ਨੇਪਾਲ: 72 ਯਾਤਰੀਆਂ ਨੂੰ ਲਿਜਾ ਰਿਹਾ ਜਹਾਜ਼ ਕਰੈਸ਼, ਯਾਤਰੀਆਂ ਵਿਚ 5 ਭਾਰਤੀ, 45 ਲਾਸ਼ਾਂ ਮਿਲੀਆਂ

ਯੇਤੀ ਏਅਰਲਾਈਨਜ਼ ਦਾ ਏਟੀਆਰ-72 ਜਹਾਜ਼ ਪੋਖਰਾ ਨੇੜੇ ਹਾਦਸਾਗ੍ਰਸਤ ਹੋ ਗਿਆ ਹੈ। ਕਾਠਮੰਡੂ ਤੋਂ ਪੋਖਰਾ ਜਾ ਰਿਹਾ ਯੇਤੀ ਏਅਰਲਾਈਨਜ਼ ਦਾ ਏਟੀਆਰ-72 ਜਹਾਜ਼ ਐਤਵਾਰ ਸਵੇਰੇ 11 ਵਜੇ ਕਾਸਕੀ ਜ਼ਿਲ੍ਹੇ ਦੇ ਪੋਖਰਾ ਵਿੱਚ ਹਾਦਸਾਗ੍ਰਸਤ ਹੋ ਗਿਆ। ਹੁਣ ਤੱਕ ਕੁੱਲ 45 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇਹ ਜਾਣਕਾਰੀ ਮੁੱਖ ਜ਼ਿਲ੍ਹਾ ਅਧਿਕਾਰੀ ਟੇਕ ਬਹਾਦਰ ਕੇਸੀ ਨੇ ਸਥਾਨਕ ਮੀਡੀਆ ਨੂੰ ਦਿੱਤੀ। ਜਦਕਿ ਇਸ ਜਹਾਜ਼ ਹਾਦਸੇ ‘ਚ ਹੋਰ ਲੋਕਾਂ ਦੇ ਮਰਨ ਦਾ ਖਦਸ਼ਾ ਹੈ। ਜਹਾਜ਼ ‘ਚ ਕੁੱਲ 68 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਯੇਤੀ ਏਅਰਲਾਈਨਜ਼ ਦੇ ਬੁਲਾਰੇ ਸੁਦਰਸ਼ਨ ਬਰਤੌਲਾ ਨੇ ਮੀਡੀਆ ਨੂੰ ਦੱਸਿਆ ਕਿ ਪੁਰਾਣੇ ਹਵਾਈ ਅੱਡੇ ਅਤੇ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਚਕਾਰ ਹਾਦਸਾਗ੍ਰਸਤ ਹੋਏ ਜਹਾਜ਼ ਵਿੱਚ ਕੁੱਲ 68 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ। ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪੋਸਟ ਕੀਤੀਆਂ ਗਈਆਂ ਤਸਵੀਰਾਂ ਅਤੇ ਵੀਡੀਓਜ਼ ‘ਚ ਹਾਦਸੇ ਵਾਲੀ ਥਾਂ ਤੋਂ ਧੂੰਏਂ ਦੇ ਗੁਬਾਰ ਉੱਠਦੇ ਦਿਖਾਈ ਦੇ ਰਹੇ ਹਨ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਜਹਾਜ਼ ਨੇ 72 ਲੋਕਾਂ ਨੂੰ ਲੈ ਕੇ ਕਾਠਮੰਡੂ ਤੋਂ ਪੋਖਰਾ ਲਈ ਉਡਾਣ ਭਰੀ ਸੀ। ਜਹਾਜ਼ ਕਰੀਬ 20 ਮਿੰਟਾਂ ਬਾਅਦ ਹਾਦਸਾਗ੍ਰਸਤ ਹੋ ਗਿਆ, ਜੋ ਆਪਣੀ ਮੰਜ਼ਿਲ ਤੋਂ ਕੁਝ ਕਿਲੋਮੀਟਰ ਦੂਰ ਸੀ। ਬਚਾਅ ਕਾਰਜ ਜਾਰੀ ਹੈ।

Total Views: 161 ,
Real Estate