ਚਰਨਜੀਤ ਭੁੱਲਰ – ਮਾਲਵਾ ਖਿੱਤੇ ਵਿੱਚ ਜ਼ਮੀਨ ਗ੍ਰਹਿਣ ਤੇ ਜ਼ਮੀਨ ਦੀ ਨਿਸ਼ਾਨਦੇਹੀ ਤੋਂ ਫਿਕਰਮੰਦ ਕਿਸਾਨਾਂ ਦੀ ਨੀਂਦ ਡਰੋਨਾਂ ਦੀ ਉਡਾਣ ਨੇ ਉਡਾ ਦਿੱਤੀ ਹੈ। ਆਏ ਦਿਨ ਡਰੋਨਾਂ ਦੀ ਗਤੀਵਿਧੀ ਦਾ ਪਿੰਡਾਂ ’ਚ ਰੌਲਾ ਪੈ ਰਿਹਾ ਹੈ। ਕਰੀਬ ਇੱਕ ਮਹੀਨੇ ਤੋਂ ਪ੍ਰਾਈਵੇਟ ਕੰਪਨੀਆਂ ਵੱਲੋਂ ਜ਼ਮੀਨਾਂ ’ਤੇ ਕੀਤੇ ਜਾ ਰਹੇ ਡਰੋਨ ਸਰਵੇਖਣਾਂ ਕਾਰਨ ਕਿਸਾਨਾਂ ’ਚ ਸਰਕਾਰ ਖ਼ਿਲਾਫ਼ ਰੋਸ ਪੈਦਾ ਹੋ ਰਿਹਾ ਹੈ।
ਬਠਿੰਡਾ ਦੇ ਪਿੰਡ ਗੋਨਿਆਣਾ ਖੁਰਦ ’ਚ ਰੋਹ ’ਚ ਆਏ ਕਿਸਾਨਾਂ ਨੇ ਦੋ ਦਿਨ ਪਹਿਲਾਂ ਡਰੋਨ ਨਾਲ ਸਰਵੇਖਣ ਕਰਨ ਵਾਲੀ 13 ਮੈਂਬਰੀ ਟੀਮ ਨੂੰ ਕਾਬੂ ਕਰ ਲਿਆ ਸੀ। ਇਸ ਟੀਮ ਨੇ ਕਿਸਾਨਾਂ ਨੂੰ ਜ਼ਮੀਨ ਦੀ ਮੈਪਿੰਗ ਕਰਨ ਦੀ ਗੱਲ ਕਹੀ। ਇਸ ਟੀਮ ਨੂੰ ਫੜ ਕੇ ਲੋਕ ਪਿੰਡ ਦੇ ਗੁਰੂ ਘਰ ’ਚ ਲੈ ਗਏ, ਜਿੱਥੇ ਪਿੰਡ ਵਾਸੀਆਂ ਨੇ ਇਸ ਟੀਮ ਤੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ। ਲੋਕਾਂ ਨੂੰ ਡਰ ਸੀ ਕਿ ਉਨ੍ਹਾਂ ਦੀ ਜ਼ਮੀਨ ਗ੍ਰਹਿਣ ਕੀਤੀ ਜਾ ਰਹੀ ਹੈ। ਇਸ ਟੀਮ ਦੇ ਮੁਲਾਜ਼ਮ ਮਹਾਰਾਸ਼ਟਰ ਨਾਲ ਸਬੰਧਤ ਦੱਸੇ ਗਏ।ਵਾਰਿਸ ਪੰਜਾਬ ਦੇ ਹਲਕਾ ਮੌੜ ਦੇ ਇੰਚਾਰਜ ਲੱਖਾ ਸਿਧਾਣਾ ਦਾ ਕਹਿਣਾ ਹੈ ਕਿ ਪਿੰਡ ਗੋਨਿਆਣਾ ਖੁਰਦ ’ਚ ਟੀਮ ਨੂੰ ਫੜੇ ਜਾਣ ਮਗਰੋਂ ਰੇਲਵੇ ਅਤੇ ਪੁਲੀਸ ਦੇ ਅਧਿਕਾਰੀ ਉੱਥੇ ਪਹੁੰਚ ਗਏ। ਇਸ ਮੌਕੇ ਦੱਸਿਆ ਗਿਆ ਕਿ ਬਠਿੰਡਾ ਅਤੇ ਭੁੱਚੋ ਦਰਮਿਆਨ ਰੇਲ ਲਾਈਨ ਵਿਛਾਏ ਜਾਣ ਲਈ ਜ਼ਮੀਨ ਦਾ ਸਰਵੇਖਣ ਕੀਤਾ ਜਾ ਰਿਹਾ ਹੈ। ਇਸ ਟੀਮ ਖ਼ਿਲਾਫ਼ ਪੁਲੀਸ ਨੇ 30 ਸਤੰਬਰ ਤੱਕ ਕੇਸ ਦਰਜ ਕਰਨ ਦਾ ਭਰੋਸਾ ਦਿੱਤਾ ਜਿਸ ਮਗਰੋਂ ਟੀਮ ਨੂੰ ਛੱਡਿਆ ਗਿਆ।
