
ਤ੍ਰਿਪੁਰਾ ਅਸੈਂਬਲੀ ਦੀਆਂ 60 ਸੀਟਾਂ ਲਈ ਅੱਜ ਰਿਕਾਰਡ 92 ਫੀਸਦ ਤੋਂ ਵੱਧ ਰਿਕਾਰਡ ਪੋਲਿੰਗ ਹੋਈ। ਲੜਾਈ ਝਗੜੇ ਦੀਆਂ ਇਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਵੋਟਿੰਗ ਦਾ ਅਮਲ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਦੋ ਵੱਖ ਵੱਖ ਘਟਨਾਵਾਂ ਵਿੱਚ ਸੀਪੀਐੱਮ ਦੇ ਤਿੰਨ ਕਾਰਕੁਨ ਜ਼ਖ਼ਮੀ ਹੋ ਗਏ। ਵੋਟਿੰਗ ਮਗਰੋਂ ਮੁੱਖ ਮੰਤਰੀ ਮਾਨਿਕ ਸਾਹਾ, ਸੀਪੀਐੱਮ ਦੇ ਸੂਬਾਈ ਸਕੱਤਰ ਜੀਤੇਂਦਰ ਚੌਧਰੀ ਸਣੇ ਹੋਰਨਾਂ ਪ੍ਰਮੁੱਖ ਆਗੂਆਂ ਦੀ ਸਿਆਸੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੋ ਗਈ। ਇਥੇ ਤਿੰਨ ਧਿਰੀ ਮੁਕਾਬਲੇ ਵਿੱਚ ਸੱਤਾਧਾਰੀ ਭਾਜਪਾ, ਖੱਬੇ-ਪੱਖੀ-ਕਾਂਗਰਸ ਗੱਠਜੋੜ ਤੇ ਟਿਪਰਾ ਮੋਥਾ ਪਾਰਟੀ ਚੋਣ ਮੈਦਾਨ ਵਿੱਚ ਸਨ। ਕਮਿਸ਼ਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵੋਟਿੰਗ ਫੀਸਦ ਵਧਣ ਦੇ ਆਸਾਰ ਹਨ ਕਿਉਂਕਿ ਵੋਟਿੰਗ ਲਈ ਨਿਰਧਾਰਿਤ ਸਮਾਂ ਪੂਰਾ ਹੋਣ ਮਗਰੋਂ ਵੀ 50 ਹਜ਼ਾਰ ਦੇ ਕਰੀਬ ਵੋਟਰ ਵੱਖ ਵੱਖ ਪੋਲਿੰਗ ਸਟੇਸ਼ਨਾਂ ਵਿੱਚ ਕਤਾਰਾਂ ਵਿੱਚ ਲੱਗੇ ਹੋਏ ਸਨ। ਵੋਟਾਂ ਦੀ ਗਿਣਤੀ 2 ਮਾਰਚ ਨੂੰ ਹੋਵੇਗੀ। ਵਧੀਕ ਮੁੱਖ ਚੋਣ ਅਧਿਕਾਰੀ ਯੂ.ਜੇ.ਮੋਗ ਨੇ ਕਿਹਾ ਕਿ ਸ਼ਾਮ 4 ਵਜੇ ਤੱਕ 60 ਅਸੈਂਬਲੀ ਹਲਕਿਆਂ ਵਿੱਚ ਔਸਤ 81.11 ਫੀਸਦ ਪੋਲਿੰਗ ਦਰਜ ਕੀਤੀ ਗਈ ਹੈ। ਜਿਨ੍ਹਾਂ ਵੋਟਰਾਂ ਨੇ ਸ਼ਾਮ 4 ਵਜੇ ਤੱਕ ਟੋਕਨ ਲੈ ਲੲੇ ਸਨ, ਉਨ੍ਹਾਂ ਨੂੰ ਸ਼ਾਮ 6 ਵਜੇ ਤੋਂ ਬਾਅਦ ਵੀ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ। 2018 ਦੀਆਂ ਅਸੈਂਬਲੀ ਚੋਣਾਂ ਵਿੱਚ ਰਾਤ ਸਾਢੇ ਨੌਂ ਵਜੇ ਤੱਕ ਵੋਟ ਪਾਉਣ ਦੀ ਖੁੱਲ੍ਹ ਦਿੱਤੀ ਗਈ ਸੀ ਤੇ ਉਦੋਂ ਕੁੱਲ ਮਿਲਾ ਕੇ 79 ਫੀਸਦ ਪੋਲਿੰਗ ਹੋਈ ਸੀ। ਮੇਘਾਲਿਆ ਤੋਂ ਘਰੋਂ ਬੇਘਰ ਕੀਤੇ ਬਰੂ ਸ਼ਰਨਾਰਥੀਆਂ ਨੇ ਪਹਿਲੀ ਵਾਰ ਤ੍ਰਿਪੁਰਾ ’ਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।


















