ਵਿਸਾਖੀ : ਸਿੱਖ ਇਤਿਹਾਸ ਦਾ ਸੁਨਹਿਰੀ ਪੰਨਾ

ਵਿਸਾਖੀ ਇੱਕ ਤਵਾਰੀਖੀ ਦਿਹਾੜਾ
ਸੁੱਤੀ ਕੌਮ ਦੀ ਗੈਰਤ ਨੂੰ ਵੰਗਾਰਣ ਦਾ ਦਿਨ ਵਿਸਾਖੀ
ਸੁਖਨੈਬ ਸਿੰਘ ਸਿੱਧੂ
ਜਦੋਂ ਹਿੰਦੋਸਤਾਨ ਦੇ ਰਾਜਨੀਤਕ , ਸਮਾਜਿਕ ਅਤੇ ਆਰਥਿਕ ਖੇਤਰਾਂ ਦੀ ਹਾਲਤ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੀ ਸੀ । ਇੱਥੇ ਰਾਜ ਕਰਨ ਵਾਲੇ ਰਾਜੇ ਮਹਾਰਾਜੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਦੇਸ਼ ਵਿਰੋਧੀ ਤਾਕਤਾਂ ਨਾਲ ਰਲ ਕੇ ਨਿੱਜੀ ਹਿੱਤਾਂ ਖਾਤਰ ਹਿੰਦੋਸਤਾਨ ਦੇ ਮਾਣ ਸਨਮਾਨ ਦਾ ਸੌਦਾ ਕਰ ਰਹੇ ਸਨ ਅਤੇ ਉਸ ਵੇਲੇ ਲੋਕਾਂ ਨੂੰ ਮਾਨਸਿਕ ਤੌਰ ਤੇ ਮਜਬੂਤ ਕਰਨ ਵਾਲੀਆਂ ਧਾਰਮਿਕ ਸ਼ਖਸੀਅਤਾਂ ਖੁਦ ਬੇਵਸੀ ਦਾ ਸਿ਼ਕਾਰ ਮਹਿਸੂਸ ਕਰ ਰਹੀਆਂ ਸਨ । ਇਨ੍ਹਾਂ ਹਾਲਤਾਂ ਵਿਚ ਸਦੀਆਂ ਤੋਂ ਗੁਲਾਮੀ ਦਾ ਜੀਵਨ ਜਿਊਂਦੇ ਭਾਰਤੀਆਂ ਨੂੰ ਸਵੈਮਾਨ ਨਾਲ ਜੀਣ ਦਾ ਸਨੇਹਾ ਦੇਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਰਾਇ ਭੋਇ ਦੀ ਤਲਵੰਡੀ (ਨਨਕਾਣਾ ਸਾਹਿਬ ) ਵਿਖੇ ਹੋਇਆ । ਜਿੰਨ੍ਹਾਂ ਨੇ ਸਾਰਾ ਜੀਵਨ ਦੁਨੀਆਂ ਦੇ ਵੱਖ ਵੱਖ ਖੇਤਰਾਂ ਵਿਚ ਜਾ ਕੇ ਮਨੁੱਖਤਾ ਦੇ ਸਿਧਾਂਤ ਨੂੰ ਲੋਕਾਂ ਸਾਹਮਣੇ ਰੱਖਿਆ । ਉਨ੍ਹਾਂ ਨੇ ਆਪਣੇ ਜੀਵਨ ਵਿਚ ਚਾਰ ਉਦਾਸੀਆਂ (ਯਾਤਰਾਵਾਂ ) ਕਰਕੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕੀਤਾ ।ਉਨ੍ਹਾਂ ਦੇ ਦਿੱਤੇ ਹੋਏ ਸਿਧਾਂਤ ਨੂੰ ਪ੍ਰਪੱਕ ਕਰਨ ਲਈ ਉਨ੍ਹਾਂ ਤੋਂ ਬਾਅਦ ਹੋਏ 9 ਗੁਰੂਆਂ ਨੇ ਵੀ ਸਮੇਂ ਸਮੇਂ ਜੁਲਮ ਨਾਲ ਟੱਕਰ ਲੈਂਦੇ ਹੋਏ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਇੱਕ ਇਤਿਹਾਸਕ ਪਰਿਵਰਤਨ ਦਾ ਮੁੱਢ ਬੰਨਿਆ । ਇਸ ਪਰਿਵਰਤਨ ਦਾ ਸਿਖਰ ਉਸ ਵੇਲੇ ਸਾਹਮਣੇ ਆਇਆ ਜਦੋਂ ਸਿੱਖਾਂ ਦੇ ਦਸਵੇ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਨੇ 1699 ਨੂੰ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਿਰਜਨਾ ਦਾ ਕੌਤਿਕ ਵਰਤਾਇਆ । ਉਨ੍ਹਾਂ ਵੱਲੋਂ ਦੱਬੇ ਕੁਚਲੇ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਲੋਕਾਂ ਵਿਚ ਨਵੀਂ ਉਰਜਾ ਦਾ ਸੰਚਾਰ ਕਰਕੇ ਚਿੜੀਆਂ ਨੂੰ ਬਾਜਾਂ਼ ਦਾ ਮੁਕਾਬਲਾ ਕਰਨ ਲਈ ਸਿਰਲੱਥ ਯੋਧੇ ਬਣਾਇਆ । ਸਮੇ ਸਮੇਂ ਸਿੱਖ ਗੁਰੂ ਸਾਹਿਬਾਨ ਨੇ ਮੁਗਲ ਹਕੂਮਤਾਂ ਦੀਆਂ ਮਨਮਾਨੀਆ ਖਿਲਾਫ ਆਵਾਜ਼ ਉਠਾਉਣ ਦੀ ਜੁ਼ਰਤ ਕੀਤੀ । ਉਸ ਵੇਲੇ ਦੇ ਹੁਕਮਰਾਨਾਂ ਦੇ ਤਾਨਾਸ਼ਾਹੀ ਰੱਵਈਏ ਦਾ ਵਿਰੋਧ ਕਰਦੇ ਹੋਏ ਗੁਰੂ ਸਾਹਿਬਾਨ ਨੇ ਮਿਹਨਤ ਦੀ ਰੋਟੀ ਕਮਾਉਣ ਅਤੇ ਸੱਚ ਦੇ ਮਾਰਗ ਤੇ ਚੱਲਣ ਵਾਲੇ ਨੇਕ ਆਚਰਨ ਵਾਲੇ ਵਿਅਕਤੀਆਂ ਨੂੰ ਹਮੇਸ਼ਾ ਪਹਿਲ ਦੇ ਅਧਾਰ ਤੇ ਗਲ ਨਾਲ ਲਾਇਆ । ਸਿੱਖ ਪੰਥ ਸਾਂਝੀਵਾਲਤਾ , ਏਕਤਾ, ਅਖੰਡਤਾ, ਨਿਡਰਤਾ, ਨਿਮਰਤਾ , ਭਾਈਚਾਰਕ ਸਾਂਝ ਅਤੇ ਇਮਾਨ ਦੀਆਂ ਨੀਹਾਂ ਉੱਪਰ ਉਸਰਿਆਂ ਹੋਇਆ ਖੁਬਸੂਰਤ ਅਤੇ ਮਜਬੂਤ ਮਹੱਲ ਹੈ । ਜਿਸਨੂੰ ਉਸਾਰਨ ਲਈ ਅਣਗਣਿਤ ਕੁਰਬਾਨੀਆਂ ਕਰਨੀਆਂ ਪਈਆਂ ਜਿਸਦੀਆਂ ਮਿਸਾਲਾਂ ਦੁਨੀਆਂ ਦੇ ਕਿਸੇ ਹੋਰ ਇਤਿਹਾਸ ਵਿਚ ਨਹੀਂ ਮਿਲਣਗੀਆਂ । ਕਸ਼ਮੀਰੀ ਪੰਡਤਾਂ ਉਪਰ ਹੋ ਰਹੇ ਅਤਿਆਚਾਰਾਂ ਦੇ ਵਿਰੁੱਧ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਰਗਾ ਸਬੂਤ ਹੋਰ ਕਿੱਧਰੇ ਨਹੀਂ ਮਿਲਦਾ । ਭਾਵੇਂ ਕਿ ਗੁਰੂ ਸਾਹਿਬ ਦਾ ਹਿੰਦੂ ਧਰਮ ਵਿਚ ਕੋਈ ਵਿਸ਼ਵਾਸ਼ ਨਹੀਂ ਪਰ ਉਨ੍ਹਾਂ ਨੇ ਧਾਰਮਿਕ ਆਜਾਦੀ ਲਈ ਸ਼ਹਾਦਤ ਦੇਣ ਲੱਗੇ ਮੂੰਹ ਨਹੀਂ ਮੋੜਿਆ । ਸਾਰੇ ਸਿੱਖ ਗੁਰੂ ਸਾਹਿਬਾਨ ਦਾ ਸਮੁੱਚਾ ਜੀਵਨ ਸਮਾਜਿਕ ਕਦਰਾਂ ਕੀਮਤਾਂ ਦੀ ਬਹਾਲੀ ਅਤੇ ਸਮਾਨਤਾ ਦੇ ਸਿਧਾਂਤ ਨਾਲ ਜੁੜਿਆ ਹੋਇਆ ਹੈ । ਧਾੜਵੀਆਂ ਦੇ ਹਮਲਿਆਂ ਨੇ ਭਾਰਤੀਆਂ ਦੇ ਦਿਲਾਂ ਵਿਚ ਖੌਫ ਭਰ ਦਿੱਤਾ ਸੀ । ਜਦੋਂ ਵੀ ਕੋਈ ਧਾੜਵੀ ਹਿੰਦੋਸਤਾਨ ਤੇ ਹਮਲਾ ਕਰਦਾ ਤਾਂ ਮਣਾਂ ਮੂੰਹੀ ਦੌਲਤ ਦੇ ਨਾਲ ਨਾਲ ਇੱਥੋਂ ਦੀਆਂ ਸੁਨੱਖੀਆਂ ਔਰਤਾਂ ਅਤੇ ਮਰਦਾਂ ਨੂੰ ਗੁਲਾਮ ਬਣਾ ਕੇ ਨਾਲ ਲੈ ਜਾਂਦਾ । ਹਮਲਾਵਰਾਂ ਦੇ ਇਸ ਤਾਣੇ ਬਾਣੇ ਨੂੰ ਤੋੜਣ ਲਈ ਖਾਲਸਾ ਪੰਥ ਦੀਆਂ ਕੁਰਬਾਨੀਆਂ ਦਾ ਇਤਿਹਾਸ ਵਿਚ ਸਦਾ ਸਤਿਕਾਰਯੋਗ ਸਥਾਨ ਰਹੇਗਾ ।
ਇਤਿਹਾਸਕ ਅਤੇ ਧਾਰਮਿਕ ਪੱਖ
ਏਸ਼ੀਆਂ ਦੇ ਮੰਨੇ ਪ੍ਰਮੰਨੇ ਜਰਨੈਲ ਅਹਿਮਦ ਸ਼ਾਹ ਅਬਦਾਲੀ ਨੂੰ ਨੱਥ ਪਾਉਣ ਦੀ ਹਿੰਮਤ ਖਾਲਸਾ ਪੰਥ ਦੇ ਕੁਝ ਸਿੰਘਾਂ ਨੇ ਕੀਤੀ ਸੀ । ਸਿੱਖ ਪੰਥ ਨੂੰ ਇੱਕ ਵੱਖਰੀ ਪਛਾਣ ਦੇਣ ਲਈ 1699 ਈ ਦੇ ਵਿਸਾਖੀ ਵਾਲੇ ਦਿਨ ਆਨੰਦਪੁਰ ਸਾਹਿਬ ਵਿਖੇ ਬਹੁਤ ਭਾਰੀ ਇਕੱਠ ਹੋਇਆ । ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਹਜ਼ਾਰਾਂ ਦੀ ਗਿਣਤੀ ਵਿਚ ਵਿਸਾਖੀ ਮੌਕੇ ਇਕੱਠੇ ਹੋਏ ਆਪਣੇ ਸਿੱਖਾਂ, ਮੁਰੀਦਾਂ ਅਤੇ ਵਿਸਾਖੀ ਦੇ ਮੇਲੇ ਦਾ ਆਨੰਦ ਮਾਣਨ ਆਏ ਲੋਕਾਂ ਦੀ ਭੀੜ ਨੂੰ ਸੰਬੋਧਨ ਕਰਦੇ ਹੋਏ ਸਾਰੇ ਇਕੱਠ ਵਿਚੋਂ ਵਾਰੀ ਵਾਰੀ ਪੰਜ ਸਿਰਾਂ ਦੀ ਮੰਗ ਕੀਤੀ । ਇਸ ਦੀ ਪੂਰਤੀ ਹਿੱਤ ਗੁਰੂ ਜੀ ਤੋਂ ਜਾਨ ਕੁਰਬਾਨ ਕਰਨ ਲਈ ਇੱਛਾ ਰੱਖਣ ਵਾਲੇ ਸਿੱਖ ਗੁਰੂ ਸਾਹਿਬ ਦੇ ਸਨਮੁੱਖ ਪੇਸ਼ ਹੋਏ । ਇਤਿਹਾਸਕਾਰ ਦੱਸਦੇ ਹਨ ਕਿ ਗੁਰੂ ਸਾਹਿਬ ਇੱਕ ਸਿੱਖ ਨੂੰ ਤੰਬੂ ਵਿਚ ਲਿਜਾਂਦੇ ਅਤੇ ਲਹੂ ਭਿੱਜੀ ਤਲਵਾਰ ਲੈ ਕੇ ਬਾਹਰ ਆਉਂਦੇ । ਇੱਕ ਮਗਰੋਂ ਇੱਕ ਪੰਜ ਸਿੱਖਾਂ ਨੇ ਆਪਣੇ ਸੀਸ ਗੁਰੂ ਨੂੰ ਅਰਪਿਤ ਕਰਨ ਲਈ ਆਪਣੇ ਆਪ ਨੂੰ ਧੰਨਭਾਗ ਸਮਝਿਆ । ਅਲੱਗ ਅਲੱਗ ਜ਼ਾਤਾਂ ਅਤੇ ਮਜਹਬਾਂ ਨਾਲ ਸਬੰਧ ਰੱਖਣ ਵਾਲੇ ਭਾਈ ਦਿਯਾ ਸਿੰਘ, ਭਾਈ ਹਿੰਮਤ ਸਿੰਘ ,ਭਾਈ ਮੋਹਕਮ ਸਿੰਘ ,ਭਾਈ ਹਿੰਮਤ ਸਿੰਘ ਅਤੇ ਭਾਈ ਧਰਮ ਸਿੰਘ ਪਹਿਲੇ ਖਾਲਸੇ ਬਣੇ ਜਿੰਨ੍ਹਾ ਨੂੰ ਸਿੱਖ ਪੰਥ ਵਿਚ ‘ਪੰਜ ਪਿਆਰਿਆਂ’ ਦੇ ਨਾਂਮ ਸਤਿਕਾਰਿਆਂ ਜਾਂਦਾ ਹੈ। ਜਾਤ ਪਾਤ ਦੇ ਭੇਦ ਭਾਵ ਖਤਮ ਕਰਨ ਵਾਲੀ ਇਹ ਸਮਾਜਿਕ ਸਮਾਨਤਾ ਦੀ ਇਤਿਹਾਸਕ ਮਿਸਾਲ ਹੈ । ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਮਗਰੋਂ ਖੁਦ ਗੁਰੂ ਗੋਬਿੰਦ ਰਾਏ ਜੀ ਸਿੰਘਾਂ ਤੋਂ ਅੰਮ੍ਰਿਤ ਛੱਕ ਕੇ ਸਿੰਘ ਸਜੇ ਅਤੇ ‘ਆਪੇ ਗੁਰ ਚੇਲਾ’ ਦੀ ਰੀਤ ਤੋਰੀ । ਇਸ ਦਿਨ ਤੋਂ ਮਗਰੋਂ ਹਰ ਸਾਲ ਖਾਲਸਾ ਪੰਥ ਵੱਲੋਂ ਆਪਣਾ ਅਵਤਾਰ ਦਿਹਾੜਾ ਮਨਾਇਆ ਜਾਂਦਾ ਹੈ। ਇਸ ਵਾਰ 309ਵਾਂ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ । ਸਿੱਖੀ ਤੋਂ ਬੇਮੁੱਖ ਹੋ ਰਹੀ ਨੌਜਵਾਨ ਪੀੜੀ ਨੂੰ ਆਪਣੇ ਵਿਰਸੇ ਅਤੇ ਵਿਰਾਸਤ ਨਾਲ ਜੋੜਣ ਲਈ ਵਿਦੇਸ਼ਾਂ ਵਿਚ ਕਈ ਉਪਰਾਲੇ ਕੀਤੇ ਜਾਂਦੇ ਹਨ । ਵਿਦੇਸ਼ਾਂ ਵਿਚ ਰਹਿੰਦੀ ਸਿੱਖ ਸੰਗਤ ਵੱਲੋਂ ਇਸ ਸਾਲ ਵਿਸਾਖੀ ਵਾਲੇ ਦਿਨ ‘ਪੰਜਵਾਂ ਦਸਤਾਰ ਦਿਵਸ’ ਮਨਾਇਆ ਜਾ ਰਿਹਾ ਹੈ । ਇਸ ਮੌਕੇ ਪੱਗ ਬੰਨਣ ਦੇ ਮੁਕਾਬਲੇ ਕਰਵਾਏ ਜਾਂਦੇ ਹਨ ।
ਸਿੱਖ ਧਰਮ ਵਿਚ ਆਨੰਦਪੁਰ ਦਾ ਹੋਲਾ ਮੁਹੱਲਾ, ਮੁਕਤਸਰ ਦੀ ਮਾਘੀ ,ਅੰਮ੍ਰਿਤਸਰ ਦੀ ਦਿਵਾਲੀ ਅਤੇ ਦਮਦਮਾ ਸਾਹਿਬ ਦੀ ਵਿਸਾਖੀ ਦੀ ਵਿਸੇ਼ਸ਼ ਮਹੱਤਤਾ ਹੈ। ਭਾਵੇ ਵਿਸਾਖੀ ਦਾ ਸਬੰਧ ਕਣਕ ਪੱਕਣ ਨਾਲ ਹੈ । ਜਨਵਰੀ ਦੇ ਦੂਜੇ ਹਫਤੇ ਆਉਣ ਵਾਲੇ ਮਾਘੀ ਦੇ ਤਿਓਹਾਰ ਮਗਰੋਂ ਸਭ ਤੋਂ ਹਰਮਨ ਪਿਆਰਾ ਦਿਹਾੜਾ ਵਿਸਾਖੀ ਦਾ ਹੈ। 