ਕਹਾਣੀ – ਗੁੜ੍ਹਤੀ

ਸੰਪੂਰਨ ਦੀ ਮਾਂ ਦਲੀਪ ਕੁਰ ਜਦ ਕਿਸੇ ਦੇ ਘਰ ਜਾਂਦੀ ਤਾਂ ਬਿਰਧ ਔਰਤਾਂ ਉਸਨੂੰ ਕਹਿੰਦੀਆਂ, ‘‘ਕੁੜੇ! ਸੰਪੂਰਨ ਨੂੰ ਕੀ ਸਿੱਖਿਆ ਦਿੱਤੀ ਸੀ ਬਚਪਨ ’ਚ, ਜਿਸ ਸਦਕਾ ਉਸਨੇ ਲੋਕਾਂ ਦੇ ਮਨਾਂ ਦਿਲਾਂ ਵਿੱਚ ਆਪਣਾ ਥਾਂ ਬਣਾ ਲਿਐ। ਵਾਖਰੂ ਲੰਬੀ ਉਮਰ ਕਰੇ ਓਹਦੀ।’’ ਉਹ ਅੱਗੋਂ ਜੁਆਬ ਦਿੰਦੀ, ‘‘ਬੇਬੇ ਜੀ ਇਹ ਤਾਂ ਗੁੜ੍ਹਤੀ ਦਾ ਈ ਕਮਾਲ ਐ।’’ ਸੱਥ ਵਿੱਚ ਬੈਠੇ ਬਜੁਰਗ ਉਸਨੂੰ ਲੰਘਦੀ ਨੂੰ ਰੋਕ ਕੇ ਕਹਿੰਦੇ, ‘‘ਭਾਈ ਦਲੀਪ ਕੁਰੇ! ਸੰਪੂਰਨ ਵਰਗਾ ਦਰਵੇਸ ਤੇ ਸੂਝਵਾਨ ਬੱਚਾ ਪੈਦਾ ਕਰਕੇ ਤਾਂ ਤੂੰ ਆਪਣਾ ਵੀ ਜੀਵਨ ਸਫ਼ਲ ਕਰ ਲਿਆ ਹੈ। ਭਾਈ, ਘਰ ਘਰ ਐਹੋ ਜਿਹੇ ਪੁੱਤ ਪੈਦਾ ਹੋਣ। ਸ਼ਾਬਾਸ਼ੇ ਭਾਈ! ਤੇਰੀ ਸਿੱਖਿਆ ਨੇ ਰੱਬ ਵਰਗਾ ਇਨਸਾਨ ਬਣਾ ਦਿੱਤੈ ਸੰਪੂਰਨ ਨੂੰ।’’ ਉਹ ਮੂਹਰੋਂ ਘੁੰਢ ਦਾ ਪੱਲਾ ਥੋੜਾ ਜਿਹਾ ਢਿੱਲਾ ਕਰਕੇ ਇੱਕ ਅੱਖ ਨਾਲ ਬਜੁਰਗਾਂ ਵੱਲ ਝਾਕਦੀ ਹੋਈ ਜਵਾਬ ਦਿੰਦੀ, ‘‘ਮੈ ਤਾਂ ਬਾਬਾ ਜੀ ਕੀ ਸਿੱਖਿਆ ਦੇ ਸਕਦੀ ਸੀ ….. ਵਖ਼ਤਾਂ ਦੀ ਮਾਰੀ ….. ਇਹ ਤਾਂ ਗੁੜ੍ਹਤੀ ਦਾ ਹੀ ਕਮਾਲ ਐ।’’ ਸੰਪੂਰਨ ਸੱਚਮੁੱਚ ਈ ਦਰਵੇਸ ਕਹਾਉਣ ਦਾ ਹੱਕਦਾਰ ਸੀ, ਉਹ ਸਾਰੇ ਧਰਮਾਂ ਦਾ ਦਿਲੋਂ ਸਤਿਕਾਰ ਕਰਦਾ। ਜਾਤਾਂ ਗੋਤਾਂ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨ ਦੇ ਦੁੱਖਾਂ ਦਰਦਾਂ ਦੀ ਪੀੜ ਨੂੰ ਆਪਣਾ ਹੀ ਦਰਦ ਸਮਝਦਾ। ਉਸਨੇ ਅਜੇ ਜਵਾਨੀ ਵਿੱਚ ਹੀ ਪੈਰ ਧਰਿਆ ਸੀ, ਜਦੋਂ ਹਰ ਪਾਸੇ ਉਸਦੀ ਸਲਾਘਾ ਹੋਣ ਲੱਗ ਪਈਸੀ।—-
ਦਲੀਪ ਕੁਰ ਦੀ ਸੰਪੂਰਨ ਤੋਂ ਵੱਡੀ ਧੀ ਪਿਆਰੋ ਦੇ ਵਿਆਹ ਨੂੰ ਕਈ ਸਾਲ ਲੰਘ ਗਏ ਸਨ, ਉਡੀਕਦਿਆਂ ਨੂੰ ਮਸਾਂ ਹੀ ਉਸਦੀ ਕੁੱਖ ਹਰੀ ਹੋਈ ਸੀ, ਹੁਣ ਤਾਂ ਸੁੱਖ ਨਾਲ ਸੱਤਵਾਂ ਮਹੀਨਾ ਲੱਗ ਗਿਆ ਸੀ। ਪਰਿਵਾਰ ਨੇ ਸੰਪੂਰਨ ਨੂੰ ਪਿਆਰੋ ਦੇ ਸਹੁਰੀਂ ਤੋਰ ਦਿੱਤਾ, ਲਿਆਉਣ ਵਾਸਤੇ। ਅਗਲੇ ਦਿਨ ਪਿਆਰੋ ਦੀ ਸੱਸ ਨੇ ਕਈ ਰਸਮਾਂ ਕਰਦਿਆਂ ਉਸਦੀ ਝੋਲੀ ਵਿੱਚ ਲੱਡੂ ਤੇ ਪਤਾਸੇ ਪਾ ਕੇ ਖੁਸ਼ੀ ਖੁਸ਼ੀ ਤੋਰਿਆ। ਦੋਵੇਂ ਭੈਣ ਭਰਾ ਰੋਟੀ ਵੇਲੇ ਤੋਂ ਪਹਿਲਾਂ ਹੀ ਗੁੰਮਟੀ ਪਹੁੰਚ ਗਏ। ਪਿਆਰੋ ਦੀ ਮਾਂ ਨੇ ਵੀ ਉਸਦੇ ਆਉਣ ਦੀ ਖੁਸ਼ੀ ਮਨਾਉਂਦਿਆਂ ਦਰਵਾਜੇ ਤੇ ਤੇਲ ਚੋਇਆ ਅਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਕੁੜੀ ਭਰੀ ਝੋਲੀ ਨਾਲ ਹੀ ਵਾਪਸ ਆਬਦੇ ਸਹੁਰੀਂ ਜਾਵੇ। ਜਾਪੇ ਤੋਂ ਕਈ ਮਹੀਨੇ ਪਹਿਲਾਂ ਹੀ ਕੁੜੀ ਨੂੰ ਪੇਕੀਂ ਲੈ ਆਉਣ ਦਾ ਰਿਵਾਜ ਸਦੀਆਂ ਤੋਂ ਚਲਿਆ ਆ ਰਿਹਾ ਹੈ, ਕਿਉਂਕਿ ਪੇਕੇ ਘਰ ਧੀ ਜਿਆਦਾ ਸੁਰੱਖਿਅਤ ਸਮਝੀ ਜਾਂਦੀ ਹੈ। ਮਾਂ ਧੀ ਦਾ ਕਹਿੰਦੇ ਪੜਦਾ ਇੱਕ ਹੀ ਹੁੰਦਾ ਹੈ, ਜੋ ਗੱਲ ਧੀ ਮਾਂ ਨਾਲ ਸਾਂਝੀ ਕਰ ਸਕਦੀ ਹੈ ਉਹ ਸੱਸ ਨਾਲ ਵੀ ਨਹੀਂ ਕਰ ਸਕਦੀ। ਪੇਕੀਂ ਤਾਂ ਪਿਆਰੋ ਦਾ ਧਿਆਨ ਰੱਖਣ ਵਾਲੀਆਂ ਦੋ ਔਰਤਾਂ ਸਨ ਉਸਦੀ ਮਾਂ ਤੇ ਨਾਨੀ। ਦਲੀਪ ਕੁਰ ਮਾਪਿਆਂ ਦੀ ’ਕੱਲੀ ਧੀ ਸੀ, ਹੁਣ ਉਹਦੀ ਮਾਂ ਸੰਤ ਕੁਰ ਬਿਰਧ ਹੋ ਜਾਣ ਸਦਕਾ ਉਹਨਾਂ ਦੇ ਪਿੰਡ ਗੁੰਮਟੀ ਹੀ ਰਹਿੰਦੀ ਸੀ, ਆਪਣੀ ਧੀ ਦੇ ਘਰ। ਸੰਤ ਕੁਰ ਤਾਂ ਪਿਆਰੋ ਦਾ ਖਾਸ ਖਿਆਲ ਰਖਦੀ ਸੀ। ਜੇ ਉਹ ਕੋਈ ਭਾਰੀ ਚੀਜ਼ ਨੂੰ ਹੱਥ ਪਾਉਂਦੀ ਤਾਂ ਨਾਨੀ ਨੇ ਝੱਟ ਕਹਿ ਦੇਣਾ, ‘‘ਛੱਡ ਦੇਹ! ਕੁੜੇ ਭਾਰ ਨਾ ਚੱਕ ….. ਐਨੇ ਜੀਅ ਆ ਘਰ ਦੇ ….. ਕੋਈ ਹੋਰ ਰੱਖ ਦੂ ….. ਜਿੱਥੇ ਰੱਖਣੀ ਐ।’’ ਜੇ ਕਿਤੇ ਕਾਹਲ ਨਾਲ ਤੁਰਦੀ ਤਾਂ ਨਾਨੀ ਨੇ ਕਹਿ ਦੇਣਾ, ‘‘ਨਾ ਕੁੜੇ ਹੌਲੀ ਤੁਰਿਆ ਕਰ ….. ਐਵੇਂ ਉੱਚੇ ਨੀਵੇਂ ਪੈਰ ਵੱਜ ਜੂ ….. ਫੇਰ ਵੇਲਾ ਹੱਥ ਨੀ ਆਉਂਦਾ ….. ਹੌਲੀ ਤੁਰਿਆ ਕਰ।’’ ਦੁੱਧ ਘਿਓ ਤਾਂ ਜਿਨਾਂ ਮਰਜੀ ਖਾਈ ਜਾਂਦੀ ਕੋਈ ਨੀ ਸੀ ਟੋਕਦਾ, ਪਰ ਜੇ ਅਬਲਾ ਸਬਲਾ ਖਾਣ ਲਗਦੀ ਤਾਂ ਨਾਨੀ ਨੇ ਝੱਟ ਕਹਿ ਦੇਣਾ, ‘‘ਨਾ ਕੁੜੇ ਪਿਆਰੋ ਜੋ ਤੂੰ ਖਾਂਦੀ ਐਂ ….. ਉਸ ਦਾ ਅਸਰ ਬੱਚੇ ਤੇ ਪੈਂਦਾ ਐ ….. ਨਾ ਮੇਰੀ ਧੀ ….. ਬੱਚੇ ਦਾ ਖਿਆਲ ਰੱਖਿਆ ਕਰ ….. ਥੋੜਾ ਪ੍ਰਹੇਜ਼ ਰੱਖਿਆ ਕਰ …..ਖਾਣ ਪੀਣ ਤੋਂ।’’ ਸੰਤ ਕੁਰ ਉਸਨੂੰ ਚੰਗੀਆਂ ਚੰਗੀਆਂ ਸਾਖੀਆਂ ਸੁਣਾਉਂਦੀ, ਖੁਸ਼ੀਆਂ ਭਰੀਆਂ ਗੱਲਾਂ ਸੁਣਾਉਂਦੀ, ਉਹ ਕਹਿੰਦੀ ਕਿ ਇਹਨਾਂ ਵਿਚਾਰਾਂ ਦਾ ਵੀ ਬੱਚੇ ਤੇ ਅਸਰ ਹੁੰਦਾ ਹੈ। ਪਿਆਰੋ ਵੀ ਉਸ ਦੇ ਸਾਹਮਣੇ ਉਵੇਂ ਕਰੀ ਜਾਂਦੀ ਜਿਵੇਂ ਨਾਨੀ ਕਹਿੰਦੀ, ਪਰ ਜਦੋਂ ਉਸਤੋਂ ਪਾਸੇ ਹੁੰਦੀ ਤਾਂ ਖਾਣ ਪੀਣ ਤੋਂ ਕੋਈ ਸੰਕੋਚ ਨਾ ਕਰਦੀ। ਜਦ ਆਪਣੀਆਂ ਹਾਣਨਾਂ ਨਾਲ ਬੈਠ ਗੱਲਾਂ ਕਰਦੀ ਤਾਂ ਕਿਹੜੀਆਂ ਸਾਖੀਆਂ, ਉਹ ਗੱਲਾਂ ਵਿੱਚ ਸਭ ਹੱਦਾਂ ਬੰਨੇ ਟੱਪ ਜਾਂਦੀਆਂ। ਸੰਤ ਕੁਰ ‘ਕੱਲੀ ਪਿਆਰੋ ਨੂੰ ਹੀ ਨਹੀਂ ਸੀ ਟੋਕਦੀ, ਘਰ ਵਿੱਚ ਜੇ ਕੋਈ ਹੋਰ ਜੀਅ ਵੀ ਗ਼ਮੀ ਵਾਲੀ, ਡਰਾਉਣੀ ਜਾਂ ਦੁੱਖ ਭਰੀ ਗੱਲ ਕਰਦਾ ਤਾਂ ਉਹ ਰੋਕਦੀ, ਭਾਈ ਐਹੋ ਜੀ ਗੱਲ ਉੱਚੀ ਨਾ ਕਰੋ, ਪਿਆਰੋ ਨੂੰ ਸੁਣ ਜੂ। ਜਦੋਂ ਸਮਾਂ ਨੇੜੇ ਹੋਵੇ ਤਾਂ ਭਾਈ ਧੀ ਭੈਣ ਦੇ ਹੌਲ ਪੈ ਜਾਂਦਾ ਹੁੰਦੈ ਤੇ ਸਮੇਂ ਤੋਂ ਪਹਿਲਾਂ ਹੀ ………। ਮੇਰੀ ਧੀ ਦਲੀਪ ਕੁਰ ਨੇ ਤਾਂ ਇਹ ਦੁੱਖ ਝੱਲਿਆ ਵੀ ਐ। ਵਾਖਰੂ ਭਲੀ ਕਰੇ, ‘ਕੇਰਾ ਕੁੜੀ ਸੁੱਖੀਂ ਸਾਂਦੀ ਭਰੀ ਝੋਲੀ ਲੈ ਕੇ ਆਬਦੇ ਘਰ ਚਲੀ ਜਾਵੇ।’’—-
ਸੰਤ ਕੁਰ ਅਜਿਹੀਆਂ ਗੱਲਾਂ ਤੇ ਟੋਕ ਟਕੱਈਆ ਐਵੇਂ ਹੀ ਨਹੀਂ ਸੀ ਕਰੀ ਜਾਂਦੀ। ਓਹਦੀ ਧੀ ਦਲੀਪ ਕੁਰ ਨੇ ਅਜਿਹਾ ਦੁੱਖ ਹੰਢਾਇਆ ਸੀ, ਜਦੋਂ ਜਾਪੇ ’ਚ ਹੌਲ ਪੈ ਗਿਆ ਸੀ। ਉਸਨੂੰ ਵੀਹਵਾਂ ਸਾਲ ਹੀ ਲੱਗਿਆ ਸੀ ਜਦੋਂ ਉਹ ਬੱਚੇ ਦੀ ਮਾਂ ਬਣਨ ਵਾਲੀ ਹੋ ਗਈ ਸੀ। ਅੱਠਵਾਂ ਮਹੀਨਾ ਲੱਗ ਗਿਆ ਸੀ, ਸਾਰਾ ਪਰਿਵਾਰ ਰੋਟੀ ਟੁੱਕ ਖਾ ਪੀ ਕੇ ਵਿਹਲੇ ਹੋਏ, ਤਾਂ ਦਲੀਪ ਕੁਰ ਤੇ ਉਸਦਾ ਪਤੀ ਗਾਮਾ ਆਪਣੀ ਡੇਢ ਕੁ ਸਾਲ ਦੀ ਧੀ ਪਿਆਰੋ ਸਮੇਤ ਕੋਠੇ ਤੇ ਮੰਜੇ ਚੜਾ ਕੇ ਅਜੇ ਬੈਠੇ ਹੀ ਸਨ, ਕਿ ਪਿੰਡ ਵਿੱਚ ਰੌਲਾ ਤੇ ਚੀਕ ਚਿਹਾੜਾ ਪੈ ਗਿਆ। ਅੰਗਰੇਜਾਂ ਨੇ ਦੇਸ਼ ਛੱਡਣਾ ਸੀ, ਇਸ ਕਰਕੇ ਉਹਨਾਂ ਦੀ ਛੱਡੀ ਚੰਗਿਆੜੀ ਨੇ ਚਾਰ ਚੁਫ਼ੇਰੇ ਭਾਂਬੜ ਮਚਾ ਦਿੱਤੇ ਸਨ। ਜਿਧਰ ਮੁਸਲਮਾਨਾਂ ਦੀ ਗਿਣਤੀ ਵੱਧ ਸੀ ਤੇ ਜੋਰ ਸੀ, ਓਧਰ ਹਿੰਦੂਆਂ ਤੇ ਸਿੱਖਾਂ ਨੂੰ ਵੱਢਿਆ ਲੁੱਟਿਆ ਜਾ ਰਿਹਾ ਸੀ ਤੇ ਧੀਆਂ ਭੈਣਾਂ ਨੂੰ ਘੜੀਸ ਕੇ ਲੈ ਜਾਂਦੇ ਸਨ ਅਤੇ ਉਹਨਾਂ ਦੀ ਬੇਪਤੀ ਕੀਤੀ ਜਾ ਰਹੀ ਸੀ। ਉਹ ਲੁਕ ਛਿਪ ਕੇ ਆਪਣੀਆਂ ਜਾਨਾਂ ਬਚਾ ਰਹੇ ਸਨ। ਜਿਧਰ ਹਿੰਦੂਆਂ ਸਿੱਖਾਂ ਦੀ ਗਿਣਤੀ ਵੱਧ ਸੀ, ਓਧਰ ਮੁਸਲਮਾਨਾਂ ਪਰਿਵਾਰਾਂ ਨਾਲ ਅਜਿਹਾ ਹੋ ਰਿਹਾ ਸੀ। ਕਤਲ, ਲੁੱਟਮਾਰ, ਕੁੱਟਮਾਰ, ਬਲਾਤਕਾਰ, ਕੁੜੀਆਂ ਦੇ ਅਗਵਾ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ। ਧਰਮਾਂ ਦੇ ਨਾਂ ਹੇਠ ਪਾਏ ਪੁਆੜੇ ਸਦਕਾ ਰਹਿਮ ਤਰਸ ਨਾਂ ਦੀ ਕੋਈ ਗੱਲ ਵਿਖਾਈ ਸੁਣਾਈ ਨਹੀਂ ਸੀ ਦੇ ਰਹੀ। ਦਲੀਪ ਕੁਰ ਤੇ ਉਸਦਾ ਪਤੀ ਕੋਠੇ ਤੇ ਬੈਠੇ ਗੱਲਾਂ ਕਰ ਰਹੇ ਸਨ, ਉਸਦੇ ਸੱਸ ਸਹੁਰਾ ਨਨਦ ਤੇ ਇੱਕ ਦਿਉਰ ਹੇਠਾਂ ਖਾਣ ਪੀਣ ਦਾ ਨਿਬੇੜ ਕੇ ਵਿਹੜੇ ਵਿੱਚ ਮੰਜੇ ਡਾਹ ਰਹੇ ਸਨ। —-
