ਬਿੱਲ ਪਾਸ ਕਰੋ, ਕਮੀਆਂ ਦੂਰ ਹੋ ਜਾਣਗੀਆਂ: ਸ਼ਾਹ

ਲੋਕ ਸਭਾ ਅਤੇ ਵਿਧਾਨ ਸਭਾਵਾਂ ’ਚ 33 ਫ਼ੀਸਦੀ ਸੀਟਾਂ ਮਹਿਲਾਵਾਂ ਲਈ ਰਾਖਵੀਆਂ ਕਰਨ ਸਬੰਧੀ ਨਾਰੀ ਸ਼ਕਤੀ ਵੰਦਨ ਬਿੱਲ ’ਤੇ ਸੱਤ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਬਹਿਸ ਮਗਰੋਂ ਲੋਕ ਸਭਾ ਨੇ ਉਸ ਨੂੰ ਦੋ ਤਿਹਾਈ ਬਹੁਮਤ ਨਾਲ ਪਾਸ ਕਰ ਦਿੱਤਾ। ਬਿੱਲ ਦੇ ਪੱਖ ’ਚ 454 ਵੋਟ ਪਏ ਜਦਕਿ ਦੋ ਨੇ ਇਸ ਦਾ ਵਿਰੋਧ ਕੀਤਾ। ਬਹਿਸ ਦੌਰਾਨ ਅਸਦ-ਉਦ-ਦੀਨ ਓਵਾਇਸੀ ਅਤੇ ਉਨ੍ਹਾਂ ਦੇ ਇਕ ਹੋਰ ਮੈਂਬਰ ਨੂੰ ਛੱਡ ਕੇ ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਨੇ ਬਿੱਲ ਦੀ ਹਮਾਇਤ ਕੀਤੀ। ਚਰਚਾ ’ਚ 27 ਮਹਿਲਾ ਸੰਸਦ ਮੈਂਬਰਾਂ ਨੇ ਹਿੱਸਾ ਲਿਆ ਜਦਕਿ 543 ਮੈਂਬਰੀ ਲੋਕ ਸਭਾ ’ਚ 82 ਮਹਿਲਾ ਮੈਂਬਰ ਹਨ।  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਮਹਿਲਾ ਰਾਖਵਾਂਕਰਨ ਬਿੱਲ ਸਰਬਸੰਮਤੀ ਨਾਲ ਪਾਸ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਬਿੱਲ ਵਿੱਚ ਕੋਈ ਕਮੀ ਹੈ ਤਾਂ ਬਾਅਦ ਵਿੱਚ ਵੀ ਸੁਧਾਰੀ ਜਾ ਸਕਦੀ ਹੈ। ਬਿੱਲ ਨੂੰ ਲਾਗੂ ਕਰਨ ਵਿੱਚ ਦੇਰੀ ਦੇ ਸ਼ੰਕਿਆਂ ਨੂੰ ਦੂਰ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਅਗਲੀ ਸਰਕਾਰ ਲੋਕ ਸਭਾ ਚੋਣਾਂ ਤੋਂ ਫੌਰੀ ਮਗਰੋਂ ਜਨਗਣਨਾ ਅਤੇ ਪੁਨਰ ਹੱਦਬੰਦੀ ਦੀ ਕਵਾਇਦ ਮੁਕੰਮਲ ਕਰੇਗੀ ਅਤੇ ਲੋਕ ਸਭਾ ਤੇ ਸੂਬਾਈ ਵਿਧਾਨ ਸਭਾਵਾਂ ਵਿੱਚ ਔਰਤਾਂ ਨੂੰ ਇੱਕ ਤਿਹਾਈ ਰਾਖਵਾਂਕਰਨ ਦੇਣ ਸਬੰਧੀ ਕਾਨੂੰਨ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਸੰਵਿਧਾਨਕ (128ਵੀਂ ਸੋਧ) ਬਿੱਲ ’ਤੇ ਹੇਠਲੇ ਸਦਨ ਵਿੱਚ ਚਰਚਾ ਕਰਦਿਆਂ ਸ਼ਾਹ ਨੇ ਇਸ਼ਾਰਾ ਕੀਤਾ ਕਿ 2029 ਮਗਰੋਂ ਮਹਿਲਾ ਰਾਖਵਾਂਕਰਨ ਹਕੀਕਤ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਨਾਲ ਨਵੇਂ ਯੁੱਗ ਦੀ ਇਬਾਰਤ ਲਿਖੀ ਜਾਵੇਗੀ।

Total Views: 234 ,
Real Estate