ਸਭ ਤੋਂ ਪਹਿਲਾਂ ਮੌੜ ਇਲਾਕੇ ’ਚ ਇਸ ਤਰ੍ਹਾਂ ਦੀ ਡਰੋਨ ਹਰਕਤ ਦੇਖੀ ਗਈ ਸੀ। ਪਿਛਲੇ ਮਹੀਨੇ ਮੌੜ ਦੇ ਪਿੰਡ ਘਸੋਖਾਨਾ ਦੇ ਵਸਨੀਕਾਂ ਨੇ ਵੀ ਆਪਣੀ ਖੇਤੀਬਾੜੀ ਵਾਲੀ ਜ਼ਮੀਨ ’ਤੇ ਡਰੋਨ ਸਰਵੇਖਣ ਕਰ ਰਹੇ ਮੁਲਾਜ਼ਮਾਂ ਨੂੰ ਕਾਬੂ ਕੀਤਾ ਸੀ। ਪਿੰਡਾਂ ਦੇ ਲੋਕਾਂ ਨੇ ਜਦੋਂ ਆਪਣੀ ਜ਼ਮੀਨ ’ਤੇ ਰੰਗ ਨਾਲ ਲੱਗੇ ਨਿਸ਼ਾਨ ਦੇਖੇ ਤਾਂ ਉਨ੍ਹਾਂ ਨੂੰ ਆਪਣੀ ਜ਼ਮੀਨ ਖੁੱਸਦੀ ਨਜ਼ਰ ਆਈ। ਸਥਾਨਕ ਪ੍ਰਸ਼ਾਸਨ ਨੇ ਇਸ ਗਤੀਵਿਧੀ ਪਿੱਛੇ ਮਾਸਟਰ ਪਲਾਨ ਤਿਆਰ ਕੀਤੇ ਜਾਣ ਦਾ ਤਰਕ ਦਿੱਤਾ।
ਢਪਾਲੀ ਅਤੇ ਫੂਲੇਵਾਲਾ ਪਿੰਡਾਂ ਵਿੱਚ ਵੀ ਡਰੋਨ ਉੱਡਦੇ ਦੇਖੇ ਗਏ। ਜਦੋਂ ਲੋਕਾਂ ਨੇ ਪੜਤਾਲ ਕੀਤੀ ਤਾਂ ਆਸ-ਪਾਸ ਕੋਈ ਵਿਅਕਤੀ ਜਾਂ ਵਾਹਨ ਨਹੀਂ ਲੱਭਿਆ। ਸੋਸ਼ਲ ਮੀਡੀਆ ’ਤੇ ਡਰੋਨਾਂ ਬਾਰੇ ਆਏ ਦਿਨ ਕੋਈ ਨਾ ਕੋਈ ਖ਼ਬਰ ਸਾਹਮਣੇ ਆ ਰਹੀ ਹੈ। ਭੂੰਦੜ ’ਚ ਵੀ ਇਸੇ ਤਰ੍ਹਾਂ ਦੇ ਡਰੋਨ ਸਰਵੇਖਣ ਦੀ ਗੱਲ ਕਹੀ ਜਾ ਰਹੀ ਹੈ। ਡਰੋਨ ਸਰਵੇਖਣਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਨੇ ਐੱਸ ਡੀ ਐੱਮ ਦਫ਼ਤਰ ਮੌੜ ਅੱਗੇ ਧਰਨਾ ਵੀ ਲਾਇਆ ਸੀ। ਮਿਲੀ ਜਾਣਕਾਰੀ ਅਨੁਸਾਰ ਮਾਲਵਾ ਖਿੱਤੇ ਦੇ ਪਿੰਡਾਂ ਵਿੱਚ ਡਰੋਨ ਸਰਵੇਖਣਾਂ ਦਾ ਐਨਾ ਖ਼ੌਫ ਹੈ ਕਿ ਕਈ ਪਿੰਡਾਂ ’ਚ ਵਸਨੀਕਾਂ ਨੇ ਡਰੋਨ ਸਰਵੇਖਣਾਂ ਦੇ ਮੱਦੇਨਜ਼ਰ ਰਾਤ ਨੂੰ ਪਹਿਰਾ ਵੀ ਦਿੱਤਾ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਗੁਪਤ ਤਰੀਕੇ ਨਾਲ ਜ਼ਮੀਨਾਂ ਦੀ ਮੈਪਿੰਗ ਦੀ ਕਾਰਵਾਈ ਬੇਭਰੋਸਗੀ ਪੈਦਾ ਕਰ ਰਹੀ ਹੈ। ਜਦੋਂ ਸਰਵੇਖਣ ਵਾਲੀ ਟੀਮ ਬੇਤੁਕੇ ਤਰਕ ਦਿੰਦੀ ਹੈ ਤਾਂ ਕਿਸਾਨਾਂ ਦ ਸ਼ੱਕ ਹੋਰ ਵਧ ਜਾਂਦਾ ਹੈ। ਪਿੰਡ ਭੂੰਦੜ ਵਿੱਚ ਸਰਵੇਖਣ ਟੀਮ ਨੇ ਬਿਜਲੀ ਸਪਲਾਈ ਦੀ ਖਰਾਬੀ ਦਾ ਪਤਾ ਲਾਉਣ ਦਾ ਤਰਕ ਦਿੱਤਾ ਸੀ, ਜਿਸ ਨੂੰ ਬਿਜਲੀ ਮੁਲਾਜ਼ਮਾਂ ਨੇ ਰੱਦ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਉਹ ਡਰੋਨਾਂ ਵਾਲਾ ਮੁੱਦਾ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੋਲ ਵੀ 25 ਸਤੰਬਰ ਨੂੰ ਉਠਾ ਚੁੱਕੇ ਹਨ।
ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਕਿਸਾਨਾਂ ਦੇ ਖ਼ਦਸ਼ਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਫਿਲਹਾਲ ਜ਼ਮੀਨ ਦੀ ਜ਼ੋਨਿੰਗ ਲਈ ਕੋਈ ਠੋਸ ਯੋਜਨਾ ਨਹੀਂ ਹੈ। ਭਾਰਤੀ ਰੇਲਵੇ ਕੋਲ ਸਰਵੇਖਣ ਕਰਨ ਲਈ ਲੋੜੀਂਦੀ ਮਨਜ਼ੂਰੀ ਸੀ। ਇਸੇ ਦੌਰਾਨ ਮਾਲ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹੋਰ ਥਾਵਾਂ ’ਤੇ ਆਬਾਦੀ ਦੇਹ ਵਾਲੀ ਜ਼ਮੀਨ ਦੀ ਨਿਸ਼ਾਨਦੇਹੀ ਲਈ ਡਰੋਨ ਸਰਵੇਖਣ ਕੀਤੇ ਜਾ ਰਹੇ ਹਨ ਅਤੇ ਕੁਝ ਥਾਵਾਂ ’ਤੇ ਫਸਲਾਂ ਦਾ ਡਿਜੀਟਲ ਸਰਵੇਖਣ ਵੀ ਚੱਲ ਰਿਹਾ ਹੈ।
ਮਾਲਵੇ ਵਿੱਚ ਡਰੋਨਾਂ ਨੇ ਕਿਸਾਨਾਂ ਦੀ ਨੀਂਦ ਉਡਾਈ ,ਜ਼ਮੀਨਾਂ ਦੇ ਸਰਵੇਖਣ ਤੋਂ ਕਿਸਾਨ ਨਾਰਾਜ਼
Real Estate





















