ਕਹਾਣੀ – ਜਾਇਆਵੱਢੀ- ਤ੍ਰਿਪਤਾ ਕੇ ਸਿੰਘ

ਤ੍ਰਿਪਤਾ ਕੇ ਸਿੰਘ
ਹਸਪਤਾਲ ‘ਚ ਦਾਖਿਲ ਹੋਈ ਜੀਤੋ ਨੂੰ ਅੱਜ ਪੰਜਵਾਂ ਦਿਨ ਸੀ। ਉਹ ਨਾ ਤਾਂ ਕਿਸੇ ਨਾਲ ਕੋਈ ਗੱਲ ਕਰਦੀ ਸੀ ਅਤੇ ਨਾ ਹੀ ਆਪਣੀ ਦੁੱਖ ਤਕਲੀਫ਼ ਕਿਸੇ ਨਾਲ ਸਾਂਝੀ ਕਰਦੀ ਸੀ। ਇਕ ਮਹਿਲਾ ਕਾਂਸਟੇਬਲ ਹਮੇਸ਼ਾ ਉਹਦੀ ਰਾਖੀ ਲਈ ਉਹਦੇ ਕਮਰੇ ਦੇ ਬਾਹਰ ਤਾਇਨਾਤ ਰਹਿੰਦੀ। ਦੋ ਟਾਈਮ ਆ ਕੇ ਡਾਕਟਰ ਉਹਦਾ ਚੈੱਕਅਪ ਕਰ ਜਾਂਦੀ। ਡਿਊਟੀ ਨਰਸਿਜ਼ ਆ ਕੇ ਆਪਣੀ ਡਿਊਟੀ ਮੁਤਾਬਿਕ ਉਸਦੇ ਟੀਕਾ ਲਗਾ ਕੇ ਗੋਲੀਆਂ, ਕੈਪਸੂਲ ਦੇ ਕੇ ਆਪਣੇ ਡਿਊਟੀ ਰੂਮ ‘ਚ ਜਾ ਬਹਿੰਦੀਆਂ।
ਅਗਲੇ ਦਿਨ ਸਾਰੇ ਮਰੀਜ਼ਾਂ ਨੂੰ ਦਵਾਈ ਦੇਣ ਉਪਰੰਤ ਸਿਸਟਰ ਪੂਨਮ ਜੀਤੋ ਦੇ ਕਮਰੇ ਵਿਚ ਆਈ। ਕਮਰੇ ਦੇ ਬਾਹਰ ਸਟੂਲ ‘ਤੇ ਬੈਠੀ ਕਾਂਸਟੇਬਲ ਸੁਖਵਿੰਦਰ ਊਂਘ ਰਹੀ ਸੀ। ਪੂਨਮ ਨੇ ਜੀਤੋ ਦਾ ਬੀ. ਪੀ. ਚੈੱਕ ਕੀਤਾ, ਥਰਮਾਮੀਟਰ ਲਾ ਕੇ ਬੁਖ਼ਾਰ ਵੇਖਿਆ ਤੇ ਫਿਰ ਫਾਈਲ ‘ਤੇ ਕੁਝ ਲਿਖਿਆ। ਜੀਤੋ ਬਿਨਾਂ ਹਿਲੇ-ਜੁੱਲੇ ਛੱਤ ਵੱਲ ਤੱਕਦੀ ਅਡੋਲ ਪਈ ਰਹੀ। ਪੂਨਮ ਨੇ ਇਕ ਨਿੱਕੀ ਜਿਹੀ ਮੁਸਕਰਾਹਟ ਜੀਤੋ ਵੱਲ ਸੁੱਟੀ ਪਰ ਜੀਤੋ ਤਾਂ ਜਿਵੇਂ ਇੱਥੇ ਕਿਤੇ ਵੀ ਹਾਜ਼ਰ ਨਹੀਂ ਸੀ।
”ਹੁਣ ਕਿੱਦਾਂ ਸਿਹਤ ਹੈ ਬੀਬੀ ਤੇਰੀ” ਪੂਨਮ ਨੇ ਅਪਣੱਤ ਨਾਲ ਪੁੱਛਿਆ ਪਰ ਜੀਤੋ ਨੇ ਕੋਈ ਜਵਾਬ ਨਾ ਦਿੱਤਾ।
ਪੂਨਮ ਕਿੰਨਾ ਚਿਰ ਚੁੱਪ ਖੜ੍ਹੀ ਜੀਤੋ ਵੱਲ ਵੇਖਦੀ ਰਹੀ। ਪੂਨਮ ਆਮ ਨਰਸਾਂ ਵਾਂਗ ਨਹੀਂ ਸੀ। ਉਹ ਆਪਣੇ ਪ੍ਰੋਫੈਸ਼ਨ ਦੀ ਮਿਸਾਲ ਖ਼ੁਦ ਆਪ ਸੀ। ਉਸਦਾ ਸਾਰੇ ਮਰੀਜ਼ਾਂ ਪ੍ਰਤੀ ਰਵੱਈਆ ਵਧੀਆ ਸੀ ਪਰ ਇਸ ਮਹਿਲਾ ਕੈਦੀ ਜੀਤੋ ਨੇ ਉਸਨੂੰ ਪਤਾ ਨਹੀਂ ਕਿਉਂ ਬੇਚੈਨ ਜਿਹਾ ਕਰ ਦਿੱਤਾ ਸੀ। ਪੂਨਮ ਨੂੰ ਉਸ ਬਾਰੇ ਜਾਣਨ ਦੀ ਦਿਲਚਸਪੀ ਹੋ ਗਈ ਸੀ। ਪੂਨਮ ਨੂੰ ਇੰਨਾ ਤਾਂ ਪਤਾ ਲੱਗ ਗਿਆ ਸੀ ਕਿ ਜੀਤੋ ਕਤਲ ਕੇਸ ਵਿਚ ਜੇਲ ਕੱਟ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਉਸਨੂੰ ਪੇਟ ਦੇ ਨਿਚਲੇ ਹਿੱਸੇ ਵਿਚ ਦਰਦ ਅਤੇ ਜ਼ਿਆਦਾ ਬਲੀਡਿੰਗ ਹੋਣ ਕਰਕੇ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ। ਪੂਨਮ ਵੇਖ ਰਹੀ ਸੀ ਕਿ ਇੰਨੇ ਦਿਨਾਂ ਤੋਂ ਕੋਈ ਵੀ ਜੀਤੋ ਨੂੰ ਮਿਲਣ ਨਹੀਂ ਸੀ ਆਇਆ। ਹਸਪਤਾਲ ਦੀ ਮੈੱਸ ‘ਚੋਂ ਹੀ ਉਸ ਲਈ ਦੋ ਵਕਤ ਦਾ ਖਾਣਾ ਆਉਂਦਾ ਸੀ। ‘ਇਹ ਔਰਤ ਕਿਸੇ ਦਾ ਕਤਲ ਵੀ ਕਰ ਸਕਦੀ ਹੈ’ ਪਤਾ ਨਹੀਂ ਕਿਉਂ ਪੂਨਮ ਦਾ ਮਨ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਸੀ।
”ਮਾਸੀ ਲੱਜਿਆ, ਇੱਧਰ ਆ ਜ਼ਰਾ” ਅਗਲੇ ਦਿਨ ਪੂਨਮ ਨੇ ਕਲਾਸ ਫ਼ੋਰ ਨੂੰ ਆਵਾਜ਼ ਮਾਰ ਕੇ ਆਪਣੇ ਪਿੱਛੇ ਜੀਤੋ ਦੇ ਕਮਰੇ ਵਿਚ ਆਉਣ ਲਈ ਕਿਹਾ। ”ਆਹ ਲੈ ਫੜ ਕੰਘਾ ਤੇ ਜੀਤੋ ਦਾ ਸਿਰ ਵਾਹ ਦੇ, ਵੇਖ ਕਿਵੇਂ ਵਾਲਾਂ ਦੀਆਂ ਜਟੂਰੀਆਂ ਜਿਹੀਆਂ ਬਣੀਆਂ ਪਈਆਂ।”
ਕਲਾਸ ਫ਼ੋਰ ਨੇ ਭੈੜਾ ਜਿਹਾ ਮੂੰਹ ਬਣਾ ਕੇ ਅਣਮੰਨੇ ਮਨ ਨਾਲ ਕੰਘਾ ਫੜ ਲਿਆ, ”ਨਾ ਹੁਣ ਇਨ੍ਹਾਂ ਜਾਇਆਵੱਢੀਆਂ ਦੇ ਝਾਟੇ ਵੀ ਅਸੀਂ ਵਾਹੀਏ” ਲੱਜਿਆ ਨੇ ਇਕ ਨਫ਼ਰਤ ਭਰੀ ਨਜ਼ਰ ਜੀਤੋ ‘ਤੇ ਸੁੱਟੀ। ਲੱਜਿਆ ਦੀ ਇਹ ਬੜ-ਬੜ ਪੂਨਮ ਨੇ ਨਹੀਂ ਸੀ ਸੁਣੀ। ਦੋ ਕੁ ਘੰਟੇ ਬਾਅਦ ਪੂਨਮ ਨੇ ਜੀਤੋ ਦੇ ਕਮਰੇ ‘ਚ ਜਾ ਕੇ ਵੇਖਿਆ ਤਾਂ ਜੀਤੋ ਕੁਝ-ਕੁਝ ਸੰਵਰੀ ਜਿਹੀ ਲੱਗ ਰਹੀ ਸੀ। ਪੂਨਮ ਉਹਦੇ ਬੈੱਡ ਕੋਲ ਡੱਠੇ ਸਟੂਲ ‘ਤੇ ਬੈਠ ਗਈ। ‘ਜੀਤ ਕੁਰੇ’ ਪੂਨਮ ਨੇ ਪਿਆਰ ਨਾਲ ਜੀਤੋ ਨੂੰ ਬੁਲਾਇਆ।
‘ਹੂੰਅ’ ਏਨੇ ਦਿਨਾਂ ‘ਚ ਪਹਿਲੀ ਵਾਰੀ ਪੂਨਮ ਨੇ ਜੀਤੋ ਦੇ ਮੂੰਹੋਂ ਆਵਾਜ਼ ਸੁਣੀ ਸੀ।
