ਮਸੀਹਾ : ਬਲਵਿੰਦਰ ਸਿੰਘ ਭੁੱਲਰ

ਮਸੀਹਾ :
ਬਲਵਿੰਦਰ ਸਿੰਘ ਭੁੱਲਰ

ਪੁਸਤਕ ‘ਜੇਹਾ ਬੀਜੈ ਸੋ ਲੁਣੈ’ ਚੋਂ ਕਹਾਣੀ

ਆਪਣਿਆਂ ਤੋਂ ਦੂਰ ਬੇਗਾਨੇ ਦੇਸ਼ ਦੀ ਧਰਤੀ ਤੇ ਕੀਤੀ ਦਿਨ ਰਾਤ ਦੀ ਮਿਹਨਤ ਨੇ ਘੁੱਕਰ ਦੀ ਸਖਸ਼ੀਅਤ ਵਿੱਚ ਨਿਖ਼ਾਰ ਲੈ ਆਂਦਾ, ਉਸਨੇ ਕੁੜਤਾ ਚਾਦਰਾ ਤਿਆਗ ਕੇ ਪੈਂਟ ਸਰਟ ਨਾਲ ਟਾਈ ਲਾਉਣ ਦਾ ਸੱਭਿਆਚਾਰ ਅਪਨਾ ਲਿਆ। ਕੈਲੇਫੋਰਨੀਆ ਦੀ ਫੈਕਟਰੀ ਵਿੱਚ ਕੰਮ ਕਰਦਿਆਂ ਤਾਂ ਭਾਵੇਂ ਉਹ ਟੀਸ਼ਰਟ ਤੇ ਲੋਅਰ ਹੀ ਪਹਿਣਦਾ ਸੀ, ਪਰੰਤੂ ਜਦ ਪਿੰਡ ਆਇਆ ਤਾਂ ਉਸਦੀ ਟੌਅਰ ਸੌਅਰ ਕਿਸੇ ਲੈਂਡਲਾਰਡ ਤੋਂ ਘੱਟ ਨਹੀਂ ਸੀ। ਸੁਭਾ ਉੱਠ ਕੇ ਜਦ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਹਾਜਰੀ ਭਰਨ ਲਈ ਜਾ ਰਿਹਾ ਸੀ, ਤਾਂ ਨੰਬਰਦਾਰ ਗੁਰਬਖਸ ਸਿੰਘ ਦੇ ਘਰ ਬਾਹਰ ਬਣੇ ਚੌਂਤਰੇ ਕੋਲ ਉਸ ਦੇ ਪੈਰ ਰੁਕ ਗਏ ਅਤੇ ਉਹ ਡੂੰਘੀ ਸੋਚ ਵਿੱਚ ਪੈ ਗਿਆ। ਉਸਨੂੰ ਯਾਦ ਆਇਆ ਕਿ ਇਹ ਉਹੋ ਹੀ ਚੌਂਤਰਾ ਹੈ ਜਿੱਥੇ ਕਈ ਸਾਲ ਪਹਿਲਾਂ ਉਹ ਲੱਕੜ ਦੇ ਸਟੂਲ ਤੇ ਬੈਠਾ ਸੀ ਅਤੇ ਨੰਬਰਦਾਰ ਨੇ ਅਵਾਜ ਮਾਰ ਕੇ ਕਿਹਾ ਸੀ।
”ਮਾਰ ਘੁੱਕਰਾ ਗੱਡੀ ਤੇ ਕੱਪੜਾ ਮੈਂ ਪੱਗ ਬੰਨ ਲਵਾਂ, ਫੇਰ ਚਲਦੇ ਆਂ ਬਠਿੰਡੇ” ਗੁਰਬਖਸ ਨੰਬਰਦਾਰ ਘੁੱਕਰ ਨੂੰ ਹੁਕਮ ਜਿਹਾ ਸੁਣਾਉਂਦਿਆਂ ਆਪ ਸੀਸ਼ੇ ਮੂਹਰੇ ਜਾ ਖੜਾ।
ਗੁਰਬਖਸ ਨੰਬਰਦਾਰ ਆਪਣੇ ਪਿੰਡ ਭਾਈਰੂਪੇ ਦੇ ਸਿਰਕੱਢ ਅਮੀਰ ਵਿਅਕਤੀਆਂ ਵਿੱਚੋਂ ਇੱਕ ਸੀ। ਸੱਠ ਕੁ ਏਕੜ ਉਸ ਕੋਲ ਖੇਤੀ ਯੋਗ ਉਪਜਾਊ ਭੂਮੀ ਤੋਂ ਇਲਾਵਾ ਖੇਤੀ ਲਈ ਲੋੜੀਂਦੇ ਸਾਰੇ ਸੰਦ, ਦੋ ਟਰੈਕਟਰ ਕੰਬਾਈਨ ਅਤੇ ਆਪਣੇ ਆਉਣ ਜਾਣ ਲਈ ਚੰਗੀ ਕਾਰ ਸੀ। ਖੇਤਾਂ ਵਿੱਚ ਤਿੰਨ ਮੋਟਰਾਂ ਲੱਗੀਆਂ ਹੋਈਆਂ ਸਨ, ਤਿੰਨ ਸੀਰੀ ਪੱਕੇ ਰੱਖੇ ਹੋਏ ਸਨ, ਜਦ ਕਿ ਦਿਹਾੜੀਦਾਰ ਮਜਦੂਰਾਂ ਦੀ ਗਿਣਤੀ ਵਧਦੀ ਘਟਦੀ ਰਹਿੰਦੀ ਸੀ। ਨੰਬਰਦਾਰ ਦਾ ਮੁੰਡਾ ਨਛੱਤਰ, ਜਿਸਨੂੰ ਨੌਕਰ ਚਾਕਰ ਤੇ ਆਮ ਲੋਕ ਕਾਕਾ ਜੀ ਕਹਿ ਕੇ ਬੁਲਾਉਂਦੇ ਸਨ, ਖੇਤੀ ਦੇ ਕੰਮ ਧੰਦੇ ਦੀ ਨਿਗਰਾਨੀ ਕਰਦਾ ਸੀ। ਉਹਦਾ ਆਪਣਾ ਕੰਮ ਲੋਕਾਂ ਦੇ ਵਿਆਹ ਸਾਹੇ ਜਾਂ ਮਰਨੇ ਪਰਨੇ ਤੇ ਹਾਜਰੀ ਲਵਾਉਣੀ, ਪਿੰਡ ਦੇ ਛੋਟੇ ਮੋਟੇ ਝਗੜੇ ਨਿਬੇੜਣ ਸਮੇਂ ਜੁੜਣ ਵਾਲੀ ਪੰਚਾਇਤ ਵਿੱਚ ਮੱਲੋ ਮੱਲੀ ਜਾ ਵੜਣਾ ਜਾਂ ਫਿਰ ਤਿਆਰ ਬਿਆਰ ਹੋ ਕੇ ਬਠਿੰਡੇ ਜਾ ਪਹੁੰਚਣਾ ਤੇ ਅਫ਼ਸਰਾਂ ਦੇ ਦਫ਼ਤਰਾਂ ‘ਚ ਹਾਜਰੀਆਂ ਭਰਨੀਆਂ। ਲੰਬਾ ਕੱਦ, ਭਾਰੀ ਸਰੀਰ, ਬੰਨੀ ਹੋਈ ਦਾਹੜੀ, ਕੁੰਡੀਆਂ ਮੁੱਛਾਂ ਵਾਲਾ ਨੰਬਰਦਾਰ ਚਿੱਟਾ ਸਫੈਦ ਕੁੜਤਾ ਪਜਾਮਾਂ ਪਾ ਕੇ ਤੇ ਉਪਰ ਦੀ ਕਾਲੀ ਜੈਕਟ ਪਹਿਨ ਕੇ ਜਦ ਦਫਤਰਾਂ ‘ਚ ਸਿਰਕਤ ਕਰਦਾ ਤਾਂ ਉਹ ਕਿਸੇ ਐਮ। ਐਲ। ਏ। ਤੋਂ ਘੱਟ ਨਹੀਂ ਸੀ ਲਗਦਾ।
