ਕੋਠਾ ਗੁਰੂ / ਸੁਖਨੈਬ ਸਿੰਘ ਸਿੱਧੂ
ਜਲਾਲ ਵਾਲੀ ਸੜਕ ਤੇ ਜਾ ਕੇ ਪਤਾ ਕੀਤਾ ਤਾਂ ਪਹਿਲਾਂ ਬਲਵੀਰ ਕੌਰ ਦਾ ਆਉਂਦਾ ਸੀ । ਗਲੀ ਮੁੜ ਕੇ ਸਾਈਕਲ ਸੰਵਾਰਨ ਵਾਲੀ ਦੁਕਾਨ ਦੇ ਨਾਲ ਇੱਕ ਛੋਟਾ ਜਾ ਘਰ । ਗੇਟ ਦੇ ਨਾਲ ਖੜੀ ਕਾਲੀ ਥਾਰ ਤੇ ਸਾਹਮਣੇ ਦੋ ਕਮਰਿਆਂ ਤੇ ੁਨਿੱਕੀ ਜਿਹੀ ਰਸੋਈ ਵਾਲਾ ਛੋਟਾ ਜਾ ਘਰ , ਇੱਕ ਡੂੰਘੀ ਜੀ ਸਬਾਤ ਵਰਗਾ ਕਮਰਾ ਤੇ ਉਹਦੀ ਇੱਕ ਕੰਧ ਨਾਲ ਢੋਅ ਲਾ ਕੇ ਬੈਠਾ ਕੇ ਸੱਥਰ ਤੇ ਬੈਠਾ ਇੱਕੋ ਬੰਦਾ । ਜਦੋਂ ਨੂੰ ਅਸੀਂ ਘਰ ‘ਚ ਵੜ੍ਹੇ ਤਾਂ ਗੇਟ ਦੇ ਕੋਲੇ ਫਿਰਦਾ ਇੱਕ ਆਦਮੀ ਕਾਹਲੇ ਕਦਮੀ ਸੱਥਰ ਤੇ ਬੈਠੇ ਬੰਦੇ ਕੋਲ ਗਿਆ ਤੇ ਦੱਬੀ ਆਵਾਜ਼ ‘ਚ ਤਾਕੀਦ ਕਰ ਆਇਆ , ‘ ਸਾਬ ਨਾਲ ਗੱਲ ਕਰੀਂ ਪੱਤਰਕਾਰ ਆਗੇ ,’
ਫਤਿਹ ਬੁਲਾ ਕੇ ਮੈਂ ਉੱਥੇ ਬੈਠ ਗਿਆ । ‘ਤੁਸੀਂ ਮਾਤਾ ਦੇ ਕੀ ਲੱਗਦੇ ?’
ਮੈਂ ਭਾਈ ਆ, ਮੇਰੀ ਵੱਡੀ ਭੈਣ ਸੀ , ‘ ਸੱਥਰ ਤੇ ਬੈਠਾ ਸੱਜਣ ਬੋਲਿਆ । ਉਹਦਾ ਪਿੰਡ ਵੱਡਾ ਘਰ’ ਸੀ । ਇਹ ਮ੍ਰਿਤਕ ਬਲਵੀਰ ਕੌਰ ਦਾ ਛੋਟਾ ਭਾਈ ਸੀ ।
ਉਹਨੇ ਦੱਸਣਾ ਹੀ ਸੁਰੂ ਕੀਤਾ ਸੀ । ਤਿੰਨ ਬੰਦੇ ਹੋਰ ਆ ਗਏ । ਇੱਕ ਦੇ ਹੱਥ ਡਾਇਰੀ । ਡਾਇਰੀ ਵਾਲਾ ਉਹਨਾ ਤੋਂ ਵੇਰਵੇ ਪੁੱਛ ਕੇ ਲਿਖਣ ਲੱਗਾ । ਇਹ ਦੋ ਸੀਆਈਡੀ ਦੇ ਮੁਲਾਜਿ਼ਮ ਸਨ ਤੇ ਤੀਜਾ ਨਗਰ ਪੰਚਾਇਤ ਦਾ ਪ੍ਰਧਾਨ ਸੀ ।
ਉਮਰ 70 ਕੁ ਸਾਲ ਸੀ ਬਲਵੀਰ ਕੌਰ ਦੀ । ਤਿੰਨ ਭੈਣਾਂ ਦੋ ਭਰਾ ਸੀ । ਕਈ ਵਰ੍ਹੇ ਪਹਿਲਾਂ ਉਹਦੇ ਪਤੀ ਬੰਤ ਸਿੰਘ ਦੀ ਮੌਤ ਹੋ ਗਈ ਸੀ । ਇਹਨਾ ਦੋ ਮੁੰਡੇ ਸੀ । ਇੱਕ ਵਿਆਹਿਆ ਸੀ , ਦੂਜਾ ਟਰੱਕ ਡਰਾਈਵਰ ਸੀ ।
ਜਿਹੜਾ ਵਿਆਹਿਆ ਸੀ ,ਉਹਦੀ ਘਰ ਵਾਲੀ ਛੱਡ ਕੇ ਕਿਧਰੇ ਹੋਰ ਤੁਰ ਗਈ , ਮੁੰਡੇ ਨੇ ਤਿੰਨ ਚਾਰ ਸਾਲ ਪਹਿਲਾਂ ਫਾਹਾ ਲੈ ਲਿਆ , ਜਨਾਨੀ ਜਿੱਥੇ ਜਾ ਕੇ ਰਹਿੰਦੀ ਸੀ , ਉਹਦੀ ਉੱਥੇ ਮੌਤ ਹੋ ਗਈ । ਟਰੱਕ ਡਰਾਈਵਰ ਦੀ ਕਿਸੇ ਐਕਸੀਡੈਂਟ ‘ਚ ਲੱਤ ਕੱਟੀ ਗਈ , ਫੇਰ ਕੈਂਸਰ ਹੋ ਗਿਆ ਉਹਦਾ ਮਰ ਕੇ ਹੀ ਖਹਿੜਾ ਛੁੱਟਿਆ । ਪਹਿਲਾਂ ਇਹ ਗੁਰੂਸਰ ਰਹਿਣ ਲੱਗੇ ਸੀ । ਫਿਰ ਜਦੋਂ ਬੇਬੇ ਕੱਲੀ ਰਹਿਗੀ ਉਦੋਂ ਕੋਠੇ ਆ ਫਿਰ ਰਹਿਣ ਲੱਗੀ ਸੀ ।
ਕੱਲ੍ਹ ਟੋਹਾਣੇ ਦੀ ਜਿਹੜੀ ਮਹਾਂਪੰਚਾਇਤ ਹੋਣੀ ਸੀ , ਉਹਦੇ ‘ਚ ਸ਼ਾਮਿਲ ਹੋਣ ਲਈ ਪਿੰਡ ਕੋਠਾ ਗੁਰੂ (ਜਿ਼ਲ੍ਹਾ ਬਠਿੰਡਾ) ਤੋਂ ਇੱਕ ਬੱਸ ਭਰ ਕੇ ਤੁਰੀ , ਬਰਨਾਲੇ ਕੋਲ ਜਾ ਕੇ ਬੱਸ ਪਲਟ ਗਈ । ਤਿੰਨ ਔਰਤਾਂ ਦੀ ਮੌਤ ਹੋ ਗਈ , ਦਰਜਨਾਂ ਹੋਰ ਜ਼ਖਮੀ ਹੋ ਗਏ, ਸਾਰੇ ਇਸੇ ਪਿੰਡ ਦੇ ਸੀ । ਮਰਨ ਵਾਲਿਆਂ ‘ਚ ਬਲਵੀਰ ਕੌਰ ਵੀ ਸ਼ਾਮਿਲ ਸੀ । ਜਿੰਦਗੀ ਤਾਂ ਕਿਸੇ ਦੀ ਵੀ ਜਾਵੇ ਮਾੜੀ ਗੱਲ ਹੁੰਦੀ ਪਰ ਇਹ ਬੇਬੇ ਦੀ ਜਿੰਦਗੀ ਨਾਲ ਬੰਤ ਸਿੰਘ ਦਾ ਸਾਰਾ ਪਰਿਵਾਰ ਖਤ਼ਮ ਹੋ ਗਿਆ।
ਜਦੋ ਸੀਆਈਡੀ ਵਾਲੇ ਲਿਖਤ ਪੜਤ ਕਰਦੇ ਸੀ ਤਾਂ ਦੋ ਜਣੇ ਹੋਰ ਆ ਗਏ ,ਇੱਕ ਉਹੀ ਜਿਹੜਾ ਸੱਥਰ ਤੇ ਬੈਠੇ ਨੂੰ ਕਹਿ ਕੇ ਗਿਆ ਸੀ ‘ਸਾਬ ਨਾਲ ਗੱਲ ਕਰੀ ‘। ਇਹ ਸ਼ਾਇਦ ਬੇਬੇ ਦੇ ਭਾਣਜੇ ਹੋਣਗੇ । ਜਦੋਂ ਉਹਨਾ ਨੇ ਵਾਰਿਸਾਂ ਬਾਰੇ ਪੁੱਛਿਆ ਤਾਂ ਬੇਬੇ ਭਰਾ ਨੇ ਕਿਹਾ ਪਰਿਵਾਰ ਤਾਂ ਸਾਰਾ ਖਤਮ ਹੋ ਗਿਆ। ਕੋਈ ਹੋਰ ਬੋਲਿਆ ਭੈਣ ਨੂੰ ਵਾਰਿਸ ਲਿਖਾਇਆ ਸੀ , ਦੋਵੇ ਭੈਣਾਂ ਦੇ ਨਾਂਮ ਅਤੇ ਐਡਰੈਸ ਲਿਖੇ ਗਏ, ਦੋਵਾਂ ਭਰਾਵਾਂ ਦਾ ਬਿਰਵਾ ਪਾਤਾ ਕੇ ਲਿਖਤਾ , ਸਾਰਿਆਂ ਦੇ ਮੋਬਾਈਲ ਨੰਬਰ ਲਿਖ ਕੇ ਮੁਲਾਜ਼ਮ ਆਪਣੀ ਕਾਰਵਾਈ ਪਾ ਕੇ ਤੁਰ ਗਏ ।
ਜਿਹੜੀ ਬਲਵੀਰ ਕੌਰ ਦੀ ਜਿੰਦਗੀ ਵਿੱਚੋਂ ਕੱਲਾ ਕੱਲਾ ਹੋ ਕੇ ਸਾਰਾ ਪਰਿਵਾਰ ਤੁਰ ਗਿਆ, ਖੌਰੇ ਕਿੰਨਾ ਦਰਦ ਸਮੇਟ ਕੇ ਤੁਰ ਗਈ । ਹੁਣ ਕੁਝ ਦਿਨ ਮੂੰਹ ਮੱਥੇ ਵਾਲਿਆਂ ਨੇ ਆਉਣਾ , ਜਾਂਦੇ ਹੋਇਆ ਕਹਿ ਕੇ ਤੁਰ ਜਾਣਾ ‘ਇਹਨਾ ਦੀ ਲਿਖੀ ਏਵੇ ਸੀ ।’



















