ਚੰਡੀਗੜ੍ਹ ਵਿੱਚ ਮੋਬਾਈਲ ’ਤੇ ਰੀਲਾਂ ਦੇਖਣ ਤੋਂ ਰੋਕਣ ’ਤੇ 8 ਸਾਲ ਦਾ ਬੱਚਾ ਇੰਨਾ ਨਾਰਾਜ਼ ਹੋਇਆ ਕਿ ਉਹ ਘਰੋਂ ਬਿਨਾਂ ਦੱਸੇ ਨਿਕਲ ਗਿਆ। ਇਸ ਤੋਂ ਬਾਅਦ ਉਹ ਇਕੱਲਾ ਟਰੇਨ ਵਿੱਚ ਸਵਾਰ ਹੋ ਗਿਆ ਅਤੇ ਕਰੀਬ 588 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਮੱਧ ਪ੍ਰਦੇਸ਼ ਦੇ ਗਵਾਲੀਅਰ ਪਹੁੰਚ ਗਿਆ। ਬੱਚੇ ਦੇ ਇਕੱਲੇ ਸਫ਼ਰ ਕਰਨ ਦੀ ਜਾਣਕਾਰੀ ਟਰੇਨ ਦੇ ਟੀਟੀਈ ਨੂੰ ਹੋਈ, ਜਿਸ ਤੋਂ ਬਾਅਦ RPF ਨੂੰ ਸੂਚਨਾ ਦਿੱਤੀ ਗਈ ਅਤੇ ਬੱਚੇ ਨੂੰ ਸੁਰੱਖਿਅਤ ਉਤਾਰ ਲਿਆ ਗਿਆ।ਪੁੱਛਗਿੱਛ ਦੌਰਾਨ ਬੱਚੇ ਨੇ ਦੱਸਿਆ ਕਿ ਉਹ ਮੋਬਾਈਲ ’ਤੇ ਰੀਲਾਂ ਦੇਖ ਰਿਹਾ ਸੀ। ਰੀਲਾਂ ਦੇਖਣ ’ਤੇ ਘਰ ਵਾਲਿਆਂ ਨੇ ਉਸ ਨੂੰ ਡਾਂਟਿਆ, ਜਿਸ ਤੋਂ ਬਾਅਦ ਉਹ ਨਾਰਾਜ਼ ਹੋ ਗਿਆ ਅਤੇ ਬਿਨਾਂ ਕਿਸੇ ਨੂੰ ਦੱਸੇ ਘਰੋਂ ਬਾਹਰ ਨਿਕਲ ਗਿਆ।ਇਸ ਤੋਂ ਬਾਅਦ ਉਹ ਟਰੇਨ ਵਿੱਚ ਬੈਠ ਗਿਆ ਅਤੇ ਇਕੱਲਾ ਹੀ ਚੰਡੀਗੜ੍ਹ ਤੋਂ ਗਵਾਲੀਅਰ ਤੱਕ ਪਹੁੰਚ ਗਿਆ। ਬੱਚੇ ਨੂੰ ਖੁਦ ਵੀ ਇਹ ਅੰਦਾਜ਼ਾ ਨਹੀਂ ਸੀ ਕਿ ਉਹ ਘਰ ਤੋਂ ਇੰਨੀ ਦੂਰ ਪਹੁੰਚ ਜਾਵੇਗਾ।RPF ਅਧਿਕਾਰੀਆਂ ਨੇ ਬੱਚੇ ਵੱਲੋਂ ਦੱਸੇ ਮੋਬਾਈਲ ਨੰਬਰ ’ਤੇ ਉਸ ਦੀ ਮਾਂ ਨਾਲ ਸੰਪਰਕ ਕੀਤਾ। ਮਾਂ ਨੇ ਦੱਸਿਆ ਕਿ ਬੱਚਾ 11 ਸਤੰਬਰ ਦੀ ਦੁਪਹਿਰ ਤੋਂ ਲਾਪਤਾ ਸੀ। ਪਰਿਵਾਰ ਵੱਲੋਂ ਚੰਡੀਗੜ੍ਹ ਵਿੱਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਗਈ ਸੀ ਅਤੇ ਪਰਿਵਾਰਕ ਮੈਂਬਰ ਉਸ ਦੀ ਭਾਲ ਕਰ ਰਹੇ ਸਨ।ਬੱਚੇ ਦੇ ਗਵਾਲੀਅਰ ਪਹੁੰਚਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਨੇ ਰਾਹਤ ਦਾ ਸਾਹ ਲਿਆ।





