1699 ਦੀ ਵਿਸਾਖੀ ਤੋਂ ਮਗਰੋਂ ਸਿੱਖ ਪੰਥ ਇਸ ਦਿਨ ਖਾਲਸਾ ਸਾਜਨਾ ਦਿਵਸ ਵਜੋਂ ਮਨਾਉਂਦਾ ਆ ਰਿਹਾ ਹੈ। ਸਰਦ ਰੁੱਤ ਦੇ ਖਾਤਮੇ ਅਤੇ ਗਰਮੀਆਂ ਦੀ ਆਮਦ ਵਿਚ ਵਿਸਾਖੀ ਦਾ ਤਿਓਹਾਰ ਜਿੱਥੇ ਪਹਿਲਾਂ ਕਣਕਾਂ ਪੱਕਣ ਨਾਲ ਖੁਸ਼ੀ ਵਿਚ ਮਨਾਇਆ ਜਾਂਦਾ ਸੀ । ਉਥੇ ਹੁਣ ਆਪਣੀ ਇਸ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਕਾਰਨ ਵੀ ਦਿਨੋਂ ਦਿਨ ਲੋਕਪ੍ਰਿਯ ਹੋ ਰਿਹਾ ਹੈ। ਤਕਨੀਕੀ ਤਰੱਕੀ ਅਤੇ ਮੌਸਮ ਬਦਲਣ ਨਾਲ ਹਾੜ੍ਹੀ ਦੀ ਫਸਲ ਹੁਣ ਜਿ਼ਆਦਾਤਰ ਪਹਿਲਾਂ ਹੀ ਪੱਕ ਜਾਂਦੀ ਹੈ। ਪਿਛਲੇ ਦਹਾਕਿਆਂ ਵਿਚ ਖੇਤਾਂ ਵਿਚ ਨਰਮਾ ਕਪਾਹ ਦੀ ਖੇਤੀ ਜਿਆਦਾ ਹੁੰਦੀ ਸੀ। ਦਸੰਬਰ ਵਿਚ ਨਰਮਾ ਕਪਾਹ ਪੱਟਣ ਤੋਂ ਮਗਰੋਂ ਕਣਕ ਦੀ ਬਿਜਾਈ ਹੁੰਦੀ ਸੀ ਇਹ ਫਸਲ ਲਗਭਗ ਅੱਧੇ ਅ੍ਰਪੈਲ ਤੋਂ ਮਗਰੋਂ ਹੀ ਪੱਕਦੀ ਸੀ । ਪੰ੍ਰਤੂ ਖੇਤਾਂ ਵਿਚ ਝੋਨੇ ਦੀ ਕਾਸ਼ਤ ਕਾਰਨ ਖੇਤ ਛੇਤੀ ਖਾਲੀ ਹੋ ਜਾਂਦੇ ਹਨ ਅਤੇ ਕਣਕ ਦੀ ਬਿਜਾਈ ਨਵੰਬਰ ਵਿਚ ਹੋ ਕੇ ਅਪ੍ਰੈਲ ਦੇ ਪਹਿਲੇ ਹਫਤੇ ਕੱਟਣਯੋਗ ਹੋ ਜਾਂਦੀ ਹੈ। ਇਸ ਲਈ ਖੇਤੀ ਸੈਕਟਰ ਨਾਲ ਜੁੜੇ ਮੇਲੇ ਸੌਕੀਨਾਂ ਲਈ ਮੇਲੇ ਦਾ ਆਨੰਦ ਮਾਨਣ ਲਈ ਆਪਣਾ ਕੰਮ ਬਹੁਤਾ ਨਹੀਂ ਛੱਡਣਾ ਪੈਂਦਾ । ਹੁਣ ਦੋ ਚਾਰ ਘੰਟਿਆਂ ‘ਚ ਹੀ ਮੇਲੀ ਬਣਕੇ ਮੇਲੇ ਦਾ ਆਨੰਦ ਜਾ ਸਕਦਾ ਹੈ। ਸਰਕਸ ,ਰਾਜਨੀਤਕ ਕਾਨਫਰੰਸ, ਤਰਕਸ਼ੀਲਾਂ ਦੇ ਨਾਟਕ , ਢਾਡੀ ਜੱਥਿਆਂ ਵੱਲੋਂ ਸਿੱਖੀ ਦਾ ਪ੍ਰਚਾਰ ,ਘੋੜ ਦੌੜਾਂ ,ਰਵਾਇਤੀ ਪੁਸ਼ਾਕ ਵਿਚ ਨਿਹੰਗ ਸਿੰਘ ਅਤੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦਾ ਇਕੱਠ ਇਹ ਸਭ ਹੁੰਦਾ ਹੈ ਦਮਦਮਾ ਸਾਹਿਬ ਦੀ ਵਿਸਾਖੀ ਵਿਚ , ਭੀੜ ਐਨੀ ਕਿ ਜੇ ਸਾਥੀ ਦੀ ਬਾਂਹ ਛੁੱਟ ਗਈ ਤਾਂ ਮੁੜ ਕੇ ਰੱਬ ਆਸਰੇ ਹੀ ਮਿਲਦਾ ਹੈ ।
ਬਠਿੰਡਾ ਜਿ਼ਲ੍ਹਾ ਦਾ ਤਲਵੰਡੀ ਸਾਬੋ ਉਹ ਨਗਰ ਹੈ ਜਿਸਨੂੰ ਸਿੱਖ ਸਰਧਾਲੂ ‘ਦਮਦਮਾ ਸਾਹਿਬ’ ਅਤੇ ‘ਗੁਰੂ ਕੀ ਕਾਸ਼ੀ’ ਦੇ ਨਾਂਮ ਨਾਲ ਜਾਣਦੇ ਹਨ। ਬੇਸੱ਼ਕ 13 ਅਪ੍ਰੈਲ ਨੂੰ ਥਾਂ ਥਾਂ ਮੇਲੇ ਲੰਘਦੇ ਹਨ ਪਰੰਤੂ ਦਮਦਮਾ ਸਾਹਬ ਦੀ ਵਿਸਾਖੀ ਦਾ ਆਨੰਦ ਕੁਝ ਹੋਰ ਹੀ ਹੈ। ਇਸ ਪਵਿੱਤਰ ਨਗਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ। ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਮਗਰੋਂ ਮੁਕਤਸਰ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਨੇ ਇੱਥੇ ਆ ਕੇ ਆਪਣਾ ਜੰਗੀ ਕਮਰਕੱਸਾ ਖੋਲਿਆ ਅਤੇ ਕਈ ਮਹੀਨੇ ਲਗਾਤਾਰ ਅਰਾਮ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ।