ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵਲੋਂ ਡੀ. ਸੀ. ਬਠਿੰਡਾ ਨੂੰ ਦਿੱਤਾ ਗਿਆ ਮੰਗ ਪੱਤਰ

ਮਾਮਲਾ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਵਰਤੋਕਾਰਾਂ ਸਮੇਤ 10 ਜਣਿਆਂ ‘ਤੇ ਕੀਤਾ ਗਿਆ ਝੂਠਾ ਪਰਚਾ ਰੱਦ ਕਰਾਉਣ ਦਾ

ਬਠਿੰਡਾ, 8 ਜਨਵਰੀ (PNO Media Group)-ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵਲੋਂ ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੂੰ ਰਾਜਪਾਲ ਪੰਜਾਬ, ਚੇਅਰਮੈਨ ਪ੍ਰੈਸ ਕੌਂਸਲ ਆਫ਼ ਇੰਡੀਆ ਅਤੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। ਪੱਤਰ ਵਿਚ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਲੁਧਿਆਣਾ ਸ਼ਹਿਰੀ ਦੀ ਸਾਈਬਰ ਪੁਲਿਸ ਵਲੋਂ ਪੱਤਰਕਾਰਾਂ, ਸੋਸ਼ਲ ਮੀਡੀਆ ਵਰਤੋਕਾਰਾਂ ਅਤੇ ਆਰ. ਟੀ. ਆਈ. ਕਾਰਕੁੰਨਾਂ ਸਮੇਤ 10 ਜਣਿਆਂ ‘ਤੇ ਦਰਜ ਕੀਤਾ ਗਿਆ ਝੂਠਾ ਮੁਕੱਦਮਾ ਰੱਦ ਕਰਨ ਲਈ ਪੰਜਾਬ ਸਰਕਾਰ ਅਤੇ ਡੀ. ਜੀ. ਪੀ. ਪੰਜਾਬ ਨੂੰ ਤੁਰੰਤ ਹਦਾਇਤਾਂ ਜਾਰੀ ਕੀਤੀਆਂ ਜਾਣ। ਵਫਦ ਵਿਚ ਸ਼ਾਮਲ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਪੰਜਾਬ ਦੇ ਸਕੱਤਰ ਜਨਰਲ ਸੰਤੋਖ ਗਿੱਲ, ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਪਰਵਿੰਦਰ ਸਿੰਘ ਜੌੜਾ, ਜ਼ਿਲ੍ਹਾ ਜਨਰਲ ਸਕੱਤਰ ਅਤੇ ਕੌਮੀ ਕੌਂਸਲ ਮੈਂਬਰ ਸੁਖਨੈਬ ਸਿੱਧੂ, ਜ਼ਿਲ੍ਹਾ ਸੀ. ਮੀਤ ਪ੍ਰਧਾਨ ਮਨੋਜ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਰਣਜੀਤ ਸਿੰਘ ਰਾਜੂ ਅਤੇ ਜ਼ਿਲ੍ਹਾ ਸਕੱਤਰ ਕੁਲਦੀਪ ਮਤਵਾਲਾ ਨੇ ਕਿਹਾ ਕਿ ਜੋ ਪਾਰਟੀ ਸੱਤਾ ਵਿਚ ਆਉਣ ਤੋਂ ਪਹਿਲਾਂ ਖ਼ੁਦ ਲੋਕਾਂ ਨੂੰ ਦੂਜੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਤੋਂ ਸੁਆਲ ਪੁੱਛਣ ਲਈ ਉਤਸ਼ਾਹਿਤ ਕਰਦੀ ਰਹੀ ਹੈ, ਹੈਰਾਨੀ ਦੀ ਗੱਲ ਹੈ ਕਿ ਅੱਜ ਉਸੇ ਪਾਰਟੀ ਦੀ ਸਰਕਾਰ ਸੁਆਲ ਪੁੱਛਣ ‘ਤੇ ਪੱਤਰਕਾਰਾਂ ਅਤੇ ਹੋਰਨਾਂ ‘ਤੇ ਪਰਚੇ ਦਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਮਨਦੀਪ ਸਿੰਘ ਮੱਕੜ ਗੋਨਿਆਣਾ, ਸੋਸ਼ਲ ਮੀਡੀਆ ਵਰਤੋਕਾਰ ਮਨਿੰਦਰਜੀਤ ਸਿੰਘ ਜੈਤੋਂ, ਮਿੰਟੂ ਗੁਰੂਸਰੀਆ, ਆਰ. ਟੀ. ਆਈ. ਕਾਰਕੁੰਨ ਮਾਣਿਕ ਗੋਇਲ ਅਤੇ ਹੋਰਨਾਂ ਦਾ ਕਸੂਰ ਇਹ ਸੀ ਕਿ ਉਨ੍ਹਾਂ ਵਿਦੇਸ਼ ਗਏ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿਚ ਉਨ੍ਹਾਂ ਦੇ ਸਰਕਾਰੀ ਹੈਲੀਕਾਪਟਰ ਦੀਆਂ ਉਡਾਰੀਆਂ ਸਬੰਧੀ ਸੁਆਲੀਆ ਟਿੱਪਣੀਆਂ ਕੀਤੀਆਂ ਸਨ, ਜਿਸ ਸਬੰਧੀ ਜਾਣਨ ਲਈ ਪੱਤਰਕਾਰਾਂ ਹੀ ਨਹੀਂ, ਸਗੋਂ ਸੂਬੇ ਦੇ ਆਮ ਲੋਕਾਂ ਨੂੰ ਵੀ ਸੁਆਲ ਕਰਨ ਦਾ ਇਖਲਾਕੀ ਹੱਕ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਇਹ ਹੋਛੀ ਕਾਰਵਾਈ ਮੀਡੀਆ ਦੀ ਆਜ਼ਾਦੀ ਅਤੇ ਬੋਲਣ ਦਾ ਹੱਕ ਖੋਹਣ ਦੀ ਕੋਝੀ ਹਿਮਾਕਤ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਹ ਪਰਚਾ ਰੱਦ ਨਾ ਕੀਤਾ ਗਿਆ ਤਾਂ ਜੱਥੇਬੰਦੀ ਵਲੋਂ ਹੋਰਨਾਂ ਦੇ ਸਹਿਯੋਗ ਨਾਲ ਸਰਕਾਰ iਖ਼ਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ।

Total Views: 82 ,
Real Estate