ਭੁੱਚੋ ਮੰਡੀ, 11 ਜੂਨ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਵਲੋਂ ਜਾਂਚ ਕਰਨ ਦੇ ਬਹਾਨੇ ਪੱਤਰਕਾਰਾਂ ‘ਤੇ ਅਨੈਤਿਕ ਦਬਾਅ ਪਾਉਣ ਦਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਨੇ ਸਖ਼ਤ ਨੋਟਿਸ ਲਿਆ ਹੈ। ਯੂਨੀਅਨ ਦੇ ਪੰਜਾਬ ਚੇਅਰਮੈਨ ਅਤੇ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਸਕੱਤਰ ਜਨਰਲ ਬਲਵਿੰਦਰ ਜੰਮੂ, ਸੂਬਾ ਕਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ ਅਤੇ ਮਾਲਵਾ ਇੰਚਾਰਜ ਸੰਤੋਖ ਗਿੱਲ ਨੇ ‘ਅਜੀਤ’ ਨਾਲ ਵਾਰਤਾ ਦੌਰਾਨ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਦੇ ਇਸ਼ਾਰੇ ‘ਤੇ ਖੁਫੀਆਂ ਏਜੰਸੀਆਂ ਲੋਕ ਹਿੱਤ ਵਿਚ ਕੰਮ ਕਰਨ ਵਾਲੇ ਅਤੇ ਸਰਕਾਰੀ ਤੰਤਰ ਦੀ ਨੁਕਤਾਚੀਨੀ ਕਰਨ ਵਾਲੇ ਪੱਤਰਕਾਰਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਰਹੀਆਂ ਹਨ। ਇਨ੍ਹਾਂ ਪੱਤਰਕਾਰਾਂ ਨੂੰ ਨਾ ਸਿਰਫ਼ ਦਫਤਰਾਂ ‘ਚ ਬੁਲਾ ਕੇ ਅਨੇਕਾਂ ਤਰ੍ਹਾਂ ਦੇ ਸੁਆਲ ਕੀਤੇ ਜਾ ਰਹੇ ਹਨ, ਸਗੋਂ ਮਾਨਸਿਕ ਡਰਾਵੇ ਦੇ ਤਹਿਤ ਉਨ੍ਹਾਂ ਤੋਂ ਪਰਿਵਾਰਕ ਵੇਰਵੇ ਵੀ ਮੰਗੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਸਰਕਾਰ ਨਾ ਸਿਰਫ਼ ਆਪਣੀਆਂ ਨਾਕਾਮੀਆਂ ਨੂੰ ਛਿਪਾਉਣਾ ਚਾਹੁੰਦੀ ਹੈ, ਸਗੋਂ ਲੋਕਤੰਤਰ ਦੇ ਚੌਥੇ ਥੰਮ ਪੱਤਰਕਾਰਤਾ ਦਾ ਮੂੰਹ ਵੀ ਬੰਦ ਕਰਨਾ ਚਾਹੁੰਦੀ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਨਾਕਾਬਲ-ਏ-ਬਰਦਾਸ਼ਤ ਹੈ ਅਤੇ ਜੇਕਰ ਇਸ ਨੂੰ ਰੋਕਿਆ ਨਾ ਗਿਆ ਤਾਂ ਸਮੂਹ ਪੱਤਰਕਾਰ ਭਾਈਚਾਰਾ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਝੰਡੇ ਹੇਠ ਸਰਕਾਰ iਖ਼ਲਾਫ਼ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ। ਦੱਸ ਦਈਏ ਕਿ ਖੁਫੀਆਂ ਏਜੰਸੀਆਂ ਵਲੋਂ ਸੋਸ਼ਲ ਮੀਡੀਆ ਦੇ ਕਰੀਬ ਅੱਧੀ ਦਰਜਨ ਪੱਤਰਕਾਰਾਂ ਨੂੰ ਜਾਣਕਾਰੀ ਦੇ ਬਹਾਨੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪਰਿਵਾਰਕ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।
ਪੰਜਾਬ ਸਰਕਾਰ ਵਲੋਂ ਜਾਂਚ ਬਹਾਨੇ ਪੱਤਰਕਾਰਾਂ ‘ਤੇ ਦਬਾਅ ਪਾਉਣ ਦਾ ਪੀਸੀਜੇਯੂ ਨੇ ਲਿਆ ਸਖ਼ਤ ਨੋਟਿਸ
Total Views: 225 ,
Real Estate


















