ਸ਼ੋਸ਼ਲ ਮੀਡੀਆ,ਤਕਨਾਲੋਜੀ ਵਿੱਚ ਤਰੱਕੀ ਬਨਾਮ ਰਿਸ਼ਤਿਆਂ ਦਾ ਘਾਣ ।

Ashok Chaudhary

ਦੋਸਤੋ ਬੜਾ ਨਾਜੁਕ ਪਰ ਜ਼ਰੂਰੀ ਵਿਸ਼ਾ ਛੋਹਣ ਨੂੰ ਮਨ ਕੀਤਾ..।
ਇਹ ਇਕ ਕੌੜਾ ਸੱਚ ਐ ਕਿ ਜਿਵੇਂ ਜਿਵੇਂ ਸਾਇੰਸ ਤਕਨਾਲੋਜੀ ਨੇ ਤਰੱਕੀ ਕੀਤੀ , ਉਵੇਂ ਉਵੇ ਮਨੁੱਖੀ ਕਦਰਾਂ ਕੀਮਤਾਂ, ਅਤੇ ਬਹੁਤ ਸਾਰੇ ਪਿਆਰੇ ਰਿਸ਼ਤਿਆਂ ਨੂੰ ਆਵਦੀ ਬਲ਼ੀ ਦੇਣੀ ਪਈ ਐ ।
ਅਸੀਂ ਗੱਲ ਸੋਸ਼ਲ ਮੀਡੀਆ ਦੀ ਵਰਤੋਂ ਤੋਂ ਸ਼ੁਰੂ ਕਰ ਲੈਨੇ ਆਂ,(ਵਰਤੋਂ ਕਿ ਦੁਰਵਰਤੋਂ ਇਹ ਅਸੀਂ ਖ਼ੁਦ ਸੋਚਣਾ ਆ)।
ਕਈ ਵਸਦੇ ਰਸਦੇ ਘਰਾਂ ਵਿੱਚ ਪੁਆੜੇ ਪਾ ਦਿੱਤੇ ਨੇ ਮੈਸੰਜਰ,ਵਟਸਐਪ, ਫ਼ੋਨ , ਫੇਸਬੁਕ ਉੱਪਰ ਪਈਆਂ, ਸਵਾਰਥੀ , ਰਿਸ਼ਤੇਦਾਰੀਆਂ ਅਤੇ ਦੋਸਤੀਆਂ ਨੇ ।
ਕਈ ਔਰਤਾਂ ਨੂੰ ਆਪਣੇ ਮੈਸੰਜਰ ਬਲਾਕ ਕਰਨੇ, ਜਾਂ ਆਵਦੀ ਫੇਸਬੁਕ ਪਰੋਫਾਈਲ ਉੱਪਰ ਲਿਖਣਾ ਪੈ ਗਿਆ ਕਿ ਕਿਰਪਾ ਕਰਕੇ ਮੈਸੰਜਰ ਵਿੱਚ ਮੈਸੇਜ ਨਾ ਕਰੋ ।
ਬਹੁਤ ਸੁਲਝੇ ਹੋਏ ਉਮਰਦਰਾਜ ਬੰਦੇ ਇਕ ਲੇਡੀ ਮਿੱਤਰ/ਰਿਸ਼ਤੇਦਾਰ ਦੀ ਸੁਹਿਰਦਤਾ ਨਾਲ ਕੀਤੀ ਸ਼ਲਾਘਾ ਨੂੰ ਬੜੇ ਗਲਤ ਮਾਅਨੇ ਲੈ ਕੇ ਗੁਪਤ ਤਰੀਕੇ ਨਾਲ ਪੁੱਠੇ ਸਿੱਧੇ ਮੈਸੇਜ ਕਰ ਕਰ ਉਸਨੂੰ ਸੋਚਣ ਲਈ ਮਜਬੂਰ ਕਰ ਦਿੰਦੇ ਹਨ ਕਿ ਮੈ ਇਸ ਮਰਦ ਮਿੱਤਰ ਜਾਂ ਰਿਸ਼ਤੇਦਾਰ ਨੂੰ ਜ਼ਰਾ ਜਿੰਨਾ ਆਦਰ ਦੇ ਕੇ ਕਿਹੜੀ ਬਜਰ ਗਲਤੀ ਕੀਤੀ ਆ ।
