ਮੁੱਖ ਮੁਲਜ਼ਮ ‘ਗੈਂਗਸਟਰ ਗੋਲਡੀ ਢਿੱਲੋਂ’ ਸਪੇਨ ਤੋਂ ਗ੍ਰਿਫ਼ਤਾਰ; ‘ਆਪ’ ਵਿਧਾਇਕਾ ਨੂੰ ਵੀ ਦਿੱਤੀ ਸੀ ਧਮਕੀ

ਵਿਦੇਸ਼ ਵਿੱਚ ਬੈਠ ਕੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਗੈਂਗਸਟਰ ਨੈੱਟਵਰਕ ਚਲਾ ਰਹੇ ਖ਼ਤਰਨਾਕ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਢਿੱਲੋਂ ਨੂੰ ਸਪੇਨ ਵਿੱਚ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਹੈ। ਪੰਜਾਬ ਪੁਲੀਸ ਦੇ ਭਰੋਸੇਯੋਗ ਸੂਤਰਾਂ ਨੇ ਸ਼ੁੱਕਰਵਾਰ ਨੂੰ ਪੁਸ਼ਟੀ ਕੀਤੀ ਹੈ ਕਿ ‘ਆਮ ਆਦਮੀ ਪਾਰਟੀ’ ਦੀ ਵਿਧਾਇਕਾ ਨੀਨਾ ਮਿੱਤਲ ਨੂੰ ਧਮਕੀ ਦੇਣ ਅਤੇ ਚੰਡੀਗੜ੍ਹ ਦੇ ਸੈਕਟਰ-11 ਵਿੱਚ ਦਿਨ-ਦਿਹਾੜੇ ਫਾਰਮੇਸੀ ਦੇ ਕੈਸ਼ੀਅਰ ਦੇ ਹੋਏ ਕਤਲ ਮਾਮਲੇ ਵਿੱਚ ਨਾਮਜ਼ਦ ਇਸ ਗੈਂਗਸਟਰ ਨੂੰ ਸਪੇਨ ’ਚ ਦਬੋਚ ਲਿਆ ਗਿਆ ਹੈ।ਪੁਲੀਸ ਸੂਤਰਾਂ ਅਨੁਸਾਰ ਇਹ ਵੱਡੀ ਸਫ਼ਲਤਾ ਪੰਜਾਬ ਪੁਲੀਸ, ਕੇਂਦਰੀ ਖ਼ੁਫੀਆ ਏਜੰਸੀਆਂ ਅਤੇ ਚੰਡੀਗੜ੍ਹ ਪੁਲੀਸ ਦੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਮਿਲੀ ਹੈ। ਸੁਰੱਖਿਆ ਏਜੰਸੀਆਂ ਪਿਛਲੇ ਕਈ ਮਹੀਨਿਆਂ ਤੋਂ ਵਿਦੇਸ਼ ਵਿੱਚ ਬੈਠੇ ਇਸ ਗੈਂਗਸਟਰ ਦੀਆਂ ਗਤੀਵਿਧੀਆਂ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਹੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ‘ਗੋਲਡੀ ਰਾਜਪੁਰਾ’ ਦੇ ਨਾਂ ਨਾਲ ਜਾਣਿਆ ਜਾਂਦਾ ਇਹ ਗੈਂਗਸਟਰ, ਕੈਨੇਡਾ ਬੈਠੇ ਖ਼ਤਰਨਾਕ ਗੈਂਗਸਟਰ ਤੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਅਤਿਵਾਦੀ ਐਲਾਨੇ ਗਏ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦਾ ਬੇਹੱਦ ਨਜ਼ਦੀਕੀ ਸਾਥੀ ਹੈ। ਐਨ.ਆਈ.ਏ. (NIA) ਦੀ ਇੱਕ ਚਾਰਜਸ਼ੀਟ ਵਿੱਚ ਚੰਡੀਗੜ੍ਹ ਦੇ ਸੈਕਟਰ-5 ਦੇ ਇੱਕ ਕਾਰੋਬਾਰੀ ’ਤੇ ਫਾਇਰਿੰਗ ਅਤੇ ਫਿਰੌਤੀ ਦੇ ਮਾਮਲੇ ਵਿੱਚ ਗੋਲਡੀ ਢਿੱਲੋਂ ਨੂੰ ਗੋਲਡੀ ਬਰਾੜ ਦੇ ਨਾਲ ਸਹਿ-ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਸੀ।

Total Views: 36 ,
Real Estate