ਪੇਟ ਲਈ ਵਰਦਾਨ ਹੈ ਤੁੰਬੇ ਦੀ ਜਵੈਣ

ਵੈਦ ਬੀ .ਕੇ ਸਿੰਘ ,
ਪਿੰਡ ਜੈ ਸਿੰਘ ਵਾਲਾ (ਮੋਗਾ)
ਸੰਪਰਕ:-9872610005
ਅੱਜ ਦੇ ਸਮੇ ਵਿੱਚ ਇਨਸਾਨ ਭੱਜ-ਨੱਠ ਵਿੱਚ ਏਨਾ ਰੁੱਝ ਚੁੱਕਾ ਹੈ ਕਿ ਉਸ ਨੂੰ ਆਪਣੇ ਸਰੀਰ ਦਾ ਬਿਲਕੁਲ ਵੀ ਫਿਕਰ ਨਹੀ।ਨਿੱਤ ਨਵੀ-ਨਵੀ ਬਿਮਾਰੀ ਝੋਲੀ ਵਿੱਚ ਪਾਈ ਜਾ ਰਿਹਾ ਹੈ।ਸਿਨੇਮਾ ਵੇਖਣ,ਕੁੱਲੂ ਮਨਾਲੀ ਦੇ ਚੰਗੇ-ਚੰਗੇ ਹੋਟਲਾਂ ਅਤੇ ਰੇਸਤਰਾਂ ਵਿੱਚ ਘੁੰਮਣ ਲਈ ਸਮਾਂ ਕੱਢ ਲੈਦਾ ਹੈ,ਪਰ ਸੈਰ ,ਕਸਰਤ ਕਰਨ ਲਈ ਸਮਾਂ ਨਹੀ।ਚੰਗੀ ਦੇਸੀ ਦਵਾਈ ਰਗੜ ਕੇ ਘਰ ਬਣਾਉਣ ਲਈ ਹਾੜੇ ਕੱਢਦਾ,ਢਿੱਡ ਦਾ ਟੋਆ ਬਣਾਉਣ ਤੇ ਉਤਾਰੂ ਹੋ ਰਿਹਾ ਹੈ।ਆਪਣੀ ਚੰਗੀ ਸਿਹਤ ਅਤੇ ਨਿਰੋਗ ਜੀਵਨ ਲਈ ਪੇਟ ਦਾ ਸਹੀ ਹੋਣਾ ਬਹੁਤ ਜ਼ਰੂਰੀ ਹੈ।ਪੇਟ ਹਰ ਰੋਜ਼ ਚੰਗੀ ਤਰਾਂ ਸਾਫ ਹੋਣਾ ਚਾਹੀਦਾ ਹੈ।ਖਾਣਾ ਚੰਗੀ ਤਰਾਂ ਹਜ਼ਮ ਹੋਣਾ ਚਾਹੀਦਾ ਹੈ।ਕਬਜ਼,ਗੈਸ,ਤੇਜ਼ਾਬ ਬਿਲਕੁਲ ਵੀ ਰਹਿਣਾ ਨਹੀ ਚਾਹੀਦਾ ਹੈ।ਜੇਕਰ ਤੁਹਾਡਾ ਪੇਟ ਸਾਫ ਖਰਾਬ ਰਹੇਗਾ ਤਾਂ ਕਮਜ਼ੋਰੀ ,ਸੁਸਤੀ ਤੁਹਾਡੇ ਸਰੀਰ ਉੱਤੇ ਡੇਰੇ ਲਾ ਕੇ ਰੱਖੇਗੀ। ਪੇਟ ਸਾਫ ਰਹੇਗਾ ਤਾਂ ਤੁਸੀ ਆਪਣੇ ਆਪ ਨੂੰ ਹਲਕਾ ਅਤੇ ਤੰਦਰੁਸਤ ਮਹਿਸੂਸ ਕਰੋਗੇ।ਪੇਟ ਦੀ ਸਫਾਈ ਅਤੇ ਗੰਦਗੀ ਰਹਿਤ ਪੇਟ ਅਤੇ ਨਵੀ ਬਿਮਾਰੀ ਦੀ ਰੋਕਥਾਮ ਕਰੇਗਾ।ਕਈ ਵਾਰੀ ਦੇਖ ਕੇ ਅਜੀਬ ਜਿਹਾ ਲੱਗਦਾ ਹੈ ਕਿ ਇਨਸਾਨ 12-14 ਘੰਟੇ ਕੰਮ ਕਰਦਾ ਹੈ,ਸਰੀਰ ਦਾ ਮਸ਼ੀਨ ਵਾਂਗ ਨਾਸ ਮਾਰ ਦਿੰਦਾ ਹੈ।ਕਿੰਨਾ ਸਮਾਂ ਡਾਕਟਰਾਂ ਦੇ ਚੱਕਰ ਮਾਰ-ਮਾਰ ਕੇ ਸਮਾਂ ਖਰਾਬ ਕਰਦਾ ਹੈ ਪਰ ਰੋਟੀ ਨੂੰ 15 ਮਿੰਟ ਵੀ ਦੇਣੇ ਪਹਾੜ ਵਾਂਗ ਸਮਝਦਾ ਹੈ।ਕਈ ਵਾਰ ਤਾਂ ਦਫਤਰ ਜਾਣ ਦੇ ਚੱਕਰ ਵਿੱਚ ਜਲਦੀ-ਜਲਦੀ ਰੋਟੀ ਤੁਰਦੇ-ਤੁਰਦੇ ਹੀ ਖਾਈ ਜਾਂਦੇ ਹਨ।ਇਸ ਤੋ ਵੱਡਾ ਡਰਾਮਾ ਹੋਰ ਹੋ ਸਕਦਾ ਹੈ? ਚੰਗੇ ਅਫਸਰ ਚੰਗੇ ਪੜੇ-ਲਿਖੇ ਲੋਕ ਵੀ ਸਿਹਤ ਵੱਲ ਆ ਕੇ ਅਨਪੜ ਬਣ ਜਾਂਦੇ ਹਨ।ਪੁਰਾਣੇ ਬਜ਼ੁਰਗ ਅੱਜ ਵੀ ਟਮਾਟਰ ਵਾਂਗ ਲਾਲ ਪਏ ਹਨ।ਹਾਜ਼ਮੇ ਇੰਨੇ ਦਰੁਸਤ ਹਨ ਕਿ ਗੱਲ ਹੀ ਛੱਡੋ,ਪੱਥਰ ਵੀ ਹਜ਼ਮ ਕਰ ਜਾਣ।ਬਜੁਰਗ ਕਿਲੋ-ਕਿਲੋ ਦੇਸੀ ਘਿਉ ਹਜ਼ਮ ਕਰ ਜਾਂਦੇ ਸਨ।ਅੱਜ ਦੇ ਗੱਭਰੂ ਨੂੰ ਇੱਕ ਚਮਚ ਦੇਸੀ ਘੀ ਹੀ ਟੱਟੀਆਂ ਲੱਗਾ ਦਿੰਦਾ ਹੈ।ਕਾਰਨ ਬਜ਼ੁਰਗ ਹੱਡ ਤੋੜਵੀ ਮਿਹਨਤ ਕਰਦੇ ਸਨ।ਅੱਜ-ਕੱਲ ਰੋਟੀ ਖਾ ਕੇ ਕਸਰਤ ਕਰਨੀ ਵੀ ਮੁਸ਼ਕਿਲ ਲੱਗਦੀ ਹੈ।ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਤੁੰਬੇ ਦੀ ਜਵੈਣ ਘਰ ਖੁਦ ਤਿਆਰ ਕਰੋ ਫਿਰ ਵੇਖਣਾ ਤੁੰਬਾ ਵੱਜੇਗਾ ਤਾਂ ਜਵੈਣ ਭੰਗੜਾ ਪਾ ਕੇ ਤੁਹਾਡੇ ਪੇਟ ਦੀ ਗੰਦਗੀ ਸਾਫ ਕਰੇਗੀ ਅਤੇ ਪੇਟ ਹੌਲਾ ਫੁੱਲ ਵਰਗਾ ਹੋ ਜਾਵੇਗਾ।