‘ਇਕ ਗੱਲ ਦੱਸੇਂਗੀ’ ਪੂਨਮ ਨੇ ਫਿਰ ਅਪਣੱਤ ਜਿਹੀ ਨਾਲ ਕਿਹਾ।
‘ਨਾ ਬੀਬੀ, ਦੱਸਣ ਜੋਗਾ ਹੈ ਨੀ ਮੇਰੇ ਕੋਲ ਕੁਸ ਵੀ’ ਜੀਤੋ ਨੇ ਹੋਲੇ ਜਿਹੇ ਆਖ ਕੇ ਮੂੰਹ ਘੁਮਾ ਲਿਆ।
”ਚੱਲ ਨਾ ਦੱਸ, ਪਰ ਮੇਰੇ ਵੱਲ ਮੂੰਹ ਤਾਂ ਕਰ ਇਕ ਵਾਰ” ਪੂਨਮ ਨੇ ਫਿਰ ਇਕ ਵਾਰ ਕੋਸ਼ਿਸ਼ ਕਰਦਿਆਂ ਜੀਤੋ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਪਰ ਜੀਤੋ ਨੇ ਕੋਈ ਜਵਾਬ ਨਾ ਦਿੱਤਾ ਤੇ ਉਸੇ ਤਰ੍ਹਾਂ ਚੁੱਪਚਾਪ ਲੇਟੀ ਰਹੀ।
ਪੰਜ-ਛੇ ਦਿਨ ਹੋਰ ਲੰਘ ਗਏ। ਪੂਨਮ ਉਸੇ ਤਰ੍ਹਾਂ ਆਪਣੀ ਡਿਊਟੀ ਵੇਲੇ ਜੀਤੋ ਦਾ ਖ਼ਿਆਲ ਰੱਖਦੀ ਰਹੀ। ਹੁਣ ਉਹਦੀ ਹਾਲਤ ਵਿਚ ਕੁਝ-ਕੁਝ ਸੁਧਾਰ ਹੋ ਗਿਆ ਸੀ। ਅੱਜ ਸਵੇਰੇ ਜਦੋਂ ਸਿਸਟਰ ਪੂਨਮ ਡਿਊਟੀ ਦੇ ਦੌਰਾਨ ਡਾਕਟਰ ਨਾਲ ਰਾਊਂਡ ਕਰਵਾਉਣ ਗਈ ਤਾਂ ਡਾਕਟਰ ਨੇ ਉਸਦਾ ਨਿਰੀਖਣ ਕਰਕੇ ਉਸਦੀ ਫਾਈਲ ‘ਤੇ ਉਸਨੂੰ ਡਿਸਚਾਰਜ ਕਰਨ ਦੇ ਨੋਟਸ ਪਾ ਦਿੱਤੇ। ਕਿਸੇ ਵੀ ਮਰੀਜ਼ ਦਾ ਠੀਕ ਹੋ ਕੇ ਘਰ ਜਾਣਾ ਡਾਕਟਰ ਤੇ ਨਰਸਿਜ਼ ਲਈ ਖੁਸ਼ੀ ਵਾਲੀ ਗੱਲ ਹੁੰਦੀ ਹੈ ਪਰ ਪੂਨਮ ਨੂੰ ਪਤਾ ਨਹੀਂ ਕਿਉਂ ਜੀਤੋ ਦੇ ਇੱਥੋਂ ਚਲੇ ਜਾਣ ਦੀ ਖੁਸ਼ੀ ਨਹੀਂ ਸੀ ਹੋਈ। ਆਪਣੇ ਰੁਟੀਨ ਕੰਮਾਂ ਤੋਂ ਵਿਹਲੀ ਹੋ ਕੇ ਪੂਨਮ ਜੀਤੋ ਦੇ ਕਮਰੇ ਵਿਚ ਜਾ ਵੜੀ ਸੀ।
”ਜੀਤ ਕੁਰੇ ਅੱਜ ਤਾਂ ਤੈਨੂੰ ਛੁੱਟੀ ਮਿਲ ਗਈ।”
”ਹਾਂਅ” ਇਕ ਡੂੰਘੀ ਜਿਹੀ ਆਵਾਜ਼ ਜੀਤੋ ਦੇ ਗਲੇ ‘ਚੋਂ ਨਿਕਲੀ।
”ਗੱਲ ਕੀਤਿਆਂ ਮਨ ਹੌਲਾ ਹੋ ਜਾਂਦੈ, ਜੀਤ ਕੁਰੇ” ਪੂਨਮ ਨੇ ਜੀਤੋ ਦੇ ਮੋਢੇ ‘ਤੇ ਹੱਥ ਰੱਖਦਿਆਂ ਉਹਦੀਆਂ ਅੱਖਾਂ ਵਿਚ ਝਾਕਦਿਆਂ ਕਿਹਾ।
ਦੋ ਮੋਟੇ-ਮੋਟੇ ਹੰਝੂ ਜੀਤੋ ਦੀਆਂ ਅੱਖਾਂ ਵਿਚ ਆਏ। ਉਸਨੇ ਉਨ੍ਹਾਂ ਨੂੰ ਪਲਕਾਂ ਵਿਚ ਡੱਕਣ ਦੀ ਨਾਕਾਮ ਕੋਸ਼ਿਸ਼ ਕੀਤੀ ਪਰ ਰੋਕਦਿਆਂ-ਰੋਕਦਿਆਂ ਉਸਦੇ ਹੰਝੂ ਉਸ ਦੀਆਂ ਗੱਲਾਂ ‘ਤੇ ਢਲਕ ਆਏ।
”ਜਾਣ ਤੋਂ ਪਹਿਲਾਂ ਸਿਰਫ਼ ਏਨਾ ਦੱਸ ਜਾ ਕਿ ਇਹ ਕਤਲ ਤੂੰ ਸੱਚੀ-ਮੁੱਚੀ ਕੀਤਾ” ਪੂਨਮ ਨੇ ਉਸਦਾ ਮੋਢਾ ਪਲੋਸਦਿਆਂ ਪੁੱਛਿਆ।
”ਹਾਂਅ” ਆਖ ਕੇ ਜੀਤੋ ਪੂਨਮ ਤੋਂ ਅੱਖ ਬਚਾ ਕੇ ਬਾਹਰ ਵੱਲ ਤੱਕਣ ਲੱਗੀ। ਜੀਤੋ ਦੀ ‘ਹਾਂਅ’ ਸੁਣ ਕੇ ਪੂਨਮ ਦਾ ਹੱਥ ਜੀਤੋ ਦੇ ਮੋਢੇ ਤੋਂ ਖਿਸਕ ਕੇ ਪਿਛਾਂਹ ਹਟ ਗਿਆ। ਕਿੰਨੇ ਦਿਨਾਂ ਤੋਂ ਪੂਨਮ ਇਕ ਭਰਮ ਪਾਲੀ ਬੈਠੀ ਸੀ ਕਿ ਜੀਤੋ ਵਰਗੀ ਭੋਲੀ ਜਿਹੀ ਤੀਵੀਂ ਜ਼ਰੂਰ ਕਿਸੇ ਸਾਜ਼ਿਸ਼ ਦਾ ਸ਼ਿਕਾਰ ਸੀ ਕਿ ਇਹ ਕਿਸੇ ਦਾ ਕਤਲ ਨਹੀਂ ਕਰ ਸਕਦੀ ਪਰ ਜੀਤੋ ਦੀ ਇਕ ‘ਹਾਂਅ’ ਨੇ ਝਟਕੇ ਨਾਲ ਉਸਦਾ ਇਹ ਭਰਮ ਤੋੜ ਦਿੱਤਾ। ਢੱਠੇ ਜਿਹੇ ਕਦਮਾਂ ਨਾਲ ਪੂਨਮ ਕਮਰੇ ਤੋਂ ਬਾਹਰ ਵੱਲ ਤੁਰ ਪਈ। ਦਰਵਾਜ਼ੇ ਤੱਕ ਪਹੁੰਚੀ ਤਾਂ ਜੀਤੋ ਦੀ ਆਵਾਜ਼ ਨੇ ਉਸਦੇ ਕਦਮ ਰੋਕ ਦਿੱਤੇ।
”ਜੋ ਕੁਸ ਏਨੇ ਦਿਨਾਂ ਤੋਂ ਸੁਣਨਾ ਚਾਹੁੰਦੀ ਸੈਂ, ਉਹ ਨੀ ਸੁਣਨਾ ਹੁਣ ਤੈਂ?” ਜੀਤੋ ਨੇ ਪੁੱਛਿਆ ਤਾਂ ਪੂਨਮ ਨੇ ਪਰਤ ਕੇ ਪਿਛਾਂਹ ਵੇਖਿਆ।
”ਹੁਣ ਸੁਣਨ ਸੁਣਾਉਣ ਤੇ ਜਾਣਨ ਲਈ ਕੁਝ ਬਾਕੀ ਨਹੀਂ ਬਚਿਆ” ਪੂਨਮ ਨੇ ਠੰਡਾ ਜਿਹਾ ਜਵਾਬ ਦਿੱਤਾ।
”ਪਰ ਮੈਂ ਫਿਰ ਵੀ ਤੈਨੂੰ ਦੱਸਣੈ, ਕਿਉਂਕਿ ਜ਼ਿੰਦਗੀ ਵਿਚ ਪਹਿਲੀ ਵਾਰ ਕਿਸੇ ਨੇ ਮੈਨੂੰ ਏਨੇ ਮੋਹ ਨਾਲ ਬੁਲਾਇਆ” ਪੂਨਮ ਪਰਤ ਕੇ ਫਿਰ ਸਟੂਲ ‘ਤੇ ਆ ਬੈਠੀ।
”ਤੈਨੂੰ ਮੇਰੀ ਵਿੱਥਿਆ ਸ਼ੁਰੂ ਤੋਂ ਸੁਣਨੀ ਪਊ” ਜੀਤੋ ਸਿਰ ਦਾ ਲੀੜਾ ਸੰਵਾਰਦਿਆਂ ਬੈੱਡ ‘ਤੇ ਬੈਠ ਗਈ।
ਉਦੋਂ ਮੈਂ ਕੋਈ ਪੰਜ-ਛੇ ਵਰ੍ਹਿਆਂ ਦੀ ਹੋਊਂ, ਜਦੋਂ ਮੇਰਾ ਪਿਓ ਜੋਗਾ ਸਿਉਂ ਕੇ ਖੇਤਾਂ ‘ਚ ਦਵਾਈ ਛਿੜਕਣ ਗਿਆ ਹੋਇਆ ਸੀ। ਦਵਾਈ ਚੜ੍ਹਨ ਕਰਕੇ ਉਹ ਉਸ ਦਿਨ ਮੁੱਕ ਕੇ ਹੀ ਘਰੇ ਪਰਤਿਆ ਸੀ। ਸਾਰੇ ਘਰ ‘ਚ ਹਾਹਾਕਾਰ ਮਚ ਗਈ। ਵਿਹੜੇ ਦੇ ਸਾਰੇ ਲੋਕ ਸਾਡੇ ਘਰੇ ਇਕੱਠੇ ਹੋ ਗਏ। ਮੈਂ, ਮੇਰੀ ਨਿੱਕੀ ਭੈਣ ਤੇ ਉਸ ਤੋਂ ਨਿੱਕਾ ਮੇਰਾ ਭਰਾ ਡੌਰ-ਭੌਰ ਹੋਏ। ਸਾਰੇ ਟੱਬਰ ਨੂੰ ਵਿਰਲਾਪ ਕਰਦਿਆਂ ਨੂੰ ਵੇਖ ਰਹੇ ਸੀ। ਸ਼ਾਮ ਵੇਲੇ ਜੋਗਾ ਸਿਉਂ ਕਾ ਬੁੜਾ ਚੜ੍ਹਤ ਸਿਹੁੰ ਸਾਡੇ ਘਰੇ ਆਇਆ। ਉਸਨੇ ਵਿਹੜੇ ਦੇ ਪੰਜ-ਸੱਤ ਮੋਹਤਬਰ ਬੰਦੇ ਇਕੱਠੇ ਕਰਕੇ ਪਤਾ ਨੀ ਕੀ ਮਤਾ ਪਕਾਇਆ ਸੀ।
”ਚਲੋ ਬਈ ਕਰੋ ਤਿਆਰੀ, ਟੈਮ ਨੀ ਅੱਜਕੱਲ ਖਰੇ। ਐਵੇਂ ਕੋਈ ਪੁਲਸ ਕੇਸ ਬਣ ਗਿਆ ਤਾਂ ਕਚਹਿਰੀਆਂ ‘ਚ ਰੁਲਣ ਜੋਗੇ ਰਹਿ ਜਾਊਗੇ। ਚੜ੍ਹਤ ਸਿਹੁੰ ਦੀ ਹਾਂ ‘ਚ ਹਾਂ ਰਲਾਉਂਦੇ ਹੋਏ ਸਾਰਿਆਂ ਨੇ ਬਾਪੂ ਨੂੰ ਨਹਾ ਕੇ ਟਿੱਕੀ ਨੀਵੀਂ ਹੋਣ ਤੋਂ ਪਹਿਲਾਂ ਸਿਵਿਆਂ ‘ਚ ਲਿਜਾ ਕੇ ਲਾਂਬੂ ਲਾ ਦਿੱਤਾ ਸੀ। ਮੇਰੀ ਮਾਂ ਨੂੰ ਮੇਰੀ ਨਾਨੀ ਨੇ ਸਾਂਭਿਆ ਹੋਇਆ ਸੀ। ਕਈ ਦਿਨ ਸਾਡੇ ਘਰ ਬੁੜੀਆਂ ਚਿੱਟੀਆਂ ਚੁੰਨੀਆਂ ਲੈ ਕੇ ਘੁੰਡ ਕੱਢ ਕੇ ਮਕਾਣਾਂ ਲੈ ਕੇ ਆਉਂਦੀਆਂ ਰਹੀਆਂ। ਮੈਂ ਆਪਣੇ ਨਿੱਕੇ ਭੈਣ-ਭਰਾਵਾਂ ਨਾਲ ਬੀਹੀ ‘ਚ ਦੁੜੰਗੇ ਲਾਉਂਦੀ ਰਹਿੰਦੀ। ਬੁੜੀਆਂ ਪਿੱਛੋਂ ਬੜੀਆਂ ਚੰਗੀਆਂ-ਭਲੀਆਂ ਗੱਲਾਂ ਕਰਦੀਆਂ ਆਉਂਦੀਆਂ। ਬੀਹੀ ਦਾ ਮੋੜ ਮੁੜ ਕੇ ਉਹ ਕੀਰਨੇ ਪਾਉਂਦੀਆਂ, ਦੁਹੱਥੜੇ ਪਿਟਦੀਆਂ ਸਾਡੇ ਘਰ ਤੱਕ ਜਾਂਦੀਆਂ। ਸਾਡੇ ਜੁਆਕਾਂ ਲਈ ਇਹ ਸਭ ਕੁਝ ਇਕ ਤਮਾਸ਼ੇ ਵਾਂਗਰਾਂ ਸੀ। ਏਦਾਂ ਕਈ ਦਿਨ ਹੁੰਦਾ ਰਿਹਾ। ਤਿੰਨ-ਚਾਰ ਮਹੀਨੇ ਲੰਘੇ ਤਾਂ ਇਕ ਦਿਨ ਮੇਰੀ ਨਾਨੀ ਆਈ। ਮੇਰਾ ਬਾਬਾ ਵੀ ਘਰੇ ਸੀ।
”ਮੈਂ ਕਿਹਾ ਚੌਧਰੀ, ਤੇਰੇ ਨਾਲ ਇਕ ਗੱਲ ਕਰਨੀ ਸੀ,” ਮੇਰੀ ਨਾਨੀ ਨੇ ਮੇਰੇ ਬਾਬੇ ਤੋਂ ਨਿੱਕਾ ਜਿਹਾ ਘੁੰਡ ਕੱਢ ਕੇ ਪੀੜੀ ਬਾਬੇ ਦੇ ਮੰਜੇ ਕੋਲ ਸਰਕਾ ਲਈ।
”ਹਾਂ ਦੱਸ ਚੌਧਰਾਣੀ” ਬਾਬਾ ਮੰਜੀ ‘ਤੇ ਬੈਠਾ ਹੁੱਕਾ ਗੁੜ ਗੁੜਾਈ ਜਾਵੇ।
”ਗੱਲ ਏਦਾਂ ਭਾਈ, ਤੂੰ ਆਪ ਸਿਆਣਾ ਮੇਰੀ ਧੀ ਦੇ ਤਿੰਨ ਜੁਆਕ ਆ, ਏਹਦਾ ਹੁਣ ਏਥੇ ਕਿੱਦਾਂ ਵਸੇਬਾ ਹਊ?” ਨਾਨੀ ਨੇ ਦਾਨੀ ਜਿਹੀ ਬਣਦੀ ਨੇ ਆਖਿਆ।
”ਤੂੰ ਕੀ ਚਾਹੁੰਨੀ ਐਂ?” ਬਾਬੇ ਨੇ ਹੁੱਕੇ ਦਾ ਸੂਟਾ ਖਿੱਚਿਆ।
”ਜੋ ਕੁਸ ਮੈਂ ਚਾਹੁੰਨੀ ਆਂ, ਤੁਹਾਤੋਂ ਕਿਹੜਾ ਗੁੱਝੈ”
”ਗੱਲ ਤਾਂ ਤੇਰੀ ਠੀਕ ਆ, ਚੱਲ ਪੁੱਛ ਲੈਂਦੇ ਆ ਚਮਨੇ ਨੂੰ ਉਹ ਕੀ ਕਹਿੰਦੈ”
”ਉਹ ਕਿਹੜਾ ਤੁਹਾਤੋਂ ਬਾਹਰ ਐ, ਸੱਦ ਲੋ ਓਹਨੂੰ, ਮੈਂ ਅੱਜ ਕੋਈ ਪੱਕ-ਠੱਕ ਕਰਕੇ ਜਾਣੈ।” ਨਾਨੀ ਨੇ ਆਪਣੀ ਗੱਲ ਮੁਕਾਉਂਦਿਆਂ ਆਖਿਆ।
ਬਾਬੇ ਨੇ ਮੈਨੂੰ ਘੱਲ ਕੇ ਦਿਹਾੜੀ ਗਏ ਮੇਰੇ ਚਾਚੇ ਚਮਨੇ ਨੂੰ ਬੁਲਾ ਲਿਆ। ਵਿਹੜੇ ਦੇ ਹੋਰ ਤਿੰਨ-ਚਾਰ ਬੁੜੇ-ਬੁੜੀਆਂ ਇਕੱਠੇ ਹੋ ਗਏ ਪਤਾ ਨਹੀਂ ਉਨ੍ਹਾਂ ‘ਚ ਕੀ ਗੱਲਾਂ ਹੋਈਆਂ। ਹਫਤੇ ਕੁ ਬਾਅਦ ਮੇਰਾ ਚਾਚਾ ਮੇਰੀ ਬੀਬੀ ਦਾ ਘਰਆਲਾ ਬਣ ਗਿਆ। ਸਾਡਾ ਚਾਚਾ ਸਾਡਾ ਪਿਓ ਬਣ ਗਿਆ ਸੀ। ਮੇਰੀ ਨਿੱਕੀ ਭੈਣ ਤੇ ਭਰਾ ਉਹਨੂੰ ਭਾਪਾ ਕਹਿਣ ਲੱਗ ਪਏ ਪਰ ਮੈਂ ਉਹਨੂੰ ਅਜੇ ਚਾਚਾ ਹੀ ਕਹਿੰਦੀ।
ਮੈਨੂੰ ਪਿੰਡ ਵਾਲੇ ਸਕੂਲੇ ਪੜ੍ਹਨੇ ਲਾ ਦਿੱਤਾ। ਹੌਲੀ-ਹੌਲੀ ਸਮਾਂ ਬੀਤਦਾ ਗਿਆ। ਮੈਂ ਪੰਜਵੀਂ ਜਮਾਤ ਪਾਸ ਕਰ ਲਈ। ਮੈਨੂੰ ਨਾਲ ਦੇ ਪਿੰਡ ਛੇਵੀਂ ਜਮਾਤ ‘ਚ ਦਾਖ਼ਲ ਕਰਾ ‘ਤਾ। ਬੀਬੀ ਬੁੜੀਆਂ ਨਾਲ ਖੇਤਾਂ ‘ਚ ਦਿਹਾੜੀ ਕਰਨ ਚਲੀ ਜਾਂਦੀ ਤੇ ਚਾਚਾ ਜੋਗੇ ਕੇ ਖੇਤਾਂ ‘ਚ ਕੰਮ ਕਰਦਾ। ਚਾਚਾ ਸਾਨੂੰ ਤਿੰਨਾਂ ਭੈਣ-ਭਰਾਵਾਂ ਨੂੰ ਪਿਆਰ ਕਰਦਾ। ਮਾੜੀ-ਮੋਟੀ ਚੀਜ਼ ਵਸਤ ਵੀ ਲਿਆ ਦਿੰਦਾ ਪਰ ਕਦੀ-ਕਦੀ ਬਿਨਾਂ ਕਿਸੇ ਗੱਲੋਂ ਚਾਚਾ ਬੀਬੀ ਨੂੰ ਕੁੱਟ ਛੱਡਦਾ। ਮੈਂ ਡਰ ਜਾਂਦੀ ਤੇ ਪਿਛਲੇ ਅੰਦਰ ਪਈਆਂ ਪੇਟੀਆਂ ਪਿੱਛੇ ਜਾ ਲੁੱਕਦੀ। ਹੁਣ ਮੈਂ ਸੱਤਵੀਂ ਜਮਾਤ ‘ਚ ਹੋ ਗਈ। ਮੇਰੇ ਨਿੱਕੇ ਭੈਣ-ਭਰਾ ਪਿੰਡ ਵਾਲੇ ਸਕੂਲ ਹੀ ਪੜ੍ਹਦੇ ਸੀ ਪਰ ਮੈਂ ਨਾਲ ਦੇ ਪਿੰਡ ਪੜ੍ਹਨ ਜਾਣ ਕਰਕੇ ਚਾਚਾ ਕਦੀ-ਕਦੀ ਮੈਨੂੰ ਸਕੂਲ ਛੱਡ ਵੀ ਆਂਦਾ ਤੇ ਲੈ ਵੀ ਆਉਂਦਾ। ਸਾਡੇ ਵਿਹੜੇ ਦੇ ਹੋਰ ਵੀ ਦੋ-ਤਿੰਨ ਜੁਆਕ ਸਾਡੇ ਸਕੂਲ ਜਾਂਦੇ ਸਨ ਪਰ ਉਹ ਸਾਰੇ ਸਾਈਕਲਾਂ ‘ਤੇ ਜਾਂਦੇ ਤੇ ਮੈਂ ਤੁਰ ਕੇ।
