ਪੁਲੀਸ ਨੇ ਉੱਤਰ ਪ੍ਰਦੇਸ਼ ਤੇ ਗੁਜਰਾਤ ’ਚ ਦਵਾਈਆਂ ਬਣਾਉਣ ਵਾਲੀਆਂ ਫਾਰਮਾ ਫੈਕਟਰੀਆਂ ਰਾਹੀਂ ਚੱਲ ਰਹੇ ਨਸ਼ੀਲੀਆਂ ਦਵਾਈਆਂ ਬਣਾਉਣ ਤੇ ਸਪਲਾਈ ਕਰਨ ਵਾਲੇ ਅੰਤਰ-ਰਾਜੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਸਬੰਧ ਵਿੱਚ ਦੋ ਕੈਦੀਆਂ ਸਣੇ 12 ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ 15.08 ਲੱਖ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਕੀਤੇ ਗਏ ਹਨ।ਅੰਮ੍ਰਿਤਸਰ ਦੇ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ’ਚ ਜੇਲ੍ਹ ’ਚ ਬੰਦ ਦੋ ਕੈਦੀਆਂ ਤੋਂ ਇਲਾਵਾ ਇੱਕ ਔਰਤ ਵੀ ਸ਼ਾਮਲ ਹੈ। ਮੁਲਜ਼ਮਾਂ ਦੀ ਪਛਾਣ ਪ੍ਰਿੰਸ ਕੁਮਾਰ, ਮੇਜਰ ਸਿੰਘ, ਬਲਜਿੰਦਰ ਸਿੰਘ, ਆਕਾਸ਼ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਮੋਹਰ ਸਿੰਘ, ਮਥੁਰਾ ਵਾਸੀ ਸਚਿਨ ਕੁਮਾਰ, ਯੋਗੇਸ਼ ਕੁਮਾਰ ਰਿੰਕੂ ਵਾਸੀ ਕੋਸੀ ਕਲਾਂ ਮਥੁਰਾ, ਮਨੀਸ਼, ਰੇਖਾ ਤੇ ਆਕਾਸ਼ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਪ੍ਰਿੰਸ ਨੂੰ ਫੜਿਆ ਗਿਆ, ਜਿਸ ਕੋਲੋਂ ਟਰਾਮਾਡੋਲ ਨਾਮ ਦੀਆਂ 14500 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜਾਂਚ ਦੌਰਾਨ ਪਤਾ ਲੱਗਾ ਕਿ ਪ੍ਰਿੰਸ ਨੇ ਮੇਜਰ ਸਿੰਘ ਦੇ ਕਹਿਣ ’ਤੇ ਇਹ ਧੰਦਾ ਸ਼ੁਰੂ ਕੀਤਾ ਸੀ ਜੋ ਕਿ ਗੋਇੰਦਵਾਲ ਜੇਲ੍ਹ ਵਿੱਚ ਬੰਦ ਹੈ। ਪੁਲੀਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਮਗਰੋਂ ਬਲਜਿੰਦਰ ਸਿੰਘ, ਆਕਾਸ਼ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਸਾਰੇ ਵਾਸੀਆਨ ਪੱਟੀ ਤੇ ਮੇਹਰ ਸਿੰਘ ਵਾਸੀ ਹਰੀਕੇ ਨੂੰ ਗ੍ਰਿਫ਼ਤਾਰ ਕੀਤਾ। ਗੁਰਪ੍ਰੀਤ ਸਿੰਘ ਤੇ ਮੇਜਰ ਸਿੰਘ ਨੇ ਖੁਲਾਸਾ ਕੀਤਾ ਹੈ ਕਿ ਉਹ ਸਚਿਨ ਕੁਮਾਰ ਵਾਸੀ ਕੋਸੀ ਕਲਾਂ ਜ਼ਿਲ੍ਹਾਮਥੁਰਾ ਤੋਂ ਸਪਲਾਈ ਲੈਂਦੇ ਹਨ। ਸਚਿਨ ਹਾਪੁੜ ’ਚ ਐਲੀਕੈਮ ਫਾਰਮਾ ਨਾਂ ਦੀ ਕੰਪਨੀ ਦਾ ਮਾਲਕ ਹੈ। ਉਸ ਦੀ ਗ੍ਰਿਫ਼ਤਾਰੀ ਮਗਰੋਂ ਪਤਾ ਲੱਗਿਆ ਕਿ ਮਾਨਸਾ ਜੇਲ੍ਹ ਵਿੱਚ ਬੰਦ ਯੋਗੇਸ਼ ਕੁਮਾਰ ਰਿੰਕੂ ਨਾਲ ਮਿਲ ਕੇ ਪੰਜਾਬ ਵਿੱਚ ਨਸ਼ੀਲੀਆਂ ਗੋਲੀਆਂ ਸਪਲਾਈ ਕਰ ਰਿਹਾ ਹੈ। ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦੇ ਯੋਗੇਸ਼ ਤੇ ਸਚਿਨ ਕੋਲੋਂ ਪੜਤਾਲ ’ਚ ਖੁਲਾਸਾ ਹੋਇਆ ਕਿ ਉਹ ਅਹਿਮਦਾਬਾਦ (ਗੁਜਰਾਤ) ਸਥਿਤ ਗਲਾਸ ਫਾਰਮਾ ਕੰਪਨੀ ਤੋਂ ਨਸ਼ੀਲੀਆਂ ਗੋਲੀਆਂ ਸਪਲਾਈ ਕਰ ਰਹੇ ਸਨ। ਸਚਿਨ ਨੇ ਦਿੱਲੀ ਵਿੱਚ ਕੰਪਨੀ ਦੇ ਨਿਰਮਾਤਾ ਮਨੀਸ਼ ਤੇ ਰੇਖਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਨਸ਼ੀਲੀਆਂ ਦਵਾਈਆਂ ਹਾਪੁੜ ਰਾਹੀਂ ਪੰਜਾਬ ’ਚ ਭੇਜਣ ਦੀ ਯੋਜਨਾ ਬਣਾਈ। ਐਲੀਕੈਮ ਫਾਰਮਾ ਦੇ ਨਾਂ ’ਤੇ ਹੋਲਸੇਲ ਯੂਨਿਟ ਦੇ ਜਾਅਲੀ ਦਸਤਾਵੇਜ਼ ਬਣਾਏ ਗਏ। ਇਹ ਖੇਪ ਹਾਪੁੜ ਤੋਂ ਆਗਰਾ ਵਿੱਚ ਆਕਾਸ਼ ਨੂੰ ਭੇਜੀ ਗਈ, ਜਿਸ ਨੇ ਖੇਪ ਅੰਮ੍ਰਿਤਸਰ ਭੇਜ ਦਿੱਤੀ। ਪੁਲੀਸ ਨੇ ਆਗਰਾ ਤੋਂ ਆਕਾਸ਼ ਨੂੰ ਗ੍ਰਿਫ਼ਤਾਰ ਕਰ ਕੇ ਉਸ ਕੋਲੋਂ 18,000 ਗੋਲੀਆਂ ਬਰਾਮਦ ਕੀਤੀਆਂ। ਸੀਆਈਏ ਸਟਾਫ ਦੀ ਟੀਮ ਨੇ ਅਹਿਮਦਾਬਾਦ ਵਿੱਚੋਂ ਗਲਾਸ ਫਾਰਮਾ ’ਤੇ ਛਾਪਾ ਮਾਰਿਆ, ਜਿੱਥੋਂ 14,72,220 ਗੋਲੀਆਂ ਤੇ ਕੈਪਸੂਲ ਬਰਾਮਦ ਹੋਏ। ਕੰਪਨੀ ਦੇ ਦੋਹਾਂ ਡਾਇਰੈਕਟਰਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਗੁਜਰਾਤ ਤੋਂ ਚੱਲਦੇ ਨਸ਼ੀਲੀਆਂ ਦਵਾਈਆਂ ਦੇ ਕਾਰੋਬਾਰ ਦਾ ਪਰਦਾਫਾਸ਼,12 ਮੁਲਜ਼ਮ ਕਾਬੂ
Total Views: 240 ,
Real Estate



