ਅਤੇ ਇਹ ਵਰਤਾਰਾ ਵੀ ਉਸ ਉਮਰ ਗਰੁਪ ਵਿੱਚ ਵਰਤ ਰਿਹਾ ਜਿਸ ਵਿੱਚ ਆਵਦੇ ਬੱਚੇ ਵਿਆਹੇ ਹੁੰਦੇ ਨੇ ਜਾਂ ਵਿਆਹੁਣ ਯੋਗ ਹੁੰਦੇ ਨੇ ।
ਇਹ ਕਾਰਨਾਮੇ ਸਿਰਫ ਬੰਦੇ ਹੀ ਨਹੀਂ ਸਗੋਂ ਕੁਝ ਕੁ ਬੀਬੀਆਂ ਵੀ ਬਰਾਬਰ ਦੇ ਹੱਕ ਰਖ ਕੇ ਅੰਜਾਮ ਦੇ ਰਹੀਆਂ ।
ਗੱਲ ਮੈਸੰਜਰ ਵਿੱਚ ਹੈਲੋ ਹਾਏ ਤੋਂ ਸ਼ੁਰੂ ਹੋ ਕੇ , ਚਲਦੀ ਚਲਦੀ ਕਿਸੇ ਦਾ ਵਸਦਾ ਘਰ ਪੁੱਟਣ ਤੱਕ ਪੁੱਜ ਜਾਂਦੀ ਐ ।
ਦੋਵਾ ਵਿੱਚੋਂ ਇਕ ਧਿਰ ਵਿਚਾਰੀ ਕਿਸੇ ਰਿਸ਼ਤੇਦਾਰੀ/ਜਾਂ ਜਾਣ ਪਛਾਣ ਦਾ ਲਿਹਾਜ਼ ਕਰ ਕੇ ਕੋਈ ਠੋਸ ਬੇਬਾਕ ਜਵਾਬ ਨਹੀਂ ਦਿੰਦੀ ਤਾਂ ਉਸ ਨੂੰ ਇਕ ਕਿਸਮ ਦਾ ਸੱਦਾ ਸਮਝ ਕੇ ਪੈਰ ਹੋਰ ਅੱਗੇ ਪੁੱਟ ਲਿਆ ਜਾਂਦਾ ਹੈ ।
ਉਧਰ ਕਈ ਪਰਿਵਾਰਾਂ ਵਿੱਚ ਮਨਾਂ ਵਿੱਚ ਆਪਸੀ ਫਰਕ ਪੈਂਦਾ ਪੈਂਦਾ ਇੱਥੇ ਤੱਕ ਪਹੁੰਚ ਜਾਂਦਾ ਕਿ ਹਸਬੈਂਡ ਆਵਦੀ ਵਾਈਫ਼ ਤੋਂ ਫ਼ੋਨ ਲੁਕਾਉਂਦਾ ਫਿਰਦਾ ਹੁੰਦਾ ਤੇ ਵਾਈਫ ਆਵਦੇ ਹਸਬੈਂਡ ਤੋਂ ।