ਹੁਣ ਮੈਂ ਅੱਠਵੀਂ ਜਮਾਤ ਵਿਚ ਹੋ ਗਈ ਸਾਂ। ਚਾਚਾ ਹੁਣ ਮੈਨੂੰ ਕੁਝ ਜ਼ਿਆਦਾ ਹੀ ਪਿਆਰ ਕਰਨ ਲੱਗ ਪਿਆ। ਚਾਚਾ ਨਵੀਆਂ-ਨਵੀਆਂ ਚੀਜ਼ਾਂ ਤੇ ਕੱਪੜੇ ਲਿਆ ਕੇ ਦਿੰਦਾ। ਮੈਨੂੰ ਨਵੀਆਂ ਚੀਜ਼ਾਂ ਦਾ ਚਾਅ ਹੀ ਚੜ੍ਹ ਜਾਂਦਾ। ਆਮ ਤਾਂ ਮੈਨੂੰ ਮਾਂ ਦੇ ਲੀੜੇ ਈ ਠੀਕ ਕਰਕੇ ਪਾਉਣੇ ਪੈਂਦੇ ਸਨ। ਮੈਂ ਬਹੁਤ ਖੁਸ਼ ਰਹਿੰਦੀ ਤੇ ਚਾਈਂ-ਚਾਈਂ ਆਪਣੀਆਂ ਨਵੀਆਂ ਚੀਜ਼ਾਂ ਆਪਣੀਆਂ ਸਹੇਲੀਆਂ ਨੂੰ ਦਿਖਾਉਂਦੀ।
ਇਕ ਦਿਨ ਚਾਚਾ ਮੈਨੂੰ ਸਕੂਲੋਂ ਲੈਣ ਗਿਆ। ਪਿੰਡ ਪਹੁੰਚਣ ਤੋਂ ਪਹਿਲਾਂ ਹੀ ਚਾਚੇ ਨੇ ਸਾਈਕਲ ਕੱਚੇ ਪਹੇ ਵੱਲ ਮੋੜ ਲਿਆ। ਥੋੜ੍ਹੀ ਕੁ ਦੂਰ ਜਾ ਕੇ ਉਸਨੇ ਸਾਈਕਲ ਰੋਕ ਦਿੱਤਾ ਤੇ ਮੈਨੂੰ ਥੱਲੇ ਉਤਾਰ ਦਿੱਤਾ। ਮੈਂ ਹੈਰਾਨ ਜਿਹੀ ਖੜ੍ਹੀ ਚਾਚੇ ਵੱਲ ਵੇਖੀ ਜਾਵਾਂ। ਚਾਚੇ ਨੇ ਸਾਈਕਲ ਦੇ ਹੈਂਡਲ ਨਾਲੋਂ ਝੋਲਾ ਲਾਹ ਕੇ ਵਿਚੋਂ ਇਕ ਲਿਫ਼ਾਫ਼ਾ ਕੱਢ ਕੇ ਮੈਨੂੰ ਫੜਾ ਦਿੱਤਾ।
”ਵੇਖ ਮੈਂ ਤੇਰੇ ਲਈ ਕੀ ਲੈ ਕੇ ਆਇਆਂ,” ਚਾਚੇ ਨੇ ਖੁਸ਼ ਹੁੰਦੇ ਹੋਏ ਆਖਿਆ। ”ਮੈਂ ਘਰ ਜਾ ਕੇ ਵੇਖ ਲੂੰਗੀ ਚਾਚਾ, ਚੱਲ ਘਰ ਚਲੀਏ,” ਮੈਂ ਕਾਹਲੀ ਪੈਂਦੀ ਨੇ ਆਖਿਆ।
”ਤੂੰ ਇਕ ਵਾਰ ਵੇਖ ਤਾਂ ਸਈਂ” ਚਾਚੇ ਨੇ ਜ਼ਿੱਦ ਕੀਤੀ। ਮੈਂ ਫਟਾਫਟ ਕਾਲਾ ਜਿਹਾ ਲਿਫ਼ਾਫ਼ਾ ਖੋਲਿਆ ਤਾਂ ਵਿਚੋਂ ਇਕ ਪਲਾਸਟਿਕ ਦਾ ਚਿੱਟਾ ਲਿਫ਼ਾਫ਼ਾ ਬਾਹਰ ਕੱਢਿਆ। ਲਿਫ਼ਾਫ਼ੇ ਵਿਚੋਂ ਜਿਹੜੀ ਖਾਸ ਚੀਜ਼ ਨਿਕਲੀ, ਉਹਨੂੰ ਦੇਖ ਕੇ ਮੈਂ ਸ਼ਰਮ ਨਾਲ ਪਾਣੀ-ਪਾਣੀ ਹੋ ਗਈ। ਫਟਾਫਟ ਮੈਂ ਉਹਨੂੰ ਮੁੜ ਕਾਲੇ ਲਿਫ਼ਾਫ਼ੇ ‘ਚ ਪਾ ਕੇ ਚਾਚੇ ਦੇ ਝੋਲੇ ‘ਚ ਪਾ ਦਿੱਤਾ।
”ਹੈਂ ਕਮਲੀ ਨਾ ਹੋਵੇ ਤਾਂ, ਮੈਂ ਇਹ ਤੇਰੇ ਲਈ ਲਿਆਇਆ,” ਚਾਚੇ ਨੇ ਮੇਰਾ ਮੋਢਾ ਪਲੋਸਦਿਆਂ ਆਖਿਆ।
”ਮੈਨੂੰ ਨੀ ਚਾਹੀਦਾ ਇਹੋ ਜਿਹਾ ਕੁਝ”
”ਤੂੰ ਹੁਣ ਨਿਆਣੀ ਨੀ ਰਹੀ, ਸਿਆਣੀ ਹੋ ਗਈ ਏਂ ਤੇ ਸਿਆਣਿਆਂ ਆਲੀਆਂ ਗੱਲਾਂ ਕਰ, ਚਾਚੇ ਨੇ ਮੈਨੂੰ ਸਿਆਣੀ ਆਖਦਿਆਂ ਆਪਣੀਆਂ ਨਜ਼ਰਾਂ ਮੇਰੇ ਸੀਨੇ ‘ਤੇ ਗੱਡ ਦਿੱਤੀਆਂ।
ਚਾਚੇ ਨੇ ਕਾਲਾ ਲਿਫ਼ਾਫ਼ਾ ਜ਼ਬਰਦਸਤੀ ਮੇਰੇ ਕਿਤਾਬਾਂ ਵਾਲੇ ਝੋਲੇ ‘ਚ ਪਾ ਦਿੱਤਾ। ਮੈਂ ਕੁਝ ਨਹੀਂ ਸੀ ਬੋਲੀ। ਅਸੀਂ ਘਰ ਆ ਗਏ। ਇਸ ਸਭ ਕਾਸੇ ਬਾਰੇ ਮੈਂ ਡਰਦੀ ਮਾਰੀ ਨੇ ਕਿਸੇ ਨੂੰ ਕੁਝ ਨਾ ਦੱਸਿਆ। ਮਾਂ ਨੂੰ ਵੀ ਨਹੀਂ। ਕਈ ਦਿਨ ਏਦਾਂ ਈ ਲੰਘ ਗਏ।
ਇਕ ਦਿਨ ਜਦ ਮੈਂ ਘਰੇ ‘ਕੱਲੀ ਸੀ ਤਾਂ ਮੈਂ ਅੰਦਰੋਂ ਅਰਲ ਲਾ ਕੇ ਕੰਬਦੇ ਹੱਥਾਂ ਨਾਲ ਉਹ ਕਾਲਾ ਲਿਫ਼ਾਫ਼ਾ ਖੋਲ੍ਹ ਕੇ ਉਸ ਚਿੱਟੀ ਚੀਜ਼ ਨੂੰ ਬਾਹਰ ਕੱਢ ਕੇ ਵੇਖਣ ਲੱਗੀ। ਦੁੱਧ ਵਰਗੀ ਸਾਫ਼, ਚਿੱਟੀ ਤੇ ਕੂਲੀ ਚੀਜ਼ ਜਿਸਨੂੰ ਮੇਰੀ ਮਾਂ ਛੋਟੀ ਬਨੈਣ ਕਹਿੰਦੀ ਹੁੰਦੀ ਸੀ, ਮੇਰੇ ਹੱਥਾਂ ਵਿਚ ਇਕ ਨਾਯਾਬ ਚੀਜ਼ ਵਾਂਗ ਪਈ ਸੀ। ਮੇਰੀ ਨਿਆਣੀ ਮੱਤ ਕਹਿ ਰਹੀ ਸੀ ਕਿ ਇਸ ਨੂੰ ਪਾ ਕੇ ਵੇਖਾਂ ਪਰ ਮਾਂ ਤੋਂ ਡਰ ਵੀ ਲੱਗਦਾ ਸੀ। ਡਰਦੀ-ਡਰਦੀ ਨੇ ਝੱਗਾ ਲਾਹ ਕੇ ਮੈਂ ਉਹ ਪਾ ਲਈ ਤੇ ਫਿਰ ਝੱਗਾ ਪਾ ਲਿਆ। ਏਨੇ ਨੂੰ ਬਾਹਰਲਾ ਕੁੰਡਾ ਖੜਕਿਆ ਤਾਂ ਮੇਰੀ ਜਾਨ ਨਿਕਲ ਗਈ। ਫਟਾਫਟ ਖਿਲਾਰ ਕੇ ਚੁੰਨੀ ਲੈ ਕੇ ਮੈਂ ਕੁੰਡਾ ਖੋਲ੍ਹਿਆ ਤਾਂ ਸਾਹਮਣੇ ਚਾਚਾ ਖੜ੍ਹਾ ਸੀ। ਚਾਚੇ ਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਨੀਝ ਲਾ ਕੇ ਵੇਖਿਆ। ਮੈਂ ਘਬਰਾਈ ਜਿਹੀ ਪਾਸੇ ਹੋ ਕੇ ਖੜ੍ਹੀ ਰਹੀ। ”ਕੀ ਹੋਇਆ ਮੇਰੀ ਰਾਣੋ ਨੂੰ” ਚਾਚੇ ਨੇ ਮੇਰੀ ਪਿੱਠ ‘ਤੇ ਹੱਥ ਫੇਰਦੇ ਨੇ ਪੁੱਛਿਆ।
