
ਗਲੋਬਲ ਵਾਰਮਿੰਗ ਕਾਰਨ ਧਰਤੀ ਦਾ ਤਾਪਮਾਨ ਸਾਲ ਦਰ ਸਾਲ ਵੱਧ ਰਿਹਾ ਹੈ, ਜੋ ਲਗਾਤਰ ਗਲੇਸ਼ੀਅਰਾਂ ਦੇ ਪਿਘਲਣ ਦਾ ਕਾਰਨ ਬਣ ਰਿਹਾ ਹੈ । ਤਾਜ਼ਾ ਜਾਣਕਾਰੀ ਅਨੁਸਾਰ ਅੰਟਾਰਕਟਿਕਾ ਦਾ ‘ਡੂਮਸਡੇ ਗਲੇਸ਼ੀਅਰ’ ਤੇਜ਼ੀ ਨਾਲ ਪਿਘਲ ਰਿਹਾ ਹੈ ਅਤੇ ਹੁਣ ਇਹ ਟੁੱਟਣ ਵਾਲਾ ਹੀ ਹੈ। ਇਸ ਗਲੇਸ਼ੀਅਰ ਦੇ ਡਿੱਗਣ ਨਾਲ ਸਮੁੰਦਰ ਦੇ ਪੱਧਰ ਵਿੱਚ ਖਤਰਨਾਕ ਵਾਧਾ ਹੋ ਸਕਦਾ ਹੈ। ਗਲੇਸ਼ੀਅਰ ਦਾ ਆਕਾਰ ਭਾਰਤ ਦੇ ਗੁਜਰਾਤ ਸੂਬੇ ਦੇ ਬਰਾਬਰ ਮੰਨਿਆ ਜਾਂਦਾ ਹੈ ਅਤੇ ਇਸ ਦੇ ਡਿੱਗਣ ਨਾਲ ਸਮੁੰਦਰ ਦੇ ਪੱਧਰ ਵਿੱਚ 10 ਫੁੱਟ ਤੱਕ ਵਾਧਾ ਹੋ ਸਕਦਾ ਹੈ। ਬ੍ਰਿਟਿਸ਼ ਅੰਟਾਰਕਟਿਕ ਸਰਵੇਖਣ ਦੇ ਖੋਜਕਰਤਾਵਾਂ, ਜਿਨ੍ਹਾਂ ਨੇ ਨੇਚਰ ਜਰਨਲ ਵਿੱਚ ਆਪਣੀ ਖੋਜ ਪ੍ਰਕਾਸ਼ਿਤ ਕੀਤੀ ਹੈ, ਨੇ ਇਸ ਬਾਰੇ ਚਿੰਤਾ ਪ੍ਰਗਟ ਕੀਤੀ ਹੈ। ਹੁਣ 43 ਮੀਟਰ ਪ੍ਰਤੀ ਸਾਲ ਦੀ ਦਰ ਨਾਲ ਗਲੇਸ਼ੀਅਰ ਦੇ ਫ੍ਰੈਕਚਰ ਅਤੇ ਕ੍ਰੇਵੇਸ ਵਿੱਚ ਜਾ ਰਿਹਾ ਹੈ ਤੇ ਨਵੀਆਂ ਘਾਟੀਆਂ ਬਣਾ ਰਿਹਾ ਹੈ। ਇਸ ਗਲੇਸ਼ੀਅਰ ਦੇ ਵੱਡੇ ਆਕਾਰ ਦੇ ਕਾਰਨ ਹੀ ਇਸ ਨੂੰ ਡੂਮਸਡੇ ਗਲੇਸ਼ੀਅਰ ਕਿਹਾ ਜਾਂਦਾ ਹੈ। ਇਸ ਗਲੇਸ਼ੀਅਰ ਦੀ ਸੈਂਟਰਲ ਪੁਆਇੰਟ ਤੋਂ ਚੋੜਾਈ 120 ਕਿਲੋਮੀਟਰ ਹੈ। ਇਸ ਦੇ ਪਿਘਲਣ ਨਾਲ ਪੂਰੀ ਦੁਨੀਆ ਉੱਤੇ ਬਹੁਤ ਮਾਰੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ। ਰਿਪੋਰਟ ਦੇ ਅਨੁਸਾਰ ਇਸ ਗਲੇਸ਼ੀਅਰ ਵਿੱਚ ਵਿਸ਼ਵ ਸਮੁੰਦਰੀ ਪੱਧਰ ਨੂੰ ਅੱਧੇ ਮੀਟਰ ਤੋਂ ਵੱਧ ਵਧਾਉਣ ਜਿੰਨੀ ਸਮਰੱਥਾ ਹੈ। ਹਰ ਸਾਲ ਇਹ ਅਰਬਾਂ ਟਨ ਬਰਫ਼ ਸਮੁੰਦਰ ਵਿੱਚ ਛੱਡਦਾ ਹੈ, ਜੋ ਸਮੁੰਦਰ ਦੇ ਪੱਧਰ ਵਿੱਚ ਸਾਲਾਨਾ ਵਾਧੇ ਦਾ ਲਗਭਗ 4% ਬਣਦਾ ਹੈ। ਸੀਐਨਐਨ ਦੀ ਇੱਕ ਰਿਪੋਰਟ ਦੇ ਅਨੁਸਾਰ ਡੂਮਸਡੇ ਗਲੇਸ਼ੀਅਰ ਦੇ ਪੂਰੀ ਤਰ੍ਹਾਂ ਢਹਿਣ ਦੇ ਨਤੀਜੇ ਵਜੋਂ ਸਮੁੰਦਰ ਦਾ ਪੱਧਰ ਦੋ ਫੁੱਟ (70 ਸੈਂਟੀਮੀਟਰ) ਤੋਂ ਵੱਧ ਹੋ ਸਕਦਾ ਹੈ। ਇਹ ਪੱਧਰ ਵਿਸ਼ਵ ਭਰ ਦੇ ਤੱਟਵਰਤੀ ਸ਼ਹਿਰਾਂ ਨੂੰ ਤਬਾਹ ਕਰ ਸਕਦਾ ਹੈ। ਡੂਮਸਡੇ ਗਲੇਸ਼ੀਅਰ ਪੱਛਮੀ ਅੰਟਾਰਕਟਿਕਾ ਵਿੱਚ ਆਲੇ ਦੁਆਲੇ ਦੀ ਬਰਫ਼ ਲਈ ਇੱਕ ਕੁਦਰਤੀ ਡੈਮ ਵਜੋਂ ਵੀ ਕੰਮ ਕਰ ਰਿਹਾ ਹੈ ਅਤੇ ਮਾਹਿਰਾਂ ਦਾ ਅੰਦਾਜ਼ਾ ਹੈ ਕਿ ਜੇਕਰ ਇਹ ਗਲੇਸ਼ੀਅਰ ਢਹਿ ਜਾਂਦਾ ਹੈ ਤਾਂ ਗਲੋਬਲ ਸਮੁੰਦਰ ਦਾ ਪੱਧਰ ਲਗਭਗ 10 ਫੁੱਟ ਵੱਧ ਜਾਵੇਗਾ। ਇਸ ਪੂਰੀ ਦੁਨੀਆ ਲਈ ਖਤਰੇ ਦੀ ਘੰਟੀ ਹੈ।
















