ਨਵਜੋਤ ਦੀ ਰਿਹਾਈ ਨੂੰ ਮੁੱਦਾ ਤੇ ਸ਼ਕਤੀ ਪ੍ਰਦਰਸ਼ਨ ਦਾ ਪ੍ਰਚਾਰ ਤੇ ਹਊਮੇ ਅੜਿੱਕਾ ਬਣਿਆ ਰਿਹਾਈ ’ਚ

ਬਠਿੰਡਾ, 27 ਜਨਵਰੀ, ਬਲਵਿੰਦਰ ਸਿੰਘ ਭੁੱਲਰ
ਕਾਂਗਰਸ ਦੇ ਆਗੂ ਸ੍ਰੀ ਨਵਜੋਤ ਸਿੰਘ ਸਿੱਧੂ ਇੱਕ ਸਾਲ ਦੀ ਸਜ਼ਾ ਭੁਗਤ ਰਿਹਾ ਹੈ ਅਤੇ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਹੈ। ਉਸਦੀ ਅਜੇ ਕਰੀਬ ਤਿੰਨ ਮਹੀਨੇ ਦੀ ਸਜ਼ਾ ਬਾਕੀ ਹੈ। ਗਣਤੰਤਰ ਦਿਵਸ ਮੌਕੇ ਉਸਨੂੰ ਤਿੰਨ ਮਹੀਨੇ ਦੀ ਮੁਆਫ਼ੀ ਮਿਲਣ ਸਦਕਾ
ਰਿਹਾਈ ਦੀ ਵੱਡੀ ਉਮੀਦ ਸੀ, ਪਰ ਰਿਹਾਈ ਨਹੀਂ ਹੋਈ। ਪੰਜਾਬ ਭਰ ਵਿੱਚ ਇਸ ਸਬੰਧੀ ਚਰਚਾ ਛਿੜੀ ਹੋਈ ਹੈ, ਭਾਵੇਂ ਕਿ ਇਹ ਕੋਈ ਉੱਚ ਦਰਜੇ ਦਾ ਮੁੱਦਾ ਨਹੀਂ ਹੈ। ਜੇਕਰ ਉਸਦੀ ਰਿਹਾਈ ਹੋ ਵੀ ਜਾਂਦੀ ਤਾਂ ਉਸ ਨਾਲ ਕੋਈ ਦੇਸ਼ ਦੀ ਰਾਜਨੀਤੀ ਵਿੱਚ ਤਬਦੀਲੀ ਨਹੀਂ ਸੀ ਹੋਣੀ ਅਤੇ ਜੇ ਨਹੀਂ ਹੋਈ ਤਾਂ ਦੇਸ਼ ਜਾਂ ਪੰਜਾਬ ਨੂੰ ਕੋਈ ਨੁਕਸਾਨ ਵੀ ਨਹੀਂ ਹੋਣ ਵਾਲਾ। ਪਰ ਫੇਰ ਵੀ ਚਰਚਾ ਹੋ ਰਹੀ ਹੈ, ਕਿਉਂਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਸੰਦਰਭ ਵਿੱਚ ਇਸਨੂੰ ਵੇਖਿਆ ਘੋਖਿਆ ਜਾ ਰਿਹਾ ਹੈ।
ਅਸਲ ਵਿੱਚ ਇਹ ਰਿਹਾਈ ਨਾ ਹੋਣ ਲਈ ਤਿੰਨ ਧਿਰੀ ਹਾਊਮੈ ਜੁਮੇਵਾਰ ਹੈ। ਨਵਜੋਤ ਦੀ ਰਿਹਾਈ ਦੀ ਫਾਈਲ ਰਾਜਪਾਲ ਪੰਜਾਬ ਦੇ ਦਫ਼ਤਰ ਵਿੱਚ ਅੜਿੱਕਿਆਂ ਦਾ ਸ਼ਿਕਾਰ ਹੁੰਦੀ ਰਹੀ। ਰਾਜਪਾਲ ਕੇਂਦਰ ਸਰਕਾਰ ਦਾ ਰਵੱਈਆ ਵੇਖ ਕੇ ਹੀ ਫੈਸਲਾ ਕਰਦਾ ਹੁੰਦਾ ਹੈ। ਭਾਜਪਾ ਜਿਸਦੀ ਕੇਂਦਰ ਵਿੱਚ ਸਰਕਾਰ ਹੈ ਉਹ ਨਹੀਂ ਸੀ ਚਾਹੁੰਦੀ ਕਿ ਨਵਜੋਤ ਸਿੱਧੂ ਰਿਹਾਅ ਹੋ ਕੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋ ਸਕੇ, ਜਿਸ ਨਾਲ ਨੌਜਵਾਨ ਵਰਗ ਨੂੰ ਜੋਸ਼ ਮਿਲਣ ਦੀ ਸੰਭਾਵਨਾ ਸੀ। ਇਹ ਵੀ ਇੱਕ ਕਾਰਨ ਮੰਨਿਆਂ ਜਾ ਸਕਦਾ ਹੈ।