ਘੁੱਕਰ ਪਰਜਾਪਤ ਉਮਰ ਵਿੱਚ ਉਸ ਨਾਲੋਂ ਕਈ ਵਰੇ ਛੋਟਾ ਸੀ ਅਤੇ ਉਸਦੀ ਘਰੇਲੂ ਆਰਥਿਕ ਹਾਲਤ ਵੀ ਬਹੁਤੀ ਚੰਗੀ ਨਹੀਂ ਸੀ, ਪਰ ਉਸਨੇ ਡਰਾਈਵਰੀ ਕਰਨੀ ਸਿੱਖ ਲਈ ਸੀ। ਨੰਬਰਦਾਰ ਨਾਲ ਉਸਦੀ ਲਿਹਾਜ ਦਾ ਮੁੱਖ ਕਾਰਨ ਵੀ ਡਰਾਈਵਰ ਹੋਣਾ ਹੀ ਸੀ, ਉਸਨੂੰ ਆਪਣੇ ਘਰ ਦਾ ਕੋਈ ਬਹੁਤਾ ਕੰਮ ਕਾਰ ਨਹੀਂ ਸੀ, ਇਸ ਕਰਕੇ ਉਹ ਸੁਭਾ ਨਹਾ ਧੋ ਕੇ ਨੰਬਰਦਾਰ ਦੇ ਘਰ ਆ ਫਤਹਿ ਬੁਲਾ ਕੇ ਗਲੀ ਤੇ ਬਣੀ ਬੈਠਕ ਦੇ ਬਾਹਰਲੇ ਥੜੇ ਤੇ ਪੁਰਾਣੀ ਜਿਹੀ ਕੁਰਸੀ ਜਾਂ ਸਟੂਲ ਡਾਹ ਕੇ ਬੈਠ ਜਾਂਦਾ। ਪਿੰਡ ਦਾ ਕੋਈ ਵਿਅਕਤੀ ਨੰਬਰਦਾਰ ਕੋਲ ਕੰਮ ਸਬੰਧੀ ਆਉਂਦਾ ਤਾਂ ਉਸਦਾ ਸੁਨੇਹਾ ਅੰਦਰ ਪਹੁੰਚਾਉਣਾ, ਆਉਣ ਵਾਲੇ ਨੂੰ ਪਾਣੀ ਧਾਣੀ ਪੁੱਛਣਾ ਤੇ ਲੋੜ ਲੱਗੇ ਤਾਂ ਅੰਦਰੋਂ ਚਾਹ ਲਿਆ ਕੇ ਫੜਾਉਣੀ ਹੀ ਉਸਦਾ ਰੋਜ ਮਰਾ ਦਾ ਕੰਮ ਬਣ ਗਿਆ ਸੀ। ਨੰਬਰਦਾਰ ਨੇ ਕਿਸੇ ਹੋਰ ਪਿੰਡ ਜਾਂ ਬਠਿੰਡਾ ਜਾਣਾ ਹੁੰਦਾ ਤਾਂ ਉਹ ਗੱਡੀ ਦੀ ਡਰਾਈਵਰੀ ਕਰਦਾ। ਨੰਬਰਦਾਰ ਵੀ ਉਸਦੀ ਕੀਤੀ ਸੇਵਾ ਦਾ ਮੁੱਲ ਮੋੜਦਾ ਰਹਿੰਦਾ, ਸ਼ਾਮ ਨੂੰ ਪੈੱਗ ਲਾਉਣਾ, ਰੋਟੀ ਪਾਣੀ ਵੀ ਉੱਥੇ ਹੀ ਛਕਣਾ ਅਤੇ ਜੇ ਕਦੇ ਜਰੂਰਤ ਪਵੇ ਤਾਂ ਨਗਦ ਨਰਾਇਣ ਤੋਂ ਵੀ ਉਸਨੂੰ ਜਵਾਬ ਨਹੀਂ ਸੀ ਮਿਲਦਾ। ਗੁਰਬਖਸ ਨੰਬਰਦਾਰ ਨੇ ਅੱਜ ਆਪਣਾ ਅਸਲਾ ਲਾਇਸੰਸ ਨਵੀਨ ਕਰਾਉਣ ਲਈ ਬਠਿੰਡੇ ਜਾਣਾ ਸੀ, ਇਸ ਕਰਕੇ ਹੀ ਉਸਨੇ ਘੁੱਕਰ ਨੂੰ ਗੱਡੀ ਤੇ ਕੱਪੜਾ ਮਾਰਨ ਲਈ ਕਿਹਾ ਸੀ।
‘ਹਾਂ ਬਈ ਘੁੱਕਰਾ! ਤਿਆਰ ਐ ਗੱਡੀ, ਚੱਲੀਏ ਫੇਰ’ ਪੱਗ ਦਾ ਲੜ ਟੰਗ ਰਹੇ ਨੰਬਰਦਾਰ ਨੇ ਘੁੱਕਰ ਨੂੰ ਪੁੱਛਿਆ।
‘ਹਾਂ ਸਰਦਾਰ ਜੀ, ਤਿਆਰ ਐ ਗੱਡੀ ਤਾਂ’ ਘੁੱਕਰ ਨੇ ਜਵਾਬ ਦਿੱਤਾ।
ਗੁਰਬਖਸ ਨੰਬਰਦਾਰ ਢਾਠਾ ਬੰਨੀ ਫਰੰਟ ਸੀਟ ਤੇ ਬੈਠ ਕੇ ਅਖ਼ਬਾਰ ਪੜਣ ਵਿੱਚ ਮਸਤ ਹੋ ਗਿਆ, ਉਸਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਗੱਡੀ ਦਿਆਲਪੁਰਾ ਤੋਂ ਨਥਾਨਾ ਹੁੰਦੀ ਹੋਈ ਬਠਿੰਡੇ ਜਾ ਪਹੁੰਚੀ। ਘੁੱਕਰ ਵੱਲੋਂ ਇਹ ਪੁੱਛਣ ਤੇ ਕਿ ਸਰਦਾਰ ਜੀ ਕਿਹੜੇ ਦਫ਼ਤਰ ਚੱਲਣਾ ਹੈ, ਨੰਬਰਦਾਰ ਨੇ ਕਿਹਾ ਕਿ ਗੱਡੀ ਡੀ। ਸੀ। ਦਫ਼ਤਰ ਦੇ ਬਾਹਰ ਖੁਲੇ ਜਿਹੇ ਥਾਂ ਤੇ ਖੜੀ ਕਰ ਲੈ। ਘੁੱਕਰ ਨੇ ਡੀ। ਸੀ। ਦਫਤਰ ਦੇ ਬਾਹਰ ਵੱਡੇ ਬੋਹੜ ਹੇਠਾਂ ਗੱਡੀ ਖੜੀ ਕਰ ਦਿੱਤੀ, ਤਾਂ ਨੰਬਰਦਾਰ ਨੇ ਢਾਠਾ ਖੋਹਲ ਕੇ ਪਿਛਲੀ ਸੀਟ ਤੇ ਰੱਖ ਦਿੱਤਾ ਅਤੇ ਡੀ। ਸੀ। ਦਫ਼ਤਰ ਵੱਲ ਚਲਾ ਗਿਆ। ਘੁੱਕਰ ਹਮੇਸਾਂ ਦੀ ਤਰਾਂ ਗੱਡੀ ਦੇ ਕੋਲ ਬੋਹੜ ਹੇਠ ਪਏ ਪੱਥਰ ਤੇ ਬੈਠ ਗਿਆ। ਨੰਬਰਦਾਰ ਭਾਵੇਂ ਆਇਆ ਤਾਂ ਇੱਕ ਕੰਮ ਕਰਨ ਹੀ ਸੀ, ਪਰ ਆਪਣੇ ਸੁਭਾਅ ਅਨੁਸਾਰ ਉਹ ਕਦੇ ਐਸ। ਡੀ। ਐਮ। ਦੇ ਦਫਤਰ, ਕਦੇ ਤਹਿਸੀਲਦਾਰ ਦੇ ਅਤੇ ਕਦੇ ਡੀ। ਐਸ। ਪੀ। ਦੇ ਦਫ਼ਤਰ ਵੜ ਜਾਂਦਾ। ਕਰੀਬ ਤਿੰਨ ਕੁ ਘੰਟੇ ਬਾਅਦ ਉਹ ਵਾਪਸ ਆਇਆ ਤੇ ‘ਚੱਲ ਘੁੱਕਰਾ ਹੁਣ ਚਲੀਏ ਆਪਣੇ ਬਲਖ਼ ਬੁਖ਼ਾਰੇ’ ਕਹਿ ਕੇ ਗੱਡੀ ਵਿੱਚ ਬੈਠ ਗਿਆ।
‘ਸੁਣਾ ਘੁੱਕਰ ਸਿਆਂ ਕਦੋਂ ਆਇਆਂ’ ਇਹ ਕਹਿੰਦਿਆਂ ਜਦ ਪੰਚਾਇਤ ਮੈਂਬਰ ਨਾਜਰ ਸਿੰਘ ਨੇ ਉਸਦਾ ਹਾਲ ਪੁੱਛਿਆ ਤਾਂ ਉਸ ਦੀਆਂ ਯਾਦਾਂ ਦੀ ਲੜੀ ਇੱਕ ਵਾਰ ਟੁੱਟ ਗਈ। ਦੋਵੇਂ ਜਣੇ ਗੁਰਦੁਆਰਾ ਵੱਲ ਚੱਲ ਪਏ, ਨੰਬਰਦਾਰ ਗੁਰਬਖਸ ਨਾਲ ਘੁੱਕਰ ਦੀ ਸਾਲਾਂ ਬੱਧੀ ਨਿਭਦੀ ਰਹੀ ਜੋੜੀ ਦਾ ਹਵਾਲਾ ਦਿੰਦਿਆਂ ਨਾਜਰ ਸਿੰਘ ਨੇ ਪੁੱਛਿਆ ਕਿ ਨੰਬਰਦਾਰ ਸਾਹਿਬ ਨੂੰ ਵੀ ਮਿਲਿਆ ਜਾਂ ਬਾਹਰੋਂ ਹੀ ਮੁੜ ਆਇਆ ਏਂ।
‘ਨਾਜਰ ਸਿਆਂ! ਨੰਬਰਦਾਰ ਸਾਹਿਬ ਨਾਲ ਬਹੁਤ ਸਾਲ ਨਿਭਦੀ ਰਹੀ ਸੀ, ਪਰ ਜਦ ਪੰਚਾਇਤੀ ਚੋਣਾਂ ਤੋਂ ਬਾਅਦ ਉਹਨਾਂ ਦੇ ਨਵੇਂ ਸੇਵਾ ਬਰਦਾਰਾਂ ਨੇ ਮੈਨੂੰ ਪਿੱਛੇ ਧੱਕ ਦਿੱਤਾ ਸੀ’ ਘੁੱਕਰ ਨੇ ਹਉਕਾ ਭਰ ਕੇ ਕਿਹਾ ਜਿਵੇਂ ਇਸ ਦੂਰੀ ਦਾ ਉਸਨੂੰ ਬਹੁਤ ਭਾਰੀ ਦੁੱਖ ਹੋਵੇ।
ਘੁੱਕਰ ਉਸਦਾ ਹੁੰਗਾਰਾ ਭਰੇ ਵਗੈਰ ਹੀ ਉਹਨਾਂ ਚੋਣਾਂ ਦੇ ਹਾਲਾਤਾਂ ਬਾਰੇ ਚਾਣਨਾ ਪਾਉਣ ਲੱਗ ਪਿਆ। ਉਸਨੇ ਦੱਸਿਆ ਕਿ ਪੰਚਾਇਤੀ ਚੋਣਾਂ ਦਾ ਐਲਾਨ ਹੋਇਆ ਤਾਂ ਪਿੰਡ ਵਾਸੀਆਂ ਨੇ ਉਮੀਦਵਾਰ ਲੱਭਣ ਦੇ ਯਤਨ ਸੁਰੂ ਕਰ ਦਿੱਤੇ ਸਨ। ਕਈ ਦਿਨਾਂ ਦੀ ਘੁਸਰ ਮੁਸਰ ਬਾਅਦ ਸਭ ਦੀ ਅੱਖ ਗੁਰਬਖਸ ਸਿੰਘ ਨੰਬਰਦਾਰ ਤੇ ਹੀ ਆ ਟਿਕੀ। ਕੁਝ ਲੋਕ ਉਸਦੀ ਪਰਸਨੈਲਿਟੀ ਤੋਂ ਪ੍ਰਭਾਵਿਤ ਸਨ, ਕੁਝ ਦੇ ਉਸਨੇ ਕੰਮ ਕਾਰ ਵੀ ਕਰਵਾਏ ਸਨ ਅਤੇ ਸਰਕਾਰੇ ਦਰਬਾਰੇ ਗੱਲਬਾਤ ਕਰਨ ਦਾ ਵੀ ਉਸਨੂੰ ਚੰਗਾ ਢੰਗ ਤਰੀਕਾ ਸੀ, ਪਰ ਸਭ ਤੋਂ ਵੱਧ ਉਸਨੂੰ ਉਮੀਦਵਾਰ ਬਣਾਉਣ ਲਈ ਜੋ ਲੋਕਾਂ ਨੂੰ ਪ੍ਰਭਾਵ ਪਾ ਰਿਹਾ ਸੀ ਉਹ ਸੀ ਉਸਦੀ ਅਮੀਰੀ। ਬਹੁਤੇ ਲੋਕ ਤਾਂ ਸੋਚ ਰਹੇ ਸਨ ਕਿ ਮਹੀਨਾ ਵੀਹ ਦਿਨ ਮੁਰਗੇ ਬੋਤਲਾਂ ਉਡਾਵਾਂਗੇ ਅਤੇ ਗਰੀਬ ਗੁਰਬੇ ਨੂੰ ਨਕਦ ਮਿਲਣ ਦੀ ਵੀ ਉਮੀਦ ਸੀ। ਕਹਿ ਕਹਾ ਕੇ ਲੋਕਾਂ ਨੇ ਗੁਰਬਖਸ ਨੰਬਰਦਾਰ ਨੂੰ ਸੱਤਾਧਾਰੀ ਪਾਰਟੀ ਦਾ ਉਮੀਦਵਾਰ ਘੋਸਿਤ ਕਰ ਹੀ ਦਿੱਤਾ, ਉਸਦੇ ਮੁਕਾਬਲੇ ਤੇ ਖੜਾ ਹੋਣ ਦੀ ਜੁਅਰੱਤ ਤਾਂ ਕਿਸੇ ਵਿੱਚ ਨਹੀਂ ਸੀ ਦਿਸਦੀ, ਪਰ ਪਾਰਟੀਆਂ ਫੈਸਲੇ ਕਰਦੀਆਂ ਹਨ ਜੋ ਵਰਕਰਾਂ ਨੂੰ ਮੰਨਣੇ ਹੀ ਪੈਦੇ ਹਨ, ਰਾਜ ਦੀ ਵਿਰੋਧੀ ਪਾਰਟੀ ਨੇ ਉਸਦੇ ਸਰੀਕੇ ਵਿੱਚੋਂ ਹੀ ਹਮੀਰ ਸਿੰਘ ਨੂੰ ਉਮੀਦਵਾਰ ਬਣਾ ਦਿੱਤਾ ਸੀ, ਜੋ ਅਧਿਆਪਕ ਵਜੋਂ ਸੇਵਾਮੁਕਤ ਹੋਇਆ ਸੀ ਅਤੇ ਉਹ ਜਿੱਥੇ ਸਰਾਫ਼ਤ ਦੀ ਮੂਰਤ ਮੰਨਿਆਂ ਜਾਂਦਾ ਸੀ ਉੱਥੇ ਉਸਦੀ ਛਵੀ ਇਮਾਨਦਾਰਾਂ ਵਾਲੀ ਸੀ।
ਗੁਰਬਖਸ ਨੰਬਰਦਾਰ ਨੇ ਗੁਰਦੁਆਰਾ ਸਾਹਿਬ ਅਰਦਾਸ ਕਰਕੇ ਆਪਣੀ ਚੋਣ ਮੁਹਿੰਮ ਦਾ ਆਗਾਜ ਕਰ ਦਿੱਤਾ, ਦਿਨ ਸਮੇਂ ਉਹ ਘਰ ਘਰ ਜਾਂਦਾ, ਜੋ ਲੋਕ ਵੇਲੇ ਕੁਵੇਲੇ ਲੋੜ ਪੈਣ ਤੇ ਉਸ ਮੂਹਰੇ ਆ ਕੇ ਹੱਥ ਜੋੜਦੇ ਸਨ, ਹੁਣ ਉਹ ਉਹਨਾਂ ਲੋਕਾਂ ਮੂਹਰੇ ਹੱਥ ਬੰਨ ਕੇ ਵੋਟਾਂ ਮੰਗਦਾ, ਆਪ ਤੋਂ ਵੱਡੀ ਉਮਰ ਦੇ ਹਰ ਗਰੀਬ ਅਮੀਰ ਦੇ ਪੈਰੀਂ ਹੱਥ ਲਾਉਣ ਤੱਕ ਜਾਂਦਾ। ਸ਼ਾਮ ਹੁੰਦਿਆਂ ਹੀ ਘਰ ਵਿੱਚ ਮੁਰਗੇ ਰਿੱਝਣ ਲਗਦੇ ਬੋਤਲਾਂ ਦੇ ਡੱਟ ਪੁੱਟੇ ਜਾਂਦੇ, ਰਾਤ ਦੇ ਗਿਆਰਾਂ ਵਜੇ ਤੱਕ ਪੂਰਾ ਪਿੰਡ ਉਸਦੇ ਘਰ ਹੁੰਦਾ, ਪੂਰਾ ਧਮੱਚੜ ਮਚਦਾ ਅਤੇ ਲਲਕਰੇ ਮਾਰਦੇ ਹੋਏ ਪਿੰਡ ਵਾਸੀ ਅੱਧੀ ਰਾਤ ਦੇ ਕਰੀਬ ਘਰੋ ਘਰੀਂ ਜਾਂਦੇ। ਮਰਦਾਂ ਵੱਲੋਂ ਮਨਾਏ ਜਾਂਦੇ ਜਸਨਾਂ ਨੇ ਪਿੰਡ ਦੀਆਂ ਔਰਤਾਂ ਵਿੱਚ ਵੀ ਕੁਝ ਜਗਿਆਸਾ ਪੈਦਾ ਕਰ ਦਿੱਤੀ, ਉਹਨਾਂ ਵੀ ਕਹਿਣਾ ਸੁਰੂ ਕਰ ਦਿੱਤਾ ਕਿ ਜੇ ਬੰਦਿਆਂ ਨੂੰ ਮੀਟ ਸ਼ਰਾਬ ਦਿੱਤੀ ਜਾ ਸਕਦੀ ਹੈ ਤਾਂ ਜਨਾਨੀਆਂ ਨੂੰ ਠੰਢੇ ਦੀਆਂ ਬੋਤਲਾਂ ਵੀ ਦਿੱਤੀਆਂ ਜਾ ਸਕਦੀਆਂ ਹਨ। ਇਹ ਗੱਲ ਜਦ ਗੁਰਬਖਸ ਦੇ ਕੰਨੀ ਪਈ ਤਾਂ ਉਸਨੇ ਦੂਜੇ ਦਿਨ ਤੋਂ ਠੰਢਿਆਂ ਦਾ ਕੰਮ ਸੁਰੂ ਕਰ ਦਿੱਤਾ। ਭਾਵੇਂ ਇਹ ਕੰਮ ਚਲਦੇ ਨੂੰ ਤਿੰਨ ਕੁ ਹਫ਼ਤੇ ਲੰਘ ਗਏ ਸਨ, ਪਰ ਵੋਟਾਂ ਤੋਂ ਦੋ ਕੁ ਦਿਨ ਪਹਿਲਾਂ ਵੋਟਰ ਪੈਸੇ ਦੀ ਝਾਕ ਵੀ ਕਰਨ ਲੱਗ ਪਏ।
