ਨਵੇਂ ਅੰਕੜਿਆਂ ਅਨੁਸਾਰ ਨਵੰਬਰ ਮਹੀਨੇ ਕੈਨੇਡਾ ‘ਚ 25,000 ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ ਹਨ। ਭਾਵੇਂ ਨੌਕਰੀਆਂ ‘ਚ ਵਾਧਾ ਹੋਇਆ ਹੈ ਪਰ ਇਸ ਦੇ ਬਾਵਜੂਦ ਬੇਰੁਜ਼ਗਾਰੀ ਦਰ ਵਧ ਕੇ 5.8% ਦਰਜ ਕੀਤੀ ਗਈ, ਅਤੇ ਲੋਕ ਅਜੇ ਵੀ ਨੌਕਰੀਆਂ ਦੀ ਭਾਲ ‘ਚ ਹਨ।ਕੈਨੇਡਾ ਦੀ ਬੇਰੁਜ਼ਗਾਰੀ ਦਰ ਅਪ੍ਰੈਲ ਤੋਂ 0.8% ਅੰਕ ਵਧ ਚੁੱਕੀ ਹੈ। ਨਵੰਬਰ ਦੌਰਾਨ ਪੈਦਾ ਹੋਈਆਂ ਨਵੀਆਂ ਨੌਕਰੀਆਂ ਦੀ ਗਿਣਤੀ ਅਰਥਸ਼ਾਸਤਰੀਆਂ ਦੇ ਅਨੁਮਾਨਾਂ ਨਾਲੋਂ ਵਧ ਹੈ। ਨਵੰਬਰ ਦੌਰਾਨ ਤਕਰੀਬਨ 60,000 ਨਵੇਂ ਫ਼ੁਲ-ਟਾਈਮ ਰੁਜ਼ਗਾਰ ਦੇ ਮੌਕੇ ਪੈਦਾ ਹੋਏ, ਪਰ ਇਹ ਵਾਧਾ 34,000 ਪਾਰਟ-ਟਾਈਮ ਨੌਕਰੀਆਂ ਖ਼ਤਮ ਹੋਣ ਕਰਕੇ ਹੇਠਾਂ ਆਇਆ ਹੈ।ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਬਹੁਤ ਘੱਟ ਕੈਨੇਡੀਅਨ ਆਪਣੀ ਮਰਜ਼ੀ ਨਾਲ ਆਪਣੀਆਂ ਨੌਕਰੀਆਂ ਛੱਡ ਰਹੇ ਹਨ। ਨਵੰਬਰ ਵਿੱਚ ਬੇਰੁਜ਼ਗਾਰਾਂ ਵਿੱਚੋਂ, ਲਗਭਗ 68 ਪ੍ਰਤੀਸ਼ਤ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਵਿੱਚ ਲਗਭਗ 63 ਪ੍ਰਤੀਸ਼ਤ ਸੀ।ਮੈਨੂਫ਼ੈਕਚਰਿੰਗ ਸੈਕਟਰ ਵਿਚ 28,000 ਅਤੇ ਕੰਸਟਰਕਸ਼ਨ ਸੈਕਟਰ ਵਿਚ 16,000 ਨਵੀਆਂ ਨੌਕਰੀਆਂ ਪੈਦਾ ਹੋਈਆਂ। ਦੂਜੇ ਪਾਸੇ ਪਰਚੂਨ ਅਤੇ ਥੋਕ ਵਪਾਰ ਉਦਯੋਗ ‘ਚ 27,000 ਨੌਕਰੀਆਂ ਖ਼ਤਮ ਹੋਈਆਂ ਅਤੇ ਫ਼ਾਈਨੈਂਸ, ਇੰਸ਼ੋਰੈਂਸ, ਰੀਅਲ ਅਸਟੇਟ, ਰੈਂਟਲ ਅਤੇ ਲੀਜ਼ਿੰਗ ਸੈਕਟਰ ਵਿਚ 18,000 ਨੌਕਰੀਆਂ ਖ਼ਤਮ ਹੋਈਆਂ।ਨਿਊ ਬਰੰਜ਼ਵਿਕ ਵਿੱਚ ਰੁਜ਼ਗਾਰ ਵਧਿਆ ਪਰ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਘਟਿਆ ਹੈ। ਓਨਟਾਰੀਓ ਦੇ ਸੇਂਟ ਕੈਥਰੀਨਸ-ਨਿਆਗਰਾ ਖੇਤਰ ਅਤੇ ਓਸ਼ਾਵਾ ਵਿੱਚ ਬੇਰੁਜ਼ਗਾਰੀ ਦੀ ਦਰ ਸਭ ਤੋਂ ਵੱਧ ਸੀ। ਸਰਵੇਖਣ ਵਿੱਚ ਇਹ ਵੀ ਦਿਖਾਇਆ ਗਿਆ ਹੈ ਕਿ ਕਰਮਚਾਰੀ ਹੁਣ ਸਿਰਫ਼ ਘਰ ਤੋਂ ਹੀ ਕੰਮ ਨਹੀਂ ਕਰ ਰਹੇ ਹਨ ਜਿਵੇਂ ਕਿ ਉਨ੍ਹਾਂ ਨੇ ਮਹਾਂਮਾਰੀ ਦੌਰਾਨ ਕੀਤਾ ਸੀ। ਹਰ ਸਮੇਂ ਘਰ ਤੋਂ ਕੰਮ ਕਰਨ ਵਾਲੇ ਕਾਮਿਆਂ ਦੀ ਗਿਣਤੀ ਜਨਵਰੀ 2022 ਵਿੱਚ 24.3 ਪ੍ਰਤੀਸ਼ਤ ਤੋਂ ਘਟ ਕੇ ਨਵੰਬਰ ਵਿੱਚ 12.6 ਪ੍ਰਤੀਸ਼ਤ ਰਹਿ ਗਈ।



