ਚਾਚੇ ਦਾ ਹੱਥ ਉਸ ਛੋਟੀ ਬਨੈਣ ਦੀਆਂ ਹੁੱਕਾਂ ਦੀਆਂ ਤਣੀਆਂ ਕੋਲ ਅਟਕ ਗਿਆ ਤੇ ਉਸ ਦੀਆਂ ਅੱਖਾਂ ਵਿਚ ਇਕ ਚਮਕ ਜਿਹੀ ਆ ਗਈ। ਮੈਂ ਡਰ ਕੇ ਬਾਹਰ ਬੀਹੀ ‘ਚ ਭੱਜ ਗਈ। ਕਿੰਨਾ ਚਿਰ ਇੱਧਰ-ਉੱਧਰ ਘੁੰਮ ਕੇ ਮੈਂ ਘਰ ਪਰਤ ਆਈ। ਚਾਚਾ ਜਾ ਚੁੱਕਾ ਸੀ। ਮੈਂ ਡਰਦੀ ਮਾਰੀ ਨੇ ਸਭ ਤੋਂ ਪਹਿਲਾਂ ਉਹੋ ਬਨੈਣ ਲਾਹੀ। ਮਨ ਕਰੜਾ ਕਰਕੇ ਚੁੱਲ੍ਹੇ ‘ਚ ਅੱਗ ਬਾਲ ਮੈਂ ਉਸ ਬਨੈਣ ਨੂੰ ਚੁੱਲ੍ਹੇ ‘ਚ ਪਾ ਦਿੱਤਾ। ਜਦ ਤੱਕ ਉਹ ਚੰਗੀ ਤਰ੍ਹਾਂ ਸੜ ਨਾ ਗਈ, ਮੈਂ ਪਾਥੀਆਂ ਦੀ ਅੱਗ ਭਖਾਈ ਰੱਖੀ। ਹੁਣ ਮੈਨੂੰ ਕੁਝ ਸੁਖ ਦਾ ਸਾਹ ਆਇਆ। ਮੈਨੂੰ ਲੱਗਾ ਜਿੱਦਾਂ ਮੈਂ ਕੋਈ ਗੁਨਾਹ ਕਰਕੇ ਉਹਦੀ ਭੁੱਲ ਬਖਸ਼ਾ ਲਈ ਹੋਵੇ। ਮੈਂ ਬਚਦੀ ਬਚਾਉਂਦੀ ਡਰੀ-ਡਰੀ ਆਪਣੇ ਆਪ ਨੂੰ ਆਪਣੇ ਆਪ ਤੋਂ ਲੁਕਾਉਂਦੀ ਫਿਰਦੀ ਰਹਿੰਦੀ ਪਰ ਮੈਂ ਇਹ ਬਚਾਅ ਬਹੁਤਾ ਚਿਰ ਨਾ ਕਰ ਸਕੀ। ਇਕ ਦਿਨ ਚਾਚਾ ਕਲਯੁੱਗੀ ਚਾਚਾ ਬਣ ਗਿਆ ਤੇ ਜਾਣ ਲੱਗਾ ਜਾਨੋਂ ਮਾਰਨ ਦੀ ਧਮਕੀ ਦੇ ਗਿਆ। ਮੈਂ ਡਰਦੇ ਮਾਰੇ ਚੁੱਪ ਰਹੀ। ਸਹਿੰਦੀ ਰਹੀ। ਦਰਿੰਦਗੀ ਦੀਆਂ ਸਾਰੀਆਂ ਹੱਦਾਂ ਚਾਚੇ ਨੇ ਪਾਰ ਕਰ ਲਈਆਂ। ਮੈਂ ਭਾਵੇਂ ਹੋਰ ਵੀ ਕਿੰਨਾ ਚਿਰ ਚੁੱਪਚਾਪ ਇਹ ਸਭ ਸਹਿੰਦੀ ਰਹਿੰਦੀ ਪਰ ਮੇਰਾ ਜਿਸਮ ਬੋਲਣ ਲੱਗ ਪਿਆ।
ਮਾਂ ਨੇ ਅੰਦਰ ਵਾੜ ਕੇ ਉਹ ਕੁਟਾਪਾ ਚਾੜ੍ਹਿਆ ਕਿ ਕੰਧਾਂ ਵੀ ਵਿਰਲਾਪ ਕਰ ਉੱਠੀਆਂ ਹੋਣਗੀਆਂ।
”ਕਿਥੋਂ ਮੂੰਹ ਕਾਲਾ ਕਰਾ ਕੇ ਆਈ ਐਂ ਕਲਜੋਗਣੇ, ਉਸ ਨਾ-ਰਹਿਣੇ ਦਾ ਨਾਂ ਤਾਂ ਦੱਸ, ਉੱਥੇ ਫਾਹੇ ਲਾ ਦਿੰਦੀ ਮੈਂ ਤੈਨੂੰ, ਇਕ ਵਾਰ ਮੂੰਹੋਂ ਤਾਂ ਫੁੱਟ।” ਤੇ ਜਦੋਂ ਮੈਂ ਮੂੰਹੋਂ ਫੁੱਟੀ ਤਾਂ ਮਾਂ ਦੇ ਹੱਥੋਂ ਟੁੱਟ ਕੇ ਛੁੱਟੀ ਥਾਪੀ ਦੀ ਥਾਂ ‘ਤੇ ਰਸੋਈ ‘ਚ ਪਿਆ ਘੋਟਣਾ ਆ ਗਿਆ।
”ਹਰਾਮਦੀਏ, ਪਤਾ ਨੀ ਕਿੱਥੋਂ ਮੂੰਹ ਕਾਲਾ ਕਰਾ ਲਿਆ, ਸਿਰ ਖੇਹ ਪੁਆ ਲਈ ਤੇ ਹੁਣ ਮੇਰਾ ਵੀ ਘਰ ਉਜਾੜਨ ਲੱਗੀ ਐਂ। ਜਿੱਥੇ ਹੈਗੀ ਐਂ ਉਥੇ ਮੂੰਹ ਬੰਦ ਕਰ ਲਾ, ਨਹੀਂ ਤਾਂ ਧਰਤੀ ‘ਚ ਗੱਡ ਦੂੰ ਕੰਜਰੀਏ” ਮਾਂ ਮੈਨੂੰ ਕੁੱਟ-ਕੁੱਟ ਕੇ ਹੱਫ਼ ਗਈ ਸੀ।
ਰਾਤ ਨੂੰ ਚਾਚਾ ਸ਼ਰਾਬ ਨਾਲ ਰੱਜ ਕੇ ਘਰੇ ਆਇਆ ਸੀ। ਉਸ ਦਿਨ ਅਸੀਂ ਨਾ ਪੱਕੀਆਂ ਨਾ ਖਾਧੀਆਂ। ਭੁੱਖਣ ਭਾਣੇ ਉਦਾਂ ਹੀ ਸੌਂ ਗਏ ਸਾਰੇ। ਪੀੜ ਨਾਲ ਮੇਰੇ ਅੰਗ-ਅੰਗ ਵਿਚ ਚੀਸਾਂ ਉੱਠ ਰਹੀਆਂ ਸਨ। ਮੈਨੂੰ ਨੀਂਦ ਨਹੀਂ ਸੀ ਆ ਰਹੀ। ਵਿਹੜੇ ‘ਚ ਸੁੱਤਾ ਚਾਚਾ ਘਰਾੜੇ ਮਾਰ ਰਿਹਾ ਸੀ। ਮੇਰਾ ਜੀਅ ਕੀਤਾ ਕਿ ਰਸੋਈ ‘ਚ ਪਿਆ ਘੋਟਣਾ ਚੁੱਕ ਕੇ ਲਿਆਵਾਂ ਤੇ ਸੁੱਤੇ ਪਏ ਚਾਚੇ ਦਾ ਸਿਰ ਖਖੜੀ ਕਰ ਦਿਆਂ ਪਰ ਹਿੰਮਤ ਨਹੀਂ ਸੀ ਪਈ ਮੇਰੀ। ਵਾਰ-ਵਾਰ ਮੈਂ ਚਾਚੇ ਨੂੰ ਮਾਰਨ ਬਾਰੇ ਸੋਚਣ ਲੱਗੀ। ਹਰ ਵਾਰ ਹਿੰਮਤ ਜਵਾਬ ਦੇ ਜਾਂਦੀ।
ਤਿੰਨਾਂ-ਚੌਹਾਂ ਦਿਨਾਂ ਬਾਅਦ ਮੇਰੀ ਬੀਬੀ ਨੇ ਨਾਨੀ ਨੂੰ ਸੱਦ ਬੁਲਾਇਆ। ਪਤਾ ਨੀ ਅੰਦਰ ਵੜ ਕੇ ਮਾਵਾਂ-ਧੀਆਂ ਨੇ ਕੀ ਗਿੱਟਪਿੱਟ ਕੀਤੀ। ਅਗਲੇ ਦਸਾਂ ਦਿਨਾਂ ਬਾਅਦ ਮੇਰਾ ਵਿਆਹ ਪੱਕਾ ਕਰ ਦਿੱਤਾ।
ਥੋੜ੍ਹੇ ਜਿਹੇ ਪ੍ਰਾਹੁਣੇ ਸੱਦ ਕੇ ਚਾਰ ਲਾਵਾਂ ਦੇ ਕੇ ਮੈਨੂੰ ਮੇਰੀ ਮਾਂ ਤੇ ਚਾਚੇ ਨੇ ਭਜਨੇ ਨਾਲ ਤੋਰ ਦਿੱਤਾ। ਮਾਂ ਦੇ ਘਰੇ ਹੁੰਦੀ ਦੁਰਗਤ ਨਾਲੋਂ ਵਿਆਹ ਆਲਾ ਸੌਦਾ ਮੈਨੂੰ ਠੀਕ ਜਾਪਿਆ ਪਰ ਮੇਰਾ ਇਹ ਭਰਮ ਪਹਿਲੇ ਦਿਨ ਹੀ ਟੁੱਟ ਗਿਆ। ਨਸ਼ੇ ਦਾ ਖਾਧਾ ਭਜਨਾ ਮੈਥੋਂ ਤਿਗੁਣੀ ਉਮਰ ਦਾ ਸੀ। ਲਾਵਾਂ ਲੈ ਕੇ ਉਹ ਮੇਰਾ ਪਤੀ ਪਰਮੇਸ਼ਵਰ ਤਾਂ ਬਣ ਗਿਆ ਸੀ ਪਰ ਪਤੀ ਵਾਲਾ ਇਕ ਵੀ ਗੁਣ ਉਸ ਬੰਦੇ ‘ਚ ਹੈਣਾ ਸੀ। ਮੈਂ ਇਸ ਸਭ ਕਾਸੇ ਨੂੰ ਕਿਸਮਤ ਸਮਝ ਕੇ ਚੁੱਪਚਾਪ ਕਬੂਲ ਕਰ ਲਿਆ। ਵਿਆਹ ਤੋਂ ਸੱਤ ਮਹੀਨੇ ਬਾਅਦ ਜਦੋਂ ਮੇਰੇ ਸ਼ਿੰਦਾ ਜੰਮਿਆ ਤਾਂ ਭਜਨੇ ਦੀ ਅਣਖ ‘ਤੇ ਸੱਟ ਭੱਜ ਗਈ।
