ਅਮਰੀਕਾ: ਜਬਰ-ਜ਼ਨਾਹ ਦੇ ਦੋਸ਼ੀ ਪੰਜਾਬੀ ਵਿਅਕਤੀ ਦੀ ਨਾਗਰਿਕਤਾ ਰੱਦ

New York ਦੀ ਅਦਾਲਤ ਨੇ ਭਾਰਤੀ ਮੂਲ ਦੇ ਨਾਗਰਿਕ ਗੁਰਮੀਤ ਸਿੰਘ ਦੀ ਅਮਰੀਕੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਗੁਰਮੀਤ ਸਿੰਘ ਨੂੰ ਜਬਰ-ਜ਼ਨਾਹ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਅਮਰੀਕੀ ਅਧਿਕਾਰੀਆਂ ਨੇ ਦੱਸਿਆ ਕਿ ਗੁਰਮੀਤ ਸਿੰਘ ਨੇ ਨਾਗਰਿਕਤਾ ਲੈਣ ਦੀ ਪ੍ਰਕਿਰਿਆ ਦੌਰਾਨ ਆਪਣੇ ਗੰਭੀਰ ਜੁਰਮਾਂ ਨੂੰ ਛੁਪਾਇਆ ਸੀ। ਅਟਾਰਨੀ ਜਨਰਲ ਟੌਡ ਬਲੈਂਚ ਨੇ ਕਿਹਾ ਕਿ ਅਮਰੀਕੀ ਨਾਗਰਿਕਤਾ ਅਪਰਾਧੀਆਂ ਲਈ ਕੋਈ ਢਾਲ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਧੋਖਾਧੜੀ ਨਾਲ ਹਾਸਲ ਕੀਤੀ ਗਈ ਨਾਗਰਿਕਤਾ ਨੂੰ ਰੱਦ ਕਰਕੇ ਕਾਨੂੰਨੀ ਪ੍ਰਕਿਰਿਆ ਦੀ ਅਖੰਡਤਾ ਨੂੰ ਬਰਕਰਾਰ ਰੱਖਿਆ ਜਾਵੇਗਾ।ਗੁਰਮੀਤ ਸਿੰਘ 1992 ਵਿੱਚ ਅਸਥਾਈ ਵੀਜ਼ੇ ’ਤੇ ਅਮਰੀਕਾ ਗਿਆ ਸੀ ਅਤੇ 2000 ਵਿੱਚ ਉਸ ਨੂੰ ਪੱਕੀ ਰਿਹਾਇਸ਼ (PR) ਮਿਲੀ ਸੀ। ਮਈ 2011 ਵਿੱਚ, ਨਾਗਰਿਕਤਾ ਲਈ ਅਰਜ਼ੀ ਦੇਣ ਤੋਂ ਕੁਝ ਹਫ਼ਤੇ ਪਹਿਲਾਂ, ਟੈਕਸੀ ਡਰਾਈਵਰ ਵਜੋਂ ਕੰਮ ਕਰਦੇ ਹੋਏ ਉਸ ਨੇ ਇੱਕ ਮਹਿਲਾ ਸਵਾਰੀ ਨਾਲ ਜਬਰ-ਜ਼ਨਾਹ ਕੀਤਾ ਅਤੇ ਉਸ ਨੂੰ ਅਗਵਾ ਕਰ ਲਿਆ। ਉਸ ਨੇ ਨਾਗਰਿਕਤਾ ਪ੍ਰਕਿਰਿਆ ਦੌਰਾਨ ਇਸ ਅਪਰਾਧ ਨੂੰ ਛੁਪਾਇਆ ਅਤੇ ਅਕਤੂਬਰ 2011 ਵਿੱਚ ਅਮਰੀਕੀ ਨਾਗਰਿਕ ਬਣ ਗਿਆ।ਬਾਅਦ ਵਿੱਚ, ਨਿਊਯਾਰਕ ਦੀ ਅਦਾਲਤ ਨੇ ਉਸ ਨੂੰ ਪਹਿਲੇ ਦਰਜੇ ਦੇ ਜਬਰ-ਜ਼ਨਾਹ ਅਤੇ ਅਗਵਾ ਦੇ ਦੋਸ਼ਾਂ ਹੇਠ ਦੋਸ਼ੀ ਠਹਿਰਾਉਂਦੇ ਹੋਏ 20 ਸਾਲ ਕੈਦ ਦੀ ਸਜ਼ਾ ਸੁਣਾਈ। ਜਸਟਿਸ ਡਿਪਾਰਟਮੈਂਟ ਵੱਲੋਂ ਦਰਜ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਅਦਾਲਤ ਨੇ ਉਸ ਦੀ ਨਾਗਰਿਕਤਾ ਰੱਦ ਕਰਨ ਦਾ ਅੰਤਿਮ ਹੁਕਮ ਜਾਰੀ ਕਰ ਦਿੱਤਾ ਹੈ।

Real Estate