9 ਪੁਲਿਸ ਮੁਲਾਜ਼ਮਾਂ ਨੂੰ ਫਾਂਸੀ ਦੀ ਸਜ਼ਾ

ਮਦੁਰੈ ਦੀ ਇੱਕ ਅਦਾਲਤ ਨੇ ਸਾਤਾਨੁਕੁਲਮ ਪੁਲਿਸ ਸਟੇਸ਼ਨ ਵਿੱਚ ਪਿਓ-ਪੁੱਤ ਦੀ ਮੌਤ ਦੇ ਮਾਮਲੇ ਵਿੱਚ 9 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਸਾਰੇ ਦੋਸ਼ੀਆਂ ਨੂੰ ਜੁਰਮਾਨਾ ਵੀ ਲਗਾਇਆ ਗਿਆ ਹੈ।ਤਾਮਿਲਨਾਡੂ ਦੇ ਤੂਤੀਕੋਰਿਨ ਜ਼ਿਲ੍ਹੇ ਦੇ ਸਾਤਾਨੁਕੁਲਮ ਦੇ ਵਪਾਰੀ ਜੈਰਾਜ ਅਤੇ ਉਨ੍ਹਾਂ ਦੇ ਬੇਟੇ ਬੇਨਿਕਸ ਨੂੰ 19 ਜੂਨ 2020 ਨੂੰ ਕਰੋਨਾ ਕਾਲ ਦੌਰਾਨ ਪੁਲਿਸ ਨੇ ਹਿਰਾਸਤ ਵਿੱਚ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ ਸੀ।ਇਸ ਤੋਂ ਬਾਅਦ 21 ਜੂਨ ਨੂੰ ਦੋਹਾਂ ਨੂੰ ਕੋਵਿਲਪੱਟੀ ਜੇਲ੍ਹ ਵਿੱਚ ਰੱਖਿਆ ਗਿਆ। 22 ਜੂਨ ਦੀ ਰਾਤ ਕਰੀਬ 9 ਵਜੇ ਬੇਨਿਕਸ ਦੀ ਮੌਤ ਹੋ ਗਈ, ਜਦਕਿ ਅਗਲੀ ਸਵੇਰ ਜੈਰਾਜ ਦੀ ਵੀ ਮੌਤ ਹੋ ਗਈ ਸੀ।ਇਸ ਮਾਮਲੇ ਨੇ ਦੇਸ਼ ਭਰ ਵਿੱਚ ਹੰਗਾਮਾ ਪੈਦਾ ਕਰ ਦਿੱਤਾ ਸੀ। ਇਸ ਤੋਂ ਬਾਅਦ ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਨੇ ਖ਼ੁਦ ਨੋਟਿਸ ਲੈਂਦਿਆਂ ਪੁਲਿਸ ਤੋਂ ਰਿਪੋਰਟ ਮੰਗੀ। ਬਾਅਦ ਵਿੱਚ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ।ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸਾਤਾਨੁਕੁਲਮ ਥਾਣੇ ਦਾ ਇੰਸਪੈਕਟਰ ਸ਼੍ਰੀਧਰ ਸੀ। ਉਸ ਤੋਂ ਇਲਾਵਾ ਕਈ ਹੋਰ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ ਵੀ ਮਾਮਲਾ ਦਰਜ ਕੀਤਾ ਗਿਆ।ਸਾਰੇ 10 ਮੁਲਜ਼ਮਾਂ ਨੂੰ ਸਸਪੈਂਡ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਮਦੁਰੈ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਪਾਲਦੁਰਈ ਦੀ ਅਗਸਤ 2020 ਵਿੱਚ ਕੋਵਿਡ ਕਰਕੇ ਮੌਤ ਹੋ ਗਈ।ਬੇਨਿਕਸ ਦੀ ਭੈਣ ਨੇ ਪੱਤਰਕਾਰਾਂ ਨੂੰ ਕਿਹਾ, “2020 ਵਿੱਚ ਜਾਂਚ ਦੇ ਨਾਮ ‘ਤੇ ਮੇਰੇ ਪਿਤਾ ਅਤੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਛੇ ਸਾਲ ਬਾਅਦ ਵੀ ਸਾਨੂੰ ਉਮੀਦ ਸੀ ਕਿ ਇਨਸਾਫ ਮਿਲੇਗਾ ਅਤੇ ਅੱਜ ਇਨਸਾਫ ਮਿਲਿਆ ਹੈ।”

Total Views: 25 ,
Real Estate