ਬਠਿੰਡਾ ਆਪ ਵਿਧਾਇਕ ਰਿਸ਼ਵਤ ਮਾਮਲਾ: ਵਿਧਾਇਕ ਅਮਿਤ ਰਤਨ ਦੀ ਆਵਾਜ਼ ਦੇ ਨਮੂਨਿਆਂ ਦੀ ਪੁਸ਼ਟੀ

ਰਿਸ਼ਵਤ ਮਾਮਲੇ ‘ਚ ਪਟਿਆਲਾ ਜੇਲ੍ਹ ਵਿਚ ਬੰਦ ਬਠਿੰਡਾ (ਦਿਹਾਤੀ) ਤੋਂ ‘ਆਪ’ ਵਿਧਾਇਕ ਅਮਿਤ ਰਤਨ ਦੀ ਆਵਾਜ਼ ਦੇ ਨਮੂਨਿਆਂ ਦੀ ਪੁਸ਼ਟੀ ਹੋ ਗਈ ਹੈ। ਫੋਰੈਂਸਿਕ ਲੈਬ ਮੁਹਾਲੀ ਨੇ ਵਿਜੀਲੈਂਸ ਰੇਂਜ ਬਠਿੰਡਾ ਨੂੰ ਪੱਤਰ ਭੇਜ ਕੇ ਇਸ ਦੀ ਪੁਸ਼ਟੀ ਕੀਤੀ ਹੈ। ਵਿਜੀਲੈਂਸ ਨੇ ਰਿਸ਼ਵਤ ਕਾਂਡ ਮਾਮਲੇ ’ਚ ਵਿਧਾਇਕ ਅਮਿਤ ਰਤਨ ਨੂੰ 22 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ 16 ਫਰਵਰੀ ਨੂੰ ਉਨ੍ਹਾਂ ਦੇ ਪੀਏ ਰਿਸ਼ਮ ਗਰਗ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ। ਲੈਬ ਦੀ ਰਿਪੋਰਟ ਨਾਲ ਵਿਜੀਲੈਂਸ ਦਾ ਕੇਸ ਤਕਨੀਕੀ ਨੁਕਤੇ ਤੋਂ ਮਜ਼ਬੂਤ ਹੋਇਆ ਹੈ। ਖਬਰਾਂ ਅਨੁਸਾਰ ਅਨੁਸਾਰ ਵਿਜੀਲੈਂਸ ਰੇਂਜ ਨੇ ਅਮਿਤ ਰਤਨ ਖ਼ਿਲਾਫ਼ ਬਠਿੰਡਾ ਅਦਾਲਤ ਵਿਚ 17 ਅਪਰੈਲ ਨੂੰ ਚਲਾਨ ਪੇਸ਼ ਕੀਤਾ ਸੀ, ਜਿਸ ਨਾਲ ਪੰਜ ਆਡੀਓ ਰਿਕਾਰਡਿੰਗਾਂ ਵੀ ਦਿੱਤੀਆਂ ਗਈਆਂ ਸਨ। ਇਨ੍ਹਾਂ ’ਚ ਮੁੱਦਈ ਪ੍ਰਿਤਪਾਲ ਸਿੰਘ ਘੁੱਦਾ, ਪੀਏ ਰਿਸ਼ਮ ਗਰਗ ਅਤੇ ਵਿਧਾਇਕ ਅਮਿਤ ਰਤਨ ਦੀ ਆਪਸੀ ਗੱਲਬਾਤ ਹੈ। ਇਨ੍ਹਾਂ ਆਡੀਓ ਕਾਲਾਂ ਦੇ ਆਵਾਜ਼ ਦੇ ਨਮੂਨੇ ਵਿਜੀਲੈਂਸ ਨੇ ਫੋਰੈਂਸਿਕ ਲੈਬ ਮੁਹਾਲੀ ਨੂੰ ਭੇਜੇ ਸਨ। ਅਮਿਤ ਰਤਨ ਨੇ ਅਦਾਲਤ ਵਿਚ ਮੰਗ ਕੀਤੀ ਸੀ ਕਿ ਨਮੂਨਿਆਂ ਦੀ ਜਾਂਚ ਬੋਰਡ ਬਣਾ ਕੇ ਕੀਤੀ ਜਾਵੇ। ਸੂਤਰਾਂ ਅਨੁਸਾਰ ਫੋਰੈਂਸਿਕ ਲੈਬ ਵਿਚ ਪੰਜ ਮੈਂਬਰੀ ਬੋਰਡ ਵੱਲੋਂ ਇਸ ਤਿੱਕੜੀ ਦੀ ਆਵਾਜ਼ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਸ ਵਿਚ ਤਿੰਨੋਂ ਦੀ ਆਵਾਜ਼ ਦੇ ਨਮੂਨੇ ਮੇਲ ਖਾ ਗਏ ਹਨ। ਵਿਧਾਇਕ ਦਾ ਪੀਏ ਰਿਸ਼ਮ ਗਰਗ ਵੀ ਨਿਆਂਇਕ ਹਿਰਾਸਤ ਵਿਚ ਹੈ।

Total Views: 236 ,
Real Estate