ਪੰਜਾਬ, ਹਰਿਆਣਾ, ਚੰਡੀਗੜ੍ਹ ਸਣੇ ਉੱਤਰ ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਨੇ ਅੱਜ ਵੀ ਸਾਰਾ ਦਿਨ ਲੋਕਾਂ ਨੂੰ ਕੰਬਣੀ ਛੇੜੀ ਰੱਖੀ। ਪੰਜਾਬ ਦਾ ਮੈਦਾਨੀ ਇਲਾਕਾ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਨਾਲੋਂ ਵੀ ਠੰਢਾ ਰਿਹਾ ਹੈ। ਦਿਨ ਸਮੇਂ ਪੰਜਾਬ ਦੇ ਸਾਰੇ ਸ਼ਹਿਰ ਸ਼ਿਮਲੇ ਨਾਲੋਂ ਵੀ ਠੰਢੇ ਰਹੇ, ਜਿੱਥੇ ਤਾਪਮਾਨ ਆਮ ਨਾਲੋਂ 11.2 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਗਿਆ ਹੈ। ਸ਼ਿਮਲੇ ’ਚ ਦਿਨ ਦਾ ਤਾਪਮਾਨ 12 ਡਿਗਰੀ ਸੈਲਸੀਅਸ ਰਿਹਾ। ਪਾਰਾ ਡਿੱਗਣ ਕਰਕੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਦਾ ਗੁਰਦਾਸਪੁਰ ਤੇ ਹਰਿਆਣਾ ਦਾ ਮਹਿੰਦਰਗੜ੍ਹ ਸ਼ਹਿਰ ਸਭ ਤੋਂ ਠੰਢੇ ਰਹੇ ਜਿੱਥੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।ਸੰਘਣੀ ਧੁੰਦ ਕਰਕੇ ਗੁਰਦਾਸਪੁਰ, ਅੰਮ੍ਰਿਤਸਰ, ਪਟਿਆਲਾ ਸਣੇ ਅੱਧਾ ਦਰਜਨ ਦੇ ਕਰੀਬ ਸ਼ਹਿਰਾਂ ਵਿੱਚ ਦਿਸਣ ਹੱਦ 50 ਮੀਟਰ ਤੋਂ ਵੀ ਘੱਟ ਰਹਿ ਗਈ। ਧੁੰਦ ਕਾਰਨ ਮੁਹਾਲੀ ਦੇ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡੇ ’ਤੇ ਅੱਧਾ ਦਰਜਨ ਦੇ ਕਰੀਬ ਉਡਾਣਾਂ ਦੇਰੀ ਨਾਲ ਚੱਲੀਆਂ। ਉਧਰ ਰੇਲਗੱਡੀਆਂ ਤੇ ਬੱਸਾਂ ਦੀ ਆਵਾਜਾਈ ’ਤੇ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲਿਆ। ਮੌਸਮ ਵਿਗਿਆਨੀਆਂ ਨੇ ਅਗਲੇ ਤਿੰਨ ਦਿਨ ਸੰਘਣੀ ਧੁੰਦ ਪੈਣ ਤੇ ਠੰਢੀਆਂ ਹਵਾਵਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ ਜਿਸ ਕਰਕੇ ਤਾਪਮਾਨ ਹੋਰ ਡਿੱਗ ਸਕਦਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਅੱਜ ਘੱਟ ਤੋਂ ਘੱਟ ਤਾਪਮਾਨ 8.2 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 6.7 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 7.6 ਡਿਗਰੀ, ਪਟਿਆਲਾ, ਪਠਾਨਕੋਟ ਤੇ ਬਠਿੰਡਾ ਵਿੱਚ 7-7 ਡਿਗਰੀ, ਫਰੀਦਕੋਟ ਵਿੱਚ 7.4 ਡਿਗਰੀ, ਨਵਾਂ ਸ਼ਹਿਰ ਵਿੱਚ 6.9 ਡਿਗਰੀ, ਫਤਹਿਗੜ੍ਹ ਸਾਹਿਬ ਵਿੱਚ 7.3 ਡਿਗਰੀ ਅਤੇ ਮੁਹਾਲੀ ਵਿੱਚ 8.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਪੰਜਾਬ ਦੇ ਸਾਰੇ ਸ਼ਹਿਰ ਦਿਨ ਸਮੇਂ ਸ਼ਿਮਲਾ ਨਾਲੋਂ ਵੀ ਠਰੇ
Total Views: 145 ,
Real Estate


