ਮਿੱਤਰੋ ਕਿਸੇ ਮਰਦ ਜਾਂ ਔਰਤ ਦੋਸਤ ਨਾਲ ਗੱਲ-ਬਾਤ ਕਰਨਾ ਕੋਈ ਗੁਨਾਹ ਨਹੀਂ ਐ, ਪਰ ਖਾਹਮਖਾਹ ਅਗਲੇ ਦੀ ਚੁੱਪ ਨੂੰ, ਜਾਂ ਰੱਖੇ ਜਾ ਰਹੇ ਮੂੰਹ ਮੁਲਾਹਜ਼ੇ ਦੇ ਮਾਣ ਨੂੰ ਉਸਦੀ ਹਾਂ ਸਮਝ ਕੇ ਹੋਰ ਅਗਾਂਹ ਵੱਧ ਕੇ ਤੰਗ ਕਰਨਾ ਵੱਡੀ ਬੇਵਕੂਫ਼ੀ ਆ ।ਕਈ ਇਹੋ ਜਿਹੇ ਕਿੱਸੇ ਸੁਣਨ ਵਿੱਚ ਆਏ ਹਨ ਕਿ ਬੜੇ ਪਵਿੱਤਰ ਰਿਸ਼ਤੇ ਵਾਲੇ ਲੋਕ ਸ਼ੋਸ਼ਲ ਮੀਡੀਆ ਦੀ ਦੁਰਵਰਤੋਂ ਕਰਦੇ ਹੋਏ, ਮਾਣ ਮਰਿਆਦਾ ਨੂੰ ਲੰਂਘ ਕੇ ਦੂਜੇ ਬੰਦੇ ਨੂੰ ਸ਼ਰਮਨਾਕ ਹੱਦ ਤੱਕ ਤੰਗ ਕਰ ਜਾਂਦੇ ਹਨ ।ਅਤੇ ਸਾਹਮਣੇ ਵਾਲਾ ਬੰਦਾ ਜਾਂ ਔਰਤ ਆਪਸੀ ਪਰਿਵਾਰਕ ਰਿਸ਼ਤੇ ਟੁੱਟ ਜਾਣ ਦੇ ਡਰੋਂ ਖੁੱਲ੍ਹ ਕੇ ਵਿਰੋਧ ਵੀ ਨਹੀਂ ਜਤਾ ਸਕਦਾ ।
ਪਰ ਦੋਸਤੋ ਹੱਦ ਉੱਥੇ ਤੱਕ ਰਖੋ ਕਿ ਜੇ ਕਿਤੇ ਨਿੱਜੀ ਤੌਰ ਤੇ ਇਕ ਦੂਜੇ ਦੇ ਆਹਮੋ ਸਾਹਮਣੇ ਹੋ ਜਾਈਏ ਤਾਂ ਇਕ ਦੂਜੇ ਨਾਲ ਅੱਖ ਮਿਲਾਉਣ ਜੋਗੇ ਵੀ ਰਹੀਏ । ਨਾਲ ਹੀ ਦੂਜੇ ਪਾਸੇ ਇਸ ਸਭ ਵਰਤਾਰੇ ਤੋਂ ਪ੍ਰਭਾਵਿਤ ਹੋ ਰਹੀ ਧਿਰ ਨੂੰ ਵੀ ਇਕ ਵਾਰ ਮਨ ਬਣਾ ਕੇ ਸਖ਼ਤੀ ਨਾਲ ਇਹੋ ਜਿਹੀ ਰੂਹ ਨੂੰ ਮਨ੍ਹਾਂ ਕਰ ਦੇਣਾ ਬਣਦਾ ਐ ।
ਕਈ ਬੁੱਢਾਪੇ ਦੀ ਦਹਿਲੀਜ਼ ਉੱਪਰ ਪੁੱਜੇ ਬੰਦੇ ਆਵਦੀ ਧੀਆਂ ਦੀ ਉਮਰ ਦੀਆਂ ਕੁੜੀਆਂ ਨੂੰ ਦੇਰ ਰਾਤ ਆਵਾਜ਼ ਬਦਲ ਬਦਲ ਫ਼ੋਨ , ਮੈਸੰਜਰ ਕਾਲਾਂ ਕਰਕੇ ਤੰਗ ਕਰਦੇ ਹਨ ।ਜੋ ਬੇਹੱਦ ਸ਼ਰਮਨਾਕ ਐ ।