ਫਰਿਜ਼ਨੋ ਵਿਖੇ ਮਨਾਏ ਇੰਟਰਨੈਸ਼ਨਲ ਵੂਮਨਜ਼ ਡੇਅ ਤੇ ਵਿਸ਼ੇਸ਼

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆਂ)
ਔਰਤ ਸੰਸਰ ਦੀ ਜਣਨੀ ਹੈ, ਔਰਤ ਬਿਨਾਂ ਸੰਸਾਰ ਦੀ ਉਤਪੱਤੀ ਸੰਭਵ ਨਹੀਂ ਹੋ ਸਕਦੀ। ਅੱਜ ਬੇਸ਼ੱਕ ਦੁਨੀਆਂ ਨੇ ਮੰਗਲ ਗ੍ਰਹਿ ਤੇ ਪਹੁੰਚ ਬਣਾ ਲਈ ਹੈ, ਲੇਕਿਨ ਅੱਜ ਵੀ ਬਹੁਤ ਸਾਰੀਆਂ ਔਰਤਾਂ ਨੂੰ ਉਹ ਮਾਨ ਸਨਮਾਨ ਨਹੀਂ ਮਿਲ ਰਿਹਾ ਜੋ ਮਿਲਣਾ ਚਾਹੀਦਾ ਹੈ। ਔਰਤਾਂ ਨੂੰ ਆਪਣੇ ਹੱਕਾਂ ਲਈ ਜਾਗੁਰਕ ਕਰਨ ਲਈ ਹਰ ਸਾਲ ਦੁਨੀਆਂ ਪੱਧਰ ਤੇ ਇੰਟਰਨੈਸ਼ਨਲ ਵੂਮਨਜ਼ ਡੇਅ ਮਨਾਇਆ ਜਾਂਦਾ ਹੈ, ਇਸੇ ਕੜੀ ਤਹਿਤ ਸਿੱਖ ਵੋਮਿਨਜ਼ ਆਰਗੇਨਾਈਜੇਸ਼ਨ ਆਫ ਸੈਂਟਰਲ ਕੈਲੀਫੋਰਨੀਆਂ ਦੀਆਂ ਕਾਰਕੁੰਨ ਗੁੱਡੀ ਰਾਣੋ, ਤਜਿੰਦਰ ਪੁਰੇਵਾਲ, ਪੂਨਮ ਸਿੰਘ, ਅਮਨਦੀਪ ਮਠਾੜੂ, ਜਗਜੀਤ ਬਰਾੜ, ਪਰਮਿੰਦਰ ਗਰੇਵਾਲ ਆਦਿ ਨੇ ਉੱਦਮ ਕਰਕੇ ਫਰਿਜ਼ਨੋ ਦੇ ਇਲੀਟ ਈਵੈਂਟ ਸੈਂਟਰ ਵਿਖੇ ਇਸ ਦਿਨ ਇਕੱਤਰਤਾ ਕਰਕੇ “ਜ਼ਿੰਦਗੀ ਵਿੱਚ ਆਉਂਦੀਆਂ ਰੁਕਾਵਟਾਂ ਨੂੰ ਪਾਸੇ ਕਰਕੇ ਕਿਵੇਂ ਅੱਗੇ ਵਧਿਆ ਜਾਵੇ” ਵਿਸ਼ੇ ਤੇ ਵਿਸ਼ੇਸ਼ ਸੈਮੀਨਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਸਪੀਕਰ ਦੇ ਤੌਰ ਤੇ ਡਾ. ਜੈਪ੍ਰੀਤ ਵਿਰਦੀ ਜਿਹੜੇ ਕਿ ਡੈਲਾਵੇਅਰ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਨੇ, ਉਚੇਚੇ ਤੌਰ ਤੇ ਪਹੁੰਚੇ ਹੋਏ ਸਨ। ਉਹਨਾਂ ਜ਼ਿੰਦਗੀ ਵਿੱਚ ਆਉਂਦੀਆਂ ਰੁਕਾਵਟਾਂ ਨੂੰ ਪਾਰ ਕਰਕੇ ਕਿਵੇਂ ਅੱਗੇ ਵਧਣਾ ਹੈ, ਵਿਸ਼ੇ ਤੇ ਵਿਸਥਾਰ ਵਿੱਚ ਗੱਲਬਾਤ ਕੀਤੀ। ਉਹ ਖੁੱਦ ਚਾਰ ਸਾਲ ਦੀ ਉਮਰ ਵਿੱਚ ਬੋਲ੍ਹੇ (ਡਿੱਫ) ਹੋ ਗਏ ਸਨ, ਪਰ ਉਹਨਾਂ ਨੇ ਇਸ ਮੁਸ਼ਕਲ ਨੂੰ ਕਮਜ਼ੋਰੀ ਨਹੀਂ ਬਣਾਇਆ ਸਗੋਂ ਇਸ ਮੁਸੀਬਤ ਨੂੰ ਤਕੜੇ ਹੋਕੇ ਨਜਿੱਠਿਆ, ਅਤੇ ਅੱਜ ਆਪਣਾ ਸਫਲ ਜੀਵਨ ਬਤੀਤ ਕਰ ਰਹੇ ਹਨ। ਉਹਨਾਂ ਕਿਹਾ ਕਿ ਜ਼ਿੰਦਗੀ ਸੰਘਰਸ਼ ਦਾ ਨਾਮ ਹੈ, ਅਤੇ ਇਹ ਸੰਘਰਸ਼ ਅਸੀਂ ਹਰ ਹਾਲ ਜਿੱਤਣਾ ਹੁੰਦਾ ਹੈ, ਜ਼ਿੰਦਗੀ ਵਿੱਚ ਕਦੇ ਵੀ ਚਣੌਤੀਆਂ ਨੂੰ ਹਾਵੀ ਨਹੀਂ ਹੋਣ ਦੇਣਾ ਚਾਹੀਦਾ, ਸਗੋਂ ਇਹਨਾਂ ਨੂੰ ਇੱਕ ਚੈਲੰਜ ਸਮਝਕੇ ਟੱਕਰਨਾ ਚਾਹੀਦਾ ਹੈ, ਅਤੇ ਜੋ ਮੁਸੀਬਤਾ ਅੱਗੇ ਹਿੱਕ ਡਾਹਕੇ ਖੜ ਜਾਂਦੇ ਨੇ, ਉਹ ਵੱਡੀਆਂ ਤੋ ਵੱਡੀਆਂ ਰੁਕਾਵਟਾਂ ਨੂੰ ਸੌਖਿਆਂ ਪਾਰ ਕਰ ਜਾਂਦੇ ਨੇ। ਇਸ ਮੌਕੇ ਡਾ. ਜੈਪ੍ਰੀਤ ਵਿਰਦੀ ਨੂੰ ਸਨਮਾਨ ਵੀ ਦਿੱਤਾ ਗਿਆ।ਸਮੂੰਹ ਬੋਰਡ ਮੈਂਬਰਾਂ ਨੇ ਡਾ. ਜੈਪ੍ਰੀਤ ਵਿਰਦੀ ਦਾ ਸ਼ੁਕਰੀਆ ਅਦਾ ਕਰਨ ਦੇ ਨਾਲ ਨਾਲ, ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ, ਅਤੇ ਕਿਹਾ ਕਿ ਅਸੀਂ ਅੱਗੋਂ ਤੋਂ ਵੀ ਇਸ ਤਰਾਂ ਦੇ ਪ੍ਰੋਗਰਾਮ ਉਲੀਕਦੇ ਰਹਾਂਗੇ। ਇਸ ਮੌਕੇ ਮਹਿਮਾਨਾਂ ਨੇ ਡਾ. ਜੈਪ੍ਰੀਤ ਨੂੰ ਸਵਾਲ ਵੀ ਕੀਤੇ ਜਿੰਨ੍ਹਾਂ ਦੇ ਉਹਨਾਂ ਨੇ ਬਹੁਤ ਸੁਚੱਜੇ ਢੰਗ ਨਾਲ ਉੱਤਰ ਦਿੱਤੇ। ਇਸ ਮੌਕੇ ਸਿੱਖ ਵੋਮਿਨਜ਼ ਆਰਗੇਨਾਈਜੇਸ਼ਨ ਆਫ ਸੈਂਟਰਲ ਕੈਲੀਫੋਰਨੀਆਂ ਵੱਲੋ ਵਿਸ਼ੇਸ਼ ਲੰਚ ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਸਮਾਗਮ ਦੀ ਹਰਕੋਈ ਤਰੀਫ਼ ਕਰਦਾ ਨਜ਼ਰ ਆਇਆ। ਇਸ ਮੌਕੇ ਰੈਫ਼ਲ ਵੀ ਕੱਢੇ ਗਏ। ਪੂਰੇ ਸਮਾਗਮ ਦੀ ਫੋਟਗ੍ਰਾਫੀ Kapture by Kamal ਵੱਲੋਂ ਬਾਖੂਬੀ ਕੀਤੀ ਗਈ। ਅੰਤ ਅਮਿੱਟ ਪੈੜ੍ਹਾ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ।

Total Views: 186 ,
Real Estate