ਉਸ ਮਗਰੋਂ ਤਲਵੰਡੀ ਸਾਬੋ ਕੀ ਨੂੰ ‘ਦਮਦਮਾ ਸਾਹਿਬ’ ਦੇ ਨਾਮ ਨਾਲ ਜਾਣਿਆ ਜਾਣ ਲੱਗਾ ਹੈ । ਸਿੱਖਾਂ ਦੇ ਪੰਜਵੇ ਤਖਤ ਵਜੋਂ ਪ੍ਰਸਿੱਧ ਇਸ ਸਥਾਨ ਉਪਰ ਗੁਰੂ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ ਬੀੜ ਸੰਪੂਰਨ ਕਰਵਾਈ । 1704-05ਈਸਵੀ ਦੇ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਦੁਆਰਾ ਲਿਖੀ ਬੀੜ ( ਇਹ ਬੀੜ ਕਰਤਾਰਪੁਰ ਵਾਲੀ ਕਰਕੇ ਪ੍ਰਸਿੱਧ ਹੈ ) ਲੈਣ ਲਈ ਧੀਰ ਮੱਲੀਆਂ ਕੋਲ ਆਪਣੇ ਸਿੰਘ ਭੇਜੇ ਤਾਂ ਉਹਨਾਂ ਬੀੜ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬ ਖੁਦ ਕਿਉਂ ਨਹੀਂ ਨਵੀਂ ਬੀੜ ਤਿਆਰ ਕਰ ਲੈਂਦੇ । ਜਿ਼ਕਰਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀ ਉਹ ਦਿੱਲੀ ਦੇ ਚਾਂਦਨੀ ਚੋਂਕ ਵਿਚ ਨੌਵੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦਾ ਪਵਿੱਤਰ ਸੀਸ ਅਤੇ ਇਹ ਸ਼ਲੋਕ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ) ਲੈ ਕੇ ਆਏ ਸਨ । ਇਸ ਮਗਰੋਂ ਗੁਰੂ ਸਾਹਿਬ ਨੇ ਇਥੇ ਇੱਕ ਤੰਬੂ ਲਗਾ ਕੇ ਬਾਣੀ ਉਚਾਰ ਕੇ ਭਾਈ ਮਨੀ ਸਿੰਘ ਪਾਸੋਂ ਸ੍ਰੀ ਗ੍ਰੁਰੂ ਗ੍ਰੰਥ ਸਾਹਿਬ ਸੰਪੂਰਨ ਕਰਵਾਇਆ ਸੀ । ਭਾਈ ਮਨੀ ਸਿੰਘ ਦੇ ਨਾਲ ਬਾਬਾ ਦੀਪ ਸਿੰਘ ਵੀ ਉਹਨਾਂ ਦਾ ਸਹਿਯੋਗ ਦੇ ਰਹੇ ਸਨ । ਇਸ ਦੌਰਾਨ ਗੁਰੂ ਸਾਹਿਬ ਕਲਮਾਂ ਅਤੇ ਸਿ਼ਆਹੀ ਇੱਥੇ ਸਰੋਵਰ ਵਿਚ ਪਾਉਂਦੇ ਇਸ ਸਥਾਨ ਨੂੰ ‘ਗੁਰੂ ਕੀ ਕਾਸ਼ੀ’ ਦਾ ਵਰਦਾਨ ਦਿੱਤਾ । ਇੱਥੇ ਹੁਣ ਗੁਰਦੁਆਰਾ ਲਿਖਣ ਸਰ ਸਾਹਿਬ ਸਸੋਬਤ ਹੈ। ਇਸ ਨਗਰ ਦੇ ਚੌਧਰੀ ਅਤੇ ਗੁਰੂ ਸਾਹਿਬ ਦੇ ਸੇਵਕ ਭਾਈ ਡੱਲਾ ਨੂੰ ਆਪਣੇ ਗੱਭਰੂਆਂ ਉੱਤੇ ਬਹੁਤ ਮਾਣ ਸੀ । ਉਸਦਾ ਵਿਚਾਰ ਸੀ ਕਿ ਜੇਕਰ ਉਸਦੇ ਜੁਆਨ ਗੁਰੂ ਸਾਹਿਬ ਦੇ ਨਾਲ ਹੁੰਦੇ ਤਾਂ ਉਨ੍ਹਾਂ ਦੇ ਸਿੰਘ ਅਤੇ ਸ਼ਾਹਿਬਜਾਦੇ ਸ਼ਹੀਦ ਨਹੀਂ ਹੋਣੇ ਸਨ । ਗੁਰੂ ਜੀ ਨੇ ਭਾਈ ਡੱਲਾ ਨੂੰ ਸਮਝਾਉਣ ਖਾਤਿਰ ਇੱਕ ਦਿਨ ਲਾਹੌਰ ਦੀ ਸੰਗਤ ਵੱਲੋਂ ਭੇਟਾ ਕੀਤੀ ਬੰਦੂਕ ਦਾ ਨਿਸ਼ਾਨਾ ਪਰਖਣ ਲਈ ਡੱਲੇ ਨੂੰ ਕਿਹਾ, “ ਕੋਈ ਗੱਭਰੂ ਲਿਆਓ ਅਸੀਂ ਬੰਦੂਕ ਦਾ ਨਿਸਾ਼ਨਾ ਪਰਖਣਾ ਹੈ ।” ਭਾਈ ਡੱਲੇ ਦੇ ਕਹਿਣ ‘ਤੇ ਕੋਈ ਜਵਾਨ ਅਣਆਈ ਮੌਤੇ ਮਰਨ ਲਈ ਤਿਆਰ ਨਾ ਹੋਇਆ ਅਤੇ ਨਾ ਹੀ ਭਾਈ ਡੱਲਾ ਆਪ ਬੰਦੂਕ ਮੂਹਰੇ ਆ ਕੇ ਬਲੀਦਾਨ ਦੇਣ ਦੀ ਹਿੰਮਤ ਕਰ ਸਕਿਆ । ਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਸਨੇਹਾ ਭੇਜਿਆ ਤਾਂ ਦੋ ਸਿੰਘ ਭਾਈ ਵੀਰ ਸਿੰਘ ਅਤੇ ਧੀਰ ਸਿੰਘ ਦਸਤਾਰ ਸਜਾਉਂਦੇ ਹੋਏ ਗੁਰੂ ਸਾਹਿਬ ਦੀ ਜੀ ਬੰਦੂਕ ਅੱਗੇ ਆਉਣ ਲਈ ਉਤਾਵਲੇ ਸਨ । ਇਸ ਕਰਾਮਾਤ ਨੂੰ ਦੇਖ ਕੇ ਭਾਈ ਡੱਲਾ ਨੂੰ ਅਹਿਸਾਸ ਹੋਇਆ ਕਿ ਕੁਰਬਾਨੀ ਕਰਨ ਦਾ ਜਿਗਰਾ ਗੁਰੂ ਦਾ ਸਿੰਘ ਹੀ ਕਰ ਸਕਦਾ ਹੈ। ਇਸ ਮਗਰੋਂ ਭਾਈ ਡੱਲਾ ਅਮਿੰ੍ਰਤ ਦੀ ਦਾਤ ਲੈ ਕੇ ਸਿੰਘ ਸਜ ਕੇ ਬੇਖੋਫ ਹੋ ਕੇ ਸਿੱਖੀ ਸਿਧਾਤਾਂ ਦਾ ਪ੍ਰਚਾਰ ਅਤੇ ਪ੍ਰਸਾਰ ਕਰਦਾ ਰਿਹਾ । ਜਦੋਂ ਗੁਰੂ ਸਾਹਿਬ ਸਿੱਖੀ ਪ੍ਰਚਾਰ ਲਈ ਦੱਖਣ ਵੱਲ ਜਾਣ ਲੱਗੇ ਤਾਂ ਇਸ ਸਥਾਨ ਦੀ ਸੇਵਾ ਸੰਭਾਲ ਦੀ ਡਿਊਟੀ ਬਾਬਾ ਦੀਪ ਸਿੰਘ ਨੂੰ ਬਖ਼ਸ ਗਏ । ਬਾਬਾ ਦੀਪ ਸਿੰਘ ਇੱਥੇ ਲਗਭਗ ਤਿੰਨ ਸਾਲ ਰਹੇ । ਖਾਲਸਾ ਪੰਥ (ਲਗਭਗ 1734 ਈਸਵੀ) ਵਿਚ ਜਦੋਂ ਸ਼ਸਤਰ ਧਾਰੀ ਸਿੰਘਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਸੀ ਤਾਂ ਸੁਝਵਾਨ ਸਿੱਖ ਆਗੂਆਂ ਨੇ ਬਜੁਰਗ ਸਿੰਘਾਂ ਦੇ ਜਥੇ ਨੂੰ ‘ਬੁੱਢਾ ਦਲ’ ਅਤੇ ਨੌਜਵਾਨਾਂ ਦੇ ਜਥੇ ਨੂੰ ‘ਤਰਨਾ ਦਲ ’ਬਣਾ ਕੇ ਸਿੱਖੀ ਦਾ ਪ੍ਰਚਾਰ ਹੋਰ ਤੇਜ਼ ਕਰ ਦਿੱਤਾ । ਤਰੁਨਾ ਦਲ ਦੇ ਜਥੇਦਾਰ ਬਾਬਾ ਦੀਪ ਸਿੰਘ ਨੂੰ ਥਾਪਿਆ ਉਦੋਂ ਆਪ ਜੀ ਦੀ ਉਮਰ ਬਵੰਜਾ ਸਾਲ ਦੀ ਸੀ । ਇੱਥੋ ਹੀ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਕਰਕੇ ਕਈ ਹੱਥ ਲਿਖਤ ਬੀੜਾਂ ਤਿਆਰ ਕਰਵਾਈਆਂ । ਕਰਤਾਰਪੁਰ ਵਾਲੀ ਬੀੜ ਅਤੇ ਦਮਦਮਾ ਸਾਹਿਬ ਵਾਲੀ ਬੀੜ ਦਾ ਮਿਲਾਨ ਕਰਕੇ ਦੇਖਿਆ ਕਿ ਇਸ ਵਿਚ ਕੀ ਭਿੰਨਤਾ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਦਰਜ ਕਰਵਾਈ ਸੀ ਤੋਂ ਬਿਨਾ ਕੋਈ ਬਹੁਤਾ ਫਰਕ ਨਹੀ ਲੱਭਿਆ।
ਗੁਰੂ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਖਾਲਸਾ ਪੰਥ 12 ਮਿਸਲਾਂ (ਜੱਥਿਆ) ਵਿਚ ਵੰਡਿਆ ਗਿਆ । ਅਹਿਮਦ ਸ਼ਾਹ ਅਬਦਾਲੀ ਨੇ ਜਹਾਨ ਖਾਨ ਨੂੰ ਲਾਹੌਰ ਦਾ ਸੂਬੇਦਾਰ ਨਿਯੁਕਤ ਕਰ ਦਿੱਤਾ । ਜਹਾਨ ਖਾਨ ਨੇ ਲਾਹੌਰ ਦੀ ਥਾਂ ਆਪਣਾ ਪੱਕਾ ਟਿਕਾਣਾ ਅਮ੍ਰਿੰਤਸਰ ਵਿਚ ਸਥਾਪਤ ਕਰਕੇ ਸਿੱਖਾਂ ਦਾ ਮਲੀਆਮੇਟ ਕਰਨ ਦੇ ਇਰਾਦੇ ਨਾਲ ਸ੍ਰੀ ਦਰਬਾਰ ਸਾਹਿਬ ਨੂੰ ਬਾਰੂਦ ਨਾਲ ਉਡਾ ਦਿੱਤਾ ਅਤੇ ਪਵਿੱਤਰ ਸਰ਼ੋਵਰ ਨੂੰ ਮਿੱਟੀ ਅਤੇ ਕੂੜੇ ਕਰਕਟ ਨਾਲ ਭਰ ਦਿੱਤਾ ।