ਗੋਰਾ ਬਾਈ ਲੱਗ ਗਿਆ ਰੌਲ਼ਾ ਪਾਉਣ U-turn, U-turn, U-turn…

ਸਤੰਬਰ 2019 ‘ਚ ਮੈਂ visitor visa ਲੈਕੇ ਕਨੇਡਾ ਭੂਆ ਜੀ ਦੇ ਮੁੰਡੇ ਗੁਰਦੀਪ ਕੋਲ਼ ਗਿਆ। ਕੁਛ ਦਿਨ ਗੁਰਦੀਪ ਕੋਲ਼ Surrey ਰਿਹਾ ਤੇ ਫ਼ੇਰ ਵਿਚਕਾਰਲੇ ਭੂਆ ਜੀ ਕੋਲ਼ Kelowna ਚਲਿਆ ਗਿਆ। ਇੱਕ ਦਿਨ ਸਵੇਰੇ ਸਵੇਰੇ ਸੈਰ ਕਰਨ ਪਹਾੜੀ ਵੱਲ ਨੂੰ ਜਾਅ ਰਿਹਾ ਸੀ ਤੇ ਭੂਆ ਜੀ ਦੇ ਗੁਆਂਢ ‘ਚ Russians ਦੇ ਘਰ ਅੱਗਿਓਂ ਲੰਘਣ ਲੱਗਿਆ ਤਾਂ ਉਹਨਾਂ ਦੇ ਘਰ ਬਾਹਰ ਤਿੰਨ dustbins ਪਏ ਸੀ ਅਲੱਗ ਅਲੱਗ ਰੰਗ ਦੇ। Dustbins ਦੇ ਨੇੜੇ ਈ ਸੜਕ ਤੇ ਇੱਕ ਮੋਮੀ ਕਾਗਜ਼ ਡਿਗਿਆ ਪਿਆ ਸੀ ਜਿਹੜਾ arm sleeve ਵਰਗਾ ਸੀ। ਮੈਂ ਉਹ ਲਫ਼ਾਫ਼ਾ ਜਿਹਾ ਚੱਕਿਆ ਤੇ ਇੱਕ dustbin ‘ਚ ਪਾਤਾ।ਗੋਰੇ ਨੇਂ ਮੈਨੂੰ ਅੰਦਰੋਂ ਦੇਖ ਲਿਆ। ਮੈਂ ਥੋੜ੍ਹਾ ਅੱਗੇ ਲੰਘ ਚੁੱਕਿਆ ਸੀ ਤੇ ਗੋਰੇ ਨੇਂ ਹਾਕ ਮਾਰੀ “Hey young man” ਕਹਿਕੇ, ਜਦੋਂ ਮੈਂ ਪਿੱਛੇ ਮੁੜਕੇ ਦੇਖਿਆ ਤਾਂ ਗੋਰਾ ਉਹੀ ਲਫ਼ਾਫ਼ਾ ਕੱਢਕੇ ਦੂਜੇ dustbin ‘ਚ ਪਾਅ ਰਿਹਾ ਸੀ ਤੇ ਨਾਲ਼ ਈ ਮੇਰਾ 👍 ਇਹ ਸਾਈਨ ਬਣਾਕੇ ਧੰਨਵਾਦ ਕਰ ਰਿਹਾ ਸੀ।ਮੈਨੂੰ ਇਹ ਬਾਅਦ ‘ਚ ਪਤਾ ਲੱਗਿਆ ਕਿ ਤਿੰਨਾਂ dustbins ਦੇ ਰੰਗ ਅਲੱਗ ਅਲੱਗ ਕਿਉਂ ਸੀ ਤੇ ਮੈਂ ਕੀ ਗਲਤੀ ਕੀਤੀ ਸੀ।
ਅਗਲੀ ਸਵੇਰ ਜਦੋਂ ਓਸੇ ਟਾਈਮ ਮੈਂ ਓਥੋਂ ਫ਼ੇਰ ਲੰਘਣ ਲੱਗਿਆ ਤਾਂ ਰਸ਼ੀਅਨ ਬਾਈ ਮੈਨੂੰ ਪਹਿਲਾਂ ਈ ਦੇਖਕੇ ਆਗਿਆ। ਮੈਂ ਸੋਚਿਆ ਲੈ ਬਈ ਰਣਦੀਪ ਸਿਆਂ ਕੱਲ੍ਹ ਜਿਹੜੇ ਨੰਬਰ ਜਹੇ ਤੂੰ ਲਫ਼ਾਫ਼ਾ dustbin ‘ਚ ਪਾਕੇ ਬਣਾਏ ਸੀ ਅੱਜ ਦੇਊ ਇਨਾਮ ਇਹ ਸਵਾ ਛੇ ਫੁੱਟ ਦਾ ਨੀਲੀਆਂ ਅੱਖਾਂ ਆਲ਼ਾ ਬੌਬ ਕਰਿਸਟੋ। ਪਰ ਜਦੋਂ ਆਕੇ ਗੋਰੇ ਨੇਂ ਹਸਕੇ Good morning ਕਿਹਾ ਮੇਰੇ ਸਾਹ ‘ਚ ਸਾਹ ਪੈਗੇ।