ਹਰਿਆਣਾ ਸਰਕਾਰ ਦੇ ਮੰਤਰੀ ਤੇ ਜਿਨਸੀ ਸੋਸ਼ਣ ਦੇ ਇਲਜ਼ਾਮ ਲਗਾਉਣ ਵਾਲੀ ਜੂਨੀਅਰ ਮਹਿਲਾ ਕੋਚ ਸਸਪੈਂਡ

ਹਰਿਆਣਾ ਦੇ ਖੇਡ ਵਿਭਾਗ ਨੇ ਹਰਿਆਣਾ ਸਰਕਾਰ ਦੇ ਮੰਤਰੀ ਸੰਦੀਪ ਸਿੰਘ ‘ਤੇ ਜਿਨਸੀ ਸੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਜੂਨੀਅਰ ਅਥਲੈਟਿਕ ਕੋਚ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੁਅੱਤਲੀ ਦੇ ਹੁਕਮ ਖੇਡ ਵਿਭਾਗ ਦੇ ਡਾਇਰੈਕਟਰ ਯਸ਼ੇਂਦਰ ਸਿੰਘ ਨੇ ਜਾਰੀ ਕੀਤੇ ਹਨ। ਖੇਡ ਵਿਭਾਗ ਦੇ ਡਾਇਰੈਕਟਰ ਯਸ਼ੇਂਦਰ ਸਿੰਘ ਨੇ 11 ਅਗਸਤ ਨੂੰ ਜਾਰੀ ਹੁਕਮਾਂ ਵਿਚ ਕਿਹਾ, “ਪੰਚਕੂਲਾ ਦੇ ਜ਼ਿਲ੍ਹਾ ਖੇਡ ਅਫ਼ਸਰ ਦੇ ਦਫ਼ਤਰ ਵਿਚ ਤਾਇਨਾਤ ਜੂਨੀਅਰ ਅਥਲੈਟਿਕ ਕੋਚ ਦੀਆਂ ਸੇਵਾਵਾਂ ਤੁਰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤੀਆਂ ਗਈਆਂ ਹਨ।”ਮਹਿਲਾ ਵਲੋਂ ਮੰਤਰੀ ਵਿਰੁਧ ਐਫ.ਆਈ.ਆਰ. ਦਰਜ ਕਰਵਾਉਣ ਤੋਂ ਸੱਤ ਮਹੀਨੇ ਬਾਅਦ ਖੇਡ ਵਿਭਾਗ ਵਲੋਂ ਇਹ ਕਾਰਵਾਈ ਕੀਤੀ ਗਈ। ਮਹਿਲਾ ਕੋਚ ਨੇ ਦਸੰਬਰ 2022 ‘ਚ ਸੰਦੀਪ ਸਿੰਘ ਵਿਰੁਧ ਚੰਡੀਗੜ੍ਹ ‘ਚ ਐਫ.ਆਈ.ਆਰ. ਦਰਜ ਕਰਵਾਈ ਸੀ। ਮੁਅੱਤਲ ਕੀਤੇ ਜਾਣ ਦੇ ਸਵਾਲ ‘ਤੇ ਮਹਿਲਾ ਕੋਚ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਹ ਕੋਈ ਸਮਝੌਤਾ ਕਰਨ ਅਤੇ ਮਾਮਲੇ ਨੂੰ ਸੁਲਝਾਉਣ ਤੋਂ ਇਨਕਾਰ ਕਰ ਰਹੀ ਹੈ। ਮਹਿਲਾ ਕੋਚ ਨੇ ਦੋਸ਼ ਲਾਇਆ ਕਿ ਉਸ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਮਿਲਣ ਲਈ ਦਬਾਅ ਪਾਇਆ ਜਾ ਰਿਹਾ ਹੈ। ਮਹਿਲਾ ਕੋਚ ਨੇ ਕਿਹਾ ਕਿ ਮੁਅੱਤਲੀ ਦੇ ਹੁਕਮ ਦੀ ਕਾਪੀ ਸੋਮਵਾਰ ਸ਼ਾਮ ਨੂੰ ਉਨ੍ਹਾਂ ਨੂੰ ਮਿਲੀ ਹੈ। ਪੱਤਰ ਪੜ੍ਹ ਕੇ ਪਤਾ ਲੱਗਾ ਕਿ ਉਨ੍ਹਾਂ ਦੀ ਮੁਅੱਤਲੀ ਦਾ ਹੁਕਮ 11 ਅਗਸਤ ਨੂੰ ਹੀ ਜਾਰੀ ਕਰ ਦਿੱਤਾ ਗਿਆ ਸੀ। ਜਦੋਂ ਕਿ ਸੋਮਵਾਰ ਨੂੰ ਉਹ ਸਾਰਾ ਦਿਨ ਦਫਤਰ ‘ਚ ਹੀ ਰਹੀ।

Total Views: 231 ,
Real Estate