ਕੈਨੇਡਾ ਅਤੇ ਭਾਰਤ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਦੋਨਾਂ ਦੇਸ਼ਾਂ ਦੇ ਸਬੰਧ ਸੁਧਰਨ ਦੀ ਆਸ!

ਜੂਨ, 2023 ਵਿੱਚ ਸਰੀ ਦੇ ਇੱਕ ਗੁਰਦੁਆਰੇ ਦੇ ਪ੍ਰਧਾਨ ਤੇ ਖਾਲਿਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਕਤਲ ਕਰ ਦਿੱਤਾ ਸੀ। ਜਿਸਦੇ ਕਾਤਲ 4 ਗੈਂਗਸਟਰ ਸ਼ੂਟਰਾਂ ਨੂੰ ਪਿਛਲੇ ਸਾਲ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ‘ਤੇ ਬੀਸੀ ਦੀ ਸੁਪਰੀਮ ਕੋਰਟ ਵਿੱਚ ਅਗਲੇ ਮਹੀਨੇ ਮੁਕੱਦਮਾ ਚੱਲਣ ਦੀ ਸੰਭਾਵਨ ਹੈ। ਇਸ ਕਤਲ ਤੋਂ ਕੁਝ ਮਹੀਨੇ ਬਾਅਦ ਕਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਬਿਨਾਂ ਠੋਸ ਸਬੂਤਾਂ ਤੋਂ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਅਤੇ ਖੁਫੀਆ ਏਜੰਸੀਆਂ ਸਿਰ ਇਸ ਕਤਲ ਦੇ ਦੋਸ਼ ਲਗਾਏ ਗਏ ਸਨ। ਬੇਸ਼ਕ ਕਨੇਡੀਅਨ ਜਾਂਚ ਅਧਿਕਾਰੀਆਂ ਨੇ ਕਦੇ ਵੀ ਖੱੁਲ੍ਹ ਕੇ ਅਜਿਹੇ ਇਲਜਾਮ ਲਗਾਉਣ ਤੋਂ ਅਜੇ ਤੱਕ ਗੁਰੇਜ ਕੀਤਾ ਹੈ।

ਟਰੂਡੋ ਦੇ ਦੋਸ਼ਾਂ ਤੋਂ ਬਾਅਦ ਪਿਛਲੇ ਦੋ ਸਾਲਾਂ ਤੋਂ ਕਨੇਡਾ ਤੇ ਭਾਰਤ ਦੇ ਰਾਜਨੀਤਕ ਤੇ ਆਰਥਿਕ ਸਬੰਧ ਵਿਗੜੇ ਹੋਏ ਸਨ। ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਉਂਦੇ ਸਾਰ ਹੀ ਭਾਰਤ ਨਾਲ਼ ਸਬੰਧ ਸੁਧਾਰਨ ਦੇ ਸੰਕੇਤ ਦਿੱਤੇ ਸਨ। ਜਿਸਨੂੰ ਅਮਲੀ ਜਾਮਾ ਪਹਿਨਾਉਂਦਿਆਂ, ਉਸਨੇ ਕਨੇਡਾ ਦੀ ਵਿਦੇਸ਼ ਮੰਤਰੀ, ਭਾਰਤੀ ਮੂਲ ਦੀ ਹਿੰਦੂ ਐਮ ਪੀ ਅਨੀਤਾ ਆਨੰਦ ਬਣਾ ਕੇ ਇਸ਼ਾਰਾ ਕਰ ਦਿੱਤਾ ਸੀ ਕਿ ਭਾਰਤ ਨਾਲ਼ ਸਬੰਧਾਂ ਨੂੰ ਸੁਧਾਰਨ ਲਈ ਭਾਰਤੀ ਮੂਲ ਦੀ ਹਿੰਦੂ ਐਮ ਪੀ ਹੀ ਯੋਗ ਉਮੀਦਵਾਰ ਹੋ ਸਕਦੀ ਹੈ। ਟਰੂਡੋ ਦੀ ਵਜ਼ਾਰਤ ਵਿੱਚ ਸਿੱਖ ਐਮ ਪੀਆਂ ਵਲੋਂ ਨਿਭਾਈ ਭੂਮਿਕਾ ਦੇ ਮੱਦੇਨਜ਼ਰ, ਉਸਨੇ ਆਪਣੀ ਵਜਾਰਤ ਵਿੱਚ ਸਿੱਖ ਐਮ ਪੀਆਂ ਨੂੰ ਬਹੁਤੀ ਤਰਜੀਹ ਨਹੀਂ ਦਿੱਤੀ।

ਆਪਣੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਬੀਤੇ ਕੱਲ੍ਹ ਅਨੀਤਾ ਅਨੰਦ ਅਤੇ ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਫੋਨ ‘ਤੇ ਗੱਲਬਾਤ ਕੀਤੀ।ਜਿਸ ਤੋਂ ਬਾਅਦ ਦੋਨਾਂ ਲੀਡਰਾਂ ਵਲੋਂ ਦੋਨਾਂ ਦੇਸ਼ਾਂ ਵਿੱਚ ਆਰਥਿਕ ਤੇ ਰਾਜਨੀਤਕ ਸਬੰਧ ਸੁਧਰਨ ਵੱਲ ਕਦਮ ਕਰਾਰ ਦਿੱਤਾ ਹੈ। ਜਿਸ ਤੋਂ ਬਾਅਦ ਕਨੇਡਾ ਦੀ ਇੱਕ ਖਾਲਿਸਤਾਨੀ ਸੰਸਥਾ ਵਰਲਡ ਸਿੱਖ ਆਰਗਨਾਈਜ਼ੇਸ਼ਨ ਵਲੋਂ ਬਿਆਨ ਜਾਰੀ ਕਰਕੇ ਨਾ-ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਹੈ। ਉਨ੍ਹਾਂ ਵਲੋਂ ਕਿਹਾ ਗਿਆ ਹੈ ਕਿ ਨਿੱਝਰ ਮਾਮਲੇ ਬਾਰੇ ਗੱਲਬਾਤ ਕੀਤੇ ਬਿਨਾਂ ਸਿਰਫ ਆਰਥਿਕ ਹਿੱਤਾਂ ਦੀ ਗੱਲ ਕਰਨ ਨਾਲ਼ ਸਿੱਖ ਬਹੁਤ ਨਰਾਜ਼ ਹਨ। ਜਦਕਿ ਵਰਲਡ ਸਿੱਖ ਆਰਗਨਾਈਜ਼ੇਸ਼ਨ ਕਨੇਡਾ ਦੇ ਸਿੱਖਾਂ ਦੀ ਇੱਕ ਛੋਟੀ ਜਿਹੀ ਸੰਸਥਾ ਹੈ, ਜਿਸਦਾ ਕਨੇਡੀਅਨ ਸਿੱਖ ਭਾਈਚਾਰੇ ਵਿੱਚ ਕੋਈ ਬਹੁਤਾ ਅਧਾਰ ਨਹੀਂ।ਜਦਕਿ ਸਿੱਖਾਂ ਦੀਆਂ ਕਨੇਡਾ ‘ਚ ਸੈਂਕੜੇ ਸੰਸਥਾਵਾਂ ਹਨ, ਉਨ੍ਹਾਂ ਨੂੰ ਪੁੱਛੇ ਬਿਨਾਂ ਇੱਕ ਸੰਸਥਾ ਵਲੋਂ ਆਪਣੇ ਆਪ ਨੂੰ ਸਾਰੇ ਭਾਈਚਾਰੇ ਦੀ ਨੁਮਇੰਦਾ ਜਮਾਤ ਬਣਨਾ ਕਿਤਨਾ ਕੁ ਜਾਇਜ ਹੈ? ਵਿਦੇਸ਼ਾਂ ਵਿੱਚ ਹਜਾਰਾਂ ਸਿੱਖ ਸੰਸਥਾਵਾਂ ਵਿੱਚੋਂ 1-2% ਖਾਲਿਸਤਾਨੀ ਸੰਸਥਾਵਾਂ ਹਨ, ਉਨ੍ਹਾਂ ਨੂੰ ਆਪਣੇ ਢੰਗ ਨਾਲ਼ ਆਪਣੀ ਗੱਲ ਕਰਨ ਦਾ ਹੱਕ ਹੈ, ਪਰ ਉਨ੍ਹਾਂ ਵਲੋਂ ਵਿਦੇਸ਼ਾਂ ਆਪਣੇ ਹਿੱਤਾਂ ਅਨੁਸਾਰ ਮੀਡੀਆ ਅਤੇ ਰਾਜਸੀ ਖੇਤਰਾਂ ਵਿੱਚ ਹਮੇਸ਼ਾਂ ਇਹ ਪ੍ਰਭਾਵ ਦਿੱਤਾ ਜਾਂਦਾ ਹੈ ਕਿ ਸਿਰਫ ਉਹ ਹੀ ਸਿੱਖਾਂ ਦੀਆਂ ਵਾਹਿਦ ਨੁਮਾਇੰਦਾ ਜਮਾਤਾਂ ਹਨ।

