ਕੋਲਕਾਤਾ ਪੁਲੀਸ ਨੇ ਮੰਗਲਵਾਰ ਨੂੰ ਬੌਲੀਵੁੱਡ ਅਦਾਕਾਰ ਪਰੇਸ਼ ਰਾਵਲ ਵੱਲੋਂ ਗੁਜਰਾਤ ਚੋਣ ਰੈਲੀ ਵਿੱਚ ਬੰਗਾਲੀਆਂ ਬਾਰੇ ਕੀਤੀ ਗਈ ਵਿਵਾਦਤ ਟਿੱਪਣੀ ਲਈ ਸੰਮਨ ਜਾਰੀ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 67 ਸਾਲਾ ਆਦਾਕਾਰ ਨੂੰ ਪੁੱਛ-ਪੜਤਾਲ ਲਈ 12 ਦਸੰਬਰ ਨੂੰ ਤਾਲਤਾਲਾ ਥਾਣੇ ’ਚ ਤਲਬ ਕੀਤਾ ਗਿਆ ਹੈ। ਅਧਿਕਾਰੀਆਂ ਨੇ ਕਿਹਾ, ‘‘ਅਸੀਂ ਉਸ ਨੂੰ ‘ਬੰਗਾਲੀਆਂ ਲਈ ਮੱਛੀ ਪਕਾਉਣ’ ਵਾਲੀ ਟਿੱਪਣੀ’ ਸਬੰਧੀ ਸੰਮਨ ਜਾਰੀ ਕੀਤਾ ਹੈ। ਉਸ ਤੋਂ ਪੁੱਛ-ਪੜਤਾਲ ਕੀਤੀ ਜਾਵੇਗੀ।’’ ਜ਼ਿਕਰਯੋਗ ਹੈ ਕਿ ਰਾਵਲ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਵਲਸਾਡ ਜ਼ਿਲ੍ਹੇ ’ਚ ਭਾਜਪਾ ਦੀ ਰੈਲੀ ਦੌਰਾਨ ਗੈਸ ਸਿਲੰਡਰ ਦੀਆਂ ਕੀਮਤਾਂ ਦਾ ਮੁੱਦਾ ਚੁੱਕਿਆ ਸੀ। ਇਸ ਦੌਰਾਨ ਉਸ ਨੇ ਕਿਹਾ ਸੀ, ‘‘ਗੈਸ ਸਿਲੰਡਰ ਮਹਿੰਗੇ ਹਨ ਪਰ ਇਨ੍ਹਾਂ ਦੀ ਕੀਮਤ ਘੱਟ ਜਾਵੇਗੀ। ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ। ਜੇ ਦਿੱਲੀ ਵਾਂਗ ਰੋਹਿੰਗੀਆ ਪਰਵਾਸੀ ਅਤੇ ਬੰਗਲਾਦੇਸ਼ੀ ਤੁਹਾਡੇ ਆਲੇ-ਦੁਆਲੇ ਰਹਿਣ ਲੱਗ ਪਏ ਤਾਂ ਕੀ ਕਰੋਗੇ? ਤੁਸੀਂ ਗੈਸ ਸਿਲੰਡਰਾਂ ਦਾ ਕੀ ਕਰੋਗੇ? ਬੰਗਾਲੀਆਂ ਲਈ ਮੱਛੀ ਪਕਾਓਗੇ?’’ ਇਸ ਮਗਰੋਂ ਸੀਪੀਆਈ (ਐੱਮ) ਆਗੂ ਅਤੇ ਪਾਰਟੀ ਦੇ ਸੂਬਾ ਸਕੱਤਰ ਮੁਹੰਮਦ ਸਲੀਮ ਵੱਲੋਂ ਰਾਵਲ ਵਿਰੁੱਧ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਉਸ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹਾਲਾਂਕਿ ਬਾਅਦ ਵਿੱਚ ਉਸ ਨੇ ਇਸ ਬਿਆਨ ਲਈ ਮੁਆਫੀ ਮੰਗ ਲਈ ਸੀ।
ਕੋਲਕਾਤਾ ਪੁਲੀਸ ਨੇ ਅਦਾਕਾਰ ਤੇ ਸੰਸਦ ਮੈਂਬਰ ਪਰੇਸ਼ ਰਾਵਲ ਨੂੰ ਜਾਰੀ ਕੀਤੇ ਸੰਮਨ
Total Views: 326 ,
Real Estate



