ਘੁੱਕਰ ਨੇ ਦੱਸਿਆ ਕਿ ਮਾ: ਹਮੀਰ ਸਿੰਘ ਭਾਵੇ ਕੋਈ ਅਜਿਹਾ ਖ਼ਰਚ ਵਗੈਰਾ ਨਹੀਂ ਕਰ ਰਿਹਾ ਸੀ, ਪਰ ਗੁਰਬਖਸ ਨੰਬਰਦਾਰ ਨੂੰ ਅੰਦਰੋਂ ਡਰ ਲੱਗ ਰਿਹਾ ਸੀ ਕਿ ਜੇਕਰ ਸਰਾਫ਼ਤ ਤੇ ਇਮਾਨਦਾਰੀ ਦੇ ਸਹਾਰੇ ਮਾਸਟਰ ਜਿੱਤ ਗਿਆ ਤਾਂ ਉਹ ਪਿੰਡ ‘ਚ ਵੜਣ ਜੋਗਾ ਵੀ ਨਹੀਂ ਰਹਿਣਾ। ਆਖ਼ਰ ਉਸਨੇ ਵੋਟਾਂ ਖਰੀਦਣ ਦਾ ਵੀ ਮਨ ਬਣਾ ਲਿਆ, ਉਸਨੇ ਪੈਸੇ ਵੰਡਣ ਲਈ ਆਪਣੇ ਖਾਸ ਬੰਦਿਆਂ ਦੀ ਇੱਕ ਵਿਸੇਸ਼ ਟੀਮ ਬਣਾ ਦਿੱਤੀ ਅਤੇ ਵੋਟਾਂ ਖਰੀਦਣ ਲਈ ਉਹਨਾਂ ਨੂੰ ਹਰ ਤਰਾਂ ਦੀ ਖੁਲ ਦੇ ਦਿੱਤੀ। ਵੋਟਾਂ ਪੈਣ ਦਾ ਦਿਨ ਲੰਘ ਗਿਆ, ਦੂਜੇ ਦਿਨ ਵੋਟਾਂ ਦੀ ਗਿਣਤੀ ਹੋਈ ਤਾਂ ਗੁਰਬਖਸ ਸਿੰਘ ਨੰਬਰਦਾਰ ਭਾਰੀ ਵੋਟਾਂ ਦੇ ਫ਼ਰਕ ਨਾਲ ਜੇਤੂ ਕਰਾਰ ਦਿੱਤਾ ਗਿਆ, ਹੁਣ ਕਰੀਬ ਇੱਕ ਹਫਤਾ ਉਸ ਦੀ ਵੱਡੀ ਜਿੱਤ ਦੀ ਖੁਸ਼ੀ ਵਿੱਚ ਜਸ਼ਨ ਉਸੇ ਤਰਾਂ ਹੀ ਚਲਦੇ ਰਹੇ। ਉਸਤੋਂ ਬਾਅਦ ਵਿਹਲੇ ਹੋ ਕੇ ਜਦ ਖ਼ਰਚੇ ਦਾ ਹਿਸਾਬ ਕਿਤਾਬ ਕੀਤਾ ਤਾਂ ਨੰਬਰਦਾਰ ਨੂੰ ਦੋ ਏਕੜ ਜਮੀਨ ਬੈਅ ਕਰਕੇ ਆਪਣਾ ਖਹਿੜਾ ਛੁਡਾਉਣ ਲਈ ਮਜਬੂਰ ਹੋਣਾ ਪਿਆ।
ਗੁਰਬਖਸ ਸਿੰਘ ਕੁਝ ਦਿਨ ਤਾਂ ਖ਼ਰਚੇ ਕਾਰਨ ਉਦਾਸ ਰਿਹਾ, ਅਜਿਹੇ ਮੌਕੇ ਕੇਵਲ ਮੈਂ ਹੀ ਸੀ, ਜੋ ਉਸਨੂੰ ਹਰ ਸਮੇਂ ਹੌਂਸਲਾ ਦਿੰਦਾ ਸ਼ਾਮ ਨੂੰ ਕੌੜੇ ਪਾਣੀ ਦੇ ਗਰਾਰੇ ਕਰਵਾ ਕੇ ਅਤੇ ਰੋਟੀ ਪਾਣੀ ਛਕਾ ਕੇ ਹੀ ਆਪਣੇ ਘਰ ਜਾਂਦਾ ਸੀ। ਕੁਝ ਕੁ ਦਿਨਾਂ ਵਿੱਚ ਉਦਾਸੀ ਦੂਰ ਹੋ ਗਈ ਅਤੇ ਨੰਬਰਦਾਰ ਨੂੰ ਲੀਡਰੀ ਚੜਣ ਲੱਗ ਗਈ ਸੀ। ਪਿੰਡ ਵਿੱਚ ਟੂਰਨਾਮੈਂਟ ਕਰਵਾਇਆ ਤਾਂ ਉਸ ਤੋਂ ਹੀ ਉਦਘਾਟਨ ਕਰਵਾਇਆ ਅਤੇ ਇਨਾਮ ਵੀ ਉਸਨੇ ਵੰਡੇ, ਗੁਰਦੁਆਰਾ ਸਾਹਿਬ ਵਿਖੇ ਗੁਰਪੁਰਬ ਮਨਾਇਆ ਤਾਂ ਉਸਨੂੰ ਪਹਿਲਾਂ ਨਾਲੋਂ ਕਿਤੇ ਵੱਧ ਸਤਿਕਾਰ ਮਿਲਿਆ, ਕਲੱਬ ਨੇ ਲਾਇਬਰੇਰੀ ਸੁਰੂ ਕੀਤੀ ਤਾਂ ਉਸਦਾ ਉਦਘਾਟਨ ਵੀ ਗੁਰਬਖਸ ਨੰਬਰਦਾਰ ਤੋਂ ਬਣੇ ਗੁਰਬਖਸ ਸਿੰਘ ਸਰਪੰਚ ਨੇ ਹੀ ਕੀਤਾ ਸੀ। ਇਹ ਗੱਲਾਂ ਕਰਦੇ ਉਹ ਗੁਰਦੁਆਰਾ ਸਾਹਿਬ ਪਹੁੰਚ ਗਏ ਸਨ, ਘੁੱਕਰ ਨੇ ਡਿਉਡੀ ਤੇ ਮੱਥਾ ਟੇਕਦਿਆਂ ਵਾਹਿਗੁਰੂ ਦਾ ਉਚਾਰਨ ਕੀਤਾ।
ਇਹ ਇੱਕ ਸੱਚਾਈ ਹੈ ਕਿ ਜਦੋਂ ਕਿਸੇ ਵਿਅਕਤੀ ਕੋਲ ਕੁਝ ਸਾਸਕੀ ਤਾਕਤ ਆਉਂਦੀ ਹੈ ਤਾਂ ਉਸਨੂੰ ਨਵੇਂ ਸੱਜਣ ਆਪਣੇ ਘੇਰੇ ਵਿੱਚ ਲੈ ਲੈਂਦੇ ਹਨ ਤੇ ਪੁਰਾਣੇ ਸਾਥੀ ਦੂਰ ਕਰ ਦਿੱਤੇ ਜਾਂਦੇ ਹਨ। ਇਹੋ ਹੀ ਗੁਰਬਖਸ ਨੰਬਰਦਾਰ ਦੇ ਪੁਰਾਣੇ ਸਾਥੀ ਘੁੱਕਰ ਨਾਲ ਹੋਈ, ਉਸਨੂੰ ਲੋਕ ਇਸ ਲਈ ਬੁਰਾ ਸਮਝਣ ਲੱਗ ਪਏ ਕਿ ਸਰਪੰਚ ਨੂੰ ਮਿਲਣ ਲਈ ਪਹਿਲਾਂ ਉਹਦੀ ਹਾਜਰੀ ਭਰਨੀ ਪੈਂਦੀ ਸੀ ਤੇ ਨੰਬਰਦਾਰ ਦੇ ਘਰ ਵਿੱਚ ਵੀ ਉਸਦੀ ਪੁੱਛ ਗਿੱਛ ਪਹਿਲਾਂ ਵਾਲੀ ਨਾ ਰਹੀ, ਕਿਉਂਕਿ ਹੁਣ ਉਸ ਨਾਲੋਂ ਵੀ ਚੰਗੇ ਝਾੜੂ ਬਰਦਾਰ ਮਿਲ ਰਹੇ ਸਨ। ਗਰੀਬ ਵਿਅਕਤੀ ਦਾ ਸਬਰ ਵੀ ਬਹੁਤ ਵੱਡਾ ਹੁੰਦਾ ਹੈ, ਉਹ ਸਮੇਂ ਦੇ ਹਾਲਾਤ ਸਮਝਦਾ ਹੋਇਆ ਖੁਦ ਹੀ ਪਿੱਛੇ ਹਟ ਗਿਆ। ਪਿੰਡ ਵਿੱਚ ਜਾਂਦਾ ਤਾਂ ਲੋਕ ਉਸਨੂੰ ਟਿੱਚਰਾਂ ਕਰਦੇ, ਆਖ਼ਰ ਉਸਨੇ ਪਿੰਡ ਤੋਂ ਕਿਨਾਰਾ ਕਰਦਿਆਂ ਰਾਮਪੁਰਾ ਦੇ ਇੱਕ ਠੇਕੇਦਾਰ ਗੁਰਨਾਮ ਸਿੰਘ ਕੋਲ ਡਰਾਈਵਰ ਵਜੋਂ ਨੌਕਰੀ ਕਰ ਲਈ।
ਆਪਣੀ ਇਮਾਨਦਾਰੀ ਤੇ ਮਿਹਨਤ ਸਦਕਾ ਉਹ ਜਲਦੀ ਹੀ ਠੇਕੇਦਾਰ ਦਾ ਸਭ ਤੋਂ ਵੱਧ ਵਿਸਵਾਸਪਾਤਰ ਬਣ ਗਿਆ। ਠੇਕੇਦਾਰ ਦਾ ਮੁੰਡਾ ਜੋ ਅਮਰੀਕਾ ਵਿਖੇ ਚੰਗੇ ਕਾਰੋਬਾਰ ਦਾ ਮਾਲਕ ਸੀ, ਤਿੰਨ ਕੁ ਮਹੀਨੇ ਲਈ ਭਾਰਤ ਆਇਆ ਤਾਂ ਉਸਨੂੰ ਘੁਮਾਉਣ ਫਿਰਾਉਣ ਲਈ ਡਰਾਈਵਰ ਵਜੋਂ ਘੁੱਕਰ ਉਸਦੇ ਨਾਲ ਹੀ ਰਿਹਾ। ਵਿਦੇਸ਼ੀ ਮੁੰਡਾ ਵੀ ਉਸਦੇ ਰਵੱਈਏ ਤੇ ਕਾਰ ਵਿਹਾਰ ਤੋਂ ਬਹੁਤ ਖੁਸ਼ ਹੋਇਆ ਅਤੇ ਜਲਦੀ ਹੀ ਉਸਨੇ ਘੁੱਕਰ ਨੂੰ ਆਪਣੇ ਕੋਲ ਅਮਰੀਕਾ ਹੀ ਬੁਲਾ ਲਿਆ। ਘੁੱਕਰ ਨੂੰ ਆਪਣਾ ਭਵਿੱਖ ਚੰਗਾ ਦਿਖਾਈ ਦੇਣ ਲੱਗਾ ਅਤੇ ਉਸਨੇ ਏਨੀ ਮਿਹਨਤ ਕੀਤੀ ਕਿ ਦੋ ਕੁ ਸਾਲਾਂ ਵਿੱਚ ਹੀ ਆਪਣੇ ਪੈਰ ਜਮਾਂ ਲਏ ਅਤੇ ਉਸਦੀ ਗਿਣਤੀ ਭਾਈਰੂਪੇ ਦੇ ਅਮੀਰ ਲੋਕਾਂ ਵਿੱਚ ਹੀ ਹੋਣ ਲੱਗ ਪਈ।
ਉਧਰ ਗੁਰਬਖਸ਼ ਨੰਬਰਦਾਰ ਨੂੰ ਲੀਡਰੀ ਪੂਰੀ ਤਰਾਂ ਚੜ ਗਈ, ਉਸਨੂੰ ਵਿਧਾਇਕ ਦੀ ਕੁਰਸੀ ਵੀ ਨੇੜੇ ਦਿਸਣ ਲੱਗ ਪਈ, ਜਿਸਨੂੰ ਹਾਸਲ ਕਰਨ ਲਈ ਉਸਨੇ ਖਰਚਾ ਹੋਰ ਖੁਲਾ ਕਰਨਾ ਸੁਰੂ ਕਰ ਦਿੱਤਾ। ਜਦੋਂ ਹਾਲਤ ਜਿਆਦਾ ਤੰਗੀ ਵਾਲੀ ਹੋ ਜਾਂਦੀ ਤਾਂ ਉਹ ਇੱਕ ਦੋ ਏਕੜ ਜਮੀਨ ਹੋਰ ਬੈਅ ਕਰ ਦਿੰਦਾ ਅਤੇ ਵੱਡੇ ਲੀਡਰ ਵਾਂਗ ਹੀ ਲੋਕਾਂ ਵਿੱਚ ਵਿਚਰਦਾ। ਖ਼ਰਚੇ ਪੱਖੋਂ ਹੱਥ ਖੁਲਾ ਦੇਖ ਕੇ ਪਾਰਟੀ ਦੇ ਉੱਚ ਆਗੂ ਵੀ ਉਸਨੂੰ ਅਹੁਦਿਆਂ ਦੇ ਸਬਜਬਾਗ ਦਿਖਾਉਣ ਲੱਗ ਪਏ। ਸਾਲ ਕੁ ਬਾਅਦ ਜਦ ਘੁੱਕਰ ਵੀ ਮਿਲਣ ਗਿਲਣ ਲਈ ਪਿੰਡ ਆਇਆ ਤਾਂ ਉਸਦੇ ਛੋਟੇ ਭਰਾ ਬੱਗੜ ਨੇ ਦੱਸਿਆ ਕਿ ਗੁਰਬਖਸ ਨੰਬਰਦਾਰ ਨੇ ਪੰਜ ਏਕੜ ਜ਼ਮੀਨ ਹੋਰ ਬੈਅ ਕਰਨ ਦਾ ਮਨ ਬਣਾਇਆ ਹੋਇਆ ਹੈ। ਉਸਨੇ ਘੁੱਕਰ ਨੂੰ ਸਲਾਹ ਦਿੱਤੀ ਕਿ ਤੇਰੇ ਕੋਲ ਸੁੱਖ ਨਾਲ ਸਭ ਕੁਝ ਹੈਗਾ, ਤੂੰ ਹੀ ਇਹ ਜ਼ਮੀਨ ਖਰੀਦ ਲੈ, ਵਾਹੀ ਮੈਂ ਕਰੀਂ ਜਾਵਾਂਗਾ। ਪਰ ਘੁੱਕਰ ਨੇ ਕਿਹਾ ਕਿ ਨਹੀਂ ਯਾਰ, ਆਪਾਂ ਉਹਦੇ ਘਰ ਦਾ ਖਾਧੈ, ਮੈਂ ਇਹ ਕੰਮ ਨਹੀਂ ਕਰ ਸਕਦਾ।