ਅਮ੍ਰਿੰਤਸਰ ਵਿਚ ਸਿੱਖਾਂ ਨੂੰ ਦੇਖਦੇ ਸਾਰ ਹੀ ਗੋਲੀ ਮਾਰਨ ਦਾ ਹੁਕਮ ਕਰ ਦਿੱਤਾ ਗਿਆ । ਮੁਗਲ ਫੋਜਾਂ ਵੱਲੋਂ ਅਕਾਲ ਤਖਤ ਦੀ ਕੀਤੀ ਬੇਅਦਬੀ ਨੂੰ ਸਿੱਖ ਪੰਥ ਕਿਵੇ ਸਹਾਰ ਸਕਦਾ ਸੀ ‘ਮਿਸਲ ਸ਼ਹੀਦਾਂ’ ਦੇ ਮੁਖੀ ਬਾਬਾ ਦੀਪ ਸਿੰਘ ( ਸਿੱਖ ਪੰਥ ਵਿਚ ‘ਬਾਬਾ’ ਦੀ ਸਤਿਕਾਰਤ ਉਪਾਧੀ ਦੀਪ ਸਿੰਘ ਅਤੇ ਬਾਬਾ ਬੁੱਢਾ ਜੀ ਨੂੰ ਮਿਲੀ ਹੈ ) ਸਿੱਖ ਨੂੰ ਵੰਗਾਰਦਿਆਂ ਹੋਇਆ ਸਿਰ ਤਲੀ ਤੇ ਧਰ ਕੇ ਸ਼ਹੀਦੀ ਪਾਉਣ ਦਾ ਪ੍ਰਣ ਕਰਕੇ ਮੁਗਲਾਂ ਨਾਲ ਟੱਕਰ ਲੈਣ ਲਈ ਸਿੰਘਾਂ ਨੂੰ ਵੰਗਾਰਦਿਆਂ ਖੰਡੇ ਨਾਲ ਲਕੀਰ ਖਿੱਚੀ ਕਿ ਜੋ ਕੁਰਬਾਨੀ ਦਾ ਜ਼ਜ਼ਬਾ ਰੱਖਦੇ ਹਨ ਉਹ ਲਕੀਰ ਲੰਘ ਜਾਣ । ਦੁਨੀਆਂ ਦੇ ਇਤਿਹਾਸ ਵਿਚ ਬੁੱਢੇ ਜਰਨੈਲ ਨਾਲ ਦੀ ਹੋਰ ਕੋਈ ਮਿਸਾਲ ਨਹੀਂ ਮਿਲਦੀ ਜਿਸਨੇ ਸੀਸ ਤਲੀ ਤੇ ਧਰ ਕੇ ਮੈਦਾਨੇ ਜੰਗ ਵਿਚ ਖੰਡਾ ਚਲਾਇਆ ਹੋਵੇ । ਅਮਿੰ੍ਰਤਸਰ ਨੇੜੇ ਹੋਈ ਇਸ ਲੜਾਈ ਵਿਚ ਜਹਾਨ ਖਾਨ ਸਿੰਘਾਂ ਹੱਥੋਂ ਮਾਰਿਆ ਗਿਆ । ਬਾਬਾ ਦੀਪ ਸਿੰਘ ਦਾ ਸਿਰ ਲੜਾਈ ਦੌਰਾਨ ਧੜ ਨਾਲੋ ਵੱਖ ਹੋ ਗਿਆ ,ਜਦੋਂ ਉਹ ਬੇਹੋਸ਼ ਹੋ ਕੇ ਡਿੱਗਣ ਲੱਗੇ ਤਾਂ ਸ੍ਰੀ ਦਰਬਾਰ ਸਾਹਿਬ ਵਿਚ ਸ਼ੀਸ ਭੇਟ ਕਰਨ ਦਾ ਪ੍ਰਣ ਯਾਦ ਆਇਆ ਤਾਂ ਫਿਰ ਇੱਕ ਤਲੀ ਨਾਲ ਸੀਸ ਅਤੇ ਦੂਜੇ ਹੱਥ ਨਾਲ ਖੰਡਾ ਵਾਹੁੰਦੇ ਹੋਏ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਲਈ ਬਲੀਦਾਨ ਦੇ ਗਏ । ਉਹ ਬਹੁਤ ਸਮਾਂ ਤਲਵੰਡੀ ਹੀ ਰਹੇ ਇੱਥੇ ਉਹਨਾਂ ਦਾ ਭਗਤੀ ਸਥਾਨ ‘ਭੋਰਾ ਬਾਬਾ ਦੀਪ ਸਿੰਘ ’ਸਸੋਬਿਤ ਹੈ ।
ਆਵਾਜਾਈ ਦੇ ਸਾਧਨ ਅਤੇ ਕੰਮਾਂ ਦੀ ਦੌੜ ਭੱਜ ਕਾਰਨ ਲੋਕੀ ਦਿਨ ਵੇਲੇ ਹੀ ਮੇਲਾ ਵੇਖਦੇ ਹਨ ਅਤੇ ਸ਼ਾਮ ਨੂੰ ਘਰਾਂ ਨੂੰ ਵਹੀਰਾਂ ਘੱਤ ਦਿੰਦੇ ਹਨ, ਪਹਿਲਾਂ ਤਲਵੰਡੀ ਦੇ ਨੇੜਲੇ ਪਿੰਡਾਂ ਵਿਚ ਅਣਗਣਿਤ ਪਰਾਹੁਣੇ ਠਹਿਰਦੇ ਸਨ । ਹਰ ਘਰ ਵਿਚ ਵਿਆਹ ਵਰਗਾ ਮਾਹੌਲ ਹੁੰਦਾ ਸੀ । ਤਲਵੰਡੀ ਤੋਂ 6 ਕਿਲੋਮੀਟਰ ਦੂਰ ਪਿੰਡ ਨੱਤ ਦੇ ਵਸਨੀਕ ਜਗਦੀਪ ਸਿੰਘ ਨੇ ਦੱਸਿਆ , “ਉਦੋਂ ਹਰ ਘਰੇ ਮੇਲੀ ਠਹਿਰਦੇ ਸਨ ਮੰਜਿਆਂ ਦੀ ਥਾਂ ਛੱਤ ਉਤੇ ਦਰੀਆਂ ਵਿਛਾ ਦਿੱਤੀਆਂ ਜਾਂਦੀਆਂ ਸਨ । ਹੁਣ ਤਾਂ ਕੋਈ ਵਿਰਲਾ ਟਾਵੇ ਹੀ ਆਉਂਦਾ ਹੈ । ”