‘‘ਹੈਂ! ਆਹ ਕੀ। ਗਲੀਆਂ ’ਚ ਕਿਵੇਂ ਦਗੜ ਦਗੜ ਹੋਈ ਜਾਂਦੀ ਐ। ਐਨਾ ਰੌਲਾ ਕਾਹਦਾ ਐ। ਦਲੀਪ ਕੁਰ ਦਾ ਡਰ ਨਾਲ ਬੋਲ ਕੰਬ ਰਿਹਾ ਸੀ। ਸਿਆਣੇ ਕਹਿੰਦੇ ਨੇ ਜਦ ਮਾੜਾ ਸਮਾਂ ਆਉਂਦਾ ਐ ਤਾਂ ‘ਵਾਜ ਨਿਕਲਣੋ ਹਟ ਜਾਂਦੀ ਐ। ਲੱਤਾਂ ਭੱਜਣੋਂ ਜਵਾਬ ਦੇ ਜਾਂਦੀਆਂ ਨੇ। ਹੌਂਸਲੇ ਪਸਤ ਹੋ ਜਾਂਦੇ ਨੇ। ਬੱਸ ਅਜਿਹਾ ‘ਕੱਲੀ ਦਲੀਪ ਕੁਰ ਜਾਂ ਉਹਨਾਂ ਦੇ ਪਰਿਵਾਰ ਨਾਲ ਹੀ ਨਹੀਂ, ਲਹਿੰਦੇ ਪੰਜਾਬ ਵਿੱਚ ਬਹੁਗਿਣਤੀ ਮੁਸਲਮਾਨ ਇਲਾਕੇ ਵਿੱਚ ਸਾਰੇ ਹਿੰਦੂਆਂ ਸਿੱਖਾਂ ਨਾਲ ਹੀ ਹੋ ਰਿਹਾ ਸੀ। ਉਹਨਾਂ ਦਾ ਪਿੰਡ ‘ਮਾਨਾਂਵਾਲਾ’ ਬਾਬਾ ਨਾਨਕ ਦੀ ਧਰਤੀ ਨਨਕਾਣਾ ਸਾਹਿਬ ਤੋਂ ਕੁਝ ਕੋਹ ਦੂਰ ਹੀ ਸੀ। ਦੋਵੇਂ ਜੀਅ ਚਿੰਤਾ ’ਚ ਡੁੱਬੇ ਬਚਾਅ ਲਈ ਵਿਚਾਰ ਹੀ ਕਰ ਰਹੇ ਸਨ, ਦਰਜਨਾਂ ਦੀ ਤਦਾਦ ਵਿੱਚ ਮੁੰਡੀਹਰ ਬਰਛੇ ਕ੍ਰਿਪਾਨਾਂ ਤੇ ਡਾਂਗਾਂ ਲਈ ਉਹਨਾਂ ਦੇ ਘਰ ਵਿੱਚ ਆ ਵੜੇ। ਸਭ ਨੂੰ ਆਪਣੀ ਜਾਨ ਬਚਾਉਣ ਦਾ ਫਿਕਰ ਸੀ, ਗੁੰਡੇ ਘਰ ਦੇ ਵਿਹੜੇ ਵਿੱਚ ਪਰਿਵਾਰ ਨੂੰ ਵੱਢਣ ਲੱਗੇ। ਦਲੀਪ ਕੁਰ ਤੇ ਉਸਦਾ ਪਤੀ ਗਾਮਾ ਕੋਠੇ ਤੋਂ ਵੇਖ ਰਹੇ ਸਨ, ਫਿਰਕਾਪ੍ਰਸਤੀ ਦੇ ਡੰਗੇ ਇੱਕ ਗੁੰਡੇ ਨੇ ਉਹਨਾਂ ਦੇ ਬਜੁਰਗ ਬਾਪ ਦੇ ਢਿੱਡ ’ਚ ਬਰਛਾ ਮਾਰ ਕੇ ਥਾਂਏ ਢੇਰੀ ਕਰ ਦਿੱਤਾ, ਬਿਰਧ ਮਾਂ ਦੇ ਸਿਰ ਵਿੱਚ ਇੱਕ ਨੇ ਗੰਡਾਸਾ ਮਾਰ ਕੇ ਸਿਰ ਦੋਫਾੜ ਕਰ ਦਿੱਤਾ। ਦਲੀਪ ਕੁਰ ਦੇ ਦਿਉਰ ਦਾ ਕ੍ਰਿਪਾਨ ਨਾਲ ਸਿਰ ਵੱਢ ਕੇ ਪਾਸੇ ਰੋੜ ਦਿੱਤਾ। ਜਵਾਨੀ ਵਿੱਚ ਪੈਰ ਧਰ
ਰਹੀ ਕੁੜੀ ਨੂੰ ਬਾਹੋਂ ਫੜ ਘੜੀਸ ਦੇ ਲਿਜਾਣ ਲੱਗੇ, ਕੁੜੀ ਆਪਣੇ ਆਪ ਨੂੰ ਬਚਾਉਣ ਲਈ ਚੀਕ ਚਿੰਘਾੜਾ ਪਾਉਣ ਲੱਗੀ, ਪਰ ਉਸਦੀ ਸੁਣਨ ਵਾਲਾ ਕੋਈ ਨਹੀਂ ਸੀ। ਲੁਟੇਰੇ ਸਮਾਨ ਲੁੱਟਣ ਲੱਗ। ਗਾਮੇ ਤੋਂ ਕੁੜੀ ਦੀਆਂ ਲੇਰਾਂ ਝੱਲੀਆਂ ਨਾ ਗਈਆਂ ਤੇ ਉਸਨੇ ਕੋਠੇ ਤੋਂ ਛਾਲ ਮਾਰ ਆਪਣੀ ਭੈਣ ਨੂੰ ਗੁੰਡਿਆਂ ਤੋਂ ਬਚਾਉਣ ਦਾ ਯਤਨ ਕੀਤਾ। ਗੁੰਡਿਆਂ ਦੇ ‘ਕੱਠ ਮੂਹਰੇ ਇਕੱਲੇ ਦਾ ਕੀ ਜੋਰ ਸੀ, ਜਦ ਉਹ ਭੈਣ ਨੂੰ ਬਚਾਉਣ ਲਈ ਨੇੜੇ ਹੋਇਆ ਤਾਂ ਇੱਕ ਗੁੰਡੇ ਨੇ ਬਰਛਾ ਉਸਦੇ ਢਿੱਡ ਵਿਚਦੀ ਆਰ ਪਾਰ ਕਰ ਦਿੱਤਾ। ਦਲੀਪ ਕੁਰ ਬੇਵੱਸ ਸੀ, ਉਹ ਨੰਨ੍ਹੀ ਧੀ ਪਿਆਰੋ ਨੂੰ ਚੁੱਕ ਜਾਨ ਬਚਾਉਣ ਲਈ ਕੋਠਿਆਂ ਕੋਠਿਆਂ ਉੱਪਰ ਦੀ ਸ਼ਬੀਨਾਂ ਦੇ ਘਰ ਜਾ ਉੱਤਰੀ। —-
ਸ਼ਬੀਨਾ ਖ਼ੁਦਾ ਤੇ ਭਰੋਸਾ ਰੱਖਣ ਵਾਲੀ ਧਾਰਮਿਕ ਬਿਰਤੀ ਦੀ ਔਰਤ ਸੀ, ਉਸਦਾ ਪਤੀ ਬਸ਼ੀਰ ਮੁਹੰਮਦ ਪਿੰਡ ਦਾ ਅਮੀਰ ਜ਼ਿਮੀਦਾਰ ਸੀ ਅਤੇ ਸਰਕਾਰੇ ਦਰਬਾਰੇ ਵੀ ਉਸਦੀ ਚੰਗੀ ਚਲਦੀ ਸੀ। ਦਲੀਪ ਕੁਰ ਤੇ ਸ਼ਬੀਨਾ ਦਾ ਆਪਸ ਵਿੱਚ ਵੀ ਬਹੁਤ ਜਿਆਦਾ ਪ੍ਰੇਮ ਸੀ। ਸ਼ਬੀਨਾ ਨੇ ਦਲੀਪ ਕੁਰ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਕਿ ਉਹ ਗੁੰਡਿਆਂ ਹੱਥੋਂ ਬਚ ਕੇ ਉਸ ਕੋਲ ਪਹੁੰਚ ਗਈ ਹੈ, ਉਸਦੀ ਸੁਰੱਖਿਆ ਦਾ ਪੂਰਾ ਭਰੋਸਾ ਦਿਵਾਇਆ। ਦਲੀਪ ਕੁਰ ਬਿੱਟਰ ਬਿੱਟਰ ਝਾਕੀ ਜਾ ਰਹੀ ਸੀ ….. ਉਸਦੇ ਬੁੱਲ੍ਹ ਕੰਬ ਰਹੇ ਸਨ ….. ਆਵਾਜ਼ ਨਹੀਂ ਸੀ ਨਿਕਲ ਰਹੀ ….. ਡਰਦੀ ਹੋਈ ‘ਕੱਠੀ ਹੋਈ ਜਾਂਦੀ ਸੀ ….. ਆਪਣੀ ਬੱਚੀ ਨੂੰ ਉਸਨੇ ਛਾਤੀ ਨਾਲ ਘੁੱਟਿਆ ਹੋਇਆ ਸੀ। ਸ਼ਬੀਨਾ ਨੇ ਧੱਕੇ ਨਾਲ ਉਸਦੇ ਮੂੰਹ ਨੂੰ ਪਾਣੀ ਲਾਇਆ ਤੇ ਦੋ ਘੁੱਟਾਂ ਉਸਦੇ ਅੰਦਰ ਸੁੱਟੀਆਂ। ਉਹ ਹੌਂਸਲਾ ਜਿਹਾ ਕਰਕੇ ਅਜੇ ਸਭਾਤ ਵਿੱਚ ਬੈਠੀ ਹੀ ਸੀ, ਕਿ ਬਸ਼ੀਰ ਨੇ ਆ ਦਰਵਾਜਾ ਖੜਕਾਇਆ। ਸ਼ਬੀਨਾ ਨੇ ਦਰਵਾਜਾ ਖੋਹਲਿਆ ਤਾਂ ਬਸ਼ੀਰ ਨੂੰ ਵੇਖਦਿਆਂ ਇੱਕ ਵਾਰ ਫੇਰ ਦਲੀਪ ਕੁਰ ਦਾ ਦਿਲ ਕੰਬਣ ਲੱਗਾ। ਉਸਨੂੰ ਬਸ਼ੀਰ ਵੀ ਮੁਸਲਮਾਨ ਹੋਣ ਸਦਕਾ ਜਮਦੂਤ ਵਰਗਾ ਹੀ ਵਿਖਾਈ ਦਿੱਤਾ, ਜਿਵੇਂ ਉਸਨੂੰ ਧਰਮਰਾਜ ਨੇ ਬੱਚੀ ਸਮੇਤ ਲਿਆਉਣ ਲਈ ਭੇਜਿਆ ਹੋਵੇ। ਦਲੀਪ ਕੁਰ ਨੇ ਆਪਣੀ ਬੱਚੀ ਨੂੰ ਛਾਤੀ ਨਾਲ ਹੋਰ ਜੋਰ ਦੀ ਘੁੱਟ ਲਿਆ। ‘‘ਵੇਖ ਦਲੀਪ ਕੁਰੇ! ਘਬਰਾ ਨਾ। ਸਮਾਂ ਥੋਡੇ ਲਈ ਬਹੁਤ ਮਾੜਾ ਹੈ। ਵੱਢ ਟੁੱਕ ਹੋ ਰਹੀ ਹੈ। ਪਰ ਤੂੰ ਹੁਣ ਸਾਡੇ ਘਰ ਆ ਗਈ ਹੈ, ਅਸੀਂ ਆਪਣਾ ਫ਼ਰਜ ਨਿਭਾਵਾਂਗੇ, ਤੈਨੂੰ ਤੱਤੀ ਵਾਅ ਨੀ ਲੱਗਣ ਦਿੰਦੇ। ਤੂੰ ਮੇਰੀਆਂ ਭੈਣਾਂ ਵਰਗੀ ਐਂ, ਬੇਖ਼ੌਫ਼ ਹੋ ਕੇ ਬੈਠ’’ ਬਸ਼ੀਰ ਮੁਹੰਮਦ ਨੇ ਉਸਨੂੰ ਹੌਂਸਲਾ ਦਿੰਦਿਆਂ ਕਿਹਾ।