ਗੁਜਰਾਤ ਚੋਣਾਂ ‘ਚ ਆਪ ਉਮੀਦਵਾਰ ਨੇ ਵਾਪਸ ਲੈ ਲਈ ਨਾਮਜ਼ਦਗੀ !

ਆਮ ਆਦਮੀ ਪਾਰਟੀ ਦੇ ਗੁਜਰਾਤ ’ਚ ਸੂਰਤ ਪੂਰਬੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਕੰਚਨ ਜਰੀਵਾਲਾ ਨੇ ਬੁੱਧਵਾਰ ਨੂੰ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਹਨ। ‘ਆਪ’ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਭਾਜਪਾ ਦੀ ਸ਼ਹਿ ’ਤੇ ਅਗਵਾ ਕਰਕੇ ਨਾਮਜ਼ਦਗੀ ਵਾਪਸ ਲੈਣ ਲਈ ਮਜਬੂਰ ਕੀਤਾ ਗਿਆ ਹੈ ਜਦਕਿ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਜਰੀਵਾਲਾ ਨੇ ਵੀਡੀਓ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਸ ਨੇ ਬਿਨਾਂ ਕਿਸੇ ਦਬਾਅ ਦੇ ਨਾਮਜ਼ਦਗੀ ਕਾਗਜ਼ ਵਾਪਸ ਲਏ ਹਨ। ਜਰੀਵਾਲਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ‘ਆਪ’ ਵੱਲੋਂ ਚੋਣ ਲੜਨ ਲਈ ਉਸ ’ਤੇ ਰਾਸ਼ਟਰ ਅਤੇ ਗੁਜਰਾਤ ਵਿਰੋਧੀ ਹੋਣ ਦੇ ਦੋਸ਼ ਲਾਏ ਹਨ ਜਿਸ ਮਗਰੋਂ ਉਸ ਨੇ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਪਰਚਾ ਵਾਪਸ ਲੈਣ ਦਾ ਮਨ ਬਣਾਇਆ।
ਦਿੱਲੀ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਮਨੀਸ਼ ਸਿਸੋਸਦੀਆ ਨੇ ਕਿਹਾ ਕਿ ਪਾਰਟੀ ਦਾ ਸੂਰਤ ਸੀਟ ਤੋਂ ਉਮੀਦਵਾਰ ਕੰਚਨ ਜਰੀਵਾਲਾ ਮੰਗਲਵਾਰ ਤੋਂ ਆਪਣੇ ਪਰਿਵਾਰ ਸਮੇਤ ਲਾਪਤਾ ਹੈ। ਸਿਸੋਦੀਆ ਨੇ ਦੋਸ਼ ਲਾਇਆ,‘‘ਭਾਜਪਾ ਗੁਜਰਾਤ ’ਚ ਬੁਰੀ ਤਰ੍ਹਾਂ ਹਾਰਨ ਵਾਲੀ ਹੈ ਅਤੇ ਉਹ ਇੰਨਾ ਬੁਖਲਾ ਗਈ ਹੈ ਕਿ ਸਾਡੇ ਉਮੀਦਵਾਰ ਨੂੰ ਅਗਵਾ ਕਰਨ ਦੇ ਪੱਧਰ ਤੱਕ ਹੇਠਾਂ ਡਿੱਗ ਗਈ ਹੈ। ਹਾਰ ਦੇ ਡਰ ਕਾਰਨ ਭਾਜਪਾ ਦੇ ਗੁੰਡਿਆਂ ਨੇ ਸੂਰਤ ਤੋਂ ‘ਆਪ’ ਉਮੀਦਵਾਰ ਕੰਚਨ ਜਰੀਵਾਲਾ ਨੂੰ ਅਗਵਾ ਕਰ ਲਿਆ ਹੈ।’’ ਸਿਸੋਦੀਆ ਨੇ ਕਿਹਾ,‘‘ਇਹ ਸਾਡੇ ਉਮੀਦਵਾਰ ਨੂੰ ਨਹੀਂ ਸਗੋਂ ਜਮਹੂਰੀਅਤ ਨੂੰ ਅਗਵਾ ਕਰਨ ਦਾ ਮਾਮਲਾ ਹੈ। ਗੁਜਰਾਤ ’ਚ ਬਹੁਤ ਹੀ ਖ਼ਤਰਨਾਕ ਹਾਲਾਤ ਹਨ।’’ ਇਸ ਹਲਕੇ ਤੋਂ ਭਾਜਪਾ ਨੇ ਮੌਜੂਦਾ ਵਿਧਾਇਕ ਅਰਵਿੰਦ ਰਾਣਾ ਨੂੰ ਟਿਕਟ ਦਿੱਤੀ ਹੈ। ‘ਆਪ’ ਦੇ ਪ੍ਰਦੇਸ਼ ਪ੍ਰਧਾਨ ਗੋਪਾਲ ਇਟਾਲੀਆ ਨੇ ਦਾਅਵਾ ਕੀਤਾ ਕਿ ਕੰਚਨ ਜਰੀਵਾਲਾ ਭਾਰੀ ਪੁਲੀਸ ਸੁਰੱਖਿਆ ਬਲ ਅਤੇ ‘ਭਾਜਪਾ ਦੇ ਗੁੰਡਿਆਂ’ ਨਾਲ ਰਿਟਰਨਿੰਗ ਅਫ਼ਸਰ ਦੇ ਦਫ਼ਤਰ ’ਚ ਪੇਸ਼ ਹੋਇਆ ਅਤੇ ਉਸ ਨੇ ਹੁਕਮਰਾਨ ਪਾਰਟੀ ਦੇ ਦਬਾਅ ਹੇਠ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਹੈ।

Total Views: 224 ,
Real Estate