ਬਗੈਰ ਦੂਜੇ ਦੀ ਸਹਿਮਤੀ ਦੇ ਕਿਸੇ ਨੂੰ ਤੰਗ ਕਰਨਾ ਸਾਈਬਰ ਕਰਾਈਮ ਕਹਾਉਂਦਾ ਐ , ਅਤੇ ਵਿਦੇਸ਼ਾਂ ਵਿੱਚ ਇਸਦੇ ਚਾਰਜ ਵੀ ਗੰਭੀਰ ਹੁੰਦੇ ਨੇ । ਸੋ ਬੰਦੇ ਬਣੋ …ਉਏ ਭਲਿਓ ਲੋਕੋ ਸੋਸ਼ਲ ਮੀਡੀਆ ਜੁਕਰਬਰਗ ਨੇ ਇਕ ਬਹੁਤ ਜ਼ਰੀਆ, ਇਕ ਵਧੀਆ ਸਟੇਜ ਦਿੱਤੀ ਸੀ ਸਮਾਂ ਗੁਜਾਰਨ , ਅਤੇ ਜੱਗ ਵਿਚ ਚੰਗੇ ਦੋਸਤ ਮਿਤਰ ਬਣ ਕੇ ਵਿਚਰਨ ਲਈ ।ਸੋ ਆਓ ਇਸਨੂੰ “ਕਲੇਸ਼ਬੁਕ” ਨਾ ਬਣਾਈਏ ।
ਜੇ ਕੋਈ ਤੁਹਾਨੂੰ ਆਪਣਾ ਦੋਸਤ ਚੁਣ ਹੀ ਲੈਂਦਾ ਐ , ਭਾਵੇ ਮਰਦ ਜਾਂ ਔਰਤ, ਤਾਂ ਚਲੋ ਇਕ ਵਧੀਆ ਦੋਸਤੀ ਦਾ ਹੱਕ ਅਦਾ ਕਰੀਏ ,
ਫੇਸਬੁਕ ਨੂੰ ਮਾਤਰ ਕਿਸੇ ਨੂੰ ਫੋਕੇ ਰਿਸ਼ਤੇ ਜਤਾ ਕੇ ਪੈਸੇ ਬਟੋਰਨ ਆਦਿ ਦਾ ਸਾਧਨ ਨਾ ਬਣਾਈਏ ..।
ਇਕ ਸੁਥਰੇ ਸ਼ੋਸ਼ਲ ਮੀਡੀਆ ਸਮਾਜ ਦੀ ਸਿਰਜਣਾ ਕਰਨ ਵਿਚ ਚਲੋ ਇਕ ਕਦਮ ਸਭ ਰਲ ਕੇ ਪੁਟੀਏ ।
ਪਰ ਮੁੱਕਦੀ ਗੱਲ ਕਿ ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ ।
ਸੱਚ ਜਾਣਿਓ ਮੈਨੂੰ ਨਿਜੀ ਤੌਰ ਉਪਰ ਇਸ ਮਾਧਿਅਮ ਦੇ ਜ਼ਰੀਏ ਬਹੁਤ ਪਿਆਰੇ ਦੋਸਤ , ਮਿੱਤਰ ਅਤੇ ਰਿਸ਼ਤੇ ਮਿਲੇ ਹਨ। ਮੇਰੇ ਨਾਲ ਮੈਸੰਜਰ , ਫੇਸਬੁਕ, ਵਟਸਐਪ ਉੱਪਰ ਬਹੁਤ ਸਾਰੇ ਸਤਿਕਾਰਤ ਔਰਤਾਂ, ਮਰਦ ਬਹੁਤ ਵਾਰ ਗੱਲ ਬਾਤ ਕਰਦੇ ਰਹਿੰਦੇ ਹਨ । ਅਸੀਂ ਇਕ ਦੂਜੇ ਨਾਲ ਬਹੁਤ ਸਾਰੇ ਮੁੱਦੇ, ਘਰੇਲੂ ਅਤੇ ਹੋਰ ਗਲਾਂ ਬਾਤਾਂ ਡਿਸਕਸ ਕਰ ਲਈਦੀਆਂ ਹਨ,