”ਕੁੱਤੀਏ, ਮਗਰੋਂ ਲਿਆਂਦਾ ਗੰਦ ਮੇਰੇ ਵਿਹੜੇ ‘ਚ ਖਿਲਾਰ ਦਿੱਤਾ ਲਿਆ ਕੇ, ਨਿਕਲ ਜਾ ਇੱਥੋਂ,” ਮੈਂ ਬਥੇਰੇ ਹੱਥ ਪੈਰ ਜੋੜੇ ਮਾਫ਼ੀਆਂ ਮੰਗੀਆਂ ਪਰ ਭਜਨੇ ਨੇ ਕੁੱਟ-ਕੁੱਟ ਕੇ ਮੇਰੇ ਹੱਡਾਂ ‘ਚ ਪਾਣੀ ਪਾ ਤਾ। ਮੈਂ ਦੜ੍ਹ ਵੱਟ ਲਈ। ਭਜਨਾ ਕਿਹੜਾ ਝੂਠ ਕਹਿੰਦਾ ਸੀ। ਹੌਲੀ-ਹੌਲੀ ਭਜਨੇ ਦੇ ਨਾਲ ਭਜਨੇ ਦੀ ਜੁੰਡਲੀ ਨੇ ਵੀ ਘਰੇ ਆਉਣਾ ਸ਼ੁਰੂ ਕਰ ਦਿੱਤਾ। ਸਾਰੇ ਜਾਣਦੇ ਸਨ ਕਿ ਭਜਨੇ ਦੇ ਪੱਲੇ ਕੱਖ ਨਹੀਂ। ਉਨ੍ਹਾਂ ਸਾਰਿਆਂ ਲਈ ਮੈਂ ‘ਗਰੀਬ ਦੀ ਜ਼ੋਰੋ ਸਭ ਦੀ ਭਾਬੀ’ ਸੀ। ਭਜਨੇ ਦੀ ਮੌਜੂਦਗੀ ‘ਚ ਵੀ ਉਹ ਮੈਨੂੰ ਹਾਸਾ ਠੱਠਾ ਕਰਨ ਲੱਗ ਪਏ। ਮੇਰੇ ਸੱਤੀਂ ਕੱਪੜੀਂ ਅੱਗ ਲੱਗ ਜਾਂਦੀ। ਭਜਨੇ ਦੇ ਯਾਰਾਂ ਨੇ ਉਹਨੂੰ ਕੋਲੋਂ ਅਮਲ ਲਿਆ-ਲਿਆ ਕੇ ਚਾਟੇ ਲਾ ਲਿਆ ਸੀ ਤੇ ਸਾਰੀ ਦਿਹਾੜੀ ਭਜਨੇ ਕੋਲ ਬੈਠੇ ਮੇਰੇ ਵੱਲ ਭੁੱਖੀਆਂ ਨਜ਼ਰਾਂ ਨਾਲ ਵੇਖ ਕੇ ਬੁੱਲ੍ਹਾਂ ‘ਤੇ ਜੀਭ ਫੇਰਦੇ ਰਹਿੰਦੇ।
ਇਕ ਦਿਨ ਮੈਂ ਡਰਦੀ-ਡਰਦੀ ਨੇ ਭਜਨੇ ਕੋਲ ਇਸ ਬਾਰੇ ਗੱਲ ਕੀਤੀ।
”ਵੇਖ ਖਾਂ, ਖੇਖਣ ਹਾਰੀ ਰੰਨ, ਕਿੱਡੀ ਇਹ ਦੁੱਧ ਦੀ ਧੋਤੀ ਆ, ਤੇਰੇ ਅਲੀ ਵੇਖ ਲੈਂਦੇ ਆ ਤਾਂ ਤੇਰਾ ਕੀ ਘੱਸ ਜਾਂਦਾ ਕਮਜਾਤੇ। ਖ਼ਬਰਦਾਰ ਜੇ ਮੁੜ ਕੇ ਭੌਂਕੀ, ਮਾਰ-ਮਾਰ ਕੇ ਛਿੱਤਰ ਮੜ੍ਹ ਪੋਲਾ ਕਰ ਦਊਂ,” ਮੈਨੂੰ ਧੱਕਾ ਦੇ ਕੇ ਗਾਲ੍ਹਾਂ ਦੀ ਵਾਛੜ ਕਰਦਾ ਭਜਨਾ ਘਰੋਂ ਬਾਹਰ ਹੋ ਗਿਆ ਸੀ। ਮੇਰਾ ਜੀਅ ਕਰੇ ਕਿਤੋਂ ਮਹੁਰਾ ਥਿਆ ਜੇ ਤਾਂ ਹੁਣੇ ਆਪਣੀ ਲੀਲਾ ਖਤਮ ਕਰ ਲਵਾਂ। ਪਰ ਭੋਰਾ ਭਰ ਜੁਆਕ ਦਾ ਮੂੰਹ ਦੇਖ ਕੇ ਆਪਣਾ ਆਪ ਰੋਕ ਲੈਂਦੀ। ਮਾਂ-ਮਹਿਟਰ ਨੂੰ ਕਿਹਨੇ ਪੁੱਛਣਾ ਸੀ। ਨਹੀਂ ਤਾਂ ਜੀਣ ਦਾ ਹੱਜ ਕੋਈ ਨਹੀਂ ਸੀ ਹੁਣ। ਰਾਤ ਨੂੰ ਨਸ਼ੇ ‘ਚ ਬੇਸੁੱਧ ਭਜਨਾ ਆ ਕੇ ਵਿਹੜੇ ‘ਚ ਡੱਠੇ ਮੰਜੇ ‘ਤੇ ਲੰਮਾ ਪੈ ਗਿਆ। ਜੀਅ ਕਰੇ ਉੱਠ ਕੇ ਇਹਦੀ ਛਾਤੀ ‘ਤੇ ਬੈਠ ਜਾਵਾਂ। ਏਹਦੀ ਸੰਘੀ ਨੱਪ ਦੇਵਾਂ। ਕੀ ਕਰ ਲੂੰਗਾ ਇਹ ਮੇਰਾ ਪਰ ਹਿੰਮਤ ਜਵਾਬ ਦੇ ਜਾਂਦੀ। ਦੇਹ ਕੰਬਣ ਲੱਗ ਜਾਂਦੀ ਮੇਰੀ। ਫਿਰ ਸੋਚਦੀ ਇਹਦੀ ਭੁੱਕੀ ਆਲੀ ਪੁੜੀ ‘ਚ ਮਹੁਰਾ ਰਲਾ ਦਿਆਂ। ਇਕ ਵਾਰ ਪੀਵੇ, ਪਵੇ ਤਾਂ ਵੈਰੀ ਮੁੜ ਕਦੇ ਨਾ ਉੱਠੇ।
ਇਕ ਦਿਨ ਸੱਚੀਓਂ ਰਾਤ ਨੂੰ ਸੁੱਤਾ ਭਜਨਾ ਸਵੇਰੇ ਉੱਠਿਆ ਹੀ ਨਾ। ਮਹੁਰਾ ਮੇਰੀਆਂ ਸੋਚਾਂ ‘ਚ ਹੀ ਧਰਿਆ ਰਹਿ ਗਿਆ। ਮੇਰੀ ਮਾਂ ਮਕਾਣ ਲੈ ਕੇ ਆਈ। ਮੈਂ ਨਾ ਉਦੇ ਗੱਲ ਲੱਗੀ ਤੇ ਨਾ ਮੈਂ ਕੋਈ ਕੀਰਨਾ ਪਾਇਆ। ਮਾਂ ਬਥੇਰੇ ਕੀਰਨੇ ਪਾਉਂਦੀ ਰਹੀ, ”ਹਾਏ ਵੇ ਲੋਕੋ ਮੇਰੀ ਧੀ ਦਾ ਘਰ ਉਜੜ ਗਿਆ, ਵੇ ਮੇਰੀ ਧੀ ਲੁੱਟੀ-ਪੁੱਟੀ ਗਈ ਵੇ ਲੋਕੋ”
”ਤੇਰਾ ਤਾਂ ਵੱਸਦਾ ਏ ਨਾ ਮਾਂ, ਧੀ ਦਾ ਉਜੜ ਗਿਆ ਤਾਂ ਫੇਰ ਕੀ ਹੋਇਆ” ਮੈਂ ਮਨ ਹੀ ਮਨ ਸੋਚਿਆ ਪਰ ਕਹਿ ਨਾ ਸਕੀ। ਅੱਠਵੇਂ ਦਿਨ ਭੋਗ ਪੈ ਗਿਆ ਸੀ ਭਜਨੇ ਆਲੇ ਪਾਠ ਦਾ।
ਸਾਰਾ ਦਿਨ ਸ਼ਿੰਦੇ ਨੂੰ ਢਾਕੇ ਚਾਈ ਮੈਂ ਕੰਮ ਕਰਦੀ ਰਹਿੰਦੀ। ਹੁਣ ਭੋਰਾ ਸੁਖ ਦਾ ਸਾਹ ਆਉਣ ਲੱਗਾ ਸੀ ਮੈਨੂੰ। ਪਿੰਡ ਦੀਆਂ ਬੁੜੀਆਂ ਨਾਲ ਮੁੜ ਦਿਹਾੜੀ ਜਾਣ ਲੱਗ ਪਈ ਸੀ ਮੈਂ। ਸ਼ਿੰਦੇ ਨੂੰ ਨਾਲ ਹੀ ਲੈ ਜਾਂਦੀ।
”ਚੱਲ ਉਹ ਜਾਣੇ ਧੀਏ, ਤੇਰਾ ਪੁੱਤ ਰਾਜ਼ੀ ਰਵੇ। ਪੁੱਤਾਂ ਦੇ ਜਵਾਨ ਹੁੰਦਿਆਂ ਕਿਹੜਾ ਦੇਰ ਲੱਗਦੀ ਏ। ਅੱਜ ਨਿਆਣਾ ਕੱਲ ਜਵਾਨ ਹੋਇਆ ਲੈ” ਪਿੰਡ ਦੀਆਂ ਬੁੜੀਆਂ ਮੱਤਾਂ ਦਿੰਦੀਆਂ।