ਬਹੁਤੀ ਅੰਗਰੇਜ਼ੀ ਤਾਂ ਯਾਰਾਂ ਨੂੰ ਆਉਂਦੀ ਨੀਂ ਪਰ ਕੰਮ ਸਾਰਨ ਵਾਸਤੇ ਜਿਵੇਂ ਬੋਲੀ ਗਈ ਮੈਂ ਉਹਦੀ ਗੱਲ ਸਮਝੀਂ ਗਿਆ ਤੇ ਉਹ ਮੇਰੀ।ਉਹਨੇਂ ਪਹਿਲਾਂ ਪੁੱਛਿਆ ਵੀ ਕੀਹਦੇ ਕੋਲ਼ ਆਇਐਂ? ਇਹ ਕੀ ਲਗਦੇ ਨੇਂ ਤੇਰੇ? ਤੇ ਪਰਮਾਨੈਂਟ ਆਇਐਂ ਜਾਂ ਥੋੜ੍ਹੇ ਦਿਨਾਂ ਲਈ? ਤੇ ਉਹਨੇ ਅਪਣੇ ਬਾਰੇ ਇਹ ਦੱਸਣ ਤੋਂ ਬਾਅਦ ਕੀ ਉਹ ਰਸ਼ੀਆ ਦੀ ਫ਼ੌਜ ਚੋਂ ਰਿਟਾਇਰ ਹੋਕੇ ਓਥੇ ਰਹਿਣ ਲੱਗਿਆ ਸੀ। ਅੱਗੇ ਮੈਨੂੰ ਪੁੱਛਣ ਲੱਗਿਆ ਕਿ ਹੋਰ ਕਿਹੜਾ ਕਿਹੜਾ ਦੇਸ਼ ਤੂੰ ਘੁੰਮਿਐ? ਤੇ ਮੈਨੂੰ ਸਲਾਹ ਦਿੱਤੀ ਵੀ Singapore ਵੀ ਦੇਖ ਕੇ ਆਈਂ ਕਦੇ ਤੇ Europe ਵੀ ਬਹੁਤ ਸੋਹਣੀ ਧਰਤੀ ਐ ਉਹ ਵੀ ਦੇਖਕੇ ਆਈਂ। ਮੈਂ ਸੋਚਿਆ ਇਹਨੂੰ ਵਿਚਾਰੇ ਨੂੰ ਕਿਵੇਂ ਸਮਝਾਵਾਂ ਵੀ ਭਰਾਵਾ ਤੂੰ ਤਾਂ ਰਸ਼ੀਆ ਦੀ ਸਰਕਾਰ ਤੋਂ ਪੈਂਸ਼ਨ ਲੈਂਦਾ ਹੋਵੇਂਗਾ ਤੇ ਰਾਓ ਸਾਬ ਤਾਂ ਭਾਰਤੀ ਫ਼ੌਜ ਚੋਂ ਲਾਂਗਰੀ ਵੀ ਰਿਟਾਇਰ ਨੀਂ ਹੋਏ। ਤੇ ਤੁਰਨ ਲੱਗੇ ਨੇਂ ਮੈਂ ਵੀ ਉਹਨੂੰ ਸੁਲਾ ਜਿਹੀ ਮਾਰੀ ਜਿਵੇਂ ਨਾਨਕੀਂ ਜਾਕੇ ਮਾਮੇ ਦੇ ਮੁੰਡੇ ਨੂੰ ਕਹੀਦੈ ਵੀ ਆਜੀਂ ਤੂੰ ਵੀ ਤੂੜੀ ਤਾੜੀ ਦਾ ਨਬੇੜਕੇ। ਮਨ ‘ਚ ਤਾਂ ਮੇਰੇ ਵੀ ਇਹੀ ਚੱਲ ਰਿਹਾ ਸੀ ਕਿ ਅਪਣੇ ਤਾਂ ਟੂਰਿਸਟ ਪਲੇਸ ਵੀ ਕੋਈ ਚੱਜ ਦੀ ਹੈ ਨੀਂ ਜਿਹੜਾ ਇਹਨੂੰ ਦਖਾਦੂੰ। ਮੈਨੂੰ ਇਹ ਵੀ ਪਤਾ ਸੀ ਵੀ ਇਹਨੇਂ ਕਿਹੜਾ ਆਉਣੈਂ ਕਹਿਣ ‘ਚ ਕੀ ਹਰਜ਼ ਐ?
