ਅਮਰੀਕਾ ਵਿਚ ਧੋਖਾਧੜੀ ਦੇ ਕਈ ਮਾਮਲਿਆਂ ਦਾ ਸਾਹਮਣਾ ਕਰ ਰਹੇ ਭਾਰਤੀ ਮੂਲ ਦੇ ਕਾਰੋਬਾਰੀ ਗੌਰਵ ਸ਼੍ਰੀਵਾਸਤਵ ’ਤੇ ਹੁਣ ਇੰਡੋਨੇਸ਼ੀਆ ਵਿਚ ਇਕ ਵੱਡਾ ਫਰਜ਼ੀਵਾੜਾ ਕਰਨ ਦੇ ਦੋਸ਼ ਲੱਗੇ ਹਨ। ਇਕ ਰੀਪੋਰਟ ਮੁਤਾਬਕ, ਗੌਰਵ ਨੇ ਖੁਦ ਨੂੰ ਅਮਰੀਕੀ ਖੁਫੀਆ ਏਜੰਸੀ (ਸੀ.ਆਈ.ਏ.) ਦਾ ਏਜੰਟ ਦੱਸ ਕੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ (ਜੋ ਉਸ ਸਮੇਂ ਰੱਖਿਆ ਮੰਤਰੀ ਸਨ) ਦਾ ਭਰੋਸਾ ਜਿੱਤਿਆ ਅਤੇ ਰੱਖਿਆ ਸੌਦਿਆਂ ਦੇ ਨਾਂ ’ਤੇ 425 ਕਰੋੜ ਰੁਪਏ ਦਾ ਫਰਜ਼ੀ ਕਰਜ਼ਾ ਮਨਜ਼ੂਰ ਕਰਵਾ ਲਿਆ।ਗੌਰਵ ਨੇ ਰਾਸ਼ਟਰਪਤੀ ਨੂੰ 36 ਐਫ਼.-15 ਲੜਾਕੂ ਜਹਾਜ਼, ਬਲੈਕ ਹਾਕ ਹੈਲੀਕਾਪਟਰ ਅਤੇ ਮਿਲਟਰੀ ਕਮਾਂਡ ਸਿਸਟਮ ਦਿਵਾਉਣ ਦਾ ਝਾਂਸਾ ਦਿੱਤਾ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਜਿਨ੍ਹਾਂ ਕੰਪਨੀਆਂ ਰਾਹੀਂ ਇਹ ਸੌਦੇ ਕੀਤੇ ਗਏ, ਉਹ ਸੱਭ ਫਰਜ਼ੀ (ਸ਼ੈੱਲ) ਕੰਪਨੀਆਂ ਸਨ। ਰਾਸ਼ਟਰਪਤੀ ਪ੍ਰਬੋਵੋ ਉਸ ’ਤੇ ਇੰਨਾ ਭਰੋਸਾ ਕਰਦੇ ਸਨ ਕਿ ਉਸ ਨੂੰ ‘ਮਿਸਟਰ ਜੀ.’ ਕਹਿ ਕੇ ਬੁਲਾਉਂਦੇ ਸਨ। ਗੌਰਵ ਲੋਕਾਂ ਨੂੰ ਪ੍ਰਭਾਵਤ ਕਰਨ ਲਈ ਖੁਦ ਨੂੰ ਜੋ ਬਾਈਡਨ ਅਤੇ ਕਮਲਾ ਹੈਰਿਸ ਦਾ ਕਰੀਬੀ ਦੱਸਦਾ ਸੀ ਅਤੇ ਆਪਣੀਆਂ ਸਰਜਰੀਆਂ ਦੇ ਨਿਸ਼ਾਨਾਂ ਨੂੰ ‘ਗੁਪਤ ਮਿਸ਼ਨਾਂ ਦੌਰਾਨ ਲੱਗੀਆਂ ਸੱਟਾਂ’ ਵਜੋਂ ਪੇਸ਼ ਕਰਦਾ ਸੀ।ਇਸ ਮਾਮਲੇ ’ਤੇ ਇੰਡੋਨੇਸ਼ੀਆ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਰਿਕੋ ਸਿਰਾਈਤ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ, ‘‘ਜਿਨ੍ਹਾਂ ਰੱਖਿਆ ਸੌਦਿਆਂ ’ਤੇ ਗੱਲਬਾਤ ਹੋਈ ਸੀ, ਉਹ ਆਖਰੀ ਸਮਝੌਤੇ ਤੱਕ ਨਹੀਂ ਪਹੁੰਚ ਸਕੇ ਸਨ। ਇਸ ਲਈ ਸਰਕਾਰ ਨੂੰ ਕੋਈ ਸਿੱਧਾ ਆਰਥਕ ਨੁਕਸਾਨ ਨਹੀਂ ਹੋਇਆ ਹੈ।’’
ਰਾਸ਼ਟਰਪਤੀ ਨਾਲ 425 ਕਰੋੜ ਦੀ ਠੱਗੀ, ਖੁਦ ਨੂੰ ‘ਸੀ.ਆਈ.ਏ. ਏਜੰਟ’ ਦੱਸ ਕੇ ਭਾਰਤੀ ਮੂਲ ਦੇ ਕਾਰੋਬਾਰੀ ਨੇ ਲੁੱਟਿਆ
Real Estate


