ਕਾਸ਼ ਪੁਰਾਣੇ ਜ਼ਮਾਨੇ ਦੀਆਂ ਕੁੱਝ ਗੱਲਾਂ ਸਾਰੇ ਲੜ ਬੰਨ੍ਹ ਲੈਣ ਅਤੇ ਤੁੰਬੇ ਦੀ ਜਵੈਣ ਦੀ ਵਰਗੀਆਂ ਦੇਸੀ ਦਵਾਈਆਂ ਦਾ ਕਮਾਲ ਆਪਣੇ ਅੱਖੀ ਵੇਖਣ।ਮੈ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦਾ ਹਾਂ।ਕਿ ਸਾਰੇ ਦੇਸੀ ਦਵਾਈਆਂ ਨੁੰ ਪਿਆਰ ਕਰਨ ਤੇ ਨਿਰੋਗ ਰਹਿਣ।
ਚਮਤਕਾਰੀ ਤੁੰਬੇ ਦੀ ਜਵੈਣ:- 1.)ਚਾਰੇ ਜਵੈਣਾਂ 250-250 ਗ੍ਰਾਮ ,ਚਾਰੇ ਨਮਕ 250-250 ਗ੍ਰਾਮ ,ਅੱਕ ਦੇ ਫੁੱਲ ,ਨਿੰਮ ਦੇ ਪੱਤੇ ,ਘੀ ਘੁਮਾਰ ,ਸੰਖ ਨਮੋਲੀ ,ਤ੍ਰਿਫਲਾ ਇਹ ਸਾਰੇ 125-125 ਗ੍ਰਾਮ ,ਪੀਲਾ ਕੌੜ ਤੁੰਮਾ 10 ਕਿਲੋ। ਸਭ ਤੋ ਪਹਿਲਾਂ ਚਾਰੇ ਜਵੈਣਾਂ ਮਿਲਾ ਕੇ ਮਲਮਲ ਦੇ ਕੱਪੜੇ ਵਿੱਚ ਲਪੇਟ ਕੇ ਗਠੜੀ ਜਿਹੀ ਬਣਾ ਲਵੋ।ਹੁਣ ਇਸ ਗਠੜੀ ਨੂੰ ਘੜੇ ਵਿੱਚ ਰੱਖ ਦਿੳੇੁ।ਗਠੜੀ ਦੀ ਗੰਢ ਜ਼ੋਰ ਨਾਲ ਬੰਨੀ ਹੋਵੇ।ਫਿਰ ਕੌੜ ਤੁੰਬੇ ਕੱਟ ਕੇ ਸਾਰੀਆਂ ਚੀਜ਼ਾਂ ਮਿਲਾ ਕੇ ਘੜੇ ਵਿੱਚ ਪਾ ਦਿਉ।ਘੜਾਂ ਪੂਰਾ ਨਹੀ ਭਰਨਾ ਕੁੱਝ ਹਿੱਸਾ ਖਾਲੀ ਰਹੇ।ਸੁਰੱਖਿਅਤ ਥਾਂ ਉੱਤੇ ਘੜਾ ਬੰਦ ਕਰਕੇ ਰੱਖ ਦਿਉ।6-9 ਮਹੀਨੇ ਲੱਗ ਜਾਂਦੇ ਹਨ।ਜਦੋ ਚੰਗੀ ਤਰਾਂ ਸੁੱਕ ਜਾਵੇ ਤਾਂ ਪਾਊਡਰ ਬਣਾ ਕੇ ਰੱਖ ਲਵੋ।ਫਿਰ ਇਸ ਵਿੱਚ ਤ੍ਰਿਕੁਟਾ,ਨੌਸਾਦਰ,ਛੋਟੀ ਇਲਾਚੀ ਬੀਜ 50-50 ਗ੍ਰਾਮ ਕਰਕੇ ਮਿਲਾ ਲਉ।ਮਾਤਰਾ 1 ਤੋ 2 ਗ੍ਰਾਮ ਗਰਮ ਪਾਣੀ ਨਾਲ ਲਉ।ਪੇਟ ਦਰਦ, ਅਫਾਰਾ,ਕਬਜ਼,ਗੈਸ ਜਿਸ ਨੂੰ ਵੱਡੇ-ਵੱਡੇ ਡਾਕਟਰ ਵੀ ਠੀਕ ਨਹੀ ਕਰ ਸਕਦੇ,6-9 ਮਹੀਨੇ ਦੀ ਕੀਤੀ ਮਿਹਨਤ ਦਾ ਜਾਦੂ ਸਿਰ ਚੜਕੇ ਬੋਲੇਗਾ।