
ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਇੱਕ ਸੰਮੇਲਨ ’ਚ ਹਿੱਸਾ ਲੈਣ ਲਈ ਗੋਆ ਪਹੁੰਚ ਗਏ ਹਨ। ਸਾਲ 2011 ਤੋਂ ਬਾਅਦ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਭਾਰਤ ਦੀ ਇਹ ਪਹਿਲੀ ਅਜਿਹੀ ਉੱਚ ਪੱਧਰੀ ਯਾਤਰਾ ਹੈ। ਬਿਲਾਵਲ ਭੁੱਟੋ ਜ਼ਰਦਾਰੀ ਐੱਸਸੀਓ ਵਿਦੇਸ਼ ਮੰਤਰੀਆਂ ਦੀ ਕੌਂਸਲ (ਸੀਐਫਐਮ) ਦੀ ਮੀਟਿੰਗ ’ਚ ਹਿੱਸਾ ਲੈਣ ਲਈ ਅਜਿਹੇ ਸਮੇਂ ਭਾਰਤ ਆਏ ਹਨ ਜਦੋਂ ਸਰਹੱਦ ਪਾਰੋਂ ਅਤਿਵਾਦ ਨੂੰ ਪਾਕਿਸਤਾਨ ਦੀ ਲਗਾਤਾਰ ਹਮਾਇਤ ਸਮੇਤ ਕਈ ਮਸਲਿਆਂ ਨੂੰ ਲੈ ਕੇ ਦੋਵਾਂ ਮੁਲਕਾਂ ਵਿਚਾਲੇ ਤਣਾਅ ਜਾਰੀ ਹੈ। ਜਾਣਕਾਰ ਸੂਤਰਾਂ ਨੇ ਦੱਸਿਆ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਭੁੱਟੋ ਜ਼ਰਦਾਰੀ ਵਿਚਾਲੇ ਦੁਵੱਲੀ ਵਾਰਤਾ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ ਕਿਉਂਕਿ ਪਾਕਿਸਤਾਨੀ ਧਿਰ ਵੱਲੋਂ ਇਸ ਬਾਰੇ ਕੁਝ ਵੀ ਨਹੀਂ ਕਿਹਾ ਗਿਆ। ਬਿਲਾਵਲ ਨੇ ਕਿਹਾ, ‘ਮੈਂ ਐੱਸਸੀਓ ਵਿਦੇਸ਼ ਮੰਤਰੀਆਂ ਦੀ ਮੀਟਿੰਗ ’ਚ ਪਾਕਿਸਤਾਨੀ ਵਫ਼ਦ ਦੀ ਅਗਵਾਈ ਕਰਨ ਲਈ ਗੋਆ ਪਹੁੰਚ ਕੇ ਬਹੁਤ ਖੁਸ਼ ਹਾਂ। ਮੈਨੂੰ ਆਸ ਹੈ ਕਿ ਐੱਸਸੀਓ ਸੀਐਫਐਮ ਦੀ ਮੀਟਿੰਗ ਕਾਮਯਾਬ ਰਹੇਗੀ।’ ਇਸ ਤੋਂ ਪਹਿਲਾਂ ਗੋਆ ਲਈ ਰਵਾਨਾ ਹੋਣ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਨੇ ਕਿਹਾ, ‘ਇਸ ਮੀਟਿੰਗ ’ਚ ਹਿੱਸਾ ਲੈਣ ਦਾ ਮੇਰਾ ਫ਼ੈਸਲਾ ਐੱਸਸੀਓ ਦੇ ਚਾਰਟਰ ਪ੍ਰਤੀ ਪਾਕਿਸਤਾਨ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਮੇਰੀ ਯਾਤਰਾ ਵਿਸ਼ੇਸ਼ ਤੌਰ ’ਤੇ ਐੱਸਸੀਓ ’ਤੇ ਕੇਂਦਰਿਤ ਹੈ ਅਤੇ ਇਸ ’ਚ ਮੈਂ ਮਿੱਤਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨਾਲ ਰਚਨਾਤਕ ਸੰਵਾਦ ਦੀ ਉਮੀਦ ਕਰਦਾ ਹਾਂ।’ ਜ਼ਿਕਰਯੋਗ ਹੈ ਕਿ ਬਿਲਾਵਲ 2011 ਤੋਂ ਬਾਅਦ ਭਾਰਤ ਦੀ ਯਾਤਰਾ ਕਰਨ ਵਾਲੇ ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ ਹੋਣਗੇ। ਉਨ੍ਹਾਂ ਤੋਂ ਪਹਿਲਾਂ ਹਿਨਾ ਰੱਬਾਨੀ ਖਾਰ ਨੇ 2011 ’ਚ ਸ਼ਾਂਤੀ ਵਾਰਤਾ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਜੋਂ ਭਾਰਤ ਦੀ ਯਾਤਰਾ ਕੀਤੀ ਸੀ। ਖਾਰ ਫਿਲਹਾਲ ਪਾਕਿਸਤਾਨ ਦੇ ਵਿਦੇਸ਼ ਰਾਜ ਮੰਤਰੀ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ।
















