ਅਮਰੀਕਾ ਵਿੱਚ ਐੱਚ ਆਈ ਵੀ ਸੰਕਰਮਣ ‘ਚ 1981 ਤੋਂ 2019 ਤੱਕ ਆਈ ਗਿਰਾਵਟ: ਸੀ ਡੀ ਸੀ

ਗੁਰਿੰਦਰਜੀਤ ਨੀਟਾ ਮਾਛੀਕੇ,ਫਰਿਜ਼ਨੋ (ਕੈਲੀਫੋਰਨੀਆ), 4 ਜੂਨ 2021 : ਅਮਰੀਕਾ ਦੇ ਸਿਹਤ ਅਧਿਕਾਰੀਆਂ ਦੁਆਰਾ ਵੀਰਵਾਰ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ, 1981 ਤੋਂ 2019 ਦੇ ਵਿਚਕਾਰ ਐੱਚ ਆਈ ਵੀ ਏਡਜ਼ ਦੀਆਂ ਸਲਾਨਾ ਲਾਗ ਦੀਆਂ ਦਰਾਂ ਵਿੱਚ 73 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ ਡੀ ਸੀ) ਦੇ ਅਨੁਸਾਰ ਸਮੁੱਚੇ ਪੱਧਰ ‘ਤੇ ਇਸ ਵਿੱਚ ਗਿਰਵਟ ਦਰਜ ਕੀਤੀ ਗਈ ਹੈ, ਪਰ ਇਸਦੀ ਲਾਗ ਦੀ ਦਰ ਘੱਟ ਗਿਣਤੀ ਕਾਲੇ ਅਤੇ ਲਾਤੀਨੀ ਲੋਕਾਂ ਵਿੱਚ ਵਧ ਗਈ ਹੈ। ਸੀ ਡੀ ਸੀ ਨੇ ਤਕਰੀਬਨ 40 ਸਾਲ ਪਹਿਲਾਂ 5 ਜੂਨ ਨੂੰ ਉਸ ਵੇਲੇ ਦੇ ਨਵੇਂ ਅਤੇ ਰਹੱਸਮਈ ਵਾਇਰਸ (ਐੱਚ ਆਈ ਵੀ) ਬਾਰੇ ਆਪਣੀ ਪਹਿਲੀ ਰਿਪੋਰਟ ਪ੍ਰਕਾਸ਼ਤ ਕੀਤੀ ਸੀ। ਸੀ ਡੀ ਸੀ ਦੀ ਡਾਇਰੈਕਟਰ ਰੋਸ਼ੇਲ ਵਾਲੈਂਸਕੀ ਅਨੁਸਾਰ ਇਹ ਗਿਰਾਵਟ ਵਿਗਿਆਨਕਾਂ, ਮਰੀਜ਼ਾਂ ਅਤੇ ਕਮਿਊਨਿਟੀਆਂ ਦੇ ਸਹਿਯੋਗ ਕਾਰਨ ਆਈ ਹੈ। ਅਮਰੀਕਾ ਵਿੱਚ ਅੰਦਾਜ਼ਨ 1.2 ਮਿਲੀਅਨ ਲੋਕ ਹਿਊਮਨ ਇਮਿਨੋ ਡੈਫੀਸੀਐਂਸੀ ਵਾਇਰਸ (ਐੱਚ ਆਈ ਵੀ) ਨਾਲ ਜੀਅ ਰਹੇ ਹਨ, ਜਿਨ੍ਹਾਂ ਵਿੱਚੋਂ 13 ਪ੍ਰਤੀਸ਼ਤ ਨੂੰ ਪਤਾ ਨਹੀਂ ਹੈ ਕਿ ਉਹਨਾਂ ਨੂੰ ਇਹ ਵਾਇਰਸ ਹੈ। ਨਵੀਂ ਰਿਪੋਰਟ ਦੇ ਅਨੁਸਾਰ, ਸਾਲਾਨਾ ਐੱਚ ਆਈ ਵੀ ਦੀ ਸੰਭਾਵਨਾ 1981 ਵਿੱਚ 20,000 ਲਾਗਾਂ ਤੋਂ ਵੱਧ ਕੇ 1984 ਅਤੇ 1985 ਵਿੱਚ 130,400 ਦੀ ਤੱਕ ਪਹੁੰਚ ਗਈ ਸੀ ਅਤੇ ਇਹ ਦਰ ਸਾਲ 1991 ਤੋਂ 2007 ਦੇ ਵਿਚਕਾਰ ਲੱਗਭਗ 50,000-58,000 ਦੀ ਗਿਣਤੀ ਨਾਲ ਸਥਿਰ ਰਹੀ ਅਤੇ ਫਿਰ ਹਾਲ ਹੀ ਦੇ ਸਾਲਾਂ ਵਿੱਚ ਘਟ ਕੇ 34,800 ਦੀ ਲਾਗ ਨਾਲ 2019 ਵਿੱਚ ਦਰਜ ਕੀਤੀ ਗਈ ਹੈ। ਰਿਪੋਰਟ ਅਨੁਸਾਰ ਕਾਲੇ ਮੂਲ ਦੇ ਲੋਕਾਂ ਵਿੱਚ ਐੱਚ ਆਈ ਵੀ ਸੰਕਰਮਣ ਦਾ ਅਨੁਪਾਤ 1981 ਵਿੱਚ 29 ਪ੍ਰਤੀਸ਼ਤ ਤੋਂ ਵੱਧ ਕੇ 2019 ਵਿੱਚ 41 ਪ੍ਰਤੀਸ਼ਤ ਹੋ ਗਿਆ ਹੈ, ਅਤੇ ਉਸੇ ਸਮੇਂ ਵਿੱਚ ਹਿਸਪੈਨਿਕ ਲੋਕਾਂ ਵਿੱਚ 16 ਪ੍ਰਤੀਸ਼ਤ ਤੋਂ ਲੈ ਕੇ 29 ਪ੍ਰਤੀਸ਼ਤ ਤੱਕ ਵਾਧਾ ਹੋਇਆ ਹੈ। ਸਿਹਤ ਮਾਹਿਰਾਂ ਅਨੁਸਾਰ ਲੋਕਾਂ ਵਿੱਚ ਜਾਗਰੂਕਤਾ ਅਤੇ ਰੁਟੀਨ ਚੈੱਕ ਅਪ , ਟੈਸਟਾਂ ਕਰਕੇ ਇਸ ਬਿਮਾਰੀ ਵਿੱਚ ਗਿਰਾਵਟ ਨੋਟ ਕੀਤੀ ਗਈ ਹੈ।

Total Views: 644 ,
Real Estate