ਭਾਰਤ ਦੌਰੇ ‘ਤੇ ਆਏ ਅਮਰੀਕਾ ਦੇ ਡਿਪਟੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਨਾਥਨ ਫਾਈਨਰ ਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ।ਦੋਵੇਂ ਦੇਸਾਂ ਦੇ ਉੱਚ ਅਧਿਕਾਰੀਆਂ ਦੀ ਇਹ ਮੁਲਾਕਾਤ ਉਸ ਸਮੇਂ ਹੋਈ ਹੈ ਜਦੋਂ ਅਮਰੀਕਾ ਨੇ ਇੱਕ ਸਿੱਖ ਆਗੂ ਨੂੰ ਮਾਰਨ ਦੀ ਸਾਜਿਸ਼ ਨੂੰ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ।ਅਮਰੀਕਾ ਨੇ ਇਸ ਮਾਮਲੇ ਵਿੱਚ ਨਿਖਿਲ ਗੁਪਤਾ ਨਾਂ ਦੇ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।ਅਮਰੀਕਾ ਨੇ ਇਹ ਵੀ ਇਲਜ਼ਾਮ ਲਾਏ ਸਨ ਕਿ ਨਿਖਿਲ ਗੁਪਤਾ ਭਾਰਤ ਸਰਕਾਰ ਦੇ ਇੱਕ ਅਫ਼ਸਰ ਦੇ ਹੁਕਮਾਂ ‘ਤੇ ਕੰਮ ਕਰ ਰਿਹਾ ਸੀ।ਭਾਰਤ ਨੇ ਅਮਰੀਕਾ ਤੋਂ ਇਸ ਮਾਮਲੇ ਬਾਰੇ ਜਾਣਕਾਰੀ ਮਿਲਣ ਦੀ ਗੱਲ ਪ੍ਰਵਾਨ ਕੀਤੀ ਸੀ।ਭਾਰਤ ਨੇ ਇਸ ਦੀ ਜਾਂਚ ਦੇ ਲਈ ਇੱਕ ਉੱਚ ਪੱਧਰੀ ਜਾਂਚ ਕਮੇਟੀ ਵੀ ਗਠਿਤ ਕੀਤੀ ਹੈ।ਵਿਦੇਸ਼ ਮੰਤਰਾਲੇ ਨੇ ਕਿਹਾ, “ਗੱਲਬਾਤ ਦੇ ਦੌਰਾਨ ਦੋਵਾਂ ਦੇਸਾਂ ਦੇ ਰਾਸ਼ਟਰੀ ਸੁਰੱਖਿਆ ਉੱਪ ਸਲਾਹਕਾਰਾਂ ਨੇ ਮੁੱਖ ਦੁਵੱਲੇ ਮੁੱਦਿਆਂ ਦੀ ਸਮੀਖਿਆ ਕੀਤੀ, ਇਸ ਮੌਕੇ ਦੋਵਾਂ ਨੇ ਖ਼ੇਤਰੀ ਅਤੇ ਸੰਸਾਰ ਪੱਧਰ ਦੇ ਘਟਨਾਕ੍ਰਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।”
ਵਿਦੇਸ਼ ਮੰਤਰਾਲੇ ਨੇ ਵੀ ਇਹ ਜਾਣਕਾਰੀ ਦਿੱਤੀ ਹੈ ਕਿ ਫਾਈਨਰ ਹੁਣ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨਾਲ ਵੀ ਮੁਲਾਕਾਤ ਕਰਨਗੇ।
![]()
