ਘੋੜੇ ਦਾ ਪੇਟ ਦਰਦ,ਅਫਾਰਾ ਵੀ ਮਿੰਟਾਂ ਵਿੱਚ ਦੂਰ ਕਰ ਦਿੰਦਾ ਹੈ।ਇਸ ਦੀ ਜਿੰਨੀ ਤਾਰੀਫ ਕਰੋ ਘੱਟ ਹੈ।ਬਸ ਸ਼ਰਤ ਇਹ ਹੈ ਮਿਹਨਤ ਕਰ ਲਉ ਬਣਾਉਣ ਲਈ।
2.) ਦੇਸੀ ਜਵੈਣ 250 ਗ੍ਰਾਮ ,ਨਮਕ 50 ਗ੍ਰਾਮ ,ਕੌੜ ਤੁੰਮਾ 1 ਕਿਲੋ ਮਿਲਾ ਕੇ ਘੜੇ ਵਿੱਚ ਪਾ ਕੇ ਰੱਖ ਲਉ।ਜਦੋ ਪਈ-ਪਈ ਸੁੱਕ ਜਾਵੇ ਪੀਹ ਲਉ 2-3 ਗ੍ਰਾਮ ,ਪੇਟ ਦਰਦ,ਅਫਾਰਾ,ਗੈਸ ਠੀਕ ਰਹਿਣਗੇ।
3.)ਇੱਕ ਕਿਲੋ ਜਵੈਣ ਵਿੱਚ ਨਿੰਬੂ ਦਾ ਰਸ ਪਾ ਦਿਉ।ਰਸ ਇੰਨਾ ਪਾਉ ਕਿ ਜਵੈਣ ਨਿੰਬੂ ਦੇ ਰਸ ਵਿੱਚ ਤਰ ਹੋ ਜਾਵੇ।ਇਸ ਵਿੱਚ ਹੀ ਪੰਜ ਤਰਾਂ ਦੇ ਨਮਕ ਪੰਸਾਰੀ ਤੋ ਮਿਲ ਜਾਣਗੇ।ਸਾਰੇ ਨਮਕ 50-50 ਗ੍ਰਾਮ ਕੱਚ ਦੇ ਭਾਂਡੇ ਵਿੱਚ ਪਾ ਕੇ ਧੁੱਪ ਵਿੱਚ ਰੱਖ ਦਿਉ।ਰੋਜ਼ ਧੁੱਪ ਵਿੱਚ ਰੱਖ ਕੇ ਹਿਲਾਉਦੇ ਰਹੋ।ਜਦੋ ਸੁੱਕ ਜਾਵੇ ਤਾਂ ਕੌੜ ਤੁੰਮਾ 50 ਗ੍ਰਾਮ ਬਰੀਕ ਕਰ ਕੇ ਪਾ ਦਿਉ।1-3 ਗ੍ਰਾਮ ਸਵੇਰੇ ਸ਼ਾਮ ਪੇਟ ਦੇ ਹਰ ਰੋਗ ਵਿੱਚ ਕਮਾਲ ਦਾ ਅਸਰ ਵਿਖਾਉਦੀ ਹੈ।
ਬਾਕੀ ਅਗਲੇ ਲੇਖਾਂ ਚ ਜਾਣਕਾਰੀ ਸਾਂਝੀ ਕਰਾਗੇ। ਤੁਹਾਡਾ ਪਿਆਰ,ਸਤਿਕਾਰ,ਆਸ਼ੀਰਵਾਦ ਮਿਲਦਾ ਰਹੇ।ਆਪ ਜੀ ਦੀ ਜਿੰਨੀ ਹੋ ਸਕੇ ਸੇਵਾ ਕਰਦਾ ਰਹਾਂਗਾ ਜੀ।ਆਪਣੀ ਬਹੁਮੁੱਲੀ ਸਿਹਤ ਦਾ ਖਿਆਲ ਰੱਖੋ ਜੀ।

Total Views: 828 ,
Real Estate