ਅਮਰੀਕਾ: ਘਰੇਲੂ ਝਗੜੇ ਦੌਰਾਨ 3 ਪੁਲਿਸ ਅਧਿਕਾਰੀਆਂ ਨੂੰ ਗੋਲੀਬਾਰੀ ਕਰਕੇ ਕੀਤਾ ਜਖਮੀ

ਗੁਰਿੰਦਰਜੀਤ ਨੀਟਾ ਮਾਛੀਕੇ, ਫਰਿਜ਼ਨੋ (ਕੈਲੀਫੋਰਨੀਆ), 4 ਜੂਨ 2021 : ਡੇਲਾਵੇਅਰ ਵਿੱਚ ਇੱਕ ਘਰੇਲੂ ਝਗੜੇ ਦੀ ਸੂਚਨਾ ਮਿਲਣ ਉਪਰੰਤ ਕਾਰਵਾਈ ਕਰਨ ਗਏ ਵਿਲਮਿੰਗਟਨ ਪੁਲਿਸ ਦੇ ਤਿੰਨ ਅਧਿਕਾਰੀਆਂ ਨੂੰ ਗੋਲੀ ਮਾਰ ਕੇ ਜਖਮੀ ਕਰਨ ਦੀ ਘਟਨਾ ਵਾਪਰੀ ਹੈ। ਇਸ ਹਮਲੇ ਬਾਰੇ ਵਿਲਮਿੰਗਟਨ ਪੁਲਿਸ ਨੇ ਦੱਸਿਆ ਕਿ ਸਮੀਰਨਾ, ਡੇਲਾਵੇਅਰ ਦੇ 31 ਸਾਲਾਂ ਵਿਅਕਤੀ ਬਰਨਾਰਡ ਗੁਡਵਿਨ ਨੇ ਘਰੇਲੂ ਝਗੜੇ ਦੀ ਸੂਚਨਾ ‘ਤੇ ਕਾਰਵਾਈ ਕਰਨ ਗਏ ਅਧਿਕਾਰੀਆਂ ਤੇ ਗੋਲੀਬਾਰੀ ਕੀਤੀ,ਜਿਸ ਉਪਰੰਤ ਵੀਰਵਾਰ ਸਵੇਰੇ 12 ਘੰਟਿਆਂ ਬਾਅਦ ਇਸ ਵਿਅਕਤੀ ਨੂੰ ਜ਼ਖ਼ਮੀ ਹਾਲਤ ਵਿੱਚ ਮ੍ਰਿਤਕ ਪਾਇਆ ਗਿਆ। ਪੁਲਿਸ ਨੇ ਦੱਸਿਆ ਕਿ ਜ਼ਖਮੀ ਹੋਏ ਤਿੰਨੇ ਅਧਿਕਾਰੀਆਂ ਨੂੰ ਸਥਿਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਹ ਘਟਨਾ ਬੁੱਧਵਾਰ ਸਵੇਰੇ 9:30 ਵਜੇ ਪੁਲਿਸ ਨੂੰ ਇੱਕ ਘਰੇਲੂ ਝਗੜੇ ਬਾਰੇ 911 ਦੀ ਕਾਲ ਆਉਣ ਉਪਰੰਤ ਸ਼ੁਰੂ ਹੋਈ। ਇਸ ਬਾਰੇ ਕਾਰਵਾਈ ਕਰਦਿਆਂ ਪੁਲਿਸ ਨੇ ਇਸ ਘਰੇਲੂ ਝਗੜੇ ਵਿੱਚ ਸ਼ਾਮਲ ਪੁਰਸ਼ ਗੁਡਵਿਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਅਧਿਕਾਰੀ ਵਿਲਮਿੰਗਟਨ ਅਪਾਰਟਮੈਂਟ ਵਿੱਚ ਗਏ ਤਾਂ ਗੁਡਵਿਨ ਨੇ ਉਨ੍ਹਾਂ’ ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਦੱਸਿਆ ਕਿ ਅਧਿਕਾਰੀਆਂ ਨੇ ਸਥਿਤੀ ਨੂੰ ਕਾਬੂ ਕਰਨ ਲਈ ਇੱਕ ਘੇਰਾ ਪਾਇਆ ਅਤੇ ਗੁਡਵਿਨ ਨਾਲ ਤਕਰੀਬਨ 12 ਘੰਟਿਆਂ ਤੱਕ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ। ਇਸ ਕਾਰਵਾਈ ਦੌਰਾਨ ਸ਼ਹਿਰ ਦੇ ਕਈ ਰਾਸਤੇ ਬੰਦ ਕਰ ਦਿੱਤੇ ਗਏ ਸਨ। ਵੀਰਵਾਰ ਸਵੇਰੇ ਜਦੋਂ ਪੁਲਿਸ ਗੁਡਵਿਨ ਦੇ ਕਮਰੇ ਵਿੱਚ ਦਾਖਲ ਹੋਈ ਸੀ ਤਾਂ ਉਸਨੂੰ ਮ੍ਰਿਤਕ ਪਾਇਆ ਗਿਆ। ਪੁਲਿਸ ਦੁਆਰਾ ਉਸਦੀ ਬੰਦੂਕ ਨੂੰ ਘਟਨਾ ਵਾਲੀ ਥਾਂ ਤੋਂ ਬਰਾਮਦ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Total Views: 246 ,
Real Estate