ਜ਼ੀਰਾ: ਪੁਲੀਸ ਮੁਕਾਬਲੇ ’ਚ ਦੋ ਹਲਾਕ

ਬਠਿੰਡਾ ਐੱਸਟੀਐੱਫ ਨਾਲ ਜ਼ੀਰਾ ਵਿਚ ਮੁਕਾਬਲੇ ਦੌਰਾਨ ਮੋਗਾ ਜ਼ਿਲ੍ਹੇ ਦੀ ਧਰਮਕੋਟ ਸਬ-ਡਿਵੀਜ਼ਨ ਨਾਲ ਸਬੰਧਤ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਦੁਵੱਲੀ ਗੋਲੀਬਾਰੀ ਵਿਚ ਇੱਕ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ। ਮੁਕਾਬਲੇ ਵਿਚ ਹਲਾਕ ਹੋਏ ਸੰਦੀਪ ਸਿੰਘ ਉਰਫ਼ ਸੋਨੂੰ ਵਾਸੀ ਪਿੰਡ ਮੁੰਡੀ ਜਮਾਲ ਖ਼ਿਲਾਫ਼ ਥਾਣਾ ਕੋਟ ਈਸੇ ਖਾਂ ਵਿਚ ਜਾਨਲੇਵਾ ਹਮਲੇ ਦੇ ਦੋਸ਼ ਹੇਠ ਅਤੇ 17 ਮਈ 2022 ਨੂੰ ਸਪੈਸ਼ਲ ਸੈੱਲ ਦਿੱਲੀ ਅਸਲਾ ਐਕਟ ਤਹਿਤ ਕੇਸ ਦਰਜ ਹੈ ਜਦਕਿ ਸੁਖਬੀਰ ਸਿੰਘ ਉਰਫ਼ ਗੋਰਾ ਵਾਸੀ ਪਿੰਡ ਮੰਦਰ ਖ਼ਿਲਾਫ਼ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਜਦੋਂਕਿ ਜ਼ਖ਼ਮੀ ਅਨਮੋਲ ਸਿੰਘ ਉਰਫ਼ ਮੇਲਾ ਵਾਸੀ ਪਿੰਡ ਮੰਦਰ ਖ਼ਿਲਾਫ਼ ਨਸ਼ਾ ਤਸਕਰੀ ਅਤੇ ਜਾਨਲੇਵਾ ਹਮਲੇ ਦੇ ਦੋਸ਼ ਹੇਠ ਚਾਰ ਕੇਸ ਦਰਜ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬਠਿੰਡਾ ਰੇਂਜ ਦੇ ਐੱਸਟੀਐੱਫ ਇੰਸਪੈਕਟਰ ਜਸਬੀਰ ਸਿੰਘ ਦੀ ਅਗਵਾਈ ਹੇਠ ਕਰੀਬ ਇੱਕ ਦਰਜਨ ਪੁਲੀਸ ਮੁਲਾਜ਼ਮ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਖੇਤਰ ਵਿਚ ਮੌਜੂਦ ਸਨ ਤਾਂ ਤਲਵੰਡੀ-ਜ਼ੀਰਾ ਰੋਡ ਸਥਿਤ ਚੌਲ ਮਿੱਲ ਕੋਲ ਪੁਲੀਸ ਟੀਮ ’ਤੇ ਸ਼ੱਕੀਆਂ ਨੇ ਗੋਲੀਆਂ ਚਲਾ ਦਿੱਤੀਆਂ। ਪੁਲੀਸ ਦੀ ਜਵਾਬੀ ਗੋਲੀਬਾਰੀ ਵਿਚ ਸੰਦੀਪ ਸਿੰਘ ਉਰਫ਼ ਸੋਨੂੰ, ਸੁਖਬੀਰ ਸਿੰਘ ਉਰਫ਼ ਗੋਰਾ ਦੀ ਮੌਕੇ ਉੱਤੇ ਮੌਤ ਹੋ ਗਈ ਜਦਕਿ ਅਨਮੋਲ ਸਿੰਘ ਜ਼ਖ਼ਮੀ ਹੋ ਗਿਆ।

Total Views: 172 ,
Real Estate