ਗੁਰੂਦੁਆਰਾ ਸਾਹਿਬ ਅਤੇ ਭਾਈ ਡੱਲਾ ਦੇ ਨਿਵਾਸ ਅਸਥਾਨ ਮੁੱਖ ਰਸਤੇ ਕੋਲ ਰਹਿੰਦੇ ਗੁਰਦਿਆਲ ਸਿੰਘ ਨੇ ਦੱਸਿਆ, ‘ਵੀਹ ਸਾਲ ਪਹਿਲਾਂ ਲੋਕੀ ਊਠਾਂ ਘੋੜਿਆਂ ‘ਤੇ ਮੇਲੇ ਤੇ ਆਉਂਦੇ , ਲੋਕੀ ਦਿਨੇ ਹਾੜੀ ਵੱਢਦੇ ਰਾਤ ਨੂੰ ਮੇਲਾ ਦੇਖਦੇ ,ਸਾਡੇ ਡਿਊਢੀ ਵਿਚ ਲੰਗਰ ਚਲਦਾ ਹੁੰਦਾ, ਛੱਤ ਉਤੇ ਦਰੀਆਂ ਵਛਾਈਆਂ ਹੁੰਦੀਆਂ ਕੋਈ ਮਰਜੀ ਆ ਕੇ ਅਰਾਮ ਕਰਦਾ ਰਹਿੰਦਾ ,ਅਸੀਂ ਚਾਰ ਦਿਨ ਲੰਗਰ ਚਲਾਉਂਦੇ ਜੀਹਦਾ ਜੀਅ ਕਰਦਾ ਜਦੋਂ ਮਰਜੀ ਛਕ ਜਾਂਦਾ । ਹੁਣ ਤਾਂ ਕਾਰਾਂ ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਹੀ ਰੋਕ ਲੈਂਦੇ ਹਨ ਸਕੂਟਰ ਮੋਟਰ ਸਾਈਕਲ ਇੱਥੇ ਖੜੇ ਕਰਦੇ ਹਨ ।’
ਰੋੜੀ ਰੋਡ ਤੇ ਰਹਿੰਦੇ ਬਿੱਕਰ ਸਿੰਘ ਨੇ ਦੱਸਿਆ ਕਿ ਸਾਡਾ ਘਰ ਕਾਫੀ ਖੁੱਲਾ ਹੋਣ ਕਰਕੇ ਲੋਕੀ ਕਾਰਾਂ ਜੀਪਾਂ ਇੱਥੇ ਖੜੀਆਂ ਕਰ ਜਾਂਦੇ ਹਨ । ਅਸੀਂ ਹਰ ਆਉਣ ਜਾਣ ਵਾਲੇ ਵਾਸਤੇ ਚਾਹ ਅਤੇ ਪਾਣੀ ਦਾ ਇੰਤਜ਼ਾਮ ਕਰਦੇ ਹਾਂ ।
ਪਿੰਡ ਜਿਊਣ ਸਿੰਘ ਵਾਲਾ ਦੇ ਸਾਬਕਾ ਮੈਂਬਰ ਸੁਖਵਿੰਦਰ ਸਿੰਘ ਦਾ ਕਹਿਣਾ ਸੀ ‘ਸਾਡਾ ਪਿੰਡ ਤਲਵੰਡੀ ਤੋਂ ਮਸਾਂ ਅੱਠ ਕਿਲੋ ਮੀਟਰ ਦੂਰ ਹੈ ਅਸੀਂ ਸਵੇਰੇ 10 ਵਜੇ ਤੋਂ ਪਹਿਲਾ ਮੱਥਾ ਟੇਕ ਕੇ ਘਰ ਮੁੜ ਆਉਂਦੇ ਹਾਂ ,ਦਿਨੇ ਸ਼ਰਧਾਲੂ ਘੱਟ ਅਤੇ ਤਮਾਸਬੀਨ ਜਿ਼ਆਦਾ ਇਕੱਠੇ ਹੁੰਦੇ ਹਨ । ’

ਗੁਰੂੁ ਕੀਆ ਲਾਡੀਆਂ ਫੋਜਾਂ ਵਜੋਂ ਜਾਣੇ ਜਾਂਦੇ ਨਿਹੰਗ ਸਿੰਘਾਂ ਦੇ ਇੱਥੇ ਪੱਕੇ ਟਿਕਾਣੇ ਹਨ । 96 ਕਰੋੜੀ ਚੱਕਰਵਰਤੀ ਬੁੱਢਾ ਦਲ ਦੇ ਬਜੁਰਗ ਆਗੂ ਬਾਬਾ ਸੰਤਾ ਸਿੰਘ ਇੱਥੇ ਹੀ ਰਹਿੰਦੇ ਹਨ। ਇੱਥੇ ਨਿਹੰਗ ਸਿੰਘਾਂ ਦੀ ਪੱਕੀ ਛਾਉਣੀ ਹੋਣ ਕਰਕੇ ਰੋਜਾ਼ਨਾ ਹੀ ਗਤਕੇਬਾਜ਼ੀ, ਨੇਜੇਬਾਜ਼ੀ ਅਤੇ ਘੋੜਸਵਾਰੀ ਦੇ ਜੰਗੀ ਪੱਧਰ ਤੇ ਅਭਿਆਸ ਚੱਲਦੇ ਰਹਿੰਦੇ ਹਨ । ਵਿਸਾਖੀ ਤੋਂ ਅਗਲੇ ਦਿਨ ਇੱਥੇ ਮਹੱਲਾ ਨਿਕਲਦਾ ਹੈ ਜਿਸ ਵਿਚ ਘੋੜਿਆਂ ਦੇ ਕਰਤੱਬ ,ਗਤਕੇ ਬਾਜ਼ੀ ਆਦਿ ਸਾਹਸੀ ਕਾਰਨਾਮਿਆਂ ਨੂੰ ਦਰਸ਼ਕ ਸਾਹ ਰੋਕ ਕੇ ਦੇਖਦੇ ਹਨ । ਸ਼ਹੀਦੀ ਦੇਗਾਂ (ਭੰਗ ) ਨਾਲ ਭਰਪ੍ਰੂਰ ਰਵਾਇਤੀ ਬਾਣੇ ਵਿਚ ਸਜੇ ਨਿਹੰਗ ਸਿੰਘ ਅਤੇ ਦੁਲਹਣ ਵਾਂਗ ਸਿ਼ੰਗਾਰੇ ਘੋੜੇ/ਘੋੜੀਆਂ ਜਦੋਂ ਖਾਲਸਾਈ ਖੇਡਾਂ ਕਰਦੇ ਹਨ ਤਾਂ ਲੋਕ ਹੈਰਾਨ ਰਹਿ ਜਾਂਦੇ ਹਨ । ਘੋੜ ਦੌੜਾਂ ਦੇ ਸ਼ੋਕੀਨ ਇਸ ਦਿਨ ਹੀ ਆਨੰਦ ਮਾਣਦੇ ਹਨ । ਵਿਸਾਖੀ ਤੋਂ ਅਗਲੇ ਦਿਨ ਇਹ ਮੇਲਾ ਅਗਲੇ ਸਾਲ ਫਿਰ ਮਿਲਣ ਦਾ ਵਾਅਦਾ ਕਰਕੇ ਸਮਾਪਤ ਹੋ ਜਾਂਦਾ ਹੈ ।

Total Views: 283 ,
Real Estate