
ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ 6 ਜਨਵਰੀ ਦੀ ਦੁਪਹਿਰ ਤੋਂ 7 ਜਨਵਰੀ ਦੀ ਅੱਧੀ ਰਾਤ ਤੱਕ ਯੂਕਰੇਨ ਵਿੱਚ ਦੋ ਦਿਨ ਯਾਨੀ 36 ਘੰਟੇ ਦੀ ਜੰਗਬੰਦੀ ਲਈ ਫੌਜ ਨੂੰ ਹੁਕਮ ਦਿੱਤਾ ਹੈ। ਆਰਥੋਡਾਕਸ ਕ੍ਰਿਸਮਸ ਮਨਾਉਣ ਲਈ ਇਹ ਐਲਾਨ ਕੀਤਾ ਗਿਆ ਹੈ। ਪੁਤਿਨ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਆਰਥੋਡਾਕਸ ਕ੍ਰਿਸਮਸ ਦੇ ਮੌਕੇ ‘ਤੇ 6 ਅਤੇ 7 ਜਨਵਰੀ ਨੂੰ ਯੂਕਰੇਨ ‘ਤੇ ਕੋਈ ਹਮਲਾ ਨਹੀਂ ਹੋਵੇਗਾ। ਜੰਗਬੰਦੀ ਦੀ ਪੇਸ਼ਕਸ਼ ਕਰਦੇ ਹੋਏ ਪੁਤਿਨ ਨੇ ਰੂਸੀ ਫੌਜ ਨੂੰ 36 ਘੰਟਿਆਂ ਤੱਕ ਯੂਕਰੇਨ ‘ਤੇ ਗੋਲੀਬਾਰੀ ਨਾ ਕਰਨ ਦੀ ਹਦਾਇਤ ਕੀਤੀ ਹੈ। ਪੁਤਿਨ ਨੇ ਕਿਹਾ ਕਿ ਉਹ ਰੂਸੀ ਆਰਥੋਡਾਕਸ ਚਰਚ ਦੇ ਮੁਖੀ, ਪੈਟਰਿਆਰਕ ਕਿਰਿਲ ਦੀ ਅਪੀਲ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਰਥੋਡਾਕਸ ਕ੍ਰਿਸਮਸ ਦੇ ਮੌਕੇ ‘ਤੇ ਚਰਚ ਦੇ ਮੁਖੀ ਦੁਆਰਾ ਜੰਗਬੰਦੀ ਦੀ ਅਪੀਲ ਕਰਨ ਤੋਂ ਬਾਅਦ ਰੂਸੀ ਫੌਜ ਨੂੰ ਹੁਕਮ ਦਿੱਤਾ ਗਿਆ ਸੀ। ਪੁਤਿਨ ਨੇ ਯੂਕਰੇਨ ਨੂੰ ਵੀ ਅਸਥਾਈ ਜੰਗਬੰਦੀ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਇਹ ਪਹਿਲੀ ਜੰਗਬੰਦੀ ਹੋਵੇਗੀ।
ਜ਼ਿਕਰਯੋਗ ਹੈ ਕਿ ਹਰ ਸਾਲ 25 ਦਸੰਬਰ ਨੂੰ ਪੂਰੀ ਦੁਨੀਆ ‘ਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾਂਦਾ ਹੈ। ਪਰ ਦੁਨੀਆ ਦੇ 12 ਪ੍ਰਤਿਸ਼ਤ ਇਸਾਈ ਜਸ਼ਨ ਮਨਾਉਣ ਲਈ 7 ਜਨਵਰੀ ਤੱਕ ਉਡੀਕ ਕਰਦੇ ਹਨ। ਅਸਲ ਵਿੱਚ ਆਰਥੋਡਾਕਸ ਕ੍ਰਿਸਮਸ ਦੁਨੀਆ ਭਰ ਵਿੱਚ ਲਗਭਗ 260 ਮਿਲੀਅਨ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ। ਇਹ ਲੋਕ ਪੂਰਬੀ ਯੂਰਪ ਦੇ ਬਹੁਗਿਣਤੀ-ਆਰਥੋਡਾਕਸ ਦੇਸ਼ਾਂ, ਜਿਵੇਂ ਕਿ ਰੂਸ ਅਤੇ ਗ੍ਰੀਸ, ਇਥੋਪੀਆ, ਮਿਸਰ ਅਤੇ ਹੋਰ ਥਾਵਾਂ ‘ਤੇ ਰਹਿੰਦੇ ਹਨ।



















