ਅਮਰੀਕਾ : ਯਹੂਦੀਆਂ ਤੋਂ ਬਾਅਦ ਸਿੱਖ ਭਾਈਚਾਰਾ ਨਫ਼ਰਤੀ ਅਪਰਾਧ ਦਾ ਸਭ ਤੋਂ ਵੱਡਾ ਸ਼ਿਕਾਰ

ਅਮਰੀਕਾ ‘ਚ 2021 ‘ਚ ਨਫ਼ਰਤ ਤੋਂ ਪ੍ਰੇਰਿਤ ਅਪਰਾਧ ਦੇ ਸ਼ਿਕਾਰ ਸਭ ਤੋਂ ਵੱਧ ਯਹੂਦੀ ਤੇ ਸਿੱਖ ਭਾਈਚਾਰੇ ਦੇ ਲੋਕ ਹੋ ਰਹੇ। ਸੰਘੀ ਜਾਂਚ ਬਿਊਰੋ (ਐੱਫਬੀਆਈ) ਵੱਲੋਂ ਰਾਸ਼ਟਰ ਪੱਧਰੀ ਘਟਨਾਵਾਂ ਦੇ ਸਾਲਾਨਾ ਸੰਗ੍ਰਹਿ ਮੁਤਾਬਕ ਇਹ ਅੰਕੜਾ ਜਾਰੀ ਕੀਤਾ ਗਿਆ ਹੈ। ਐੱਫਬੀਆਈ ਨੇ ਦੱਸਿਆ ਕਿ 2021 ‘ਚ ਧਰਮ ਨਾਲ ਸਬੰਧਤ ਕੁਲ 1,005 ਨਫ਼ਰਤੀ ਅਪਰਾਧ ਦਰਜ ਕੀਤੇ ਗਏ। ਧਰਮ ਅਧਾਰਤ ਅਪਰਾਧਾਂ ਦੀਆਂ ਸਭ ਤੋਂ ਵੱਡੀ ਸ਼੍ਰੇਣੀਆਂ ’ਚ ਯਹੂਦੀ ਵਿਰੋਧੀ ਘਟਨਾਵਾਂ 31.9 ਫ਼ੀਸਦੀ ਤੇ ਸਿੱਖ ਵਿਰੋਧੀ ਘਟਨਾਵਾਂ 21.3 ਫ਼ੀਸਦੀ ਰਹੀਆਂ। ਇਸ ਤੋਂ ਇਲਾਵਾ 9.5 ਫ਼ੀਸਦੀ ਘਟਨਾਵਾਂ ਮੁਸਲਮਾਨ ਵਿਰੋਧੀ ਸਨ। ਕੈਥੋਲਿਕ ਵਿਰੋਧੀ ਘਟਨਾਵਾਂ ’ਚ 6.1 ਫ਼ੀਸਦੀ ਘਟਨਾਵਾਂ ਤੇ ਐਂਟੀ-ਈਸਟਰਨ ਆਰਥੋਡਾਕਸ (ਰੂਸੀ, ਗ੍ਰੀਕ ਤੇ ਹੋਰ) ਵਿਰੋਧੀ 6.5 ਫ਼ੀਸਦੀ ਘਟਨਾਵਾਂ ਰਹੀਆਂ। ਐੱਫਬੀਆਈ ਨੇ ਕਿਹਾ ਕਿ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਨੇ 2021 ’ਚ ਕੁਲ 7,262 ਘਟਨਾਵਾਂ ਦਰਜ ਕੀਤੀਆਂ ਜਿਨ੍ਹਾਂ ’ਚ 9,024 ਪੀੜਤ ਸਨ। ਇਸ ਦੇ ਨਾਲ ਹੀ ਐੱਫਬੀਆਈ ਨੇ ਕਿਹਾ ਕਿ ਇਨ੍ਹਾਂ ਅੰਕੜਿਆਂ ਦੀ ਕਿਸੇ ਹੋਰ ਸਾਲ ਨਾਲ ਤੁਲਨਾ ਭਰੋਸੇਯੋਗ ਤੌਰ ’ਤੇ ਕਰਨਾ ਸੰਭਵ ਨਹੀਂ ਹੈ, ਕਿਉਂਕਿ ਰਿਪੋਰਟ ਕਰਨ ਵਾਲੀਆਂ ਏਜੰਸੀਆਂ ਦੀ ਗਿਣਤੀ 2021 ’ਚ 15,138 ਤੋਂ ਘਟ ਕੇ 11,834 ਹੋ ਗਈ। ਐੱਫਬੀਆਈ ਦੇ ਅੰਕੜਿਆਂ ਮੁਤਾਬਕ ਅਪਰਾਧੀਆਂ ਨੇ ਨਸਲ, ਜਾਤ ਤੇ ਵੰਸ਼ ਪ੍ਰਤੀ ਪਹਿਲਾਂ ਬਣਾਈ ਧਾਰਨਾ ਕਾਰਨ ਸਭ ਤੋਂ ਵੱਧ 64.8 ਫ਼ੀਸਦੀ ਪੀੜਤਾਂ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ’ਚ ਸਿਆਹਫਾਮ ਤੇ ਅਫਰੀਕੀ ਮੂਲ ਦੇ ਲੋਕਾਂ ਨਾਲ ਵੀ ਲਗਾਤਾਰ ਵਿਤਕਰਾ ਜਾਰੀ ਹੈ। ਤੈਅ ਧਾਰਨਾ ਦੀ ਸ਼੍ਰੇਣੀ ’ਚ ਇਹ ਵਰਗ ਸਭ ਤੋਂ ਵੱਧ 63.2 ਫ਼ੀਸਦੀ ਨਿਸ਼ਾਨਾ ਬਣਾਇਆ ਗਿਆ। ਰਿਪੋਰਟ ਮੁਤਾਬਕ, ਇਸ ਤੋਂ ਇਲਾਵਾ ਵੱਡੀਆਂ ਸ਼੍ਰੇਣੀਆਂ ’ਚ 6.1 ਫ਼ੀਸਦੀ ਘਟਨਾਵਾਂ ਦੇ ਨਾਲ ਹੀ ਹਿਸਪੈਨਿਕ ਜਾਂ ਲਾਤੀਨੀ ਵਿਰੋਧੀ ਘਟਨਾਵਾਂ ਤੇ 13.4 ਫ਼ੀਸਦੀ ਘਟਨਾਵਾਂ ਦੇ ਨਾਲ ਹੀ ਸਿਆਹਫਾਮ ਵਿਰੋਧੀ ਘਟਨਾਵਾਂ ਸ਼ਾਮਿਲ ਹਨ।

Total Views: 305 ,
Real Estate