਰੁੱਕ ਕੇ ਮੈਂ ਕਿਹਾ,” ਤੁਹਾਡੀ ਸ਼ਕਲ ਸਾਡੀ ਇੱਕ ਧਾਰਮਿਕ ਸ਼ਖਸ਼ੀਅਤ ਨਾਲ ਮਿਲਦੀ ਹੈ। ਮੇਰੇ ਪਰਿਵਾਰ ਨੂੰ ਬਹੁਤ ਸ਼ਰਧਾ ਸੀ ਉਨ੍ਹਾਂ ਪ੍ਰਤੀ। ਕੀ ਮੈਂ ਤੁਹਾਡੀ ਫੋਟੋ ਘਰ ਦਿਖਾਉਣ ਲਈ ਖਿੱਚ ਸਕਦੀ ਹਾਂ?
ਕਿਉ ਨਹੀ? ਉਹ ਠੀਕ ਹੋ ਕੇ ਬਹਿੰਦਾ ਬੋਲਿਆ।ਅਤੇ ਆਪਦਾ ਵਿਜਟਿੰਗ ਕਾਰਡ ਫੜਾਉਦਿਆਂ ਕਿਹਾ,”
ਮੈਂ ਵੀ ਯੂਕਰੇਨੀਅਨ ਔਰਥੋਡੋਕਸ ਚਰਚ ਦਾ ਪ੍ਰੀਸਟ ਜਾਰਜ ਹਾਂ। ਤੇਰਾਂ ਸਾਲ ਦੀ ਉਮਰ ਵਿੱਚ 1960 ਵਿੱਚ ਕਨੇਡਾ ਰਿਫਿੳੂਜੀ ਆਇਆ ਸੀ। ਮਰ ਗਿਆ ਹੁੰਦਾ ਜੇ ਉੱਥੇ ਰਹਿ ਜਾਂਦਾ। ਪਰ ਰੱਬ ਨੂੰ ਹਾਂ ਹੀ ਿੲੰਨਾਂ ਪਿਆਰਾ, ਸੋ ਰੱਖ ਲਿਆ ਉਸ ਨੇ।”
ਮੈਂ ਹੈਰਾਨ ਹੁੰਦਿਆਂ ਮਨੋ-ਮਨ ਸੋਚਿਆ ਕਿ ਤਾਂਹੀਉ ਤਾਂ ਇਰਦ-ਗਿਰਦ ਇੱਕ ਅਜਬ ਕਿਸਮ ਦਾ ਠਹਿਰਾਅ ਅਤੇ ਸ਼ਾਂਤੀ ਦਾ ਵਾਸ ਹੈ ਜੋ ਆਮ ਇਨਸਾਨਾਂ ਦੇ ਨਹੀ ਹੁੰਦਾ। ਉਸਦੀ ਰੂਹ ਚੋਂ ਭਗਤੀ ਅਤੇ ਪਰਮੇਸ਼ਰ ਨਾਲ ਪ੍ਰੇਮ ਦੀ ਖ਼ੁਮਾਰੀ ਡੁੱਲ੍ਹ ਡੁੱਲ੍ਹ ਪੈ ਰਹੀ ਸੀ।
ਆਖਿਰ ਨੂੰ ਤੂਫਾਨ ਨੂੰ ਠੱਲ੍ਹ ਪਈ। ਬੋਰਡਿੰਗ ਸਟੇਸ਼ਨ ਤੇ ਫ਼ੋਨ ਆਉਣ ਲੱਗੇ। ਤਿੱਤਲੀਆਂ ਵਾਗੂੰ ਭੱਜੀਆਂ ਫਿਰਦੀਆਂ ਕੁੜੀਆਂ ਨੇ ਬੋਰਡਿੰਗ ਸ਼ੁਰੂ ਕਰਨ ਦੀ ਇਤਲਾਹ ਦਿੰਦਿਆਂ ਸਾਰੇ ਚਿਹਰਿਆਂ ਤੇ ਰੌਣਕ ਲਿਆ ਦਿੱਤੀ। ਫਟਾਫਟ ਲੰਮੀਆਂ -੨ ਲਾਈਨਾਂ ਮਿੰਟੋ ਮਿੰਟੀ ਜਹਾਜ਼ ਵਿੱਚ ਜਾ ਸਮਾਈਆਂ।
