ਫਾਜਿਲਕਾ-ਮੁਕਤਸਰ ਨੂੰ ਲੰਬੀ ਦੂਰੀ ਦੀਆਂ ਟ੍ਰੇਨਾ ਦਾ ਇੰਤਜਾਰ, ਵਾਸਿੰਗ ਲਾਈਨ ਦਾ ਅਹਿਮ ਮੁੱਦਾ

ਨਾਰਦਰਨ ਰੇਲਵੇ ਪੈਸੰਜਰ ਸਮਿਤੀ ਅੰਦੋਲਨ ਕਰਨ ਲਈ ਤਿਆਰ

ਸ੍ਰੀ ਮੁਕਤਸਰ ਸਾਹਿਬ 27 ਫਰਵਰੀ  ( ਕੁਲਦੀਪ ਸਿੰਘ ਘੁਮਾਣ ) ਫਾਜਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਇਲਾਕੇ ਦੀਆਂ ਰੇਲ ਸੇਵਾਵਾਂ ਨਾਲ ਸਬੰਧਤ ਮੰਗਾਂ ‘ਤੇ ਲੰਬੇ ਸਮੇ ਤੋਂ ਧਿਆਨ ਨਾ ਦੇਣ ਅਤੇ ਅਣਦੇਖੀ ਕਰਨ ਤੇ ਸੁਖਬੀਰ ਸਿੰਘ ਬਾਦਲ ਸਾਂਸਦ ਦੇ ਪ੍ਰਤੀ ਰੋਸ ਪਾਇਆ ਜਾਂਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਕੇਂਦਰ ਵਿਚ ਭਾਜਪਾ ਦੀ ਸਰਕਾਰ ਵਿਚ ਭਾਈਵਾਲ ਹੋਣ ਦੇ ਬਾਵਜੂਦ ਵੀ ਫਾਜਿਲਕਾ ਅਤੇ ਮੁਕਤਸਰ ਲਈ ਰੇਲ ਸੁਵਿਧਾਂਵਾ ਵਿਚ ਵਾਧਾ ਕਰਨ ਲਈ ਕੋਈ ਉਪਰਾਲਾ ਨਹੀ ਕੀਤਾ। ਕਈ ਸਾਲਾ ਤੋਂ ਇਲਾਕੇ ਦੇ ਲੋਕ ਦਿੱਲੀ, ਚੰਡੀਗੜ, ਜੰਮੂ, ਅਮ੍ਰਿਤਸਰ ਅਤੇ ਸ੍ਰੀ ਗੰਗਾਨਗਰ ਲਈ ਲੰਬੇ ਰੂਟ ਦੀਆਂ ਰੇਲ ਗੱਡੀਆਂ ਲਈ ਰੇਲ ਮੰਤਰੀ ਅਤੇ ਰੇਲਵੇ ਦੇ ਉਚ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਰਹੇ ਪਰ ਉਹਨਾ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀ ਦਿਤਾ ਗਿਆ।
ਲੰਬੀ ਦੂਰੀ ਦੀਆਂ ਰੇਲ ਸੇਵਾਵਾਂ ਲਈ ਫਾਜਿਲਕਾ ਵਿਖੇ ਵਾਸਿੰਗ ਲਾਈਨ ਦੀ ਸਥਾਪਨਾ ਲਈ ਅਨੇਕਾਂ ਵਾਰ ਮੰਗ ਕੀਤੀ ਗਈ ਪਰ ਫਿਰੋਜਪੁਰ ਮੰਡਲ ਦੇ ਅਧਿਕਾਰੀਆਂ ਵੱਲੋਂ ਕੇਵਲ ਯਕੀਨ ਹੀ ਦਿਤਾ ਜਾਂਦਾ ਰਿਹਾ ਪਰ ਜਮੀਨੀ ਪੱਧਰ ‘ਤੇ ਕੋਈ ਕੰਮ ਨਹੀ ਕੀਤਾ ਗਿਆ। ਫਾਜਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਦੋਨਾਂ ਸ਼ਹਿਰਾਂ ਦੀ ਅਬਾਦੀ ਲਗਭਗ 1.50-1.50 ਲੱਖ ਦੇ ਕਰੀਬ ਹੈ। ਫਾਜਿਲਕਾ ਰੇਲਵੇ ਸਟੇਸ਼ਨ ਪੰਜਾਬ ਦੇ ਬਾਰਡਰ ਦਾ ਅਖਰੀ ਰੇਲਵੇ ਸਟੇਸ਼ਨ ਹੈ ਜਿਥੋਂ ਤਿੰਨ ਪਾਸੇ ਫਿਰੋਜਪੁਰ, ਬਠਿੰਡਾ ਅਤੇ ਸ੍ਰੀ ਗੰਗਾਨਗਰ ਨੂੰ ਰੇਲਵੇ ਲਾਈਨ ਜਾਣ ਕਾਰਨ ਜੰਕਸ਼ਨ ਵੀ ਹੈ ਇਹ ਦੋਨੋਂ ਜਿਲ੍ਹੇ ਕਿਸੇ ਵੀ ਵਾਸਿੰਗ ਲਾਈਨ ਜਾਂ ਟਰਮੀਨਲ ਸਟੇਸ਼ਨ ਨਾਲ ਨਹੀ ਜੁੜੇ ਹੋਏ। ਇਲਾਕੇ ਵਿਚ ਸ੍ਰੀ ਗੰਗਾਨਗਰ, ਫਿਰੋਜਪੁਰ ਅਤੇ ਬਠਿੰਡਾ ਵਿਖੇ ਵਾਸਿੰਗ ਲਾਈਨਾਂ ਹਨ ਜੋ ਓਵਰਲੋਡ ਹੋਣ ਕਰਕੇ ਫਾਜਿਲਕਾ-ਮੁਕਤਸਰ ਨੂੰ ਸੇਵਾਵਾਂ ਨਹੀ ਦੇ ਸਕਦੇ ਇਸ ਲਈ ਫਾਜਿਲਕਾ ਵਿਖੇ ਵਾਸਿੰਗ ਲਾਈਨ ਦਾ ਹੋਣਾ ਜਰੂਰੀ ਹੈ ਅਤੇ ਫਾਜਿਲਕਾ / ਮੁਕਤਸਰ ਰੇਲਵੇ ਸਟੇਸ਼ਨ ਨੂੰ ਨਵੀਨੀਕਰਨ ਕਰਨ ਦੇ ਨਾਲ ਨਾਲ ਫਾਜਿਲਕਾ ਵਿਖੇ ਵਾਸਿੰਗ ਲਾਈਨ ਲਈ ਲੋੜੀਂਦੀ ਜਮੀਨ ਅਤੇ ਹੋਰ ਸਾਧਨ ਉਪਲਬੱਧ ਹਨ। ਮੁਕਤਸਰ ਰੇਲਵੇ ਸਟੇਸ਼ਨ ਦੀ ਲਿਮਟ 700 ਮੀਟਰ ਜਿਸ ਨੂੰ ਦੋ ਹਿੱਸਿਆਂ , ਵਿਚ ਮਾਲਗੋਦਾਮ ਅਤੇ ਪੈਸੰਜਰ ਪਲੇਟਫਾਰਮ ਵਿਚ ਵੰਡਿਆ ਹੋਇਆ ਹੈ। ਮੁਕਤਸਰ / ਫਾਜਿਲਕਾ ਰੇਲਵੇ ਸਟੇਸ਼ਨ ਮਾਲ ਭਾੜੇ ਤੋ  400 ਕਰੋੜ ਰੁਪਏ ਸਲਾਨਾ ਕਮਾਈ ਕਰਦਾ ਹੈ।ਫਾਜਿਲਕਾ-ਮੁਕਤਸਰ ਤੋਂ ਲੰਬੀਆਂ ਗੱਡੀਆਂ ਨਾ ਚੱਲਣ ਕਾਰਨ ਪੈਸੰਜਰ ਗੱਡੀਆਂ ਤੋਂ 1 ਕਰੋੜ ਰੁਪਏ ਸਲਾਨਾ ਆਮਦਨ ਕੈਟਾਗਿਰੀ ਪੀ-6 ਹੋਣ ਕਾਰਨ ਹੇਠਲੇ ਦਰਜੇ ‘ਤੇ ਆਉਂਦਾ ਹੈ ਜਿਸ ਕਾਰਨ ਉਸੇ ਹਿਸਾਬ ਨਾਲ ਸਹੂਲਤਾਂ ਦਿਤੀਆਂ ਜਾਦੀਆਂ ਹਨ।ਰੇਲਵੇ ਸਟੇਸ਼ਨ ਤੇ ਟਰੈਕ ਛੋਟਾ ਹੋਣ ਕਰਕੇ ਗੁਡਸ ਟ੍ਰੇਨ ਦੀ ਸ਼ੰਟਿੰਗ ਕਾਰਨ ਫਾਟਕ ਨੰਬਰ ਏ:29 ਦੋ ਤੋ ਢਾਈ ਘੰਟੇ ਬੰਦ ਰਹਿੰਦਾ ਹੈ ਜੋ ਲੋਕਾਂ ਲਈ ਸਿਰ ਦਰਦ ਬਣਿਆ ਹੋਇਆ ਹੈ।