ਘੁੱਕਰ ਦੀ ਵਿਦੇਸ਼ ਰਹਿਣ ਕਾਰਨ ਬਣੀ ਪਰਸਨੈਲਿਟੀ, ਉਸਦੇ ਬੋਲ ਚਾਲ ਦੇ ਢੰਗ ਤਰੀਕੇ ਅਤੇ ਹਲੀਮੀ ਵਾਲੀ ਮਿੱਠੀ ਬੋਲੀ ਸਦਕਾ ਸਾਰਾ ਪਿੰਡ ਹੀ ਉਸਦੀ ਇੱਜਤ ਕਰ ਰਿਹਾ ਸੀ, ਉਸਨੂੰ ਵੀ ਪਿੰਡ ਵਾਸੀਆਂ ਦੇ ਇਸ ਰਵੱਈਏ ਚੋਂ ਸਕੂਨ ਮਿਲ ਰਿਹਾ ਸੀ। ਉਸਨੂੰ ਏਨਾ ਚਾਅ ਚੜਿਆ ਹੋਇਆ ਸੀ ਕਿ ਉਹ ਪਿੰਡ ਲਈ ਬਹੁਤ ਵੱਡੀ ਸੇਵਾ ਕਰਨੀ ਚਾਹੁੰਦਾ ਸੀ। ਇਹ ਗੱਲ ਉਸਨੇ ਪਿੰਡ ਦੇ ਮੋਹਤਬਰ ਬੰਦਿਆਂ ਨਾਲ ਸਾਂਝੀ ਕੀਤੀ ਤਾਂ ਉਹਨਾਂ ਕਿਹਾ ਕਿ ਜੇ ਤੁੰ ਪਹਿਲ ਕਰੇਂ ਤਾਂ ਪਿੰਡ ਵਿਚਲੇ ਗੁਰਦੁਆਰੇ ਦਾ ਹਾਲ ਢਾਹ ਕੇ ਨਵਾਂ ਬਣਾ ਲਈਏ। ਘੁੱਕਰ ਵਿਦੇਸ਼ ਚੋਂ ਆਇਆ ਹੋਣ ਕਰਕੇ ਉਸਦੀ ਸੋਚ ਉੱਚੀ, ਕੁਝ ਵੱਖਰੀ ਅਤੇ ਅਗਾਂਹਵਧੂ ਹੋ ਗਈ ਸੀ, ਉਹ ਆਪਣੇ ਪਿੰਡ ਦੇ ਬੱਚਿਆਂ ਦੇ ਭਵਿੱਖ ਨੂੰ ਉੱਜਲ ਕਰਨਾ ਚਾਹੁੰਦਾ ਸੀ। ਇਸ ਕਰਕੇ ਉਸਨੇ ਗੁਰਦੁਆਰਾ ਸਾਹਿਬ ਦੇ ਹਾਲ ਨੂੰ ਦੁਬਾਰਾ ਬਣਾਉਣ ਦੇ ਸੁਝਾਅ ਨੂੰ ਰੱਦ ਕਰਦਿਆਂ ਕਿਹਾ ਕਿ ਉੱਥੇ ਤਾਂ ਸਰਧਾ ਨਾਲ ਮੱਥਾ ਹੀ ਟੇਕਣਾ ਹੁੰਦਾ ਹੈ, ਇਸ ਕੰਮ ਲਈ ਹਾਲ ਕੋਈ ਮਾੜਾ ਨਹੀਂ ਹੈ, ਉਸਦੀ ਹਾਲਤ ਵੀ ਬਹੁਤੀ ਖਸਤਾ ਨਹੀਂ ਹੈ। ਇਸ ਲਈ ਮੈਂ ਇਸ ਹਾਲ ਨਾਲੋਂ ਪਿੰਡ ਦੇ ਹਾਈ ਸਕੂਲ ਤੇ ਖ਼ਰਚ ਕਰਨਾ ਚਾਹੁੰਦਾ ਹਾਂ ਤਾਂ ਜੋ ਸਾਡੇ ਪਿੰਡ ਦੇ ਬੱਚਿਆਂ ਨੂੰ ਚੰਗੀ ਵਿੱਦਿਆ ਮਿਲ ਸਕੇ ਤੇ ਉਹ ਆਪਣੇ ਪੈਰਾਂ ਤੇ ਖੜੇ ਹੋ ਸਕਣ।
ਪਿੰਡ ਵਾਲਿਆਂ ਨੇ ਵੀ ਸੋਚਿਆ ਕਿ ਸਾਂਝੇ ਕੰਮ ਲਈ ਮੁਫ਼ਤ ਦੀ ਰਕਮ ਮਿਲਦੀ ਹੈ, ਜਿੱਥੇ ਲਾਉਣਾ ਚਾਹੁੰਦਾ ਹੈ ਲਾ ਲੈਣ ਦਿਉ, ਉਹਨਾਂ ਵੀ ਸਹਿਮਤੀ ਦੇ ਦਿੱਤੀ। ਪੰਜ ਵਿਅਕਤੀਆਂ ਦੀ ਸਾਂਝੀ ਕਮੇਟੀ ਬਣਾ ਕੇ ਸਕੂਲ ਲਈ ਸਾਇੰਸ ਰੂਮ ਬਣਾਉਣ ਦਾ ਕੰਮ ਸੁਰੂ ਕਰ ਦਿੱਤਾ, ਕਮਰਾ ਤਿਆਰ ਹੋਣ ਤੇ ਸਾਇੰਸ ਲਿਬਾਰਟਰੀ ਦਾ ਸਮਾਨ ਲਿਆਂਦਾ ਗਿਆ, ਸਕੂਲ ਦੀ ਲਾਇਬਰੇਰੀ ਲਈ ਢੇਰ ਸਾਰੀਆਂ ਕਿਤਾਬਾਂ ਲਿਆਂਦੀਆਂ ਗਈਆਂ, ਇਸ ਸਾਰੇ ਕੰਮ ਤੇ ਕਰੀਬ ਪੰਦਰਾਂ ਲੱਖ ਰੁਪਏ ਘੁੱਕਰ ਨੇ ਆਪਣੇ ਕੋਲੋਂ ਖ਼ਰਚ ਕਰ ਦਿੱਤੇ। ਸਾਰਾ ਪਿੰਡ ਘੁੱਕਰ ਦੀਆਂ ਤਰੀਫ਼ਾਂ ਕਰ ਰਿਹਾ ਸੀ ਅਤੇ ਉਹ ਵੀ ਸੇਵਾ ਕਰਕੇ ਪੂਰੀ ਤਰ•ਾਂ ਸੰਤੁਸ਼ਟ ਸੀ। ਟੂਰਨਾਮੈਂਟ ਦਾ ਸਮਾਂ ਆ ਗਿਆ ਤਾਂ ਕਲੱਬ ਵਾਲਿਆਂ ਇਸ ਵਾਰ ਗੁਰਬਖਸ ਨੰਬਰਦਾਰ ਦੀ ਥਾਂ ਘੁੱਕਰ ਸਿੰਘ ਤੋਂ ਉਦਘਾਟਨ ਅਤੇ ਇਨਾਮ ਤਕਸੀਮ ਕਰਾਉਣ ਦਾ ਫੈਸਲਾ ਕੀਤਾ, ਪਰ ਜਦ ਇਨਾਮ ਵੰਡਣ ਲੱਗੇ ਤਾਂ ਘੁੱਕਰ ਨੇ ਆਪਣੇ ਪੁਰਾਣੇ ਸਾਥੀ ਗੁਰਬਖਸ ਸਿੰਘ ਨੰਬਰਦਾਰ ਤੋਂ ਸਹਿਯੋਗ ਲੈ ਕੇ ਉਸਨੂੰ ਮਾਣ ਤਾਣ ਦਿੱਤਾ। ਇਨਾਮ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਘੁੱਕਰ ਨੇ ਪਿੰਡ ਦੇ ਗੱਭਰੂਆਂ ਦੀ ਖੇਡਾਂ ਵੱਲ ਰੁਚੀ ਦੇਖਦਿਆਂ ਉਹਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਕੂਲ ਦੇ ਇੱਕ ਕੋਨੇ ਤੇ ਜਿੰਮ ਲਈ ਕਮਰਾ ਅਤੇ ਵਰਜਿਸ ਵਾਲਾ ਸਾਰਾ ਸਮਾਨ ਆਪਣੇ ਖ਼ਰਚੇ ਤੇ ਲਿਆ ਕੇ ਦੇਣ ਦਾ ਐਲਾਨ ਕਰ ਦਿੱਤਾ। ਇਸ ਐਲਾਨ ਨਾਲ ਉਹ ਪਿੰਡ ਦੇ ਨੌਜਵਾਨਾਂ ਦਾ ਵੀ ਹਰਮਨ ਪਿਆਰਾ ਬਣ ਗਿਆ। ਬੇਰੁਜਗਾਰ ਨੌਜਵਾਨ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਉਸਨੇ ਪਿੰਡ ਦੀ ਚਹਿਲਾਂ ਵਾਲੀ ਧਰਮਸ਼ਾਲਾ ਵਿੱਚ ਸਿਲਾਈ ਸੈਂਟਰ ਖੋਹਲਣ ਲਈ ਪੰਚਾਇਤ ਨਾਲ ਸੰਪਰਕ ਕਰਦਿਆਂ ਕਿਹਾ ਕਿ ਜੇਕਰ ਧਰਮਸ਼ਾਲਾ ਵਿੱਚ ਜਗਾਹ ਦੇ ਦਿੱਤੀ ਜਾਵੇ ਤਾਂ ਉਹ ਸੈਂਟਰ ਲਈ ਪੰਦਰਾਂ ਮਸ਼ੀਨਾਂ ਦਾਨ ਵਜੋਂ ਦੇਣ ਲਈ ਤਿਆਰ ਹੈ। ਇਹ ਸੁਣਦਿਆਂ ਪੰਚਾਇਤ ਨੇ ਝੱਟ ਹਾਂ ਕਰ ਦਿੱਤੀ ਅਤੇ ਇੱਕ ਹਫ਼ਤੇ ਵਿੱਚ ਹੀ ਸਿਲਾਈ ਸੈਂਟਰ ਸੁਰੂ ਹੋ ਗਿਆ।
ਹੁਣ ਪਿੰਡ ਦੇ ਹਰ ਕੰਮ ਕਾਰ ਲਈ ਘੁੱਕਰ ਦਾ ਸਲਾਹ ਮਸ਼ਵਰਾ ਲੈਣਾ ਜਰੂਰੀ ਹੋ ਗਿਆ। ਜਦੋਂ ਵੀ ਪਿੰਡ ਦੇ ਕਿਸੇ ਕੰਮ ਲਈ ਰਾਇ ਕਰਨੀ ਹੁੰਦੀ ਤਾਂ ਸਭ ਤੋਂ ਪਹਿਲਾਂ ਘੁੱਕਰ ਨੂੰ ਸੱਦਾ ਦਿੱਤਾ ਜਾਂਦਾ, ਪਿੰਡ ਵਿੱਚ ਕੋਈ ਉੱਚ ਅਫ਼ਸਰ ਜਾਂ ਲੀਡਰ ਆਉਂਦਾ ਤਾਂ ਸਭ ਤੋਂ ਪਹਿਲਾਂ ਉਸ ਨਾਲ ਘੁੱਕਰ ਨੂੰ ਹੀ ਮਿਲਾਇਆ ਜਾਂਦਾ, ਉਹ ਹੁਣ ਪਿੰਡ ਦਾ ਮਸੀਹਾ ਬਣ ਚੁੱਕਾ ਸੇ। ਜਿੱਥੇ ਵੀ ਦੋ ਵਿਅਕਤੀ ਜੁੜਦੇ ਉੱਥੇ ਗੁਰਬਖਸ ਨੰਬਰਦਾਰ ਤੇ ਘੁੱਕਰ ਦੀਆਂ ਗੱਲਾਂ ਛਿੜ ਪੈਂਦੀਆਂ। ਕੋਈ ਨੰਬਰਦਾਰ ਬਾਰੇ ਕਹਿੰਦਾ ਯਾਰ, ‘ਉਹਨੇ ਲੀਡਰੀ ਦੀ ਭੁੱਖ ਵਿੱਚ ਸਭ ਕੁਝ ਗੁਆ ਲਿਆ, ਕੋਈ ਕਹਿੰਦਾ ਉਹਦੇ ਹੰਕਾਰ ਨੇ ਹੀ ਉਸਨੂੰ ਪਿੱਛੇ ਕਰ ਦਿੱਤੈ, ਕੋਈ ਕਹਿੰਦਾ ਉਹਨੇ ਕਦੇ ਕਿਸੇ ਦਾ ਭਲਾ ਹੀ ਨਹੀਂ ਕੀਤਾ ਫੇਰ ਉਹਦਾ ਭਲਾ ਕਿੱਥੋਂ ਹੋਵੇ, ਆਦਿ’। ਦੂਜੇ ਪਾਸੇ ਘੁੱਕਰ ਬਾਰੇ ਲੋਕ ਕਹਿੰਦੇ, ‘ਉਹਦੀ ਮਿਹਨਤ ਰੰਗ ਲਿਆਈ ਐ, ਕੋਈ ਕਹਿੰਦਾ ਉਸਨੂੰ ਗਰੀਬ ਗੁਰਬੇ ਦੀਆਂ ਅਸੀਸਾਂ ਨੇ ਤਾਰ ਦਿੱਤੈ, ਕੋਈ ਕਹਿੰਦਾ ਲੋਕਾਂ ਦਾ ਭਲਾ ਕਰਨ ਵਾਲੇ ਤੋਂ ਵਾਹਿਗੁਰੂ ਕੁਝ ਨੀ ਲੁਕਾ ਕੇ ਰਖਦਾ, ਕੋਈ ਕਹਿੰਦਾ ਇਹ ਤਾਂ ਰੱਬ ਦਾ ਹੀ ਰੂਪ ਹੈ, ਜਿਸਨੇ ਆਪਣਾ ਸਭ ਕੁਝ ਲੋਕਾਂ ਦੇ ਹੀ ਅਰਪਣ ਕਰ ਦਿੱਤੈ ਆਦਿ।’
ਭੁੱਲਰ ਹਾਊਸ ਗਲੀ ਨੰ: 12 ਭਾਈ ਮਤੀ ਦਾਸ ਨਗਰ, ਬਠਿੰਡਾ

Total Views: 110 ,
Real Estate