ਫਲਾਈਟ ਅਟੈਂਡੈਂਟ ਨੇ ਸੀਟ ਬੈਲਟਾਂ ਲਾਉਣ ਦੇ ਨਾਲ -੨ ਸੁਰੱਖਿਆ ਨਿਯਮਾਂ ਤੋਂ ਜਾਣੂ ਕਰਾਇਆਂ। ਪਾਇਲਟ ਨੇ ਉਡਾਨ ਬਾਰੇ ਜਾਣਕਾਰੀ ਦਿੱਤੀ। ਜਹਾਜ਼ ਹੌਲੀ-੨ ਰੁੜ੍ਹਦਾ ਰਨ ਵੇ ਉੱਤੇ ਆ ਖੜਿਆ। ਜਹਾਜ਼ ਦੀ ਛੱਤ ਅਤੇ ਪਰਾਂ ਤੇ ਬਰਫ਼ੀਲੇ ਤੂਫਾਨ ਕਾਰਨ ਬਰਫ਼ ਦੀ ਮੋਟੀ ਤਹਿ ਜੰਮੀ ਪਈ ਸੀ। ਅਚਾਨਕ ਹੀ ਇੱਕ ਵਾਹਨ ਜੋ ਕਿ ਗਰਮ ਪਰੈਸ਼ਰ ਵਾਸ਼ ਨਾਲ ਜਹਾਜ਼ ਸਾਫ਼ ਕਰਨ ਬਰਾਬਰ ਆ ਖੜਿਆ। ਜਿਉ ਹੀ ਪਾਣੀ ਦਾ ਛਰਾਟਾ ਜਹਾਜ਼ ਦੀ ਛੱਤ ਉੱਤੇ ਪਿਆ ਤਾਂ ਕਈਆਂ ਥਾਂਵਾਂ ਤੋਂ ਜਹਾਜ਼ ਅੰਦਰ ਚੋਏ ਪੈਣ ਲੱਗੇ। ਦੋ ਸੀਟਾਂ ਦੇ ਮੁਸਾਫ਼ਰਾਂ ਤੇ ਪਾਣੀ ਦੀਆਂ ਬੂੰਦਾਂ ਪੈਣ ਤੇ ਜਹਾਜ਼ ਵਿੱਚ ਘੁਸਰ-ਮੁਸਰ-ਹੋਣ ਲੱਗੀ। ਏਅਰ ਹੋਸਟੈਸ ਨੇ ਪਾਇਲਟ ਨੂੰ ਇਤਲਾਹ ਕੀਤੀ।
ਪਾਇਲਟ ਨੇ ਮਕੈਨਿਕ ਤੋਂ ਤਫਦੀਸ਼ ਕਰਾਉਣ ਲਈ ਕਿਹਾ।
ਸਾਰੇ ਮੁਸਾਫ਼ਰ ਦੁਚਿੱਤੀ ਵਿੱਚ ਸਨ ਕਿ ਕੀ ਬਣੂ।
ਕੁਝ ਚਿਰ ਬਾਅਦ ਏਅਰ ਹੋਸਟੈਸ ਨੇ ਡੂੰਘਾ ਹਉਕਾ ਭਰਦਿਆ ਕਿਹਾ,” ਮੁਆਫ ਕਰਨਾ, ਇਹ ਜਹਾਜ਼ ਉਡਾਨ ਦੇ ਕਾਬਲ ਨਹੀਂ ਹੈ। ਸਾਨੂੰ ਸ਼ੁਕਰ-ਗੁਜ਼ਾਰ ਹੋਣਾ ਚਾਹੀਦਾ ਹੈ ਕਿ ਮੌਕੇ ਤੇ ਹੀ ਟੈਕਨੀਕਲ ਫਾਲਟ ਦਾ ਪਤਾ ਲੱਗਣ ਕਰਕੇ ਅਸੀ ਕਿਸੇ ਭਿਆਨਕ ਹਾਦਸੇ ਤੋਂ ਬਚ ਗਏ ਹਾਂ। ਹੁਣ ਜਹਾਜ਼ ਸਾਨੂੰ ਖਾਲ਼ੀ ਕਰਨਾ ਪੈਣੇ ਤੇ ਤੁਸੀ ਸਾਰੇ ਗੇਟ ਨੰਬਰ ੨੩ ਤੋਂ ਹੋਰ ਜਹਾਜ਼ ਵਿੱਚ ਸਵਾਰ ਹੋਣਾ ਹੈ। ਅਸੀਂ ਇੰਤਜਾਮ ਮੁਕੰਮਲ ਕਰਕੇ ਉੱਥੇ ਬੋਰਡਿੰਗ ਕਰਾਂਗੇ।
ਰਾਤ ਦਾ ਡੇਢ ਵੱਜ ਚੁੱਕਿਆ ਸੀ। ਭੁੱਖੇ ਅਤੇ ਅਨੀਂਦਰੇ ਦੇ ਮਾਰੇ ਕਈ ਬੱਚੇ ਰਿਹਾੜ ਪਏ ਹੋਏ ਸਨ। ਹਰ ਚਿਹਰੇ ਤੇ ਨਿਰਾਸ਼ਾ ਸੀ। ਪਰ ਉਹ ਬਜ਼ੁਰਗ ਦੀ ਸੀਟ ਦੂਰ ਹੋਣ ਕਰਕੇ ਮੈਨੂੰ ਉਹ ਨਾਂ ਦਿਸਿਆ।
ਮੁਸਾਫ਼ਰ ਜਹਾਜ਼ ਵਿੱਚੋਂ ਉੱਤਰ ਕੇ ਗੇਟ ੨੩ ਵੱਲ ਨੂੰ ਹੋ ਤੁਰੇ।
ਮੇਰੀਆਂ ਨਜ਼ਰਾਂ ਉਸ ਬਜ਼ੁਰਗ ਨੂੰ ਲੱਭ ਰਹੀਆਂ ਸਨ ਕਿ ਕੁਝ ਧਰਵਾਸ ਭਰੇ ਸ਼ਬਦ ਸੁਣਾਂ।
ਖੂੰਡੀ ਨਾਲ ਤੁਰਿਆ ਆਉਂਦਾ ਉਹ ਬਜ਼ੁਰਗ ਪਿੱਛੇ ਖੜ੍ਹਾ ਸੀ, ਮੈਂ ਕੋਲ ਹੁੰਦਿਆਂ ਫੇਰ ਨਿਰਾਸ਼ਾ ਜਿਹੀ ਪ੍ਰਗਟਾਈ।
ਤਾਂ ਉਹ ਬੋਲਿਆ,” ਤੁਹਾਡਾ ਕੁਝ ਨਹੀ ਹੋ ਸਕਦਾ।”
ਮੈਂ ਕਿਹਾ,” ਕਿਉ?”
ਦੇਖੋ, ਜਦ ਆਪਾਂ ਐਬਟਸਫੋਰਡ ਤੋਂ ਚੱਲੇ ਸੀ, ਮੌਸਮ ਦਰੁਸਤ ਸੀ। ਇੱਥੇ ਆ ਕੇ ਜਿਸ ਜਹਾਜ਼ ਵਿੱਚ ਸਾਨੂੰ ਬਿਠਾਉਣਾ ਸੀ ਉਹ ਹਰ ਹਾਲਤ ਵਿੱਚ ਕਰੈਸ਼ ਹੋਣਾ ਸੀ। ਸੋ ਰੱਬ ਨੇ ਆਪਾਂ ਨੂੰ ਬਚਾਉਣ ਲਈ ਬਰਫਬਾਰੀ ਕੀਤੀ। ਉਹ ਸਮਾਂ ਟਾਲਿਆ। ਬਰਫਬਾਰੀ ਵੀ ਨਾਪ ਤੋਲ ਕੇ ਕੀਤੀ ਕਿ ਸਫਾਈ ਦੀ ਲੋੜ ਪਵੇ ਅਤੇ ਫੇਰ ਇੰਨ੍ਹਾਂ ਨੂੰ ਜਹਾਜ਼ ਦੇ ਫਾਲਟ ਦੀ ਜਾਣਕਾਰੀ ਦਿੱਤੀ ਜਾਵੇ। ਦੇਖ ਕਿਵੇਂ ਰੱਖ ਦਾ ਹੱਥ ਦੇ ਕੇ!!!! ਹੈ ਨਾਂ ਗਰੇਟ ਮੇਰਾ ਗਾਡ ਅਲਮਾਈਟੀ!!!!”