ਚਲੋ ਗੱਲ ਨਿੱਬੜੀ ਆਪਾਂ ਤੁਰਪੇ ਬਾਏ ਬਾਏ ਕਹਿਕੇ ਗੋਰੇ ਨੂੰ।
ਏਦੂੰ ਅੱਗੇ ਮਨ ਘੜਤ।
ਜਦੋਂ ਪੰਜਾਬ ‘ਚ ਬਦਲਾਅ ਆਇਆ ਮੈਂ ਸੋਚਿਆ ਜੇ ਗੋਰੇ ਪੰਜਾਬ ‘ਚ ਨੌਕਰੀਆਂ ਲੱਭਣ ਆ ਸਕਦੇ ਨੇਂ ਫ਼ੇਰ ਉਹ ਰਸ਼ੀਅਨ ਬਾਈ ਘੁੰਮਣ ਕਿਉਂ ਨੀਂ ਆ ਸਕਦਾ? ਮੈਂ ਬਾਈ ਦਾ ਨੰਬਰ ਫੁੱਫੜ ਜੀ ਤੋਂ ਲਿਆ ਤੇ ਉਹਨੂੰ ਸੱਦਾ ਦਿੱਤਾ ਵੀ ਆਜਾ ਭਾਈ ਤੈਂਨੂੰ ਰੰਗਲਾ ਪੰਜਾਬ ਦਖਾਵਾਂ।ਯੂਰਪ-ਯਾਰਪ ਸਭ ਭੁੱਲਜੇਂਗਾ।
ਉਹ ਵੀ ਮਾਂ ਦਾ ਪੁੱਤ ਬੈਗ ਤਿਆਰ ਈ ਕਰੀਂ ਬੈੱਠਾ ਸੀ। ਮੈਨੂੰ ਤਾਂ ਓਦੋਂ ਈ ਪਤਾ ਲੱਗਿਆ ਜਦੋਂ ਕਲੋਨਾਂ ਤੋਂ ਝੜਨ ਲੱਗੇ ਨੇਂ ਕਿਹਾ “ਰਾਓ ਸਾਬ ਅਮ੍ਰਿਤਸਰ ਰਾਜਾ ਸਾਂਸੀ ਏਅਰਪੋਰਟ ਤੋਂ ਠੀਕ 14 ਘੰਟੇ ਬਾਅਦ ਲੈਜਿਓ ਕਹਿੰਦਾ ਸਿੱਧੀ flight ਐ ਜਹਾਜ਼ ਰੁਕਦਾ ਨੀਂ ਕਿਤੇ।
ਚਲੋ ਮੈਂ ਪਹੁੰਚ ਗਿਆ ਲੈਣ ਗੋਰਾ ਆਉਣ ਸਾਰ ਕਹਿੰਦਾ ਏਅਰਪੋਰਟ ਤੇ ਓਨੇਂ ਤਾਂ ਪਜਾਬੀ ਨੀਂ ਸੀ ਜਿੰਨੇਂ ਗੋਰੇ ਤੁਰੇ ਫ਼ਿਰਦੇ ਸੀ।ਮੈਂ ਕਿਹਾ ਭਰਾਵਾ ਹੁਣ ਪੰਜਾਬੀਆਂ ਕੋਲ਼ ਕਿਤੇ ਜਾਣ ਦਾ ਸਮਾਂ ਈ ਨੀਂ ਸੈਂਕੜੇ ਨੌਜਵਾਨ ਤਾਂ BMW ਦੇ ਕਾਰਖਾਨੇ ‘ਚ ਕੰਮ ਤੇ ਲੱਗਗੇ ਹਜ਼ਾਰਾਂ ਬੰਦੇ ਸਰਕਾਰੀ ਨੌਕਰੀ ਤੇ ਪੱਕੇ ਹੋਗੇ। ਥੋੜ੍ਹਾ ਅੱਗੇ ਆਏ ਸੜਕ ਤੇ ਤੂੜੀ ਦੇ ਭੂੰਗ ਆਲ਼ੀਆਂ ਟਰਾਲੀਆਂ ਜਾਣ ਕਹਿੰਦਾ ਇਹ ਕੀ ਜਾਅ ਰਿਹੈ? ਮੈਂ ਕਿਹਾ ਤੂੜੀ ਦੀ ਮਾਈਨਿੰਗ! ਕਹਿੰਦਾ ਪਰ ਮਾਈਨਿੰਗ ਤਾਂ ਓਸ ਚੀਜ਼ ਦੀ ਹੁੰਦੀ ਐ ਜਿਹੜੀ ਖਾਣ ਚੋਂ ਨਿੱਕਲ਼ਦੀ ਹੋਵੇ। ਮੈਂ ਕਿਹਾ ਕਮਲ਼ਿਆ ਇਹੀ ਤਾਂ ਬਦਲਾਅ ਹੁੰਦੈ।
ਅੱਗੇ ਹਰੀਕੇ ਪੱਤਣ ਤੋਂ ਲੰਘਣ ਲੱਗੇ ਤਾਂ ਗੋਰੇ ਦੀਆਂ ਨੀਲੀਆਂ ਅੱਖਾਂ ਓਦੋਂ ਅੱਡੀਆਂ ਰਹਿਗੀਆਂ ਜਦੋਂ ਉਹਨੇਂ ਬਾਦਲਾਂ ਦੀ ਚਲਾਈ ਪਾਣੀ ਆਲ਼ੀ ਬੱਸ ਦੇ ਪਾਣੀਂ ‘ਚ ਖੜ੍ਹੀ ਦੇ ਪੈਂਚਰ ਲਗਦਾ ਦੇਖਿਆ।
ਜਦੋਂ ਮੋਗੇ ਕੋਲ਼ਦੀ ਲੰਘਣ ਲੱਗੇ ਤਾਂ ਕੀ ਦੇਖਿਆ! ਦੋ ਬੰਦੇ ਇੱਕ ਲੜਖੜਾਉਂਦੇ ਮੁਲਾਜ਼ਮ ਨੂੰ ਬਾਹਾਂ ਤੋਂ ਫ਼ੜਕੇ ਲਈ ਜਾਣ, ਗੋਰਾ ਕਹਿੰਦਾ ਇਹਨੂੰ ਕਿੱਥੇ ਲੈਕੇ ਜਾਅ ਰਹੇ ਨੇਂ? ਮੈਂ ਕਿਹਾ ਇਹਦਾ ਪੋਸਟਮਾਰਟਮ ਕਰਵਾਉਣ ਜਾਂਦੇ ਨੇਂ, ਕਹਿੰਦਾ ਪਰ ਪੋਸਟਮਾਰਟਮ ਤਾਂ ਮਰਨ ਤੋਂ ਬਾਅਦ ਹੁੰਦੈ! ਮੈਂ ਕਿਹਾ ਕਮਲ਼ਿਆ ਇਹੀ ਤਾਂ ਬਦਲਾਅ ਹੁੰਦੈ।
ਅੱਗੇ ਬਰਨਾਲ਼ੇ ਕੋਲ਼ ਦੀ ਲੰਘਣ ਲੱਗੇ ਤਾਂ ਸੜਕ ਤੇ ਖੜ੍ਹੀਆਂ ਰੇਹੜੀਆਂ ਦੇਖਕੇ ਗੋਰਾ ਕਹਿੰਦਾ ਇਹ ਕੀ ਐ? ਮੈਂ ਕਿਹਾ ਇਹ ਰੇਤੇ ਦੀ “ਸਬਜ਼ੀ” ਮੰਡੀ ਐ ਏਥੇ ਰੇਤਾ ਪੰਜ ਰੁਪਏ ਫੁੱਟ ਦੇ ਹਿਸਾਬ ਨਾਲ਼ ਮਿਲ਼ਦੈ।
