ਪੰਜਾਬ ’ਚ ਹੜ੍ਹਾਂ ਦੀ ਸਥਿਤੀ ਗੰਭੀਰ ਹੋ ਗਈ ਹੈ। ਪੌਂਗ ਡੈਮ ਤੋਂ ਵੀਰਵਾਰ ਨੂੰ ਕਰੀਬ 22 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ’ਚ ਛੱਡਿਆ ਜਾਣਾ ਹੈ। ਪੌਂਗ ਡੈਮ ਵਿੱਚ ਅੱਜ ਪਾਣੀ ਦਾ ਪੱਧਰ 1374 ਫੁੱਟ ਹੋ ਗਿਆ ਜੋ ਪਿਛਲੇ 20 ਸਾਲਾਂ ’ਚ ਇਨ੍ਹਾਂ ਦਿਨਾਂ ਦੀ ਔਸਤ ਦੇ ਮੁਕਾਬਲੇ 25 ਫੁੱਟ ਜ਼ਿਆਦਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਮਬੀ) ਅਤੇ ਪੰਜਾਬ ਦੇ ਜਲ ਸਰੋਤ ਵਿਭਾਗ ਨੇ ਅੱਜ ਮੀਟਿੰਗ ਕਰਕੇ ਡੈਮਾਂ ਵਿੱਚ ਪਾਣੀ ਦੇ ਪੱਧਰ ਨੂੰ ਦੇਖਦਿਆਂ ਰਣਨੀਤੀ ਘੜੀ ਹੈ। ਮੀਟਿੰਗ ਵਿੱਚ ਪੌਂਗ ਡੈਮ ਤੋਂ ਕੁੱਲ 40 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਵੇਲੇ ਪੌਂਗ ਡੈਮ ਤੋਂ ਬਿਆਸ ਦਰਿਆ ਵਿੱਚ 18 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ 22 ਹਜ਼ਾਰ ਕਿਊਸਿਕ ਹੋਰ ਪਾਣੀ ਵੀਰਵਾਰ ਤੋਂ ਬਿਆਸ ਦਰਿਆ ਵਿੱਚ ਆਏਗਾ। ਬਿਆਸ ਦਰਿਆ ਵਿੱਚ ਇਕਦਮ ਵਾਧੂ ਪਾਣੀ ਆਉਣ ਨਾਲ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਤਰਨ ਤਾਰਨ ਅਤੇ ਹਰੀਕੇ ਦੇ ਇਲਾਕਿਆਂ ਲਈ ਖ਼ਤਰਾ ਖੜ੍ਹਾ ਹੋ ਸਕਦਾ ਹੈ। ਬੇਸ਼ੱਕ ਪਹਾੜਾਂ ਵਿੱਚ ਬਾਰਸ਼ ਰੁਕੀ ਹੋਈ ਹੈ ਪ੍ਰੰਤੂ ਪੌਂਗ ਡੈਮ ਵਿੱਚ ਔਸਤਨ ਰੋਜ਼ਾਨਾ 88 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ। ਮੀਟਿੰਗ ਦੌਰਾਨ ਇਹ ਯੋਜਨਾ ਵੀ ਬਣੀ ਕਿ ਬਿਆਸ ਸਤਲੁਜ ਲਿੰਕ ਜ਼ਰੀਏ 8500 ਕਿਊਸਿਕ ਪਾਣੀ ਨੂੰ ਭਾਖੜਾ ਡੈਮ ਵੱਲ ਮੋੜਾ ਦੇ ਦਿੱਤਾ ਜਾਵੇ। ਮਾਨਸੂਨ ਸੀਜ਼ਨ ਦਾ ਇੱਕ ਤਿਹਾਈ ਹੀ ਲੰਘਿਆ ਹੈ ਅਤੇ ਸਤੰਬਰ ਤੱਕ ਸੀਜ਼ਨ ਚੱਲਣਾ ਹੈ ਜਿਸ ਕਰਕੇ ਪੰਜਾਬ ਸਰਕਾਰ ਦੀ ਚਿੰਤਾ ਵਧੀ ਹੋਈ ਹੈ। ਘੱਗਰ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵਧਣ ਲੱਗ ਪਿਆ ਹੈ।
ਪੰਜਾਬ ’ਚ ਹੜ੍ਹਾਂ ਦਾ ਖ਼ਤਰਾ: ਪੌਂਗ ਡੈਮ ਤੋਂ ਛੱਡਿਆ ਜਾਵੇਗਾ ਦੁੱਗਣਾ ਪਾਣੀ
Total Views: 158 ,
Real Estate



