ਉਹਦੇ ਨੈਣਾਂ ਚੋਂ ਅੰਤਾਂ ਦਾ ਮੋਹ, ਬੋਲਾਂ ਵਿੱਚ ਸ਼ੁਕਰਾਨਾ ਸੀ। ਮੇਰੀ ਪੀੜ ਤਾਂ ਪਲਾਂ ਲਈ ਕਿੱਧਰੇ ਹੀ ਗੁਆਚ ਗਈ ਅਤੇ ਮੈਂ ਸੋਚਣ ਲੱਗੀ ਸ਼ਾਇਦ ਮੈਨੂੰ ਰਜਾ ਵਿੱਚ ਰਹਿਣ ਦਾ ਪਾਠ ਪੜਾਉਣ ਲਈ ਸਾਂਈ ਨੇ ਉਸ ਮਹਾਨ ਆਤਮਾ ਨੂੰ ਮੇਰੇ ਸਫਰ ਦਾ ਹਿੱਸਾ ਬਣਾਇਆ ਸੀ।
ਸੋਚਾਂ ਚ ਡੁੱਬੀ ਹੀ ਸੀ ਕਿ ਫੇਰ ਤੜਕੇ  ਤਿੰਨ ਵਜੇ ਬੋਰਡਿੰਗ ਸ਼ੁਰੂ ਹੋਈ। ਘੰਟੇ ਦਾ ਸਫਰ ਤਹਿ ਕਰਕੇ ਸਵੇਰੇ ਅੰਮ੍ਰਿਤ ਵੇਲੇ ਐਡਮਿੰਟਨ ਪਹੁੰਚੇ ਤਾਂ ਉੱਤਰ ਕੇ ਮੇਰੀਆਂ ਨਜ਼ਰਾਂ ਉਸ ਸੰਤ ਜਾਰਜ ਨੂੰ ਲੱਭ ਰਹੀਆਂ ਸਨ, ਪਰ ਉਹ ਕਿਤੇ ਨਾਂ ਦਿਖਿਆ, ਅਤੇ ਸੁਰਿੰਦਰ ਦੇ ਫ਼ੋਨ ਦੀ ਘੰਟੀ ਨੇ ਮੈਨੂੰ ਕਾਹਲੇ ਕਦਮੀ ਬਾਹਰ ਬੁਲਾ ਲਿਆ।
“ਮੇਰੇ ਘਰ ਹੀ ਚੱਲਦੇ ਹਾਂ, ਸਵੇਰੇ ਸਵੇਰੇ ਸੁੱਤੀ ਪਰਮਜੀਤ ਨੂੰ ਕਿੳੁ ਜਗਾੳੁਣਾ? ਅੱਜ ਦਾ ਦਿਨ ਤਾਂ ੳੁਸਨੇ ਪਤਾ ਨਹੀਂ ਕਿਹੜੇ ਹਾਂਲੀ ਕੱਢਣਾ। ਦਿਨ ਚੜ੍ਹੇ ੳੁਸ ਕੋਲ ਚੱਲ ਪਵਾਂਗੇ।” ਸੁਰਿੰਦਰ ਬੋਲੀ।
ਮੇਰੇ ਪੈਰਾਂ ਥੱਲੇ ਭਾਂਵੇ ਅੱਗ ਮੱਚ ਰਹੀ ਸੀ, ਪਰ ਸੁਰਿੰਦਰ ਦੀ ਸਿਅਾਣਪ ਭਰੀ ਸਲਾਹ ਮੇਰੇ ਮਨ ਨੂੰ ਵੀ ਲੱਗ ਗੲੀ।
ਦੋ ਕੁ ਘੰਟੇ ਅਰਾਮ ਕਰਕੇ ਅਸੀਂ ਪਰਮਜੀਤ ਕੋਲ ਪਹੁੰਚੀਅਾਂ। ਬਥੇਰਾ ਰੋੲੀ ਕਲਪੀ, ਕਦੇ ਰੱਬ ਜਿੱਡਾ ਹੌਸਲਾ ਦਿਖਾੳੁਦੀ ਤੇ ਕਦੇ ਝੱਟ ਮੋਮ ਬਣ ਪਿਘਲ ਜਾਂਦੀ।
ਬਾਰਾਂ ਵਜੇ ਫਿਊਨਰਲ ਹੋਮ ਪਹੁੰਚੇ ਤਾਂ ਰਵੀਨਾ ਲਾਲ ਫੁਲਕਾਰੀ ਲੲੀ, ਟਿੱਕਾ ਤੇ ਨੱਥ ਪਾੲੀ ਕੌਫਿਨ ਵਿੱਚ ਿੲੳੁਂ ਤਿਅਾਰ ਪਈ  ਸੀ ਕਿ ਜਿਵੇਂ ਘੜੀ ਕੁ ਅਰਾਮ ਕਰਨ ਤੋਂ ਬਾਅਦ ੳੁਸਨੇ ਅਗਨੀ ਨਾਲ ਫੇਰੇ ਲੈਣੇ ਹੋਣ… ਤਿੰਨ ਸਾਲ ਦੇ ਮਾਸੂਮ ਪੁੱਤ ਦਾ ਦਿੱਤਾ ਤੋਹਫ਼ੇਨੁਮਾ ਟੈਡੀ ਬੀਅਰ ਉਸ ਨੇ ਹੱਥ ਵਿੱਚ ਘੁੱਟ ਕੇ ਿੲਉਂ ਫੜ ਰੱਖਿਆ ਸੀ ਕਿ ਜਿਵੇਂ ਅਜੇ ਵੀ ਉਸਦੇ ਬਦਨ ਵਿੱਚ ਅਜੇ ਵੀ ਕੋਈ ਚਿਣਗ ਬਾਕੀ ਹੋਵੇ, ਮੋਹ ਦੇ ਅਹਿਸਾਸ ਦਾ ਦੀਵਾ ਅਜੇ ਲਟ ਲਟ ਬਲਦਾ ਹੋਵੇ। ਪਰ ਬੁੱਲ੍ਹਾਂ ਦੀ ਚੁੱਪੀ ਕਹਿ ਰਹੀ ਹੋਵੇ, ਹਾੜ੍ਹਾ ਰੋਵੋ ਨਾਂ , ਿੲੰਨਾਂ ਕੁ ਹੀ ਸਾਥ ਸੀ।
ੳੁਫ ੳੁਹ ਦਰਦਨਾਕ ਮੰਜਰ, ਕਹਿਰਾਂ ਦੀ ਮੌਤ ਦੇਖ ਕੇ ਖੜ੍ਹਨਾ ਅੌਖਾ ਹੋਿੲਅਾ ਪਿਅਾ ਸੀ।
ਨੀ ਧੀੲੇ, ਅੱਜ ਦੀ ਵਿੱਛੜੀ ਫੇਰ ਕਦ ਮਿਲੇਂਗੀ?… ਅੰਬਰ ਪਾੜਦੇ ਪਰਮਜੀਤ ਦੇ ਵੈਣਾਂ ਨਾਲ ਮੇਰਾ ਕਲੇਜਾ ਫੱਟਣ ਨੂੰ ਅਾ ਰਿਹਾ ਸੀ…
ਡੋਲਣ ਦੀ ਿੲੰਤਹਾ ਸਿਖਰਾਂ ਤੇ ਪੁੱਜਦੀ ਤਾਂ ੳੁਹ ਸੰਤ ਜਾਰਜ ਮੇਰੇ ਮੂਹਰੇ ਅਾ ਖੜ੍ਹਦਾ ਤੇ ਕਹਿੰਦਾ ਸੁਣਦਾ,” ਕਮਲੀ ਹੋਈ ਏਂ?ਧਰਵਾਸ ਦੇਣ ਆਈ ਹੈਂ ਤੂੰ…ਉਹ ਰੱਬ ਦੀ ਿੲਮਾਨਤ ਸੀ, ਉਹ ਲੈ ਗਿਆ..ਪਰ ਮੈਂ ਪਹਿਲਾਂ ਕਿਹਾ ਸੀ ਨਾਂ ਕਿ ਕੁਝ ਨਹੀਂ ਹੋ ਸਕਦਾ ਤੁਹਾਡਾ….ਉਸਦੀ ਫਿੱਕੀ ਤੇ ਸ਼ਾਤ ਮੁਸਕਰਾਹਟ ਵੇਖ ਕੇ ਮਨ ਝੱਟ ਸਹਿਜ ਹੋਕੇ ਪਰਮਜੀਤ ਨੂੰ ਧਰਵਾਸ ਦੇਣ ਲੱਗਦਾ।
ਉਹ ਰੱਬੀ ਰੂਹ ਅੱਜ ਵੀ ਚੇਤਿਆਂ ਵਿੱਚ ਆ ਕੇ ਰਜਾ ਮੰਨਣ ਲਈ ਕਹਿੰਦੀ ਰਹਿੰਦੀ ਹੈ, ਤੇ ਮੈਂ ਉਸ ਸਫਰ ਦਾ ਨਾਂ ਹੀ ਰਜਾ ਦਾ ਸਫਰ ਹੀ ਰੱਖ ਦਿੱਤਾ। ਰਵੀਨਾ ਨੂੰ ਤੋਰ ਕੇ ਵੀ ਤਾਂ ਅਸੀ ਉਸ ਸਾਂਈ ਦੀ ਰਜਾ ਹੀ ਮੰਨ ਰਹੇ ਹਾਂ! ਕਾਸ਼ ਸਦੀਵੀ ਤੌਰ ਤੇ ਰਜਾ ਵਿੱਚ ਰਹਿਣ ਦੀ ਜੁਗਤ ਆ ਜਾਵੇ, ਤੇ ਜਿੰਦਗੀ ਦਾ ਹਰ ਪਲ ਮੌਲਣ ਦਾ ਵੱਲ ਰੱਬ ਸਭ ਨੂੰ ਬਖਸ਼ੇ….

Total Views: 169 ,
Real Estate