ਅਡਾਨੀ ਗਰੁੱਪ ਵੱਡਾ ਨੁਕਸਾਨ,ਅਮੀਰਾਂ ਦੀ ਸੂਚੀ ‘ਚ ਵੀ ਗੌਤਮ ਅਡਾਨੀ ਸੱਤਵੇਂ ਸਥਾਨ ’ਤੇ ਖਿਸਕੇ

ਹਿੰਡਨਬਰਗ ਰਿਸਰਚ ਵੱਲੋਂ ਲਾਏ ਗਏ ਦੋਸ਼ਾਂ ਮਗਰੋਂ ਅਡਾਨੀ ਗਰੁੱਪ ਦੇ ਸ਼ੇਅਰਾਂ ’ਚ ਸ਼ੁੱਕਰਵਾਰ ਨੂੰ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ। ਇਸ ਕਾਰਨ ਘਰੇਲੂ ਸ਼ੇਅਰ ਬਾਜ਼ਾਰ ’ਚ ਜ਼ੋਰਦਾਰ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ 874 ਅੰਕ ਡਿੱਗ ਕੇ 59,330.90 ਅੰਕਾਂ ’ਤੇ ਬੰਦ ਹੋਇਆ। ਨਿਫਟੀ ਵੀ 287.60 ਅੰਕ ਯਾਨੀ 1.61 ਫ਼ੀਸਦ ਡਿੱਗ ਕੇ 17,604.35 ਅੰਕਾਂ ’ਤੇ ਬੰਦ ਹੋਇਆ। ਇਹ 23 ਦਸੰਬਰ ਤੋਂ ਬਾਅਦ ਨਿਫਟੀ ਦੀ ਇਕ ਦਿਨ ’ਚ ਸਭ ਤੋਂ ਵੱਡੀ ਗਿਰਾਵਟ ਹੈ। ਅਡਾਨੀ ਟੋਟਲ ਗੈਸ ਦੇ ਸ਼ੇਅਰ 19.65, ਅਡਾਨੀ ਟਰਾਂਸਮਿਸ਼ਨ ਦੇ 19, ਅਡਾਨੀ ਗਰੀਨ ਐਨਰਜੀ ਦੇ 15.50 ਅਤੇ ਅਡਾਨੀ ਐਂਟਰਪ੍ਰਾਇਜ਼ਿਜ ਦੇ ਸ਼ੇਅਰ 6.19 ਫ਼ੀਸਦ ਤੱਕ ਟੁੱਟੇ। ਅਡਾਨੀ ਪੋਰਟਸ ਦੇ ਸ਼ੇਅਰ 5.31, ਅਡਾਨੀ ਵਿਲਮਰ ਦੇ 5 ਅਤੇ ਅਡਾਨੀ ਪਾਵਰ ਦੇ ਸ਼ੇਅਰ 4.99 ਫ਼ੀਸਦ ਤੱਕ ਡਿੱਗੇ। ਅਡਾਨੀ ਗਰੁੱਪ ਦੇ ਸ਼ੇਅਰਾਂ ਦੀ ਕੀਮਤ 4.17 ਲੱਖ ਕਰੋੜ ਰੁਪਏ ਤੱਕ ਡਿੱਗ ਗਈ। ਨਿਵੇਸ਼ਕਾਂ ਦੀ 10.73 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਡੁੱਬ ਗਈ ਹੈ। ਐੱਸਬੀਆਈ ਦੇ ਸ਼ੇਅਰ 5.03 ਫ਼ੀਸਦ, ਆਈਸੀਆਈਸੀਆਈ ਬੈਂਕ ਦੇ 4.41, ਇੰਡਸਇੰਡ ਬੈਂਕ ਦੇ 3.43, ਐੱਚਡੀਐੱਫਸੀ ਬੈਂਕ ਦੇ ਸ਼ੇਅਰ 1.96 ਫੀਸਦ ਡਿੱਗੇ।
ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਵੱਲੋਂ ਜਾਰੀ ਰਿਪੋਰਟ ਮਗਰੋਂ ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ’ਚ ਚਾਰ ਸਥਾਨ ਹੇਠਾਂ ਖਿਸਕ ਕੇ ਸੱਤਵੇਂ ਸਥਾਨ ’ਤੇ ਪਹੁੰਚ ਗਏ ਹਨ। ਫੋਰਬਜ਼ ਦੀ ਰਿਪੋਰਟ ਮੁਤਾਬਕ ਗੌਤਮ ਅਡਾਨੀ ਦੀ ਕੁੱਲ ਆਮਦਨ 121 ਅਰਬ ਡਾਲਰ ਸੀ ਜੋ ਰਿਪੋਰਟ ਨਸ਼ਰ ਹੋਣ ਮਗਰੋਂ 96.6 ਅਰਬ ਡਾਲਰ ਰਹਿ ਗਈ ਹੈ। ਗੌਤਮ ਅਡਾਨੀ ਨੇ 10ਵੀਂ ਪਾਸ ਕਰਨ ਮਗਰੋਂ ਪੜ੍ਹਾਈ ਛੱਡ ਦਿੱਤੀ ਸੀ ਅਤੇ 1988 ’ਚ ਅਡਾਨੀ ਗਰੁੱਪ ਖੜ੍ਹਾ ਕੀਤਾ ਸੀ। ਸਾਲ 2008 ’ਚ ਮੁੰਬਈ ਦੇ ਤਾਜ ਹੋਟਲ ’ਤੇ ਹੋਏ ਹਮਲੇ ਦੌਰਾਨ ਉਹ ਵਾਲ ਵਾਲ ਬਚ ਗਏ ਸਨ।

Total Views: 209 ,
Real Estate