‘‘ਮੇਰੇ ਪਰਿਵਾਰ ਦੇ ਚਾਰ ਜੀਅ ਵੱਢ ਦਿੱਤੇ ਨੇ। ਮੇਰੀ ਨਣਦ ਛਿੰਦੋ ਨੂੰ ਕੁੱਝ ਗੁੰਡੇ ਧੂਅ ਕੇ ਲੈ ਗਏ ਨੇ। ਮੇਰੇ ਸਿਰ ਦਾ ਸਾਂਈ ਆਪਣੀ ਭੈਣ ਨੂੰ ਬਚਾਉਣ ਲਈ ਗਿਆ ਤਾਂ ਉਸਦਾ ਢਿੱਡ ਬਰਛੇ ਨਾਲ ਪਾੜ ਦਿੱਤਾ। ਮੇਰੀਆਂ ਅੱਖਾਂ ਸਾਹਮਣੇ ਸਭ ਕੁੱਝ ਵਾਪਰਿਆ ਪਰ ਮੈਂ ਕੁੱਝ ਨੀ ਕਰ ਸਕੀ। ਤੇਰੇ ਮੂਹਰੇ ਹੱਥ ਬੰਨਦੀ ਆਂ, ਕੁੜੀ ਨੂੰ ਤਾਂ ਲੱਭ ਕੇ ਲੈ ਆਓ, ਭਰਾ ਬਣਕੇ। ਹਾਏ! ਮੇਰੀ ਧੀਆਂ ਵਰਗੀ ਛਿੰਦੋ’’ ਦਲੀਪ ਕੁਰ ਨੇ ਡੁੱਬਦੇ ਦਿਲ ਨਾਲ ਅਰਜੋਈ ਕੀਤੀ। ‘‘ਮੈਂ ਕੋਸ਼ਿਸ਼ ਕਰਦਾ ਆਂ। ਓਹਨੂੰ ਭਾਲਣ ਦੀ। ਤੂੰ ਛੁਪ ਕੇ ਬੈਠੀ ਰਹਿ, ਵੇਲਾ ਬਹੁਤ ਬੁਰਾ ਐ, ਅੱਲ੍ਹਾ ਹੀ ਸਮੱਤ ਦੇਵੇ ਤਾਂ ਬਚਾਅ ਹੋ ਸਕਦੈ।’’ ਇਹ ਕਹਿ ਕੇ ਬਸ਼ੀਰ ਮੁਹੰਮਦ ਘਰੋਂ ਚਲਾ ਗਿਆ। ਕੁੱਝ ਦੇਰ ਬਾਅਦ ਉਹ ਖਾਲੀ ਹੱਥ ਘਰ ਮੁੜ ਆਇਆ ਤੇ ਕਹਿਣ ਲੱਗਾ, ‘‘ਦਲੀਪ ਕੁਰੇ! ਕੁੜੀ ਤਾਂ ਲੱਭੀ ਨਹੀਂ। ਖ਼ੁਦਾ ਤੇ ਭਰੋਸਾ ਕਰਕੇ ਸਬਰ ਕਰ। ਪਰ ਤੇਰੇ ਵਾਂਗੂੰ ਈ ਸਿੱਖਾਂ ਦੇ ਬਚਨ ਸਿਉਂ ਘੋੜਿਆਂ ਵਾਲੇ ਦੇ ਪਰਿਵਾਰ ਦੇ ਤਿੰਨ ਆਦਮੀ ਤੇ ਦੋ ਔਰਤਾਂ ਅਤੇ ਪੰਡਿਤ ਰੂਪ ਚੰਦ ਤੇ ਉਸਦੀ ਘਰਵਾਲੀ ਸੱਤਿਆ ਦੇਵੀ ਨੰਬਰਦਾਰ ਬੱਗੂ ਖਾਨ ਦੇ ਘਰ ਲੁਕੇ ਬੈਠੇ ਨੇ। ਅਸੀਂ ਫੈਸਲਾ ਕੀਤਾ ਹੈ ਕਿ ਉਹਨਾਂ ਨੂੰ ਅਤੇ ਤੈਨੂੰ ਬਚਾਅ ਕੇ ਫਿਰੋਜ਼ਪੁਰ ਵੱਲ ਚੜ੍ਹਦੇ ਪੰਜਾਬ ’ਚ ਛੱਡ ਆਈਏ। ਜਦੋਂ ਮਾਹੌਲ ਠੀਕ ਹੋਊ, ਤੁਸੀਂ ਵਾਪਸ ਆ ਜਾਣਾ, ਸੋਡੇ ਘਰ ਬਾਰ ਦਾ ਅਸੀਂ ਖਿਆਲ ਰੱਖਾਂਗੇ। ਪਰ ਇੱਕ ਵਾਰ ਤਾਂ ਆਵਦੀ ਜਾਨ ਬਚਾਓ। ਇਹ ਨਾ ਹੋਵੇ ਕਿ ਹਾਲਾਤ ਸਾਡੇ ਵੀ ਵੱਸ ਵਿੱਚ ਨਾ ਰਹਿਣ।’’ ਅੱਖਾਂ ਵਿੱਚੋਂ ਹੰਝੂ ਕੇਰਦਿਆਂ ਸੰਤ ਕੁਰ ਦਸਦੀ ਕਿ ਮੇਰੀ ਧੀ ਦਾ ਉਹ ਦਿਨ ਮਸਾਂ ਹੀ ਲੰਘਿਆ ਸੀ, ਹਨੇਰਾ ਹੁੰਦਿਆਂ ਹੀ ਚਾਰ ਆਦਮੀ ਤੇ ਚਾਰ ਹੀ ਔਰਤਾਂ ਅਤੇ ਜੁਆਕੜੀ ਪਿਆਰੋ ਨੂੰ ਲੈ ਕੇ ਬਸ਼ੀਰ ਮੁਹੰਮਦ ਤੇ ਬੱਗੂ ਫਿਰੋਜਪੁਰ ਨੂੰ ਚੱਲ ਪਏ ਸਨ। ਅੱਧੀ ਕੁ ਰਾਤ ਤੱਕ ਉਹ ਬਚ ਬਚਾਅ ਕੇ ਸਤਲੁਜ ਦੇ ਕਿਨਾਰੇ ਜਾ ਪਹੁੰਚੇ।—-
ਉਹ ਕਿਨਾਰੇ ਬੈਠੇ ਸਤਿਲੁਜ ਦਰਿਆ ਪਾਰ ਕਰਨ ਬਾਰੇ ਸੋਚ ਰਹੇ ਸਨ। ਸਤਿਲੁਜ ਵਿੱਚ ਥੋੜਾ ਥੋੜਾ ਪਾਣੀ ਵਗ ਰਿਹਾ ਸੀ, ਜਿਸ ਵਿੱਚ ਚੜ੍ਹਦੇ ਪੰਜਾਬ ਚੋਂ ਮਾਰ ਕੇ ਸੁੱਟੇ ਮੁਸਲਮਾਨਾਂ ਅਤੇ ਲਹਿੰਦੇ ਪੰਜਾਬ ਦੇ ਲੋਕਾਂ ਵੱਲੋਂ ਮਾਰ ਕੇ ਸੁੱਟੇ ਹਿੰਦੂਆਂ ਤੇ ਸਿੱਖਾਂ ਦੀਆਂ ਲਾਸ਼ਾਂ ਤੈਰਦੀਆਂ ਜਾਂਦੀਆਂ ਸਨ। ਉਹਨਾਂ ਦੇ ਸਾਂਝੇ ਖੂਨ ਨਾਲ ਪਾਣੀ ਦਾ ਰੰਗ ਬਦਲਿਆ ਹੋਇਆ ਵਗ ਰਿਹਾ ਸੀ। ਜਦ ਦਲੀਪ ਕੁਰ ਨੇ ਇਹ ਮੰਜਰ ਵੇਖਿਆ ਤਾਂ ਉਸਦੇ ਦਿਲ ਨੂੰ ਹੌਲ ਜਿਹਾ ਪਿਆ। ਢਿੱਡ ਵਿੱਚ ਤੇਜ ਦਰਦ ਉੱਠਿਆ। ਜੰਮਣ ਪੀੜਾਂ ਸੁਰੂ ਹੋ ਗਈਆਂ। ਹਾਏ ਹਾਏ ਕਰਨ ਲੱਗੀ। ਲੇਰਾਂ ਨਿਕਲਣ ਲੱਗੀਆਂ। ਉਸਦੇ ਨਾਲ ਪਹੁੰਚੀਆਂ ਪਰਤਾਪੀ, ਹਰਨਾਮੀ ਤੇ ਵਿਮਲਾ ਉਸ ਨੂੰ ਸੰਭਾਲਣ ਲੱਗੀਆਂ, ਉਹਨਾਂ ਦਲੀਪ ਕੁਰ ਨੂੰ ਚੁੱਪ ਕਰਕੇ ਦੁੱਖ ਝੱਲਣ ਲਈ ਹੌਂਸਲਾ ਦਿੱਤਾ ਤਾਂ ਕਿ ਉਸ ਦੀ ਆਵਾਜ਼ ਸੁਣ ਕੇ ਕੋਈ ਖਤਰਾ ਨਾ ਖੜਾ ਹੋ ਜਾਵੇ। ਕੁੱਝ ਮਿੰਟਾਂ ਦੇ ਦੁੱਖ ਝੱਲ ਕੇ ਦਲੀਪ ਕੁਰ ਨੇ ਦਰਿਆ ਦੇ ਕਿਨਾਰੇ ਸਰਕੜੇ ਵਿੱਚ ਹੀ ਮੁੰਡੇ ਨੂੰ ਜਨਮ ਦੇ ਦਿੱਤਾ। ਉਹੀ ਉਸਦਾ ਸੰਪੂਰਨ ਸਿੰਘ ਹੈ, ਜੋ ਇਲਾਕੇ ਦਾ ਮੰਨਿਆਂ ਪਰਮੰਨਿਆਂ ਭਲਾ ਆਦਮੀ ਐ। ਉਹ ਜਾਤਾਂ ਪਾਤਾਂ, ਗੋਤਾਂ, ਧਰਮਾਂ ਤੋਂ ਉੱਪਰ ਉੱਠ ਕੇ ਹਰ ਵਕਤ ਮਾਨਵਤਾ ਦੀ ਸੇਵਾ ਤੇ ਭਲਾਈ ਲਈ ਜੁਟਿਆ ਰਹਿੰਦਾ ਹੈ। ਬਹੁਤ ਦੁੱਖਾਂ ਨਾਲ ਪਾਲਿਆ ਐ, ਦਲੀਪ ਕੁਰ ਨੇ ਆਪਣੇ ਲਾਲ ਨੂੰ। —-
ਬਲਕਾਰ ਸਿੰਘ ਪੰਚਾਇਤ ਮੈਂਬਰ ਅਗਾਂਹਵਧੂ ਖਿਆਲਾਂ ਦਾ ਨੌਜਵਾਨ ਸੀ, ਉਹ ਸੰਪੂਰਨ ਦੀ ਸਮਾਜ ਸੇਵਾ ਤੋਂ ਬਹੁਤ ਪ੍ਰਭਾਵਿਤ ਸੀ। ਉਹ ਸਤਿਕਾਰ ਵਜੋਂ ਦਲੀਪ ਕੁਰ ਕੋਲ ਜਾਂਦਾ ਤੇ ਸੰਪੂਰਨ ਦੀ ਸਲਾਘਾ ਕਰਦਾ ਰਹਿੰਦਾ। ਪਰ ਦਲੀਪ ਕੁਰ ਹਮੇਸ਼ਾਂ ਹੀ ਇਹੀ ਕਹਿੰਦੀ, ‘‘ਇਹ ਤਾਂ ਗੁੜ੍ਹਤੀ ਦਾ ਕਮਾਲ ਐ।’’ ਬਲਕਾਰ ਸੋਚਦਾ ਰਹਿੰਦਾ ਕਿ ਇਹ ਗੁੜ੍ਹਤੀ ਵਾਲੀ ਕਹਾਣੀ ਸਮਝ ਨਹੀਂ ਆਉਂਦੀ। ਇੱਕ ਦਿਨ ਉਹ ਇਹ ਰਾਜ ਲੱਭਣ ਲਈ ਮਿਥ ਕੇ ਗਿਆ ਤੇ ਦਲੀਪ ਕੁਰ ਨੂੰ ਕਹਿਣ ਲੱਗਾ, ‘‘ਚਾਚੀ! ਸੰਪੂਰਨ ਦਰਿਆ ਕਿਨਾਰੇ ਸਰਕੜੇ ਵਿੱਚ ਜੰਮਿਆ, ਦੁੱਖਾਂ ਨਾਲ ਪਲਿਆ, ਅੱਜ ਸਮਾਜ ਦੀ ਸੇਵਾ ਲਈ ਭੱਜਿਆ ਫਿਰਦੈ। ਸੇਵਾ ਵੀ ਜਾਤਾਂ, ਗੋਤਾਂ, ਧਰਮਾਂ, ਪਾਰਟੀਆਂ ਤੋਂ ਉੱਪਰ ਉੱਠ ਕੇ ਕਰਦੈ। ਧੰਨ ਐ ਇਹ ਬੰਦਾ, ਇਹ ਸ਼ੌਕ ਇਸਨੂੰ ਕਿੱਥੋ ਲੱਗ ਗਿਆ।’’ ‘‘ ਇਹ ਗੁੜ੍ਹਤੀ ਦਾ ਹੀ ਕਮਾਲ ਐ।’’ ਦਲੀਪ ਕੁਰ ਨੇ ਹਮੇਸ਼ਾਂ ਦੀ ਤਰ੍ਹਾਂ ਗੱਲ ਮੁਕਾਉਣ ਦਾ ਯਤਨ ਕੀਤਾ। ‘‘ਚਾਚੀ ਮੈਂ ਸਾਲਾਂ ਤੋਂ ਤੇਰੇ ਮੂੰਹੋਂ ਇਹੋ ਸੁਣਦਾ ਆਇਆਂ ਹਾਂ। ਪਰ ਅੱਜ ਮੈਂ ਇਹ ਜਾਣ ਕੇ ਹੀ ਜਾਵਾਂਗਾ ਕਿ ਗੁੜ੍ਹਤੀ ਵਾਲੀ ਕੀ ਬੁਝਾਰਤ ਐ।’’ ਬਲਕਾਰ ਨੇ ਕਿਹਾ। ‘‘ਪੁੱਤ ਤੂੰ ਅਜੇ ਨਿਆਣਾ ਐਂ। ਕੀ ਸੁਣੇਂਗਾ ਇਹ ਦੁੱਖ ਭਰੀ ਵਾਰਤਾ ਅਤੇ ਤੈਨੂੰ ਇਹ ਸੁਣਨ ਦਾ ਕੋਈ ਫਾਇਦਾ ਵੀ ਨਹੀਂ ਹੋਣਾ।’’ ਦਲੀਪ ਕੁਰ ਨੇ ਉਸਨੂੰ ਟਾਲਣਾ ਚਾਹਿਆ।‘‘ਫਾਇਦਾ ਹੋਵੇ ਜਾਂ ਨਾ। ਹਰ ਕੰਮ ਫਾਇਦੇ ਲਈ ਨਹੀਂ ਕੀਤੇ ਜਾਂਦੇ। ਮੈਨੂੰ ਅੱਜ ਜਰੂਰ ਦੱਸ ਇਸ ਬੁਝਾਰਤ ਬਾਰੇ।’’ ਬਲਕਾਰ ਨੇ ਜੋਰ ਪਾਇਆ। ਜੇ ਨਹੀਂ ਟਲਦਾ ਤਾਂ ਲੈ ਬਹਿਜਾ ਤੇ ਸੁਣ। ਦਲੀਪ ਕੁਰ ਨੇ ਆਪਣੇ ਜਖ਼ਮ ਤੇ ਹੱਥ ਧਰਿਆ ਤੇ ਕਹਿਣ ਲੱਗੀ, ‘‘ਜਦੋਂ ਭਾਈ ਇਹ ਜੰਮਿਆ ਸੀ ਨਾ ….. ਦਰਿਆ ਦੇ ਕਿਨਾਰੇ ਸਰਕੜੇ ’ਚ ….. ਔਰਤਾਂ ਮੈਨੂੰ ਤੇ ਏਹਨੂੰ ਸੰਭਾਲ ਰਹੀਆਂ ਸਨ ….. ਤਕਲੀਫ਼ ਨਾਲ ਮੇਰਾ ਮੂੰਹ ਸੁੱਕ ਰਿਹਾ ਸੀ ….. ਤਾਂ ਮੈਨੂੰ ਸਾਂਭਣ ਵਾਲੀਆਂ ਨੇ ਕਿਹਾ ….. ਕਿਤੋਂ ਪਾਣੀ ਦੀ ਘੁੱਟ ਹੀ ਲਿਆਓ ਕੋਈ। ਇਹ ਸੁਣ ਕੇ ਬਸ਼ੀਰ ਗਿਆ ਦਰਿਆ ਚੋਂ ਪਾਣੀ ਲੈਣ। ਦਰਿਆ ਵਿੱਚ ਮੁਸਲਮਾਨਾਂ, ਹਿੰਦੂਆਂ ਤੇ ਸਿੱਖਾਂ ਦੀਆਂ ਲਾਸ਼ਾਂ ਤੈਰਦੀਆਂ ਜਾਂਦੀਆਂ ਵੇਖੀਆਂ। ਸਾਰਿਆਂ ਦਾ
ਖੂਨ ਦਰਿਆ ਦੇ ਪਾਣੀ ਵਿੱਚ ਰਲਿਆ ਹੋਇਆ ਸੀ। ਬਸ਼ੀਰ ਪਾਣੀ ਲੈਣ ਤੋਂ ਰੁਕ ਗਿਆ, ਪਰ ਉਸ ਲਈ ਸਾਡੀ ਜਾਨ ਬਚਾਉਣੀ ਜਰੂਰੀ ਸੀ,ਆਖ਼ਰ ਉਸਨੇ ਪਾਣੀ ਦੀਆਂ ਚੂਲੀਆਂ ਭਰੀਆਂ ਤੇ ਭੱਜ ਕੇ ਸਾਡੇ ਕੋਲ ਆਇਆ, ਉਸਨੇ ਇਸ ਸਾਂਝੇ ਖੂਨ ਵਾਲੇ ਪਾਣੀ ਵਿੱਚ ਉਂਗਲ ਭਿਉਂ ਕੇ ਨਵਜੰਮੇ ਬੱਚੇ ਤੇ ਬੁੱਲਾਂ ਤੇ ਫੇਰੀ, ਉਸਦਾ ਮੂੰਹ ਸਾਫ਼ ਕੀਤਾ। ਇਸ ਤਰ੍ਹਾਂ ਉਸਨੇ ਹਿੰਦੂਆਂ ਸਿੱਖਾਂ ਮੁਸਲਮਾਨਾਂ ਦੇ ਸਾਂਝੇ ਖੂਨ ਵਾਲੇ ਪਾਣੀ ਦੀਗੁੜ੍ਹਤੀ ਦਿੱਤੀ ਸੀ ਸੰਪੂਰਨ ਨੂੰ। ਤੇ ਬਾਕੀ ਪਾਣੀ ਮੇਰੇ ਬੁੱਲ੍ਹਾਂ ਨੂੰ ਲਾ ਦਿੱਤਾ ਸੀ।’’

ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913
Total Views: 418 ,
Real Estate