ਦੂਜਾ ਕਾਰਨ ਨਵਜੋਤ ਦੇ ਨਜਦੀਕੀਆਂ ਵੱਲੋਂ ਉਸਦੀ ਰਿਹਾਈ ਨੂੰ ਇਉਂ ਵਿਖਾਇਆ ਜਾਣਾ ਸੀ, ਜਿਵੇਂ ਨੈਲਸਨ ਮੰਡੇਲਾ ਜੇਲ੍ਹ ਚੋਂ ਬਾਹਰ ਆ ਰਿਹਾ ਹੋਵੇ। ਵੱਡਾ ਗੱਡੀਆਂ ਦਾ ਕਾਫ਼ਲਾ, ਰਸਤਿਆਂ ’ਚ ਬੈਨਰਾਂ ਤੋਂ ਇਲਾਵਾ ਉਹ ਕਿੱਥੇ ਰੁਕੇਗਾ, ਕਿੱਥੇ ਮੱਥਾ ਟੇਕੇਗਾ, ਕਿੱਥੇ ਪਹੁੰਚੇਗਾ ਆਦਿ ਪ੍ਰਚਾਰ ਕੀਤਾ ਗਿਆ। ਇੱਕ ਤਰ੍ਹਾਂ ਨਾਲ ਉਸਨੂੰ ਬਹੁਤ ਵੱਡਾ ਨੇਤਾ ਬਣਾ ਕੇ ਸ਼ਕਤੀ ਪ੍ਰਦਰਸ਼ਨ ਹੀ ਕੀਤਾ ਜਾਣਾ ਸੀ। ਕਾਂਗਰਸ ਵਿੱਚ ਅੰਦਰੂਨੀ ਕਾਟੋ ਕਲੇਸ ਤੋਂ ਵੀ ਸਭ ਭਲੀਭਾਂਤ ਜਾਣੂ ਹਨ, ਫੇਰ ਅਜਿਹੀ ਅਖੌਤੀ ਫੁਕਰਾਪੰਥੀ ਨੂੰ ਕਿਵੇਂ ਬਰਦਾਸਤ ਕੀਤਾ
ਜਾਂਦਾ। ਤੀਜਾ ਕਾਰਨ ਸੀ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜੇਕਰ ਨਵਜੋਤ ਆਪਣੇ ਤੈਅ ਪ੍ਰੋਗਰਾਮ ਅਨੁਸਾਰ ਪ੍ਰਦਰਸ਼ਨ ਕਰਨ ਵਿੱਚ ਸਫ਼ਲ ਹੋ ਜਾਂਦਾ ਤਾਂ ਆਮ ਆਦਮੀ ਪਾਰਟੀ ਨੂੰ ਵੀ ਢਾਅ ਲੱਗਣ ਦੀਆਂ ਅਫ਼ਵਾਹਾਂ ਸਨ। ਫੇਰ ਪੰਜਾਬ ਸਰਕਾਰ ਅਜਿਹਾ ਕਿਵੇਂ ਹੋਣ ਦੇ ਸਕਦੀ ਸੀ।
ਨਵਜੋਤ ਸਿੱਧੂ ਨੇ ਮੁਆਫ਼ੀ ਹਾਸਲ ਕਰਕੇ ਰਿਹਾਅ ਹੋ ਹੀ ਜਾਣਾ ਹੈ, ਜੇਕਰ ਮੁਆਫ਼ੀ ਨਾ ਵੀ ਮਿਲੇ ਤਾਂ ਤਿੰਨ ਮਹੀਨੇ ਵੀ ਕੋਈ ਲੰਬਾ ਸਮਾਂ ਨਹੀਂ ਹੈ। ਉਸਦੀ ਅਗੇਤੀ ਰਿਹਾਈ ਨੂੰ ਜੇ ਵੱਡਾ ਮੁੱਦਾ ਬਣਾ ਕੇ ਪ੍ਰਚਾਰਿਆ ਨਾ ਜਾਂਦਾ ਤਾਂ ਸ਼ਾਇਦ ਰਿਹਾਅ ਹੋਣ ਸੰਭਵ ਹੋ ਜਾਂਦਾ।

Total Views: 156 ,
Real Estate