ਦਿਨ ਲੰਘਦੇ ਗਏ। ਮੈਂ ਤਾਂ ਬਸ ਹੁਣ ਸ਼ਿੰਦੇ ਜੋਗੀ ਹੀ ਸੀ। ਸ਼ਿੰਦੇ ਨੂੰ ਸਕੂਲੇ ਪੜ੍ਹਨੇ ਪਾ ਦਿੱਤਾ। ਆਪ ਦਿਹਾੜੀ ਜਾਂਦੀ। ਸ਼ਾਮ ਨੂੰ ਮਾਂ-ਪੁੱਤ ਆਪਣੀ ਪਕਾਉਂਦੇ, ਖਾਂਦੇ ਤੇ ਆਰਾਮ ਦੀ ਨੀਂਦ ਸੌਂਦੇ। ਸ਼ਿੰਦੇ ਨੇ ਪੰਜਵੀਂ ਪਾਸ ਕਰ ਲਈ ਤਾਂ ਉਸਨੂੰ ਛੇਵੀਂ ‘ਚ ਵੱਡੇ ਸਕੂਲੇ ਦਾਖ਼ਿਲ ਕਰਾ ਦਿੱਤਾ। ਦੁਨੀਆ ਤੋਂ ਬਚਦੀ ਬਚਾਉਂਦੀ ਆਪਣਾ ਆਪ ਲੁਕਾਉਂਦੀ ਮੇਰੀ ਦਿਨ ਕੱਟੀ ਹੋ ਰਹੀ ਸੀ। ਹੌਲੇ ਸਹਿਜੇ ਦਿਨ ਬੀਤ ਰਹੇ ਸਨ। ਸ਼ਿੰਦਾ ਹੁਣ ਅੱਠਵੀਂ ਜਮਾਤ ਪਾਸ ਕਰਕੇ ਨੌਵੀਂ ਜਮਾਤ ਵਿਚ ਹੋ ਗਿਆ ਸੀ।
”ਮੱਖਿਆ ਸ਼ਿੰਦੇ ਦੀ ਬੀਬੀ ਕਈ ਦਿਨ ਹੋ ਗਏ ਸ਼ਿੰਦਾ ਸਕੂਲ ਨੀ ਆਉਂਦਾ, ਕੀ ਗੱਲ ਐ” ਦਿਹਾੜੀ ਤੋਂ ਮੁੜਦੀ ਨੂੰ ਇਕ ਦਿਨ ਸ਼ਿੰਦੇ ਦੇ ਸਕੂਲ ਦਾ ਮਾਸਟਰ ਰਾਮ ਕਿਸ਼ਨ ਟੱਕਰ ਗਿਆ।
”ਨਾ ਮਾਸਟਰ ਜੀ, ਉਹ ਤਾਂ ਰੋਜ਼ ਸਕੂਲੇ ਜਾਂਦਾ” ਮੈਂ ਪੂਰੇ ਯਕੀਨ ਨਾਲ ਕਿਹਾ।
”ਪੂਰੇ ਪੰਜ ਦਿਨ ਹੋ ਗਏ ਉਸਨੂੰ ਅੱਜ ਸਕੂਲ ਵੜੇ ਨੂੰ” ਮਾਸਟਰ ਜੀ ਨੇ ਸੱਚਾਈ ਬਿਆਨ ਕਰ ਦਿੱਤੀ।
ਮੇਰੀ ਗਈ ਖਾਨਿਓਂ ਘਰ ਜਾ ਕੇ ਸ਼ਿੰਦੇ ਤੋਂ ਪੁੱਛ ਪੜਤਾਲ ਕੀਤੀ। ਪਹਿਲਾਂ ਤਾਂ ਉਹ ਝੂਠ ਬੋਲੀ ਗਿਆ ਪਰ ਫਿਰ ਮੰਨ ਗਿਆ।
”ਵੇ ਤੂੰ ਜਾਂਦਾ ਕਿੱਥੇ ਏਂ ਸਵੇਰੇ ਬਸਤੇ ‘ਚ ਰੋਟੀਆਂ ਪਾ ਕੇ ਲੈ ਜਾਂਦੈ”
”ਚੋਅ ‘ਚ। ਦੇਵ, ਗੇਜੀ, ਚਮਨੀ, ਕਾਲਾ ਅਸੀਂ ਸਾਰੇ ਉੱਥੇ ਬੈਠ ਕੇ ਪਾਲੋ ਚਾਚੇ ਦੀਆਂ ਲਿਆਂਦੀਆਂ ਸਿਗਟਾਂ ਪੀਂਦੇ ਹੁੰਦੇ ਆਂ। ਸਿਗਟਾਂ ਪੀ ਕੇ ਸਾਨੂੰ ਕੋਈ ਹੋਸ਼ ਈ ਨਹੀਂ ਸੀ ਰਹਿੰਦੀ। ਜਦੋਂ ਹੋਸ਼ ਆਉਂਦੀ ਅਸੀਂ ਘਰੇ ਆ ਜਾਂਦੇ। ਉਸ ਦਿਨ ਮੈਂ ਸ਼ਿੰਦੇ ਨੂੰ ਰੂਹ ਨਾਲ ਕੁੱਟਿਆ। ਥੋੜ੍ਹੀ ਦੇਰ ਤਾਂ ਉਹ ਕੁੱਟ ਖਾਂਦਾ ਰਿਹਾ ਪਰ ਫੇਰ ਉਹ ਮੇਰੀ ਬਾਂਹ ਝਟਕ ਕੇ ਮੈਨੂੰ ਧੱਕਾ ਦਿੰਦਿਆਂ ਘਰੋਂ ਬਾਹਰ ਨਿਕਲ ਗਿਆ। ਮੈਨੂੰ ਅੱਜ ਪਤਾ ਲੱਗਾ ਸੀ ਕਿ ਸ਼ਿੰਦਾ ਹੁਣ ਨਿਆਣਾ ਨਹੀਂ ਸੀ ਰਿਹਾ ਸਗੋਂ ਜਵਾਨ ਹੋ ਗਿਆ ਸੀ। ਸ਼ਿੰਦੇ ਦੇ ਜਵਾਨ ਹੋਣ ਦੇ ਦਿਨ ਗਿਣਦੀ ਨੂੰ ਮੈਨੂੰ ਅੱਜ ਲੱਗਾ ਕਿ ਮੈਂ ਅੱਜ ਸਭ ਕੁਝ ਹਾਰ ਗਈ ਹੋਵਾਂ। ਉਸ ਦਿਨ ਦਾ ਘਰੋਂ ਗਿਆ ਸ਼ਿੰਦਾ ਕਈ ਦਿਨ ਘਰੇ ਨਾ ਮੁੜਿਆ। ਮੈਂ ਗਲੀ-ਗਲੀ, ਘਰ-ਘਰ ਸ਼ਿੰਦੇ ਨੂੰ ਪਾਗਲਾਂ ਵਾਂਗ ਲੱਭਦੀ ਰਹੀ ਪਰ ਸ਼ਿੰਦੇ ਦਾ ਕੋਈ ਥਹੁ-ਪਤਾ ਨਾ ਲੱਗਾ। ਫੇਰ ਕਿਸੇ ਨੇ ਦੱਸਿਆ ਕਿ ਖਾਨਪੁਰ ਦੇ ਨਾਲ ਲੱਗਦੇ ਚੋਅ ‘ਚ ਮੰਡੀਰ ਇਕੱਠੀ ਹੋ ਕੇ ਨਸ਼ੇ ਦੇ ਟੀਕੇ ਲਾਉਂਦੀ ਹੈ ਤੇ ਉਨ੍ਹਾਂ ‘ਚ ਸ਼ਿੰਦਾ ਵੀ ਹੈ। ਮਸੀਂ ਲੱਭ-ਲੁੱਭ ਕੇ ਸ਼ਿੰਦੇ ਨੂੰ ਘਰੇ ਲਿਆਂਦਾ। ਪਿਆਰਿਆ ਪੁੱਚਕਾਰਿਆ ਸਮਝਾਇਆ ਪਰ ਇਹ ਬੀਮਾਰੀ ਜਿਹੜੀ ਉਹਨੂੰ ਲੱਗ ਗਈ ਸੀ, ਉਹ ਕੱਦ ਛੁੱਟਣ ਲੱਗੀ ਸੀ। ਕੰਮ ਮੇਰੇ ਵੱਸੋਂ ਬਾਹਰ ਹੋ ਗਿਆ ਸੀ। ਸ਼ਿੰਦੇ ਦਾ ਜਦੋਂ ਦਾਅ ਲੱਗਦਾ ਤਾਂ ਘਰੋਂ ਕੋਈ ਨਾ ਕੋਈ ਭਾਂਡਾ-ਟੀਂਡਾ ਵੇਚ ਕੇ ਨਸ਼ਾ ਕਰ ਛੱਡਦਾ।
ਇਕ ਦਿਨ ਪਿੰਡ ਦਾ ਜਰਨੈਲ ਸਿਹੁੰ ਸਾਡੇ ਘਰੇ ਆਇਆ ”ਭਾਬੀ ਘਰੇ ਐਂ” ਜਰਨੈਲ ਸਿਹੁੰ ਧੁੱਸ ਦੇਣੀ ਸਿੱਧਾ ਅੰਦਰ ਨੂੰ ਹੀ ਤੁਰੀ ਆਵੇ।
”ਹਾਂਜੀ ਭਾਜੀ ਸਾਸਰੀਕਾਲ ਅੱਜ ਕਿੱਧਰ” ਮੈਂ ਰਤਾ ਕੁ ਲੀੜਾ ਸਿਰ ਤੋਂ ਨੀਵਾਂ ਕਰ ਲਿਆ।
”ਓ ਭਾਬੀ ਮੈਂ ਕਿਹੜਾ ਤੇਰਾ ਜੇਠ ਲੱਗਦਾ” ਜਰਨੈਲ ਸਿਹੁੰ ਮੁੱਛ ਨੂੰ ਮਰੋੜਦਿਆਂ ਮੁਸਕੜੀਏ ਹੱਸਿਆ।
”ਭਾਜੀ ਕੋਈ ਕੰਮ ਸੀ” ਮੈਂ ਸਿੱਧਾ ਸੁਆਲ ਕੀਤਾ।
”ਉਹ ਸਰਦਾਰਨੀ ਸੱਦਦੀ ਸੀ ਤੈਨੂੰ ਰਜਾਈ ਨਗੰਦਣੀ ਆਂ ਤੇ ਨਾਲੇ ਪੀਹਣ ਬਣਾਉਣਾ ਏਂ।”
”ਚੰਗਾ ਭਾਜੀ ਮੈਂ ਆ ਜਾਊਂਗੀ ਸ਼ਾਮ ਨੂੰ।” ਪਹਿਲਾਂ ਵੀ ਕਈ ਵਾਰ ਮੈਂ ਜਰਨੈਲ ਦੇ ਘਰ ਕੰਮ ਕਰ ਆਉਂਦੀ ਹੁੰਦੀ ਸੀ। ਏਨੇ ਨੂੰ ਸ਼ਿੰਦਾ ਘਰੇ ਆ ਗਿਆ। ਉਹ ਜਰਨੈਲ ਵੱਲ ਨੂੰ ਹੋਰੂ ਝਾਕਿਆ।
