ਸੁਖਨੈਬ ਸਿੰਘ ਸਿੱਧੂ
ਵਿਸਾਖੀ ਜਿੱਥੇ ਖਾਲਸੇ ਦਾ ਜਨਮ ਦਿਹਾੜਾ ਅਤੇ ਕਣਕ ਪੱਕਣ ਦੀ ਖੁਸ਼ੀ ਵਿਚ ਮਨਾਈ ਜਾਂਦੀ ਹੈ। ਉੱਥੇ ਅੰਗਰੇਜ ਸਰਕਾਰ ਖਿਲਾਫ ਸ਼ਾਤਮਈ ਅਵਾਜ਼ ਉਠਾਉਣ ਵਾਲੇ ਨਿਰਦੋਸ਼ ਪੰਜਾਬੀਆਂ ਦੇ ਸਮੂਹਿਕ ਕਤਲ ਦੀ ਦੁਨੀਆਂ ਦੇ ਇਤਿਹਾਸ ਵਿਚ ਮਿਸਾਲ ਹੈ। ਇਸ ਘਟਨਾ ਬਾਰੇ ਸੰਖੇਪ ਜਾਣਕਾਰੀ ਦਿੱਤੇ ਬਿਨਾ ਵਿਸਾਖੀ ਦੀ ਗੱਲ ਭਾਰਤੀ ਸ਼ਹੀਦਾਂ ਨੂੰ ਅਣਗੋਲ੍ਹਿਆਂ ਕਰਨ ਬਰਾਬਰ ਹੈ । ਇਤਿਹਾਸ ਦੇ ਖੂਨੀ ਪੱਤਰਿਆਂ ਵਿਚ ਬਰਤਾਨੀਆਂ ਸਰਕਾਰ ਦੇ ਸਰਮਨਾਕ ਜ਼ਬਰ ਦੀ ਕਹਾਣੀ ਦਾ ਇੱਕ ਦੁਖਾਂਤਕ ਕਾਂਡ ਅੰਮ੍ਰਿਤਸਰ ਵਿਚ ਵਾਪਰਿਆ । 6 ਫਰਵਰੀ 1919 ਨੂੰ ਅੰਗਰੇਜ ਦੇ ਅਧੀਨ ਭਾਰਤ ਦੀ ਅੰਸੈਬਲੀ ਵਿਚ ਰੋਲਟ ਐਕਟ ਬਿਲ ਲਿਆਦਾਂ ਗਿਆ ਜਿਹੜਾ 1 ਮਾਰਚ ਨੂੰ ਪਾਸ ਹੋ ਗਿਆ । ਇਸ ਰੋਲਟ ਐਕਟ ਮੁਤਾਬਿਕ ਕਿਸੇ ਵੀ ਭਾਰਤੀ ਨਾਗਰਿਕ ਨੂੰ ਬਿਨਾ ਕਿਸੇ ਪੁੱਛ ਪੜਤਾਲ ਦੇ ਬਗਾਵਤ ਕਰਨ ਦੇ ਜੁਰਮ ਵਿਚ ਕੈਦ ਕੀਤਾ ਜਾ ਸਕਦਾ ਸੀ । ਕੁਝ ਰੌਸ਼ਨ ਦਿਮਾਗ ਭਾਰਤੀਆਂ ਨੇ ਇਸਦਾ ਵਿਰੋਧ ਕਰਨਾ ਸ਼ੁਰੂ ਕੀਤਾ । ਮਹਾਤਮਾ ਗਾਂਧੀ ਵੱਲੋਂ ‘ਸਤਿਆਗ੍ਰਹਿ ਲਹਿਰ’ ਚਲਾਉਣ ਦਾ ਐਲਾਨ ਕੀਤਾ ਗਿਆ । ਰੋਲਟ ਐਕਟ ਦੇ ਵਿਰੋਧ ਵਿਚ 6 ਅਪ੍ਰੈਲ ਨੂੰ ਅੰਮ੍ਰਿਤਸਰ ਵਿਚ ਹੜਤਾਲ ਹੋਈ । 9 ਅਪ੍ਰੈਲ ਨੂੰ ਰਾਮਨੌਮੀ ਵਾਲੇ ਦਿਨ ਇਸਦੇ ਵਿਰੋਧ ਵਿਚ ਜਲੂਸ ਕੱਢਿਆ ਗਿਆ । ਇਸ ਸਮੇਂ ਪੰਜਾਬ ਦਾ ਗਵਰਨਰ ਸਰ ਮਾਈਕਲ ਐਡਵਾਇਰ ਸੀ ਜਿਸਦੀ ਫਿਤਰਤ ਵਿਚ ਪੜ੍ਹੇ ਲਿਖੇ ਭਾਰਤੀਆਂ ਨੂੰ ਘਿਰਣਾ ਕਰਨਾ ਸ਼ਾਮਿਲ ਸੀ ।ਇਸੇ ਦੌਰਾਨ ਅੰਮ੍ਰਿਤਸਰ ਦੇ ਹਰਮਨ ਪਿਆਰੇ ਨੇਤਾ ਡਾ: ਸੈਫੂ ਦੀਨ ਕਿਚਲੂ ਅਤੇ ਸਤਪਾਲ ਨੂੰ ਗ੍ਰਿਫ਼ਤਾਰ ਕਰਕੇ ਧਰਮਸ਼ਾਲਾ ਵਿਚ ਨਜ਼ਰਬੰਦ ਕਰ ਦਿੱਤਾ ਗਿਆ । ਭੜਕੀ ਭੀੜ ਨੇ 10 ਅਪ੍ਰੈਲ ਨੂੰ ਸਰਕਾਰੀ ਇਮਾਰਤਾਂ ਨੂੰ ਅੱਗ ਲਗਾ ਦਿੱਤੀ । ਸ਼ਹਿਰ ਦੇ ਤਾਰ ਅਤੇ ਰੇਲ ਪ੍ਰਬੰਧ ਦੁਨੀਆਂ ਨਾਲੋਂ ਟੁੱਟ ਗਏ । ਹੜਤਾਲ ਦੌਰਾਨ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਤੋਂ ਇਲਾਵਾ ਤਿੰਨ ਅੰਗਰੇਜਾਂ ਦਾ ਕਤਲ ਅਤੇ ਇੱਕ ਔਰਤ ਜ਼ਖਮੀ ਹੋਈ । 11 ਅਪ੍ਰ੍ਰੈਲ ਨੂੰ ਆਪਾਧਾਪੀ ਹੋਣ ਕਾਰਨ ਸ਼ਹਿਰ ਦੇ ਡਿਪਟੀ ਕਮਿਸਨ਼ਰ ਮਾਈਕਲ ਇਰਿਵਿੰਗ ਦਾ ਪ੍ਰਸ਼ਾਨਿਕ ਪ੍ਰਬੰਧ ਇੱਥੋ ਦੇ ਮਾਹੌਲ ਨੂੰ ਸੁਖਾਵਾ ਬਣਾਉਣ ਵਿਚ ਅਸਫਲ ਰਿਹਾ ਤਾਂ ਬ੍ਰਿਗੇਡੀਅਰ ਜਨਰਲ ਡਾਇਰ ਨੇ ਸ਼ਹਿਰ ਦੇ ਕਬਜ਼ਾ ਕਰਕੇ ਛਾਉਣੀ ਵਿਚ ਤਬਦੀਲ ਕਰ ਦਿੱਤਾ । 12 ਅਪ੍ਰੈਲ ਨੂੰ ਸਥਾਨਕ ਲੀਡਰ ਬੱਗਾ ਮੱਲ ਅਤੇ ਮਹਾਸ਼ਾ ਰਤਨ ਚੰਦ ਦੀ ਗ੍ਰਿਫ਼ਤਾਰੀ ਨੇ ਮਾਹੌਲ ਨੂੰ ਹੋਰ ਲਾਬੂ ਲਾ ਦਿੱਤਾ।
ਇਸਦੇ ਵਿਰੋਧ ਵਿਚ 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਇੱਕ ਜਲਸਾ ਕਰਨ ਦਾ ਪ੍ਰੋਗਰਾਮ ਸੀ ਕਿਉਂਕਿ ਸਿੱਖਾਂ ਦਾ ਮਹੱਤਵਪੂਰਨ ਸਥਾਨ ਹੋਣ ਕਰਕੇ ਵਿਸਾਖੀ ਮੇਲੇ ‘ਤੇ ਇਕੱਠੇ ਹੋਏ ਲੋਕਾਂ ਦੀ ਭੀੜ ਵਿਚ ਅੰਗਰੇਜ਼ਾਂ ਦੀਆਂ ਵਧੀਕੀਆਂ ਪ੍ਰਤੀ ਸਨੇਹਾ ਦੇਣ ਦਾ ਵਧੀਆ ਮੌਕਾ ਸੀ। ਵਿਸਾਖੀ ਵਾਲੇ ਦਿਨ ਇਸ ਥਾਂ ਲਗਭਗ 20 ਕੁ ਹਜ਼ਾਰ ਲੋਕਾਂ ਦੀ ਭੀੜ ਜੁੜੀ ਹੋਈ ਸੀ। ਸ੍ਰੀ ਦਰਬਾਰ ਸਾਹਿਬ ਨਜ਼ਦੀਕ ਹੋਣ ਕਾਰਨ ਸਿਆਸਤ ਨਾਲ ਸਾਂਝ ਰੱਖਣ ਤੋਂ ਬਿਨਾ ਮੇਲੇ ਦੀ ਥਕਾਵਟ ਲਾਹੁਣ ਲਈ ਲੋਕੀ ਇੱਥੋ ਆਏ ਹੋਏ ਸਨ । ਸ਼ਾਮ ਨੂੰ ਸੂਰਜ ਛਿਪਣ ਤੋ ਪੰਜ ਕੁ ਮਿੰਟ ਪਹਿਲਾਂ 150 ਕੁ ਹਥਿਆਰਬੰਦ ਸਿਪਾਹੀਆਂ ਦੇ ਦਸਤੇ ਨਾਲ ਜਨਰਲ ਡਾਇਰ ਇੱਥੇ ਆ ਧਮਕਿਆ ਬਿਨਾ ਕੋਈ ਚੇਤਾਵਨੀ ਦਿੱਤਿਆਂ ਉਸਨੇ ਨਿਹੱਥੇ ਭਾਰਤੀਆਂ ਉੱਤੇ ਅੰਨੇਵਾਹ ਗੋਲੀਆਂ ਦੀ ਵਾਛੜ ਕਰਨੀ ਸ਼ੁਰੂ ਕਰ ਦਿੱਤੀ। ਅਵੇਸਲੇ ਬੈਠੇ ਲੋਕਾਂ ਨੂੰ ਜਿੱਧਰ ਥਾਂ ਮਿਲਦੀ ਉਧਰ ਨੂੰ ਭੱਜਦੇ । ਇੱਥੋ ਨਿਕਲਣ ਲਈ ਇੱਕੋ ਤੰਗ ਰਸਤਾ ਸੀ ਇੱਥੇ ਜਨਰਲ ਡਾਇਰ ਮੌਤ ਦਾ ਮੀਹ ਵਰ੍ਹਾ ਸੀ। ਲੋਕੀ ਜਾਨ ਬਚਾਉਣ ਲਈ ਕੰਧਾਂ ਵੱਲ ਭੱਜਦੇ 5 ਤੋਂ 7 ਫੁੱਟ ਉੱਚੀਆਂ ਕੰਧਾਂ ਉੱਤੇ ਇੱਕ ਦੂਜੇ ਤੱੋਂ ਕਾਹਲੇ ਲੋਕੀ ਇਧਰ ਉਧਰ ਹੱਥ ਮਾਰਦੇ ਉਧਰ ਅੰਗਰੇਜ ਸਿਪਾਹੀ ਗੋਲੀਆਂ ਨਾਲ ਅੰਨਾਧੁੰਦ ਫਾਇਰਿੰਗ ਕਰ ਰਹੇ ਸਨ । ਜਾਨ ਬਚਾਉਣ ਲਈ ਕੁਝ ਲੋਕਾਂ ਨੇ ਇੱਥੇ ਬਣੇ ਖੂਹ ਵਿਚ ਛਾਲਾਂ ਮਾਰ ਦਿੱਤੀਆਂ ।
ਇਸ ਖੂਨੀ ਹੋਲੀ ਵਿਚ ਬਚ ਕੇ ਨਿਕਲਣ ਵਾਲਿਆਂ ਮੁਤਾਬਿਕ ਇਹ ਗੋਲੀ ਕਾਂਡ 15 ਕੁ ਮਿੰਟ ਮਸਾਂ ਚੱਲਿਆ ਜਦੋ ਕਿ ਜਨਰਲ ਡਾਇਰ ਮੁਤਾਬਿਕ ਉਸਨੇ 10 ਮਿੰਟਾਂ ਵਿਚ ਇਸ ਘਟਨਾਂ ਨੂੰ ਅੰਜ਼ਾਮ ਦਿੱਤਾ । ਇਸ ਹੱਿਤਆ ਕਾਂਡ ਵਿਚ 337 ਆਦਮੀ ,41 ਮੁੰਡੇ ਅਤੇ ਇੱਕ ਸੱਤ ਹਫਤਿਆਂ ਬੱਚਾ ਨਿਹੱਥੇ ਸ਼ਹੀਦਾਂ ਵਿਚ ਸ਼ਾਮਿਲ ਸੀ । ਜਦਕਿ 1500 ਦੇ ਕਰੀਬ ਜ਼ਖਮੀ ਭਾਰਤੀਆਂ ਨੂੰ ਜਿੰਦਗੀ ਅਤੇ ਮੌਤ ਦੀ ਕਿਸ਼ਤੀ ਵਿਚ ਸਵਾਰ ਹੋਣਾ ਪਿਆ । ਡਾਇਰ ਆਖਦਾ ਸੀ ਮੈਂ ਇੱਕ ਵਿਦਰੋਹ ਨੂੰ ਖਤਮ ਕਰ ਦਿੱਤਾ ਹੈ ।ਅਸਲ ਵਿਚ ਕੌਮੀ ਪ੍ਰਵਾਨਿਆਂ ਅੰਦਰ ਕ੍ਰਾਂਤੀਬੀਜ਼ ਇਸ ਖੂਨੀ ਧਰਤੀ ਕਾਰਨ ਹੀ ਰੁੱਖ ਬਣੇ ਜਿਸਦੀ ਮਿਸਾਲ ਸ਼ਹੀਦ ਊਧਮ ਸਿੰਘ ਅਤੇ ਸ਼ਹੀਦ ਭਗਤ ਸਿੰਘ ਤੋਂ ਮਿਲਦੀ ਹੈ।