ਬਡਬਰ ਦੇ ਟੋਲ ਤੇ ਆਕੇ ਰਸ਼ੀਅਨ ਬਾਈ ਕਹਿੰਦਾ “ਮੈਂ washroom ਜਾਅ ਆਵਾਂ” ਤੇ ਜਦੋਂ ਮੁੜਕੇ ਆਇਆ ਪੁੱਛਣ ਲੱਗਿਆ ਕਹਿੰਦਾ “ਰਾਓ ਸਾਬ washrooms ਦਾ ਰੰਗ ਬੜਾ ਚਿੱਟਾ ਚਿੱਟਾ ਸੀ ਪਰ ਅੰਦਰ ਸਰਿੰਜਾਂ ਬਹੁਤ ਪਈਆਂ ਸੀ ਇਹ ਕੀਹਨੇਂ ਸਿੱਟੀਆਂ ਹੋਣੀਆਂ?” ਮੈਂ ਕਿਹਾ ਥੋੜ੍ਹਾ ਅੱਗੇ ਈ ਮਸਤੂਆਣਾ ਸਾਹਿਬ ਕੋਲ਼ ਮੈਡੀਕਲ ਕਾਲਜ ਖੁੱਲ੍ਹਿਐ ਓਥੇ ਦੇ students ਸਿੱਟ ਜਾਂਦੇ ਹੋਣੇ।ਮਸਤੂਆਣਾ ਸਾਹਿਬ ਕੋਲ਼ ਆਕੇ ਮੈਂ ਉਹਨੂੰ ਗੁਰੂਦੁਆਰਾ ਸਾਹਿਬ ਦੇ ਇਤਿਹਾਸ ‘ਚ ਉਲ਼ਝਾਅ ਲਿਆ ਵੀ ਕਿਤੇ ਮੈਡੀਕਲ ਕਾਲਜ ਦੇਖਣ ਦੀ ਜ਼ਿੱਦ ਈ ਨਾਂ ਫ਼ੜਲੇ। ਜਦੋਂ ਸੰਗਰੂਰ ਡਰੀਮਲੈਂਡ ਕੋਲ਼ਦੀ ਲੰਘਣ ਲੱਗੇ ਓੱਥੇ ਕੱਠ ਦੇਖਕੇ ਗੋਰਾ ਕਹਿੰਦਾ ਏਥੇ ਕੀ ਹੋ ਰਿਹੈ? ਮੈਂ ਅਪਣੀ ਜਾਣ ‘ਚ ਬੜਾ ਉਹਦਾ ਧਿਆਨ ਵਟਾਉਣਾ ਚਾਹਿਆ ਵੀ ਔਹ ਦੇਖ ਮਿਲਕ ਪਲਾਂਟ, ਆਹ ਦੇਖ ਜੇਜੀ ਪੈਲੇਸ। ਜਦ ਨੂੰ ਗੋਰੇ ਦੀ ਨਿਗਾਹ ਓਸ ਚਾਰਜਰ ਤੇ ਪੈਗੀ ਜੀਹਦੇ ਨਾਲ਼ ਲਾਠੀ ਚਾਰਜ ਹੁੰਦੀ ਐ।
ਗੋਰਾ ਬਾਈ ਲੱਗ ਗਿਆ ਰੌਲ਼ਾ ਪਾਉਣ U-turn, U-turn, U-turn. ਮੈਂ ਸੋਚਿਆ ਭਰਾਵਾ ਏਸੇ U-turn ਦੇ ਸਹਾਰੇ ਤਾਂ ਇਨਕਲਾਬ ਚੱਲ ਰਿਹੈ ਹੁਣ ਦੇਖ ਤਾਂ ਲੈ ਮੇਰਾ ਰੰਗਲਾ ਪੰਜਾਬ। ਪਰ ਮਾਂ ਦੇ ਪੁੱਤ ਨੇਂ ਇੱਕ ਨੀਂ ਸੁਣੀ ਦੁਬਾਰਾ ਅਮ੍ਰਿਤਸਰ ਏਅਰਪੋਰਟ ਤੇ ਜਾਕੇ ਈ ਸਾਹ ਲਿਆ।

ਰਣਦੀਪ ਰਾਓ

 

Total Views: 390 ,
Real Estate