”ਹੋਰ ਭਾਈ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸੰਗੀ ਨਾ,” ਜਰਨੈਲ ਮੁੱਛ ਨੂੰ ਮਰੋੜਾ ਦਿੰਦਿਆਂ ਬੂਹਿਓਂ ਬਾਹਰ ਹੋ ਗਿਆ।
”ਇਹ ਕੀ ਕਰਨ ਆਇਆ ਸੀ ਇਥੇ।” ਜਰਨੈਲ ਦੇ ਜਾਣ ਤੋਂ ਬਾਅਦ ਸ਼ਿੰਦਾ ਅੱਡ ਵਕੀਲ ਬਣ ਕੇ ਖੜ੍ਹ ਗਿਆ ਸੀ।
”ਕੰਮ ਨੂੰ ਕਹਿਣ ਆਇਆ ਸੀ, ਹੋਰ ਉਹਨੇ ਕੀ ਕਰਨ ਆਉਣਾ” ਮੈਂ ਬੇਪਰਵਾਹੀ ਜਿਹੀ ਨਾਲ ਜੁਆਬ ਦਿੱਤਾ।
”ਮੈਂ ਜਾਣਦਾ ਜਿਹੜੇ ਕੰਮਾਂ ਨੂੰ ਇਹ ਆਉਂਦਾ।” ਆਖ ਸ਼ਿੰਦਾ ਘਰੋਂ ਬਾਹਰ ਹੋ ਗਿਆ।
ਰੱਬੋਂ ਈ ਮਾੜੀ ਕਿਸਮਤ ਨੂੰ ਜਰਨੈਲ ਇਕ ਦਿਨ ਫਿਰ ਸਾਡੇ ਘਰ ਆਇਆ, ਉਤੋਂ ਸ਼ਿੰਦਾ ਘਰੇ ਆ ਗਿਆ। ਕੰਮ ਦਾ ਆਖ ਜਰਨੈਲ ਚਲੇ ਗਿਆ। ਮੈਂ ਚੁੱਲ੍ਹੇ ਮੂਹਰੇ ਬੈਠ ਰੋਟੀਆਂ ਪਕਾਉਣ ਲੱਗ ਪਈ।
”ਮੈਨੂੰ ਦੋ ਸੌ ਰੁਪਈਆ ਦੇ” ਸ਼ਿੰਦਾ ਰੋਅਬ ਨਾਲ ਬੋਲਿਆ।
”ਮੇਰੇ ਕੋਲ ਧਰੀਆਂ ਨਾ ਮੋਹਰਾਂ ਤੇਰੇ ਪਿਉ ਆਲੀਆਂ,” ਮੈਂ ਗੁੱਸੇ ‘ਚ ਕਿਹਾ।
”ਪਿਉ ਆਲੀਆਂ ਨਾ ਸਹੀ, ਆਹ ਖਸਮ ਜਿਹੜਾ ਹੁਣੇ ਗਿਆ, ਇਹਦੇ ਆਲੀਆਂ ਈ ਕੱਢ।” ਸ਼ਿੰਦਾ ਜ਼ਹਿਰ ਉਗਲ ਗਿਆ ਸੀ।
ਮੇਰੇ ਕੰਨਾਂ ਤੋਂ ਇਹ ਸਹਾਰ ਨਾ ਹੋਇਆ ਮੈਨੂੰ ਲੱਗਾ ਜਿਵੇਂ ਕਿਸੇ ਨੇ ਗਰਮ ਸ਼ੀਸ਼ਾ ਪਿਘਲਾ ਕੇ ਮੇਰੇ ਕੰਨਾਂ ‘ਚ ਪਾ ਦਿੱਤਾ ਹੋਵੇ।
”ਕੀ ਭੌਂਕਦਾ ਤੂੰ ਕੁੱਤਿਆ, ਇਕ ਵਾਰ ਫਿਰ ਕਹਿ।” ਮੇਰਾ ਗੁੱਸਾ ਸਿਖ਼ਰ ਅੱਪੜ ਗਿਆ ਸੀ।
”ਠੀਕ ਹੀ ਤਾਂ ਕਹਿੰਨਾਂ, ਦੇ ਮੈਨੂੰ ਦੋ ਸੌ ਰੁਪਈਆ, ਨਹੀਂ ਤਾਂ
”ਨਹੀਂ ਤਾਂ ਕੀ, ਕੰਜਰਾ, ਨਹੀਂ ਤਾਂ ਕੀ ਮੈਂ ਚੀਕ ਕੇ ਕਿਹਾ।
”ਨਹੀਂ ਤਾਂ ਮੈਂ ਸਾਰੇ ਪਿੰਡ ‘ਚ ਤੇਰਾ ਖਿਲਾਰਾ ਪਾ ਦਉਂ,” ਸ਼ਿੰਦਾ ਬੇਸ਼ਰਮੀ ਨਾਲ ਬੋਲਿਆ।
ਚੁੱਲ੍ਹੇ ਮੂਹਰੇ ਡੱਠੀ ਮੰਜੀ ‘ਤੇ ਬੈਠੇ ਸ਼ਿੰਦੇ ਵਿਚੋਂ ਪਲ ਦੀ ਪਲ ਮੈਨੂੰ ਭਜਨਾ ਦਿਸਿਆ। ਅਗਲੇ ਹੀ ਪਲ ਮੈਨੂੰ ਸ਼ਿੰਦੇ ਵਿਚੋਂ ਆਪਣਾ ਚਾਚਾ ਨਜ਼ਰੀਂ ਆਇਆ। ਸ਼ਿੰਦਾ, ਮੇਰਾ ਸ਼ਿੰਦਾ ਜਿਸ ਨੂੰ ਮੈਂ ਨੌਂ ਮਹੀਨੇ ਆਪਣੀ ਕੁੱਖ ਵਿਚ ਰੱਖਿਆ ਸੀ। ਜੀਹਦੀ ਖਾਤਰ ਏਨੇ ਜਫ਼ਰ ਜਾਲੇ ਸੀ, ਸਾਰੀ ਜ਼ਿੰਦਗੀ ਜਿਹਦੇ ਲੇਖੇ ਲਾ ਦਿੱਤੀ, ਉਹ ਸ਼ਿੰਦਾ ਮੈਨੂੰ ਕਿਤੇ ਨਜ਼ਰ ਨਾ ਆਇਆ।
”ਅੱਛਾ, ਜੇ ਦੇ ਦੇਵਾਂ ਤਾਂ?” ਮੈਂ ਪਲ ਦੀ ਪਲ ਚਿਤ ਨੂੰ ਸ਼ਾਂਤ ਕਰਕੇ ਪੁੱਛਿਆ।
”ਫਿਰ ਨੀ ਦੱਸਦਾ ਕਿਸੇ ਨੂੰ, ਦੇ ਦੇ ਮੈਨੂੰ ਦੋ ਸੌ ਰੁਪਈਆ।”
”ਮਾਂ ਦਾ ਦੱਲਾ ਬਣੇਗਾ ਹੁਣ ਤੂੰ?” ਮੈਂ ਇਕ ਵਾਰ ਫਿਰ ਚੀਕੀ।
”ਜੇ ਏਦਾਂ ਤਾਂ ਏਦਾਂ ਈ ਸਹੀ।” ਸ਼ਿੰਦਾ ਇਕ ਵਾਰ ਫਿਰ ਬੇਸ਼ਰਮੀ ਤੇ ਢੀਠਤਾ ਨਾਲ ਬੋਲਿਆ।
ਮੇਰੇ ਸਬਰ ਦੀ ਤੇ ਮੇਰੇ ਗੁੱਸੇ ਦੀ ਹੱਦ ਮੁੱਕ ਗਈ ਸੀ, ਧਰਤੀ ਅਸਮਾਨ ਮੈਨੂੰ ਘੁੰਮਦੇ ਨਜ਼ਰ ਆਉਣ ਲੱਗੇ। ਮੈਂ ਰੋਟੀ ਪਕਾਉਣ ਵਾਲਾ ਪੱਥਰ ਦਾ ਚਕਲਾ ਚੁੱਕ ਕੇ ਸਾਹਮਣੇ ਮੰਜੀ ‘ਤੇ ਬੈਠੇ ਮਾਂ ਦੇ ਦੱਲੇ ਦੇ ਸਿਰ ‘ਚ ਵਗਾਹ ਮਾਰਿਆ। ਉਹਦਾ ਸਿਰ ਦੋ-ਫਾੜ ਹੋ ਗਿਆ ਤੇ ਉਹ ਮੰਜੇ ‘ਤੇ ਹੀ ਬੈਠਾ-ਬੈਠਾ ਪਿਛਾਂਹ ਨੂੰ ਜਾ ਡਿੱਗਾ ਸੀ। ਬਾਣ ਵਾਲੇ ਮੰਜੇ ਵਿਚੋਂ ਲਹੂ ਚੋ-ਚੋ ਕੇ ਮੰਜੇ ਥੱਲੇ ਲਹੂ ਦਾ ਛੱਪੜ ਲੱਗ ਗਿਆ ਸੀ। ਮੈਂ ਪੁਲਸ ਦੇ ਆਉਣ ਤੱਕ ਮੰਜੀ ਕੋਲ ਹੀ ਬੈਠੀ ਰਹੀ। ਇਕ ਹੰਝੂ ਮੇਰੀ ਅੱਖ ‘ਚੋਂ ਨਹੀਂ ਸੀ ਡਿਗਿਆ।
”ਚੱਲ ਭਾਈ ਜੀਤ ਕੁਰੇ, ਜੇਲ ਵਾਲੀ ਗੱਡੀ ਆ ਗਈ,” ਕਾਂਸਟੇਬਲ ਸੁਖਵਿੰਦਰ ਨੇ ਆ ਕੇ ਆਵਾਜ਼ ਮਾਰੀ।
ਪੂਨਮ ਉੱਥੇ ਹੀ ਬੁੱਤ ਬਣੀ ਖੜ੍ਹੀ ਜੀਤ ਕੌਰ ਨੂੰ ਜਾਂਦੀ ਨੂੰ ਵੇਖਦੀ ਰਹੀ। ਕਦੋਂ ਦੋ ਹੰਝੂ ਆ ਕੇ ਉਹਦੀਆਂ ਗੱਲ੍ਹਾਂ ‘ਤੇ ਢਲਕ ਕੇ ਉਹਦੀ ਨੀਲੀ ਵਰਦੀ ‘ਚ ਗੁਆਚ ਗਏ, ਉਹਨੂੰ ਪਤਾ ਵੀ ਨਾ ਲੱਗਾ।

Total Views: 95 ,
Real Estate