ਇਸੇ ਪ੍ਰਭਾਵ ਵਿੱਚ ਟਰੂਡੋ ਨੇ ਕਨੇਡਾ-ਭਾਰਤ ਦੇ ਸਬੰਧ ਵਿਗਾੜੇ ਸਨ।ਜਦੋਂ ਕਿਤੇ ਵੀ ਕੋਈ ਜੁਰਮ ਹੁੰਦਾ ਹੈ, ਉਸਦੀ ਜਾਂਚ ਕਰਕੇ ਕਥਿਤ ਦੋਸ਼ੀਆਂ ਨੂੰ ਫੜਨਾ ਪੁਲਿਸ ਫੋਰਸਾਂ ਦਾ ਕੰਮ ਹੁੰਦਾ ਹੈ ਅਤੇ ਕਥਿਤ ਦੋਸ਼ੀਆਂ ਨੂੰ ਸਜ਼ਾਵਾਂ ਦੇਣਾ ਕੋਰਟਾਂ ਦਾ ਕੰਮ ਹੈ।ਜਦੋਂ ਅਜਿਹੇ ਕੰਮ ਰਾਜਸੀ ਲੀਡਰ ਪੁਲਿਸ ਤੇ ਕੋਰਟ ਤੋਂ ਬਾਹਰੇ ਕਰਨ ਲੱਗਣ ਤਾਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।ਜਿਸ ਤਰ੍ਹਾਂ ਕੁਝ ਲੋਕਾਂ ਵਲੋਂ ਪੈਦਾ ਕੀਤੀਆਂ ਸਮੱਸਿਆਵਾਂ ਕਾਰਨ ਸਮੁੱਚੇ ਭਾਰਤੀ ਮੂਲ ਦੇ ਕਨੇਡੀਅਨਾਂ ਨੂੰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਜਿੱਥੇ ਬਾਕੀ ਸਿੱਖ ਸੰਸਥਾਵਾਂ ਨੂੰ ਵੀ ਆਪਣਾ ਪੱਖ ਮੀਡੀਏ ਅਤੇ ਰਾਜਸੀ ਖੇਤਰਾਂ ਵਿੱਚ ਰੱਖਣਾ ਚਾਹੀਦਾ ਹੈ, ਉਥੇ ਖਾਲਿਸਤਾਨੀ ਧਿਰਾਂ ਨੂੰ ਵੀ ਆਪਣੇ ਤੌਰ ‘ਤੇ ਖਾਲਿਸਤਾਨੀ ਹੋ ਕੇ ਪੱਖ ਪੇਸ਼ ਕਰਨਾ ਚਾਹੀਦਾ ਹੈ, ਨਾ ਕਿ ਸਾਰੇ ਸਿੱਖ ਪੰਥ ਦੇ ਨੁਮਇੰਦੇ ਬਣ ਕੇ ਪੇਸ਼ ਆਉਣਾ ਚਾਹੀਦਾ ਹੈ।

ਖਾਲਿਸਤਾਨ ਇੱਕ ਰਾਜਸੀ ਵਿਚਾਰਧਾਰਾ ਹੈ, ਜਿਸ ਨਾਲ਼ ਸਾਰੇ ਸਿੱਖਾਂ ਦਾ ਸਹਿਮਤ ਹੋਣਾ ਜਰੂਰੀ ਨਹੀਂ ਅਤੇ ਨਾ ਹੀ ਇਹ ਵਿਚਾਰਧਾਰਾ ਸਾਰੇ ਪੰਥ ‘ਤੇ ਥੋਪੀ ਜਾ ਸਕਦੀ ਹੈ।ਕਨੇਡੀਅਨ ਰਾਜਸੀ ਪਾਰਟੀਆਂ ਅਤੇ ਰਾਜਸੀ ਲੀਡਰਾਂ ਨੂੰ ਵੀ ਇਹ ਸੱਚ ਸਮਝਣਾ ਚਾਹੀਦਾ ਹੈ ਕਿ ਕੁਝ ਸਪੈਸ਼ਲ ਇੰਟਰੈਸਟ ਵਾਲ਼ੇ ਗੁਰਦੁਆਰਿਆਂ ਦੇ ਪ੍ਰਬੰਧਕ ਹੀ ਸਿੱਖ ਜਾਂ ਸਿੱਖਾਂ ਦੇ ਨੁਮਾਇੰਦੇ ਨਹੀਂ, ਸਿੱਖ ਭਾਈਚਾਰੇ ਦੀ ਬਹੁ-ਗਿਣਤੀ ਇਨ੍ਹਾਂ ਨੂੰ ਆਪਣੇ ਨੁਮਾਇੰਦੇ ਨਹੀਂ ਮੰਨਦੀ ਕਿਉਂਕਿ ਇਨ੍ਹਾਂ ਨੂੰ ਕਿਸੇ ਨੇ ਚੁਣਿਆ ਹੋਇਆ ਨਹੀਂ ਸਗੋਂ ਬਹੁਤੇ ਗੁਰਦੁਆਰੇ ਹੁਣ ਕੁਝ ਵਿਅਕਤੀਆਂ ਜਾਂ ਧੜਿਆਂ ਦੇ ਪ੍ਰਾਈਵੇਟ ਟਰੱਸਟ ਬਣ ਚੁੱਕੇ ਹਨ।ਅਜਿਹੇ ਪ੍ਰਾਈਵੇਟ ਟਰੱਸਟਾਂ ਜਾਂ ਪ੍ਰਾਈਵੇਟ ਕਾਗਜੀ ਸੰਸਥਾਵਾਂ ਨੂੰ ਸਾਰੇ ਸਿੱਖ ਪੰਥ ਦੇ ਨੁਮਾਇੰਦੇ ਨਹੀਂ ਬਣਨ ਦੇਣਾ ਚਾਹੀਦਾ। – Bold Post Canada

Total Views: 82 ,
Real Estate