ਫਾਜਿਲਕਾ –ਅਬੋਹਰ ਰੇਲ ਸੈਕਸ਼ਨ ‘ਤੇ 300 ਕਰੋੜ ਰੁਪਏ ਖਰਚ ਕੇ ਸਿਰਫ 8 ਘੰਟੇ ਲਈ ਸਟੇਸ਼ਨ ਖੁੱਲਦਾ ਹੈ ਪਰ ਕੋਟਕਪੂਰਾ-ਮੁਕਤਸਰ ਦੇ ਲੋਕਾਂ ਨੂੰ ਸ੍ਰੀ ਗੰਗਾਨਗਰ ਲਈ ਕੋਈ ਰੇਲ ਗੱਡੀ ਨਹੀਂ ਚਲਾਈ। ਦੁਪਹਿਰ 2:30 ਤੋ ਬਾਅਦ ਰਾਤ 10:00 ਵਜੇ ਤੱਕ ਫਾਜਿਲਕਾ ਲਈ ਕੋਈ ਟ੍ਰੇਨ ਨਹੀ ਜਾਂਦੀ।ਰੇਲਵੇ ਵਿਭਾਗ ਦਾ ਧਿਆਨ ਕੇਵਲ ਮਾਲ ਗੱਡੀਆਂ ਵਿੱਚ ਹੀ ਹੈ ਅਤੇ ਇਸੇ ਕਾਰਨ ਬਿਜਲੀਕਰਨ ਕੀਤਾ ਜਾ ਰਿਹਾ ਹੈ।ਲੰਬੀਆਂ ਰੇਲ ਸੇਵਾਵਾਂ ਨਾ ਹੋਣ ਕਾਰਨ ਸ੍ਰੀ ਮੁਕਤਸਰ ਸਾਹਿਬ ਗੁਰੂਧਾਮਾਂ ਦੇ ਦਰਸ਼ਨਾ ਲਈ ਨਹੀ ਜੁੜ ਸਕਿਆ।ਨਾਰਦਰਨ ਰੇਲਵੇ ਸੰਮਤੀ ਦੇ ਪ੍ਰਧਾਨ ਵਿਨੋਦ ਕੁਮਾਰ ਭਾਵਨੀਆ ਜਨਰਲ ਸਕੱਤਰ ਸ਼ਾਮ ਲਾਲ ਗੋਇਲ,ਜਸਵੰਤ ਸਿੰਘ ਬਰਾੜ, ਗੋਬਿੰਦ ਸਿੰਘ ਦਾਬੜਾ, ਬਲਦੇਵ ਸਿੰਘ ਬੇਦੀ, ਬਲਜੀਤ ਸਿੰਘ, ਬੂਟਾ ਰਾਮ ਕਮਰਾ, ਉਮ ਪ੍ਰਕਾਸ ਵਲੇਚਾ ਅਤੇ ਪ੍ਰਮੋਦ ਆਰੀਆ ਵੱਲੋਂ ਰੇਲਵੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਫਾਜਿਲਕਾ ਵਿਖੇ ਵਾਸਿੰਗ ਲਾਈਨ ਦੇ ਨਾਲ-ਨਾਲ ਮੁਕਤਸਰ ਅਤੇ ਫਾਜਿਲਕਾ ਸਟੇਸ਼ਨਾਂ ਦਾ ਨਵੀਨੀਕਰਨ ਕੀਤਾ ਜਾਵੇ। ਮੁਕਤਸਰ ਦਾ ਰੇਲਵੇ ਗੁਡਸ ਯਾਰਡ ਬੱਲਮਗੜ੍ਹ ਸਟੇਸ਼ਨ ਸ਼ਿਫਟ ਕੀਤਾ ਜਾਵੇ ਅਤੇ ਦੋ ਨਵੇ 640 ਮੀਟਰ ਲੰਬੇ ਯਾਤਰੀ ਪਲੇਟਫਾਰਮ ਬਣਾਏ ਜਾਣ ਅਤੇ ਹੋਰ ਛੋਟੇ ਸਟੇਸ਼ਨਾਂ ‘ਤੇ ਪਲੇਟਫਾਰਮ ਦੇ ਨਾਲ ਨਾਲ ਸ਼ੈਡ ਬਣਾਏ ਜਾਣ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਵੱਡੇ ਪੱਧਰ ਤੇ ਅੰਦੋਲਨ ਕੀਤਾ ਜਾਵੇਗਾ।

Total Views: 282 ,
Real Estate