ਗੈਸ ਲੀਕ ਹੋਣ ਕਾਰਨ ਧਮਾਕਾ, 16 ਮੌਤਾਂ

ਪਾਕਿਸਤਾਨ ਦੇ ਕਰਾਚੀ ਵਿੱਚ ਵੀਰਵਾਰ ਸਵੇਰੇ ਇੱਕ ਰਿਹਾਇਸ਼ੀ ਇਮਾਰਤ ਵਿੱਚ ਗੈਸ ਲੀਕ ਹੋਣ ਕਾਰਨ ਧਮਾਕਾ ਹੋਇਆ ਜਿਸ ਵਿੱਚ ਕਈ ਬੱਚਿਆਂ ਸਮੇਤ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਪੁਲੀਸ ਅਧਿਕਾਰੀ ਜਮਸ਼ੇਦ ਅਸ਼ਰ ਨੇ ਦੱਸਿਆ, “ਧਮਾਕਾ ਸਵੇਰੇ ਲਗਭਗ 4:30 ਵਜੇ ਓਲਡ ਸੋਲਜਰ ਬਾਜ਼ਾਰ ਇਲਾਕੇ ਵਿੱਚ ਸਥਿਤ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਹੋਇਆ, ਜਦੋਂ ਹਰ ਕੋਈ ਜਾਗ ਰਿਹਾ ਸੀ।”ਪਾਕਿਸਤਾਨ ਵਿੱਚ ਅੱਜ ਰਮਜ਼ਾਨ ਦਾ ਪਹਿਲਾ ਦਿਨ ਮਨਾਇਆ ਜਾ ਰਿਹਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਦਾ ਕਾਰਨ ਸਪੱਸ਼ਟ ਤੌਰ ‘ਤੇ ਗੈਸ ਲੀਕ ਹੋਣਾ ਸੀ। ਪੁਲੀਸ ਸਰਜਨ ਡਾਕਟਰ ਸਮਾਇਆ ਸਈਦ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਹੁਣ ਤੱਕ ਧਮਾਕੇ ਵਾਲੀ ਥਾਂ ਤੋਂ 14 ਲਾਸ਼ਾਂ ਮਿਲੀਆਂ ਹਨ, ਜਦੋਂ ਕਿ 14 ਜ਼ਖਮੀ ਇਲਾਜ ਅਧੀਨ ਹਨ। ਇਮਾਰਤ ਦੀ ਹਾਲਤ ਖਸਤਾ ਹੋਣ ਕਾਰਨ ਧਮਾਕੇ ਨਾਲ ਢਾਂਚੇ ਦਾ ਇੱਕ ਹਿੱਸਾ ਡਿੱਗ ਗਿਆ।ਮਰਨ ਵਾਲਿਆਂ ਵਿੱਚ ਦੋ ਤੋਂ 17 ਸਾਲ ਦੀ ਉਮਰ ਦੇ ਘੱਟੋ-ਘੱਟ ਨੌਂ ਬੱਚੇ ਸ਼ਾਮਲ ਹਨ, ਜਦੋਂ ਕਿ ਜ਼ਖਮੀਆਂ ਵਿੱਚ ਸੱਤ ਬੱਚੇ ਸ਼ਾਮਲ ਹਨ। ਕਰਾਚੀ ਵਿੱਚ ਵਾਪਰਨ ਵਾਲੀ ਇਹ ਦੂਜੀ ਵੱਡੀ ਘਟਨਾ ਹੈ। ਪਿਛਲੇ ਮਹੀਨੇ ਸਦਰ ਇਲਾਕੇ ਵਿੱਚ ਇੱਕ ਥੋਕ ਅਤੇ ਪ੍ਰਚੂਨ ਬਾਜ਼ਾਰ ‘ਗੁਲ ਸ਼ਾਪਿੰਗ ਪਲਾਜ਼ਾ’ ਦੇ ਬੇਸਮੈਂਟ ਵਿੱਚ ਅੱਗ ਲੱਗ ਗਈ ਸੀ, ਜਿਸ ਵਿੱਚ ਘੱਟੋ-ਘੱਟ 79 ਲੋਕ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋ ਗਏ ਸਨ।

Total Views: 33 ,
Real Estate