ਬੜਾ ਮਾਣ ਐ ਸਾਰੇ ਇਹੋ ਜਿਹੇ ਰਿਸ਼ਤਿਆਂ ਉੱਪਰ , ਹਮੇਸ਼ਾ ਇਹਨਾ ਸ਼ਖ਼ਸੀਅਤਾਂ ਨਾਲ ਹਰ ਸੰਭਵ ਕੰਮ ਵਿੱਚ ਹਾਜ਼ਰ ਆਂ,ਅਤੇ ਮੈ ਉਹਨਾ ਸਭ ਦਾ ਸਤਿਕਾਰ ਕਰਦਾ ਹੋਇਆ,ਬਾਕੀਆਂ ਤੋਂ ਵੀ ਇਹ ਆਸ ਕਰਦਾਂ ਕਿ ਮੈਸੰਜਰ ਵਿਚ ਪੁਠੇ ਸਿੱਧੇ ਸੁਨੇਹੇ ਭੇਜਣ ਤੋਂ ਗੁਰੇਜ ਕੀਤਾ ਜਾਵੇ ,ਭਾਵੇ ਉਹ ਕੋਈ ਔਰਤ ਮਿੱਤਰ ਕਿਸੇ ਬੰਦੇ ਨੂੰ ਭੇਜ ਰਹੀ ਆ ਅਤੇ ਭਾਵੇਂ ਕੋਈ ਬੰਦਾ ਕਿਸੇ ਔਰਤ ਨੂੰ ।ਨਹੀਂ ਤਾਂ ਬਲਾਕ ਕਰਨ ਦੀ ਆਪਸ਼ਨ ਹਰ ਮਾਧਿਅਮ ਵਿੱਚ ਨਾਲ਼ੋਂ ਨਾਲ ਮੌਜੂਦ ਹੁੰਦੀ ਐ ।
ਆਓ ਦੋਸਤੀ ਨੂੰ ਦੋਸਤੀ,ਅਤੇ ਰਿਸ਼ਤਿਆਂ ਨੂੰ ਰਿਸ਼ਤੇ ਸਮਝ ਕੇ ਪੂਰਾ ਬਣਦਾ ਮਾਣ ਦੇਈਏ..।
ਤਾਂ ਕਿ ਕਦੇ ਜਿੰਦਗੀ ਵਿਚ ਕਿਸੇ ਨੂੰ ਇਕ ਦੂਜੇ ਤਕ ਸੱਚ ਵਿਚ ਕੋਈ ਕੰਮ ਪਵੇ ਤਾਂ ਪਹਿਲਾਂ ਤੋਂ ਹੀ ਕੋਈ,
“ਦੁੱਧ ਦਾ ਸੜਿਆ, ਲੱਸੀ ਨੂੰ ਫੂਕਾਂ”
ਨਾ ਮਾਰਨ ਲਗ ਜੇ ।
ਚੰਗੇ ਸੁਹਿਰਦ ਰਿਸ਼ਤੇ, ਦੋਸਤੀ,ਸੰਬੰਧ .. ਸਭ ਲਈ ਇਕ ਵਾਰ ਫਿਰ ਦਿਲ ਤੋੰ ਜਿੰਦਾਬਾਦ ਐ ….।
ਜਿਉਂਦੇ ਵਸਦੇ ਰਹੋ ..।

✍🏿” ਹੈਪੀ ਚੌਧਰੀ”

Total Views: 233 ,
Real Estate