
ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੇ ਮਾਪਿਆਂ ਨੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਉਨ੍ਹਾਂ ਨਾਲ ਮੁਲਾਕਾਤ ਕੀਤੀ। ਸ਼੍ਰੋਮਣੀ ਕਮੇਟੀ ਦਾ ਕਾਨੂੰਨੀ ਪੈਨਲ ਅਮ੍ਰਿਤਪਾਲ ਸਿੰਘ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਦੂਜੇ 9 ਸਾਥੀਆਂ ਦੇ ਪਰਿਵਾਰਾਂ ਨੂੰ ਬੁੱਧਵਾਰ ਨੂੰ ਉੱਥੇ ਲੈ ਕੇ ਗਿਆ ਸੀ। ਜੇਲ੍ਹ ਵਿੱਚ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਦਲਜੀਤ ਕਲਸੀ ਦੇ ਵਕੀਲ ਸਿਮਰਨਜੀਤ ਸਿੰਘ ਨੇ ਇੱਕ ਹੱਥ ਲਿਖਤ ਪੱਤਰ ਦਿਖਾਇਆ। ਉਨ੍ਹਾਂ ਦਾਅਵਾ ਕੀਤਾ ਇਹ ਪੱਤਰ ਅਮ੍ਰਿਤਪਾਲ ਸਿੰਘ ਵਲੋਂ ਦਿੱਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਆਪਣੇ ਮਾਪਿਆਂ ਤੇ ਜਥੇਬੰਦੀ ਨੂੰ ਹਦਾਇਤ ਕੀਤੀ ਹੈ ਕਿ ਉਨ੍ਹਾਂ ਲਈ ਕੋਈ ਅਲੱਗ ਤੋਂ ਵਕੀਲ ਖੜ੍ਹਾ ਨਾ ਕੀਤਾ ਜਾਵੇ, ਬਲਕਿ ਉਨ੍ਹਾਂ ਦੇ ਸਾਰੇ ਸਾਥੀਆਂ ਦੇ ਕੇਸ ਦੀ ਪੈਰਵੀ ਵਕੀਲਾਂ ਦਾ ਇੱਕੋ ਪੈਨਲ ਕਰੇ। ਇਸ ਮੌਕੇ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਮੁਵੱਕਲ ਖਿਲਾਫ਼ ਲਾਏ ਗਏ ਐੱਨਐੱਸਏ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੂਣੌਤੀ ਦੇਣਗੇ। ਅਮ੍ਰਿਤਪਾਲ ਸਿੰਘ ਨੂੰ ਬੀਤੇ ਐਤਵਾਰ ਮੋਗਾ ਦੇ ਰੋਡ਼ੇ ਪਿੰਡ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਦਕਿ ਉਨ੍ਹਾਂ ਦੇ 9 ਹੋਰ ਸਾਥੀਆਂ ਨੂੰ 18 ਮਾਰਚ ਤੋਂ ਵਿੱਢੀ ਗਈ ਪੁਲਿਸ ਕਾਰਵਾਈ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਮੇਂ ਅਮ੍ਰਿਤਪਾਲ ਸਣੇ 10 ਵਿਅਕਤੀਆਂ ਉੱਤੇ ਐੱਨਐੱਸਏ ਲਗਾ ਕੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ।




















