ਸ਼ਹੀਦ ਕਰਤਾਰ ਸਿੰਘ ਸਰਾਭਾ ਹਵਾਈ ਅੱਡਾ ਨਾਮ ਰੱਖਣ ਲਈ ਫਾਈਲ ਦੋ ਸਾਲ ਤੋਂ ਧੂੜ ਫੱਕ ਰਹੀ ਹੈ

ਵਿਧਾਨ ਸਭਾ ਵਿੱਚ ਮਤਾ ਪਾਸ ਹੋਣ ਤੋਂ ਬਾਅਦ ਦਿੱਲੀ ਪਹੁੰਚਣ ਲਈ ਫਾਈਲ ਨੂੰ ਲੱਗਾ ਡੇਢ ਸਾਲ
6 ਮਹੀਨੇ ਤੋਂ ਕੇਂਦਰੀ ਕੈਬਨਿਟ ਕੋਲ ਪ੍ਰਵਾਨਗੀ ਦੀ ਉਡੀਕ 
ਸੰਤੋਖ ਗਿੱਲ

                                                 ਕੈਪਸ਼ਨ: ਕੌਮਾਂਤਰੀ ਹਵਾਈ ਅੱਡਾ ਹਲਵਾਰਾ ਦੀ ਤਸਵੀਰ। ਫ਼ੋਟੋ – ਗਿੱਲ

ਲੁਧਿਆਣਾ ਜ਼ਿਲ੍ਹੇ ਦੇ ਪਿੰਡ ਐਤੀਆਣਾ ਵਿੱਚ ਉਸਾਰੀ ਅਧੀਨ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਕੌਮਾਂਤਰੀ ਹਵਾਈ ਅੱਡਾ ਰੱਖਣ ਦਾ ਪ੍ਰਸਤਾਵ ਕਰੀਬ ਦੋ ਸਾਲ ਤੋਂ ਸੂਬਾ ਅਤੇ ਕੇਂਦਰ ਸਰਕਾਰ ਦੇ ਦਫ਼ਤਰਾਂ ਦੀ ਖ਼ਾਕ ਛਾਣ ਰਿਹਾ ਹੈ। ਕਾਬਲੇ-ਗ਼ੌਰ ਹੈ ਕਿ 22 ਮਾਰਚ 2023 ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲਕਦਮੀ ‘ਤੇ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਉਪਰ ਰੱਖਣ ਲਈ ਵਿਧਾਨ ਸਭਾ ਵਿੱਚ ਪ੍ਰਸਤਾਵ ਸਰਬਸੰਮਤੀ ਪਾਸ ਕੀਤਾ ਗਿਆ ਸੀ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਅਧੀਨ ਸਕੱਤਰ ਦੀਪਕ ਨਾਗਪਾਲ ਅਨੁਸਾਰ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਪਾਸ ਪ੍ਰਸਤਾਵ ਦੀ ਪ੍ਰਤੀ ਬੇਨਤੀ 19 ਸਤੰਬਰ 2024 ਨੂੰ ਪ੍ਰਾਪਤ ਹੋਈ ਹੈ ਅਤੇ ਸਬੰਧਿਤ ਹੋਰ ਮੰਤਰਾਲਿਆਂ ਅਤੇ ਵਿਭਾਗਾਂ ਨਾਲ ਚਰਚਾ ਤੋਂ ਬਾਅਦ ਅੰਤਿਮ ਪ੍ਰਵਾਨਗੀ ਲਈ ਇਹ ਕੇਂਦਰੀ ਕੈਬਨਿਟ ਕੋਲ ਭੇਜੀ ਗਈ ਹੈ ਅਤੇ ਜੋ ਹਾਲੇ ਵਿਚਾਰ ਅਧੀਨ ਹੈ।
ਕਾਬਲੇ-ਗ਼ੌਰ ਕਿ ਦੋ ਸਾਲ ਪਹਿਲਾਂ 22 ਮਾਰਚ 2023 ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੇ ਸ਼ਹਾਦਤ ਦਿਵਸ ਤੋਂ ਇਕ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲਕਦਮੀ ਉਪਰ ਹਲਵਾਰਾ ਹਵਾਈ ਅੱਡੇ ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ ਉਪਰ ਰੱਖਣ ਲਈ ਪ੍ਰਸਤਾਵ ਪਾਸ ਕਰਵਾਇਆ ਸੀ। ਮੁੱਖ ਮੰਤਰੀ ਮਾਨ ਨੇ ਇੱਕ ਹੋਰ ਮਤੇ ਰਾਹੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ਭਗਤ ਸਿੰਘ ਨੂੰ “ਭਾਰਤ ਰਤਨ” ਦਾ ਅਵਾਰਡ ਦੇਣ ਦੀ ਵੀ ਮੰਗ ਕੀਤੀ ਸੀ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਨੁਸਾਰ ਇਹ ਪ੍ਰਸਤਾਵ ਪਾਸ ਹੋਣ ਤੋਂ ਕਰੀਬ ਡੇਢ ਸਾਲ ਬਾਅਦ ਮੰਤਰਾਲੇ ਕੋਲ ਪਿਛਲੇ ਸਾਲ 19 ਸਤੰਬਰ ਨੂੰ ਪ੍ਰਾਪਤ ਹੋਇਆ ਹੈ। ਇਸ ਤਰ੍ਹਾਂ ਇਹ ਪ੍ਰਸਤਾਵ ਵਾਲੀ ਫਾਈਲ ਡੇਢ ਸਾਲ ਤੱਕ ਤਾਂ ਪੰਜਾਬ ਸਰਕਾਰ ਦੀਆਂ ਅਲਮਾਰੀਆਂ ਦੀ ਧੂੜ ਫੱਕਦੀ ਰਹੀ ਅਤੇ ਹੁਣ ਪਿਛਲੇ 6 ਮਹੀਨੇ ਤੋਂ ਕੇਂਦਰੀ ਕੈਬਨਿਟ ਦੇ ਦਫ਼ਤਰਾਂ ਦੀ ਧੂੜ ਫੱਕ ਰਹੀ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਡਾਇਰੈਕਟਰ ਸੋਨਾਲੀ ਗਿਰੀ ਨਾਲ ਸੰਪਰਕ ਦੇ ਯਤਨ ਸਫਲ ਨਹੀਂ ਹੋ ਸਕੇ।

 

Total Views: 230 ,
Real Estate