ਕੇਰਲਾ: ਕਨਵੈਨਸ਼ਨ ਸੈਂਟਰ ਵਿੱਚ ਧਮਾਕਾ

ਕੋਚੀ ਕਲਾਮਾਸੇਰੀ ਵਿੱਚ ਈਸਾਈ ਧਾਰਮਿਕ ਗਰੁੱਪ ਦੇ ਇੱਕ ਕਨਵੈਨਸ਼ਨ ਸੈਂਟਰ ਵਿੱਚ ਅੱਜ ਸਵੇਰੇ ਧਮਾਕਾ ਹੋ ਗਿਆ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ 36 ਤੋਂ ਵੱਧ ਜ਼ਖ਼ਮੀ ਹੋ ਗਏ। ਕਨਵੈਨਸ਼ਨ ਸੈਂਟਰ ਵਿੱਚ ਮੌਜੂਦ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਪਹਿਲਾ ਧਮਾਕਾ ਇੱਕ ਪ੍ਰਾਰਥਨਾ ਦੌਰਾਨ ਹੋਇਆ। ਸੈਂਟਰ ਵਿੱਚ ਮੌਜੂਦ ਇੱਕ ਹੋਰ ਬਿਰਧ ਔਰਤ ਨੇ ਦੱਸਿਆ, ‘‘ਇਸ ਤੋਂ ਬਾਅਦ ਅਸੀਂ ਦੋ ਹੋਰ ਧਮਾਕਿਆਂ ਦੀ ਆਵਾਜ਼ ਸੁਣੀ।’’ ਸੂਬੇ ਦੇ ਉਦਯੋਗ ਮੰਤਰੀ ਪੀ ਰਾਜੀਵ ਨੇ ਕਿਹਾ ਕਿ ਘਟਨਾ ਸਥਾਨ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਪੁਲੀਸ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਉਧਰ ਕੇਰਲਾ ਦੇ ਡੀਜੀਪੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਸ ਸੈਂਟਰ ਵਿੱਚ ਆਈਈਡੀ ਧਮਾਕਾ ਹੋਇਆ ਹੈ। ਉਨ੍ਹਾਂ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਭੜਕਾਊ ਜਾਂ ਨਫ਼ਰਤ ਤਕਰੀਰ ਵਾਲੇ ਸੁਨੇਹੇ ਪ੍ਰਸਾਰਿਤ ਨਾ ਕਰਨ ਦੀ ਅਪੀਲ ਕੀਤੀ ਅਤੇ ਅਜਿਹਾ ਕਰਨ ਦੀ ਸੂਰਤ ਵਿੱਚ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ। ਉਧਰ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਰਲਾ ਦੇ ਮੁੱਖ ਮੰਤਰੀ ਪਨਿਾਰਾਈ ਵਿਜਯਨ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਹਰ ਮਦਦ ਦਾ ਭਰੋਸਾ ਦਿੱਤਾ। ਅਮਿਤ ਸ਼ਾਹ ਨੇ ਨੈਸ਼ਨਲ ਸਕਿਉਰਿਟੀ ਗਾਰਡ (ਐੱਨਐੱਸਜੀ) ਤੇ ਐੱਨਆਈਏ ਵਰਗੀਆਂ ਅਤਿਵਾਦ ਰੋਕੂ ਏਜੰਸੀਆਂ ਨੂੰ ਘਟਨਾ ਵਾਲੀ ਥਾਂ ’ਤੇ ਭੇਜਣ ਦਾ ਨਿਰਦੇਸ਼ ਦਿੱਤਾ ਹੈ।

Total Views: 183 ,
Real Estate