![]()
ਮੱਧਪ੍ਰਦੇਸ਼ : ਸਮੂਹਿਕ ਜਬਰ ਜਨਾਹ ਮਾਮਲੇ ‘ਚ 666 ਦਿਨ ਜੇਲ੍ਹ ਵਿਚ ਰਹੇ ਨੌਜਵਾਨ ਵੱਲੋਂ ਦੋਸ਼-ਮੁਕਤ ਹੋਣ ਤੋਂ ਬਾਅਦ ਜ਼ਿਲ੍ਹਾ ਤੇ ਸੈਸ਼ਨ ਅਦਾਲਤ ‘ਚ ਮੱਧ ਪ੍ਰਦੇਸ਼ ਸ਼ਾਸਨ ਤੇ ਪੁਲਿਸ ਦੇ ਜਾਂਚ ਅਧਿਕਾਰੀ, ਸਹਿਯੋਗੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ 10 ਹਜ਼ਾਰ ਛੇ ਕਰੋੜ, ਦੋ ਲੱਖ ਰੁਪਏ ਦੀ ਨੁਕਸਾਨ ਪੂਰਤੀ ਦਾ ਦਾਅਵਾ ਕੀਤਾ ਗਿਆ ਹੈ ਜੋ ਸੁਰਖੀਆਂ ਵਿਚ ਹਨ। 30 ਸਾਲਾ ਨੌਜਵਾਨ ਨੇ ਜੇਲ੍ਹ ਵਿਚ ਰਹਿਣ ਦੌਰਾਨ ਵੱਖ-ਵੱਖ ਸਹੂਲਤਾਂ ਤੋਂ ਵਾਂਝੇ ਰਹਿਣ ਕਾਰਨ ਨੁਕਸਾਨ ਪੂਰਤੀ ਰਾਸ਼ੀ ਮੰਗੀ ਹੈ।
ਇਕ ਔਰਤ ਨੇ 20 ਜੁਲਾਈ, 2018 ਨੂੰ ਬਾਜਨਾ ਥਾਣੇ ’ਚ ਰਿਪੋਰਟ ਦਰਜ ਕਰਵਾਈ ਸੀ ਕਿ 18 ਜਨਵਰੀ 2018 ਨੂੰ ਕਾਂਤੂ ਪੁੱਤਰ ਨਰਸਿੰਘ ਅਮਲੀਆਰ, ਵਾਸੀ ਪਿੰਡ ਘੋੜਾਖੇੜਾ ਨੇ ਜੰਗਲ ਵਿਚ ਲਿਜਾ ਕੇ ਉਸ ਨਾਲ ਜਬਰ ਜਨਾਹ ਕੀਤਾ। ਇਸ ਤੋਂ ਬਾਅਦ ਹੋਰ ਮੁਲਜ਼ਮ ਭੇਰੂ ਸਿੰਘ ਨੂੰ ਬੁਲਾ ਕੇ ਉਸ ਦੇ ਸਪੁਰਦ ਕਰ ਦਿੱਤਾ। ਭੇਰੂ ਉਸ ਨੂੰ ਇੰਦੌਲ ਲੈ ਗਿਆ ਸੀ ਅਤੇ ਛੇ ਮਹੀਨੇ ਤਕ ਰੱਖ ਕੇ ਜਬਰ ਜਨਾਹ ਕੀਤਾ। ਪੁਲਿਸ ਨੇ ਔਰਤ ਦੀ ਰਿਪੋਰਟ ’ਤੇ ਕਾਂਤੂ ਤੇ ਭੇਰੂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ।
ਸੁਣਵਾਈ ਤੋਂ ਬਾਅਦ 20 ਅਕਤੂਬਰ 2022 ਨੂੰ ਅਦਾਲਤ ਨੇ ਦੋਸ਼ ਸਾਬਤ ਨਾ ਹੋਣ ’ਤੇ ਦੋਵਾਂ ਨੂੰ ਦੋਸ਼ ਮੁਕਤ ਕਰ ਦਿੱਤਾ। ਦੋਸ਼ ਮੁਕਤ ਹੋਣ ਤੋਂ ਬਾਅਦ ਕਾਂਤੂ ਨੇ ਹਰਜਾਨੇ ਦਾ ਦਾਅਵਾ ਕੀਤਾ ਹੈ। ਇਹ ਦਾਅਵਾ ਵਕੀਲ ਵਿਜੈ ਸਿੰਘ ਯਾਦਵ ਜ਼ਰੀਏ ਕੀਤਾ ਗਿਆ ਹੈ। ਵਕੀਲ ਯਾਦਵ ਤੋਂ ਜਦੋਂ ਪੁੱਛਿਆ ਗਿਆ ਕਿ ਇੰਨੀ ਵੱਧ ਰਾਸ਼ੀ ਦਾ ਦਾਅਵਾ ਕਿਉਂ ਲਗਾਇਆ ਗਿਆ? ਉਨ੍ਹਾਂ ਦਾ ਕਹਿਣਾ ਹੈ ਕਿ ਮਨੁੱਖ ਦੇ ਜੀਵਨ ਦਾ ਕੋਈ ਮੁੱਲ ਨਹੀਂ ਹੁੰਦਾ, ਇਸ ਦਾ ਕਿਵੇਂ ਵਿਸ਼ਲੇਸ਼ਣ ਕਰੀਏ। ਈਸ਼ਵਰ ਵੱਲੋਂ ਦਿੱਤੀਆਂ ਗਈਆਂ ਚੀਜ਼ਾਂ ਦੀ ਕੋਈ ਕੀਮਤ ਨਹੀਂ ਹੁੰਦੀ। ਕੁਦਰਤੀ ਸੁੱਖ ਈਸ਼ਵਰ ਦੀ ਦੇਣ ਹੈ, ਉਸ ਨੂੰ ਕੋਈ ਹੋਰ ਵਾਪਸ ਨਹੀਂ ਕਰ ਸਕਦਾ। ਝੂਠੇ ਮਾਮਲੇ ਨਾਲ ਨਾ ਕੇਵਲ ਸਮਾਜਿਕ ਮਾਣ-ਮਰਿਆਦਾ ਮਿੱਟੀ ’ਚ ਰੁਲ ਗਈ ਬਲਕਿ ਉਸ ਦੇ ਬੱਚੇ ਸਿੱਖਿਆ ਤੋਂ ਵਾਂਝੇ ਰਹੇ। ਲੰਬੀ ਹਿਰਾਸਤ ਦੇ ਕਾਰਨ ਉਸ ਦਾ ਪਰਿਵਾਰ ਭੁੱਖਮਰੀ ਦੀ ਹਾਲਤ ਵਿਚ ਰਿਹਾ ਹੈ। ਬਿਰਧ ਮਾਂ, ਪਤਨੀ ਤੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਉਸ ਦੀ ਹੈ। ਜੇਲ੍ਹ ਵਿਚ ਰਹਿਣ ਕਾਰਨ ਉਹ ਜ਼ਿੰਮੇਵਾਰੀ ਤੋਂ ਵਾਂਝਾ ਰਿਹਾ। ਵੱਖ-ਵੱਖ ਸਹੂਲਤਾਂ ਤੋਂ ਵਾਂਝੇ ਰਹਿਣ ਕਾਰਨ ਹੀ ਉਸ ਨੇ ਵੱਖ-ਵੱਖ ਰਾਸ਼ੀਆਂ ਦਾ ਦਾਅਵਾ ਕੀਤਾ ਹੈ। ਇਨ੍ਹਾਂ ਵਿਚ ਕੇਵਲ 10 ਹਜ਼ਾਰ ਕਰੋੜ ਰੁਪਏ ਮਨੁੱਖ ਲਈ ਭਗਵਾਨ ਦੇ ਤੋਹਫੇ ਜਿਵੇਂ ਕੁਦਰਤੀ ਸੁੱਖ ਦੀ ਹਾਨੀ ਦੇ ਕਾਰਨ ਮੰਗੇ ਗਏ ਹਨ।
ਕਾਂਤੂ ਨੇ ਦੱਸਿਆ ਕਿ ਝੂਠੇ ਮਾਮਲੇ ਕਾਰਨ ਉਹ ਮਾਂ, ਬੱਚੇ, ਪਤਨੀ ਤੋਂ ਵੱਖ ਰਿਹਾ। ਉਹ ਪੁਲਿਸ ਤੋਂ ਬਚਣ ਲਈ ਤਿੰਨ ਸਾਲ ਫਰਾਰ ਰਿਹਾ। ਪਰਿਵਾਰ ਦਾ ਪਾਲਣ-ਪੋਸ਼ਣ ਪੰਜ ਸਾਲ ਤਕ ਨਹੀਂ ਕਰ ਸਕਿਆ। ਪਤਨੀ ਨੇ ਜਿਵੇਂ-ਤਿਵੇਂ ਮਜ਼ਦੂਰੀ ਕਰਕੇ ਬੱਚਿਆਂ ਤੇ ਮਾਂ ਦਾ ਪਾਲਣ-ਪੋਸ਼ਣ ਕੀਤਾ। ਉਸ ਕੋਲ ਇਕ ਵਿਘਾ ਜ਼ਮੀਨ ਹੈ ਜੋ ਕੋਰਟ ਕੇਸ ਲੜਨ, ਬੱਚਿਆਂ ਦੇ ਪਾਲਣ-ਪੋਸ਼ਣ ਆਦਿ ਲਈ ਪਤਨੀ ਨੇ ਡੇਢ ਲੱਖ ਰੁਪਏ ਵਿਚ ਗਹਿਣੇ ਰੱਖੀ ਹੈ। ਉਸ ਨੂੰ ਨੁਕਸਾਨ ਪੂਰਤੀ ਦੀ ਰਾਸ਼ੀ ਮਿਲਣੀ ਚਾਹੀਦੀ ਹੈ।



















