
ਭਾਰਤ ਵਿਚ ਕੋਵਿਡ ਦੇ ਮਾਮਲਿਆਂ ਵਿਚ ਤੇਜ਼ੀ ਦੀਆਂ ਖਬਰਾਂ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਨਿਰਦੇਸ਼ ਜਾਰੀ ਕੀਤਾ ਹੈ ਕਿ ਸੂਬੇ ਦੇ ਸਾਰੇ ਹਵਾਈ ਅੱਡਿਆਂ ਉਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਸਕਰੀਨਿੰਗ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।ਇਸ ਦੇ ਨਾਲ ਹੀ ਇਕ ਉੱਚ-ਪੱਧਰੀ ਕੋਵਿਡ ਸਮੀਖਿਆ ਮੀਟਿੰਗ ਤੋਂ ਬਾਅਦ ਕੇਰਲ ਸਰਕਾਰ ਨੇ ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਸਮੇਤ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਲਈ ਮਾਸਕ ਲਾਜ਼ਮੀ ਕਰ ਦਿੱਤੇ ਹਨ। ਇਨ੍ਹਾਂ ਕਦਮਾਂ ਰਾਹੀਂ ਰਾਜਾਂ ਨੇ ਐਮਰਜੈਂਸੀ ਹੌਟਸਪੌਟਸ ਦੀ ਪਛਾਣ ਕਰਨ ਅਤੇ ਕੋਰੋਨਵਾਇਰਸ ਦੀ ਲਾਗ ਲਈ ਟੈਸਟਿੰਗ ਵਧਾਉਣ ਲਈ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਨੂੰ ਲਾਗੂ ਕੀਤਾ ਹੈ।
ਦੇਸ਼ ਵਿਚ ਸਤੰਬਰ ਤੋਂ ਬਾਅਦ ਕੋਰੋਨਾਵਾਇਰਸ ਦੇ ਰੋਜ਼ਾਨਾ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਦਰਜ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ, ਭਾਰਤ ਵਿੱਚ ਸ਼ਨੀਵਾਰ ਨੂੰ ਕੋਵਿਡ ਦੇ 6,155 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਜਦੋਂ ਕਿ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 31,194 ਹੋ ਗਈ ਹੈ।
ਹਰਿਆਣਾ ‘ਚ 100 ਤੋਂ ਵੱਧ ਲੋਕਾਂ ਦੀ ਭੀੜ ਵਾਲੀ ਥਾਂ ਉਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸੂਬੇ ਦੇ ਸਿਹਤ ਵਿਭਾਗ ਨੇ ਇਹ ਫੈਸਲਾ ਲਿਆ ਹੈ। ਸਿਹਤ ਵਿਭਾਗ ਨੇ ਮਾਲਜ਼ ਅਤੇ ਜਨਤਕ ਥਾਵਾਂ ‘ਤੇ ਮਾਸਕ ਨੂੰ ਲੈ ਕੇ ਸਖ਼ਤੀ ਵਰਤਣ ਲਈ ਕਿਹਾ ਹੈ।
ਸ਼ਨੀਵਾਰ ਨੂੰ ਦਿੱਲੀ ਵਿੱਚ 535 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਗਏ। ਸਿਹਤ ਵਿਭਾਗ ਨੇ ਸ਼ਹਿਰ ਦੇ ਹਸਪਤਾਲਾਂ, ਪੌਲੀਕਲੀਨਿਕਾਂ ਤੇ ਡਿਸਪੈਂਸਰੀਆਂ ਨੂੰ ਕਿਹਾ ਹੈ ਕਿ ਜੋ ਵੀ ਵਿਅਕਤੀ ਬੁਖਾਰ, ਖੰਘ, ਸਰੀਰ ਵਿੱਚ ਦਰਦ ਵਰਗੇ ਲੱਛਣਾਂ ਨਾਲ ਆਉਂਦਾ ਹੈ, ਉਸ ਦਾ ਕੋਵਿਡ ਟੈਸਟ ਕਰਵਾਇਆ ਜਾਵੇ।



















